You’re viewing a text-only version of this website that uses less data. View the main version of the website including all images and videos.
ਬਾਦਲ ਤੋਂ ਕੈਪਟਨ ਤੱਕ ਇੱਕੋ ਹਾਲ: 'ਮੇਰੇ ਘਰ ਜਿਸ ਦਿਨ 4 ਲਾਸ਼ਾਂ ਪਈਆਂ ਸਨ ਉਹ ਅੱਜ ਵੀ ਨਹੀਂ ਭੁੱਲਦਾ'
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬ ਦੇ ਮਾਝੇ ਖਿੱਤੇ ਨਾਲ ਸਬੰਧਤ ਜ਼ਿਲ੍ਹਿਆ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 98 ਮੌਤਾਂ ਦੀ ਘਟਨਾ ਨਾਲ ਸਿਆਸੀ ਮਾਹੌਲ ਵੀ ਭਖ਼ ਗਿਆ ਹੈ।
ਇਸ ਘਟਨਾਂ ਦੀ ਜਾਂਚ ਲਈ ਡਵੀਜ਼ਨਲ ਕਮਿਸ਼ਨਰ ਤੋਂ ਜੁਡੀਸ਼ੀਅਲ ਜਾਂਚ ਕਰਵਾਉਣ ਦੇ ਨਾਲ ਨਾਲ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।
ਵਿਰੋਧੀ ਪਾਰਟੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਚੁੱਕੇ ਕਦਮਾਂ ਤੋਂ ਸੰਤੁਸ਼ਟ ਨਹੀਂ ਹਨ। ਕਾਂਗਰਸ ਇਸ ਨੂੰ ਤਰਾਸਦੀ ਦੱਸ ਰਹੀ ਹੈ ਅਤੇ ਅਕਾਲੀਆਂ ਵੇਲੇ ਵੀ ਹੋਈਆਂ ਘਟਨਾਵਾਂ ਨੂੰ ਯਾਦ ਕਰਵਾ ਰਹੀ ਹੈ।
2012 ਵਿਚ ਬਟਾਲਾ ਵਿਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ 16 ਮੌਤਾਂ ਹੋਈਆਂ ਸਨ। ਉਦੋਂ ਅਕਾਲੀ ਦਲ ਦੀ ਸਰਕਾਰ ਸੀ ਅਤੇ ਮ੍ਰਿਤਕਾਂ ਦੇ ਵਾਰਿਸਾਂ ਨੂੰ 5- 5 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਹੋਇਆ ਸੀ। ਉਦੋਂ ਵੀ ਸਰਕਾਰ ਨੇ ਆਈਜੀ ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾਈ ਸੀ।
ਹੁਣ ਤੱਕ ਜੋ ਪਤਾ ਹੈ, ਮੁੱਖ ਬਿੰਦੂ
- ਮਾਝੇ ਦੇ ਤਿੰਨ ਜਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ 'ਜ਼ਹਿਰੀਲੀ ਸ਼ਰਾਬ' ਦਾ ਕਹਿਰ, ਹੁਣ ਤੱਕ ਘੱਟੋ-ਘੱਟ 98 ਮੌਤਾਂ।
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ।
- ਮਾਝੇ ਦੇ ਲੋਕ ਨਕਲੀ ਸ਼ਰਾਬ ਦੇ ਇਸ ਕਾਰੋਬਾਰ ਨੂੰ ਸਿਆਸੀ ਤੇ ਪੁਲਿਸ ਸਰਪ੍ਰਸਤੀ ਦੇ ਇਲਜ਼ਾਮ ਲਾ ਰਹੇ ਹਨ।
- ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਲਈ 2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ।
- ਸਰਕਾਰ ਨੇ ਸੱਤ ਆਬਕਾਰੀ ਅਤੇ ਛੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਬਣਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
- ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰ ਕੇ ਦੋ ਦਰਜਣ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹਨ।
- ਪਰਿਵਾਰ ਵਾਲਿਆਂ ਮੁਤਾਬਕ ਜ਼ਿਆਦਾਤਰ ਮ੍ਰਿਤਕਾਂ ਨੇ ਅੱਖਾਂ ਦੀ ਰੌਸ਼ਨੀ ਚਲੇ ਜਾਣ ਦੀ ਸ਼ਿਕਾਇਤ ਕੀਤੀ ਸੀ।
- ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਘਟਨਾ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਹਾਈ ਕੋਰਟ ਦੇ ਜੱਜ ਤੋਂ ਜ਼ਾਂਚ ਦੀ ਮੰਗ ਕੀਤੀ।
- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
- ਇਲਾਕੇ ਦੇ ਸਿਆਸੀ ਆਗੂਆਂ ਅਤੇ ਪੁਲਿਸ ਦੀ ਮਿਲੀਭੁਗਤ ਦੇ ਇਲਜ਼ਾਮ ਲੱਗ ਰਹੇ ਹਨ।
ਪਰ 2012 ਦੀ ਉਸ ਘਟਨਾ ਦੇ ਮ੍ਰਿਤਕਾਂ ਦੇ ਵਾਰਿਸ ਕਿਸ ਹਾਲ ਵਿਚ ਹਨ ਅਤੇ ਉਨ੍ਹਾਂ ਨੂੰ ਕੀ ਇਨਸਾਫ਼ ਮਿਲਿਆ , ਇਹ ਜਾਣਨ ਲਈ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨੇ ਉਨ੍ਹਾਂ ਥਾਂਵਾਂ ਦਾ ਦੌਰਾ ਕੀਤਾ।
ਗੁਰਦਾਸਪੁਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਹਿਲੀ ਵਾਰ ਮੌਤਾਂ ਨਹੀਂ ਹੋਈਆਂ ਹਨ ਸਗੋਂ ਅੱਜ ਤੋਂ ਕਰੀਬ 12 ਸਾਲ ਪਹਿਲਾਂ ਵੀ ਅਜਿਹਾ ਵਾਪਰ ਚੁੱਕਿਆ ਹੈ।
ਪਿੰਡ ਨੰਗਲ ਜੌਹਲ ਅਤੇ ਪਿੰਡ ਬਾਹਲੇਵਾਲ ਵਿੱਚ ਕਈ ਜਣੇ ਜ਼ਹਿਰੀਲੀ ਦੇਸੀ ਸ਼ਰਾਬ ਪੀਣ ਨਾਲ ਇਕ ਹੀ ਦਿਨ ਵਿੱਚ ਜਾਨ ਗਵਾ ਬੈਠੇ ਸਨ |
6 ਅਗਸਤ 2012 ਨੂੰ ਪਿੰਡ ਬਾਹਲੇਵਾਲ ਵਿੱਚ 4 ਮੌਤਾਂ ਹੋਈਆਂ ਸਨ। ਮਰਨ ਵਾਲਿਆਂ ਵਿੱਚ ਇੱਕ ਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਤਾਏ-ਚਾਚੇ ਦੇ ਪੁੱਤ-ਭਰਾ ਜੋ ਦਿਹਾੜੀਦਾਰ ਮਜਦੂਰ ਸਨ ਅਤੇ ਘਰਾਂ ਵਿੱਚ ਕਮਾਉਣ ਵਾਲੇ ਪਰਿਵਾਰ ਦੇ ਮੋਹਤਬਰ ਸਨ।
ਉਨ੍ਹਾਂ ਦੀ ਮੌਤ ਸ਼ਰਾਬ ਪੀਣ ਨਾਲ ਹੋਈ ਸੀ। ਜ਼ਿਲ੍ਹਾ ਪੁਲਿਸ ਬਟਾਲਾ ਦੇ ਅਧੀਨ ਪੈਂਦੇ ਥਾਣਾ ਕਿਲਾ ਲਾਲ ਸਿੰਘ ਵਿੱਚ ਵੱਖ-ਵੱਖ ਧਾਰਾਵਾਂ ਹੇਠ ਕੇਸ ਵੀ ਦਰਜ ਕਰ ਕੇ 10 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਉਸ ਵੇਲੇ ਅਕਾਲੀ ਸਰਕਾਰ ਵੇਲੇ ਕਈ ਵਾਅਦੇ ਕੀਤੇ ਗਏ ਸਨ ਪਰ ਵਫ਼ਾ ਨਹੀਂ ਹੋਏ।
ਪਿੰਡ ਬਾਹਲੇਵਾਲ ਦੀ ਬਜ਼ੁਰਗ ਔਰਤ ਸ਼ੀਰਾ ਮਸੀਹ ਦੱਸਦੀ ਹੈ ਕਿ ਉਨ੍ਹਾਂ ਦੇ ਘਰ ਵਿੱਚ ਕਮਾਉਣ ਵਾਲਾ ਇਕੱਲਾ ਉਨ੍ਹਾਂ ਦਾ ਪਤੀ ਸੀ ਜੋ ਮਜ਼ਦੂਰੀ ਕਰਦਾ ਸੀ। ਉਸ ਦੀ ਮੌਤ ਸ਼ਰਾਬ ਦੇ ਕਾਰਨ ਹੋਈ ਤਾਂ ਘਰ ਜਿਵੇਂ ਬਿਖਰ ਗਿਆ।
ਸ਼ੀਰਾ ਮਸੀਹ ਦੱਸਦੀ ਹੈ ਤਿੰਨਾਂ ਚਾਚੇ ਤਾਏ ਦੇ ਪੁੱਤ ਭਰਾ ਇਕੱਠੇ ਸ਼ਰਾਬ ਪੀ ਦੇਰ ਰਾਤ ਆਏ ਅਤੇ ਸਵੇਰੇ ਇੱਕ-ਇੱਕ ਕਰ ਤਿੰਨਾਂ ਦੀ ਮੌਤ ਹੋ ਗਈ |
ਇਹ ਵੀ ਪੜ੍ਹੋ:-
- 'ਨਕਲੀ ਸ਼ਰਾਬ' ਕਾਰਨ ਹੋਈਆਂ ਮੌਤਾਂ ਦਾ ਅੰਕੜਾ ਹੋਇਆ 86, ਪੁਲਿਸ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਮੁਅੱਤਲ
- ਪੰਜਾਬ ਵਿੱਚ 'ਨਕਲੀ ਸ਼ਰਾਬ' ਨਾਲ ਹੋਈਆਂ ਮੌਤਾਂ ਬਾਰੇ ਆਬਕਾਰੀ ਵਿਭਾਗ ਦੇ ਸਭ ਤੋਂ ਵੱਡੇ ਅਫ਼ਸਰ ਨੇ ਕੀ ਸਫਾਈ ਦਿੱਤੀ
- ਪੰਜਾਬ 'ਚ 'ਨਕਲੀ ਸ਼ਰਾਬ' ਨਾਲ ਮੌਤਾਂ ਦਾ ਮਾਮਲਾ: 'ਸਾਡੇ ਪਿੰਡ 'ਚੋਂ 10 ਲਾਸ਼ਾਂ ਉੱਠੀਆਂ ਹਨ'
- 'ਨਕਲੀ ਸ਼ਰਾਬ' ਨਾਲ ਹੋਈਆਂ ਮੌਤਾਂ ਮਗਰੋਂ ਕੈਪਟਨ ਸਰਕਾਰ 'ਤੇ ਉੱਠਦੇ 7 ਸਵਾਲ
ਕਈ ਆਗੂ ਆਏ, ਮਦਦ ਦੇ ਵਾਅਦੇ ਕਰ ਕੇ ਗਏ ਪਰ ਧਰਨੇ ਲਾਉਣ ਦੇ ਬਾਵਜੂਦ ਵੀ ਕੁਝ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ,"ਘਰ ਤਾਂ ਸ਼ਰਾਬ ਨੇ ਬਰਬਾਦ ਕਰ ਦਿੱਤਾ ਪਰ ਹੁਣ ਵੀ ਸ਼ਰਾਬ ਵਿਕ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਤਾਂ ਜੋ ਹੁਣ ਦੀ ਪੀੜ੍ਹੀ ਤਾਂ ਬੱਚ ਜਾਏ।"
ਇਸੇ ਘਰ ਦੇ ਨੌਜਵਾਨ ਮੱਦੀ ਮਸੀਹ ਮੁਤਾਬਕ," ਦਾਦੇ ਸਮੇਤ ਪਰਿਵਾਰ ਦੇ ਤਿੰਨ ਜੀਅ ਸ਼ਰਾਬ ਨਾਲ ਜਾਨਾਂ ਗਵਾ ਬੈਠੇ ਅਤੇ ਸ਼ਰਾਬ ਅੱਜ ਵੀ ਖੁੱਲ੍ਹੇ ਆਮ ਸਾਡੇ ਪਿੰਡ ਅਤੇ ਨੇੜਲੇ ਪਿੰਡਾਂ ਵਿੱਚ ਵਿੱਕ ਰਹੀ ਹੈ।"
"ਜੇਕਰ ਪੁਲਿਸ ਛਾਪੇਮਾਰੀ ਕਰਦੀ ਹੈ ਤਾਂ ਸ਼ਰਾਬ ਵੇਚਣ ਵਾਲਿਆਂ ਨੂੰ ਪਹਿਲਾ ਹੀ ਇਤਲਾਹ ਮਿਲ ਜਾਂਦੀ ਹੈ। ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਜ਼ਹਿਰ ਵੇਚਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇ।"
ਇਸੇ ਹੀ ਤਰ੍ਹਾਂ ਦਾ ਆਪਣਾ ਦੁੱਖ ਇਸ ਪਰਿਵਾਰ ਦਾ ਕਾਲਾ ਮਸੀਹ ਨੇ ਦੱਸਿਆ।
ਉਨ੍ਹਾਂ ਨੇ ਕਿਹਾ, "ਪਿਤਾ ਅਤੇ ਭਰਾ ਜਦੋਂ ਇੱਕ ਹੀ ਦਿਨ ਤਿੰਨ ਮੌਤਾਂ ਪਰਿਵਾਰ ਵਿੱਚ ਹੋਇਆ ਤਾਂ ਬਹੁਤ ਔਖੀ ਘੜੀ ਸੀ ਅਤੇ ਅੱਜ ਤੱਕ ਅਸੀਂ ਉਸ ਸਮੇਂ ਦਾ ਸੇਕ ਹੰਢਾ ਰਹੇ ਹਾਂ|"
ਉੱਧਰ ਇਸ ਮਾਮਲੇ ਵਿੱਚ ਪੁਲਿਸ ਥਾਣਾ ਕਿਲਾ ਲਾਲ ਸਿੰਘ ਵਿੱਚ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਥਾਣੇ ਵਿੱਚ 6 ਅਗਸਤ 2012 ਨੂੰ ਐੱਫ਼ਆਈਆਰ ਨੰਬਰ 100 ਦਰਜ ਕੀਤੀ ਗਈ ਸੀ।
ਜਿਸ ਤੋਂ ਬਾਅਦ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ 10 ਮੁਲਜ਼ਮਾਂ ਨੂੰ ਨਾਮਜ਼ਦ ਅਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਵਿੱਚ ਕੇਸ ਚੱਲਿਆ ਅਤੇ ਅਦਾਲਤ ਵਲੋਂ 23-9-2013 ਨੂੰ 4 ਮੁਲਜ਼ਮਾਂ ਨੂੰ ਕਸੂਰਵਾਰ ਠਹਿਰਾ ਕੇ ਇੱਕ-ਇੱਕ ਸਾਲ ਦੀ ਸਜ਼ਾ ਸੁਣਾਈ ਜਦੋਂਕਿ ਬਾਕੀਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਦੂਜਾ ਪਿੰਡ ਨੰਗਲ ਦਾ ਮਾਮਲਾ- 'ਚਾਰ ਲਾਸ਼ਾਂ ਘਰ ਪਈਆਂ ਸਨ'
ਫਿਰ ਅਸੀਂ ਪਿੰਡ ਨੰਗਲ ਪਹੁੰਚੇ। ਪਿੰਡ ਦੇ ਅੰਦਰੂਨੀ ਹਿੱਸੇ ਵਿੱਚ ਛੋਟੇ-ਛੋਟੇ ਘਰਾਂ ਵਿੱਚ ਇੱਕ ਛੋਟੇ ਜਿਹੇ ਦੋ ਕਮਰਿਆਂ ਦੇ ਘਰ ਵਿੱਚ ਵੀਨਸ ਮਸੀਹ ਨਾਮ ਦੀ ਇੱਕ ਔਰਤ ਸੀ ਜਿਸ ਦੇ ਘਰ ਦੇ ਚਾਰ ਮੈਂਬਰਾਂ ਦੀ 6 ਅਗਸਤ 2012 ਨੂੰ ਮੌਤ ਹੋ ਗਈ ਸੀ।
12 ਸਾਲ ਪਹਿਲੇ ਹੋਈ ਘਟਨਾ ਬਾਰੇ ਜਦੋਂ ਵੀਨਸ ਮਸੀਹ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਉਹ ਅਜਿਹਾ ਦਿਨ ਸੀ ਜੋ ਕਦੇ ਭੁਲਦਾ ਨਹੀਂ। ਘਰ ਦੇ ਵਿਹੜੇ ਵਿੱਚ 4 ਲਾਸ਼ਾਂ ਪਾਈਆਂ ਸਨ।"
ਵੀਨਸ ਭਾਵੁਕ ਹੁੰਦੀ ਕਹਿੰਦੀ ਹੈ ਕਿ ਮਰਨ ਵਾਲਿਆਂ ਵਿੱਚ ਉਸਦਾ ਪਤੀ ਸੁਲੱਖਣ ਮਸੀਹ, ਜਵਾਨ ਪੁੱਤ, ਦਿਉਰ ਅਤੇ ਜੇਠ ਸਨ। ਸਾਰਿਆਂ ਦੀ ਹੀ ਮੌਤ ਦੀ ਵਜ੍ਹਾ ਸ਼ਰਾਬ ਸੀ।
"ਅਫਸੋਸ ਲਈ ਕਈ ਸਰਕਾਰੀ ਅਫ਼ਸਰ ਅਤੇ ਆਗੂ ਆਏ, ਵਾਅਦੇ ਵੀ ਕਰ ਗਏ ਕਿ ਮਰਨ ਵਾਲੇ ਦੇ ਹਰ ਪਰਿਵਾਰ ਨੂੰ 5 ਲੱਖ ਮੁਆਵਜਾ ਮਿਲੇਗਾ ਪਰ ਕੁਝ ਨਹੀਂ ਮਿਲਿਆ। ਕਈ ਜਥੇਬੰਦੀਆਂ ਨੇ ਪਰਿਵਾਰਾਂ ਨੂੰ ਨਾਲ ਲੈ ਕੇ ਧਰਨੇ ਵੀ ਦਿੱਤੇ ਪਰ ਹਾਸਿਲ ਕੁਝ ਨਹੀਂ ਹੋਇਆ| ਛੋਟਾ ਪੁੱਤ ਉਸ ਵੇਲੇ ਪੜਦਾ ਸੀ, ਘਰ ਦੀ ਮਜਬੂਰੀ ਨੇ ਉਸ ਦੀ ਪੜ੍ਹਾਈ ਵੀ ਛੁਡਵਾ ਦਿਤੀ ਅਤੇ ਉਹ ਵੀ ਮਿਹਨਤ ਮਜਦੂਰੀ ਕਰਨ ਲੱਗ ਪਿਆ।"
ਪਿੰਡ ਦੇ ਹੀ ਇੱਕ ਹੋਰ ਨੌਜਵਾਨ ਕੁਲਦੀਪ ਮਸੀਹ ਜਿਸ ਦੇ ਇੱਕ ਰਿਸ਼ਤੇਦਾਰ ਦੀ ਵੀ ਉਸ ਵੇਲੇ ਇਸੇ ਸ਼ਰਾਬ ਕਾਰਨ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਉਸ ਦਿਨ ਪਿੰਡ ਵਿੱਚ 9 ਲੋਕਾਂ ਦੀ ਮੌਤ ਹੋਈ ਸੀ।
"ਮਰਨ ਵਾਲਿਆਂ ਦੀ ਆਖਰੀ ਵੇਲੇ ਇੱਕੋ ਜਿਹੀ ਹਾਲਤ ਸੀ। ਪਹਿਲਾ ਅੱਖਾਂ ਅੱਗੇ ਹਨੇਰਾ ਹੋਇਆ ਅਤੇ ਫਿਰ ਤੜਫ਼- ਤੜਫ਼ ਕੇ ਜਾਨ ਨਿਕਲੀ ਤਾਂ ਪਿੰਡ ਚ ਰੌਲਾ ਪੈ ਗਿਆ। ਪ੍ਰਸ਼ਾਸ਼ਨ ਦੇ ਅਧਕਾਰੀ ਪਹੁੰਚੇ ਅਤੇ ਉਸ ਵੇਲੇ ਕਈ ਆਗੂ ਵੀ ਆਏ ਅਤੇ ਪੀੜਤ ਪਰਿਵਾਰਾਂ ਨੂੰ ਮਦਦ ਦੇ ਵਾਅਦੇ ਕਰ ਗਏ।"
ਵਾਅਦੇ ਪੂਰੇ ਨਾ ਹੋਏ ਤਾਂ ਉਨ੍ਹਾਂ ਨੇ ਪੀੜਤ ਪਰਿਵਾਰਾਂ ਲਈ ਕੁਝ ਸਾਥੀਆਂ ਨਾਲ ਮਿਲ ਕੇ ਸੰਘਰਸ਼ ਕੀਤਾ। ਹਾਈਕੋਰਟ ਤੱਕ ਲੜਾਈ ਲੜੀ ਪਰ ਹਾਸਿਲ ਕੁਝ ਨਹੀਂ ਹੋਇਆ|
ਕੁਲਦੀਪ ਦਾ ਕਹਿਣਾ ਹੈ, "ਅੱਜ ਵੀ ਅਜਿਹਾ ਮਾਮਲੇ ਵਿੱਚ ਸੰਘਰਸ਼ ਹੋ ਰਿਹਾ ਹੈ ਪਰ ਉਸ ਨਾਲ ਕੁਝ ਨਹੀਂ ਹੋਣਾ, ਸਰਕਾਰ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰੇ ਅਤੇ ਕਾਨੂੰਨ ਵੀ ਸਖਤ ਬਣਨ।"
ਇਹ ਵੀ ਦੇਖੋ: