You’re viewing a text-only version of this website that uses less data. View the main version of the website including all images and videos.
BJP ਤੇ RSS ਵੱਲੋਂ ਫੇਸਬੁੱਕ-ਵਟਸਐੱਪ ਨੂੰ ਕੰਟਰੋਲ ਕਰਨ ਦੇ ਇਲਜ਼ਾਮਾਂ ਬਾਰੇ ਫੇਸਬੁੱਕ ਨੇ ਕੀ ਕਿਹਾ
ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਫੇਸਬੁੱਕ ਤੇ ਆਰਐੱਸਐੱਸ ਨੂੰ ਕੰਟਰੋਲ ਕਰਦੀ ਹੈ ਤੇ ਨਫ਼ਰਤ ਫੈਲਾਉਂਦੀ ਹੈ।
ਇਸ ਇਲਜ਼ਾਮ ਦਾ ਜਵਾਬ ਦਿੰਦਿਆਂ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਹਾਰੇ ਹੋਏ ਲੋਕ ਇਹ ਕਹਿੰਦੇ ਹਨ ਕਿ ਪੂਰੀ ਦੁਨੀਆਂ ਨੂੰ ਭਾਜਪਾ ਤੇ ਆਰਐੱਸਐੱਸ ਕੰਟਰੋਲ ਕਰ ਰਹੀ ਹੈ।
ਰਵੀ ਸ਼ੰਕਰ ਨੇ ਟਵੀਟ ਕਰਦੇ ਹੋਏ ਕਿਹਾ, " ਆਪਣੀ ਖੁਦ ਦੀ ਪਾਰਟੀ ਵਿੱਚ ਹੀ ਲੋਕਾਂ ਨੂੰ ਨਾ ਪ੍ਰਭਾਵਿਤ ਕਰਨ ਵਾਲੇ ਹਾਰ ਚੁੱਕੇ ਲੋਕ ਅਜਿਹਾ ਹਵਾਲਾ ਦਿੰਦੇ ਰਹਿੰਦੇ ਹਨ ਕਿ ਪੂਰੀ ਦੁਨੀਆਂ ਨੂੰ ਭਾਜਪਾ ਤੇ ਆਰਐੱਸਐੱਸ ਵੱਲੋਂ ਕੰਟੋਲ ਕੀਤਾ ਜਾਂਦਾ ਹੈ।"
ਰਵੀ ਸ਼ੰਕਰ ਪ੍ਰਸਾਦ ਨੇ ਅੱਗੇ ਇਲਜ਼ਾਮ ਲਗਾਉਂਦਿਆਂ ਕਿਹਾ, "ਚੋਣਾਂ ਤੋਂ ਪਹਿਲਾਂ ਡੇਟਾ ਨੂੰ ਹਥਿਆਰ ਬਣਾਉਣ ਲਈ ਕੈਂਬਰੀਜ ਐਨਾਲਿਟੀਕਾ ਤੇ ਫੇਸਬੁੱਕ ਨਾਲ ਤੁਹਾਡੇ ਗਠਜੋੜ ਨੂੰ ਰੰਗੇ-ਹੱਥੀਂ ਫੜ੍ਹਿਆ ਗਿਆ ਸੀ ਤੇ ਹੁਣ ਸਾਨੂੰ ਸਵਾਲ ਪੁੱਛੇ ਜਾ ਰਹੇ ਹਨ।"
ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ 'ਦਿ ਵਾਲ ਜਰਨਲ' ਦੇ ਲੇਖ ਨੂੰ ਸ਼ੇਅਰ ਕਰਦੇ ਹੋਏ ਮੋਦੀ ਸਰਕਾਰ 'ਤੇ ਸਵਾਲ ਚੁੱਕੇ ਸਨ।
ਉਨ੍ਹਾਂ ਕਿਹਾ ਸੀ, "ਭਾਜਪਾ ਤੇ ਆਰਐੱਸਐੱਸ ਭਾਰਤ ਵਿੱਚ ਫੇਸਬੁੱਕ ਵਟਸਐਪ ਨੂੰ ਕੰਟਰੋਲ ਕਰਦੇ ਹਨ। ਉਹ ਇਨ੍ਹਾਂ ਜ਼ਰੀਏ ਫੇਕ ਨਿਊਜ਼ ਤੇ ਨਫ਼ਰਤ ਫੈਲਾਉਂਦੇ ਹਨ ਤਾਂ ਜੋ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ।"
ਲੇਖ ਵਿੱਚ ਕੀ ਲਿਖਿਆ ਹੈ?
ਦਰਅਸਲ ਵੌਲ ਸਟ੍ਰੀਟ ਜਨਰਲ ਨੇ ਹਾਲ ਵਿੱਚ ਹੀ ਇੱਕ ਲੇਖ ਪ੍ਰਕਾਸ਼ਿਤ ਕੀਤਾ ਜਿਸ ਦਾ ਸਿਰਲੇਖ ਸੀ, "ਫੇਸਬੁੱਕ ਹੇਟ-ਸਪੀਚ ਰੂਲਜ਼ ਕੋਲਾਈਡ ਵਿਦ ਇੰਡੀਅਨ ਪੌਲੀਟਿਕਸ”।
ਇਸ ਵਿੱਚ ਦਾਅਵਾ ਕੀਤਾ ਗਿਆ ਕਿ ਫੇਸਬੁੱਕ, ਸੱਤਾਧਾਰੀ ਪਾਰਟੀ ਭਾਜਪਾ ਨਾਲ ਜੁੜੇ ਆਗੂਆਂ ਦੇ ਮਾਮਲਿਆਂ ਵਿੱਚ ਢਿੱਲ ਵਰਤਦਾ ਹੈ।
ਰਿਪੋਰਟ ਵਿੱਚ ਭਾਜਪਾ ਆਗੂ ਟੀ ਰਾਜਾ ਸਿੰਘ ਦੀ ਇੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਵਿੱਚ ਕਥਿਤ ਤੌਰ 'ਤੇ ਘੱਟ ਗਿਣਤੀਆਂ ਦੇ ਖਿਲਾਫ਼ ਹਿੰਸਾ ਦੀ ਵਕਾਲਤ ਕੀਤੀ ਗਈ ਸੀ।
ਰਿਪੋਰਟ ਵਿੱਚ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਫੇਸਬੁੱਕ ਦੇ ਮੌਜੂਦਾ ਤੇ ਸਾਬਕਾ ਮੁਲਾਜ਼ਮਾਂ ਨਾਲ ਗੱਲਬਾਤ ਦਾ ਹਵਾਲਾ ਦੇ ਕੇ ਕਈ ਗੱਲਾਂ ਲਿਖੀਆਂ ਗਈਆਂ ਹਨ।
ਰਿਪੋਰਟ ਵਿੱਚ ਦਾਅਵਾ ਕੀਤਾ ਕਿ ਫੇਸਬੁੱਕ ਦੇ ਇੰਟਰਨਲ ਸਟਾਫ ਨੇ ਤੈਅ ਕੀਤਾ ਸੀ ਕਿ ਪੌਲਿਸੀ ਦੇ ਤਹਿਤ ਰਾਜਾ ਨੂੰ ਬੈਨ ਕਰ ਦੇਣਾ ਚਾਹੀਦਾ ਹੈ।
ਪਰ ਭਾਰਤ ਵਿੱਚ ਫੇਸਬੁੱਕ ਦੇ ਉੱਚ ਅਧਿਕਾਰੀ ਅਨਖੀ ਦਾਸ ਨੇ ਸੱਤਾਧਾਰੀ ਪਾਰਟੀ ਭਾਜਪਾ ਦੇ ਆਗੂਆਂ 'ਤੇ ਹੇਟ ਸਪੀਚ ਰੂਲਜ਼ ਲਾਗੂ ਕਰਨ ਦਾ ਵਿਰੋਧ ਕੀਤਾ ਸੀ।
ਵੌਲ ਸਟ੍ਰੀਟ ਦੀ ਰਿਪੋਰਟ ਅਨੁਸਾਰ, ਫੇਸਬੁੱਕ ਇੰਡੀਆ ਦੀ ਪਬਲਿਕ ਪੌਲਿਸੀ ਡਾਇਰੈਕਟਰ ਅਨਖੀ ਦਾਸ ਨੇ ਸਟਾਫ ਨੂੰ ਕਿਹਾ ਕਿ ਭਾਜਪਾ ਆਗੂਆਂ ਦੀ ਪੋਸਟ 'ਤੇ ਕਾਰਵਾਈ ਕਰਨ ਨਾਲ ਦੇਸ ਵਿੱਚ ਕੰਪਨੀ ਦੇ ਕਾਰੋਬਾਰ ਨੂੰ ਨੁਕਸਾਨ ਹੋਵੇਗਾ।
ਦਰਅਸਲ ਫੇਸਬੁੱਕ ਲਈ ਯੂਜ਼ਰਜ਼ ਦੇ ਲਿਹਾਜ਼ ਨਾਲ ਭਾਰਤ ਸਭ ਤੋਂ ਵੱਡਾ ਬਜ਼ਾਰ ਹੈ। ਇਸ ਲੇਖ ਵਿੱਚ ਪ੍ਰਕਾਸ਼ਿਤ ਗੱਲਾਂ ਦੀ ਬੀਬੀਸੀ ਪੰਜਾਬੀ ਸੁਤੰਤਰ ਤੌਰ ਉੱਤੇ ਪੁਸ਼ਟੀ ਨਹੀਂ ਕਰਦਾ ਹੈ।
ਫੇਸਬੁੱਕ ਦਾ ਜਵਾਬ
ਫੇਸਬੁੱਕ ਨੇ ਇਸ ਪੂਰੇ ਮਾਮਲੇ ਬਾਰੇ ਬਿਆਨ ਜਾਰੀ ਕਰਕੇ ਕਿਹਾ, "ਅਸੀਂ ਕਿਸੇ ਵੀ ਤਰੀਕੇ ਦੀ ਨਫ਼ਰਤ ਤੇ ਹਿੰਸਾ ਫੈਲਾਉਣ ਵਾਲੀ ਭਾਸ਼ਾ ਉੱਤੇ ਰੋਕ ਲਗਾਉਂਦੇ ਹਨ, ਭਾਵੇਂ ਉਹ ਕਿਸੇ ਵੀ ਸਿਆਸੀ ਧਿਰ ਨਾਲ ਸਬੰਧਿਤ ਵਿਅਕਤੀ ਦੀ ਹੋਵੇ। ਅਸੀਂ ਨਿਰਪੱਖਤਾ ਤੇ ਪਾਰਦਰਸ਼ਿਤਾ ਨੂੰ ਹੋਰ ਵਧਾਉਣ ਲਈ ਕੰਮ ਕਰ ਰਹੇ ਹਾਂ।"
ਰਿਪੋਰਟ ਛੱਪਣ ਮਗਰੋਂ ਗਰਮਾਈ ਸਿਆਸਤ
ਇਸ ਰਿਪੋਰਟ ਦੇ ਛੱਪਣ ਮਗਰੋਂ ਭਾਰਤੀ ਦੀ ਸਿਆਸਤ ਗਰਮਾ ਗਈ ਹੈ। ਟਵੀਟਰ 'ਤੇ ਇਸ ਮਾਮਲੇ ਬਾਰੇ ਖੂਬ ਚਰਚਾ ਹੋਣ ਲੱਗੀ ਹੈ ਤੇ ਟਰੈਂਡ ਚੱਲ ਰਹੇ ਹਨ।
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਭਾਜਪਾ ਤੇ ਆਰਐੱਸਐੱਸ ਉੱਤੇ ਇਸ ਮੁੱਦੇ ਬਾਰੇ ਨਿਸ਼ਾਨਾ ਲਗਾਇਆ ਹੈ।
ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਜ ਨੇ ਉਲਟਾ ਰਾਹੁਲ ਗਾਂਧੀ ਨੂੰ ਇਹ ਸਵਾਲ ਕੀਤਾ ਕਿ ਆਖਿਰ ਰਾਹੁਲ ਗਾਂਧੀ ਨੇ ਬੈਂਗਲੁਰੂ ਹਿੰਸਾ ਦੀ ਨਿੰਦਾ ਕਿਉਂ ਨਹੀਂ ਕੀਤੀ।
ਉਨ੍ਹਾਂ ਨੇ ਕਿਹਾ, "ਸੱਚ ਤਾਂ ਇਹ ਹੈ ਕਿ ਅੱਜ ਸੂਚਨਾਵਾਂ ਤੱਕ ਪਹੁੰਚ ਤੇ ਬੋਲਣ ਦੀ ਅਜ਼ਾਦੀ ਦਾ ਲੋਕਤੰਤਰੀਕਰਨ ਹੋ ਚੁੱਕਿਆ ਹੈ। ਇਸ ਨੂੰ ਹੁਣ ਤੁਹਾਡੇ ਪਰਿਵਾਰ ਦੇ ਸੇਵਕ ਕਾਬੂ ਨਹੀਂ ਕਰ ਸਕਦੇ ਹਨ ਇਸ ਲਈ ਤੁਹਾਨੂੰ ਦਰਦ ਹੁੰਦਾ ਹੈ। ਉਂਝ ਬੈਂਗਲੁਰੂ ਦੰਗਿਆਂ ਨੂੰ ਲੈ ਕੇ ਤੁਹਾਡੀ ਨਿੰਦਾ ਨਹੀਂ ਸੁਣੀ ਹੈ। ਤੁਹਾਡੀ ਹਿੰਮਤ ਕਿੱਥੇ ਗਾਇਬ ਹੋ ਗਈ ਹੈ।"
ਕਾਂਗਰਸ ਨੇ ਕੀਤੀ ਜੇਪੀਸੀ ਦੀ ਮੰਗ
ਫੇਸਬੁੱਕ 'ਤੇ ਲੱਗੇ ਇਨ੍ਹਾਂ ਗੰਭੀਰ ਇਲਜ਼ਾਮਾਂ ਵਾਲੀ ਰਿਪੋਰਟ 'ਤੇ ਤੇਜ਼ ਹੋਈ ਚਰਚਾ ਵਿਚਾਲੇ ਕਾਂਗਰਸ ਨੇਤਾ ਅਜੇ ਮਾਕਨ ਨੇ ਐਤਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੀ, ਜਿਸ ਵਿੱਚ ਉਨ੍ਹਾਂ ਨੇ ਫੇਸਬੁੱਕ ਤੇ ਵਟਸਐੱਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਜ਼ ਦੀ ਜੁਆਈਂਟ ਪਾਰਲੀਮਾਨੀ ਕਮੇਟੀ ਤੋਂ ਜਾਂਚ ਕਰਾਉਣ ਦੀ ਮੰਗੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ, ਕੀ ਇਹ ਪਲੇਟਫਾਰਮ ਚੋਣਾਂ ਦੇ ਦੌਰਾਨ ਭਾਜਪਾ ਨੂੰ ਮਦਦ ਕਰਦੇ ਹਨ। ਉਨ੍ਹਾਂ ਨੇ ਫੇਸਬੁੱਕ ਤੋਂ ਵੀ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।