ਮਨਮੋਹਨ ਸਿੰਘ ਨੂੰ ਜਦੋਂ ਪੀਐੱਮ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਵਿੱਤ ਮੰਤਰੀ ਬਣਾਉਣਾ ਚਾਹੁੰਦਾ ਹਾਂ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ 90ਵਾਂ ਜਨਮਦਿਨ ਹੈ। ਉਹ ਜਵਾਹਰਲਾਲ ਨਹਿਰੂ ਤੇ ਇੰਦਰਾ ਗਾਂਧੀ ਤੋਂ ਬਾਅਦ ਸਭ ਤੋਂ ਵੱਧ ਸਮੇਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਰਹੇ।

ਪਰ ਮਨਮੋਹਨ ਸਿੰਘ ਸਿਆਸਤਦਾਨ ਨਹੀਂ, ਇੱਕ ਅਰਥਸ਼ਾਸਤਰੀ ਸਨ। ਉਨ੍ਹਾਂ ਨੂੰ ਰਾਜਨੀਤੀ ਵਿੱਚ ਲਿਆਉਣ ਦਾ ਕ੍ਰੈਡਿਟ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਨੂੰ ਜਾਂਦਾ ਹੈ।

ਮਨਮੋਹਨ ਸਿੰਘ ਦੀ ਨਰਸਿਮਹਾ ਰਾਓ ਵੱਲੋਂ ਖੋਜ

ਵਿਨੈ ਸੀਤਾਪਤੀ ਆਪਣੀ ਕਿਤਾਬ ''ਹਾਫ ਲਾਇਨ- ਹਾਊ ਪੀਵੀ ਨਰਸਿਮਹਾ ਰਾਓ ਟਰਾਂਸਫੋਰਮਡ ਇੰਡੀਆ'' ਵਿੱਚ ਲਿਖਦੇ ਹਨ ਕਿ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਭਾਰਤ ਅਤੇ ਕਾਂਗਰਸ ਲਈ ਅਹਿਮ ਖੋਜ ਸੀ ਡਾ. ਮਨਮੋਹਨ ਸਿੰਘ ਦੀ।

ਵਿਨੈ ਸੀਤਾਪਤੀ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਨੂੰ ਦੱਸਿਆ ਸੀ, ''ਜਦੋਂ ਨਰਸਿਮਹਾ ਰਾਓ 1991 ਵਿੱਚ ਪ੍ਰਧਾਨ ਮੰਤਰੀ ਬਣੇ ਤਾਂ ਉਹ ਕਈ ਮਹਿਕਮਿਆਂ ਦੇ ਮਾਹਿਰ ਸਨ। ਉਨ੍ਹਾਂ ਸਿਹਤ, ਸਿੱਖਿਆ ਅਤੇ ਵਿਦੇਸ਼ ਮੰਤਰਾਲਾ ਵੀ ਦੇਖ ਲਿਆ ਸੀ। ਉਨ੍ਹਾਂ ਦਾ ਇੱਕ ਵਿਭਾਗ ਵਿੱਤ ਹੱਥ ਤੰਗ ਸੀ, ਉਹ ਸੀ ਵਿੱਤ ਮੰਤਰਾਲਾ। ''

ਸੀਤਾਪਤੀ ਅੱਗੇ ਕਹਿੰਦੇ ਹਨ ਕਿ ਨਰਸਿਮਹਾ ਰਾਓ ਨੂੰ ਇੱਕ ਚਿਹਰਾ ਚਾਹੀਦਾ ਸੀ ਜੋ ਆਈਐੱਮਐੱਫ ਅਤੇ ਘਰੇਲੂ ਵਿਰੋਧੀਆ ਨੂੰ ਇਹ ਯਕੀਨ ਦਿਵਾ ਸਕੇ ਕਿ ਭਾਰਤ ਹੁਣ ਪੁਰਾਣੇ ਤਰੀਕੇ ਨਾਲ ਨਹੀਂ ਚੱਲੇਗਾ।

ਸੀਤਾਪਤੀ ਮੁਤਾਬਕ, ''ਨਰਸਿਮਹਾ ਰਾਓ ਨੇ ਆਪਣੇ ਸਲਾਹਕਾਰ ਪੀਸੀ ਅਲੈਗਜ਼ੈਡਰ ਨੂੰ ਪੁੱਛਿਆ ਕਿ ਕੀ ਤੁਸੀਂ ਵਿੱਤ ਮੰਤਰੀ ਲਈ ਕਿਸੇ ਅਜਿਹੇ ਸ਼ਖਸ ਦਾ ਨਾਂ ਸੁਝਾ ਸਕਦੇ ਹੋ ਜਿਸ ਦੀ ਕੌਮਾਂਤਰੀ ਪੱਧਰ 'ਤੇ ਛਾਪ ਹੋਵੇ।"

"ਅਲੈਗਜ਼ੈਂਡਰ ਨੇ ਉਨ੍ਹਾਂ ਨੂੰ ਰਿਜ਼ਰਵ ਬੈਂਕ ਦੇ ਗਵਨਰ ਰਹਿ ਚੁੱਕੇ ਅਤੇ ਲੰਡਨ ਸਕੂਲ ਆਫ ਇਕਨੌਮਿਕਸ ਦੇ ਡਾਇਰੈਕਟਰ ਆਈਜੀ ਪਟੇਲ ਦਾ ਨਾਂ ਸੁਝਾਇਆ।''

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸੀਤਾਪਤੀ ਅੱਗੇ ਕਹਿੰਦੇ ਕਿ ਪਟੇਲ ਦਿੱਲੀ ਨਹੀਂ ਆਉਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਦੀ ਮਾਂ ਬਿਮਾਰ ਸਨ ਅਤੇ ਉਹ ਵਡੋਦਰਾ ਵਿੱਚ ਰਹਿ ਰਹੇ ਸਨ। ਫਿਰ ਅਲੈਗਜੈਂਡਰ ਨੇ ਮਨਮੋਹਨ ਸਿੰਘ ਦਾ ਨਾਂ ਲਿਆ।

ਸੀਤਾਪਤੀ ਮੁਤਾਬਕ, ''ਅਲੈਗਜ਼ੈਂਡਰ ਨੇ ਸਹੁੰ ਚੁੱਕ ਸਮਾਗਮ ਦੇ ਇੱਕ ਦਿਨ ਪਹਿਲਾਂ ਮਨਮੋਹਨ ਸਿੰਘ ਨੂੰ ਫੋਨ ਕੀਤਾ। ਉਹ ਸਮੇਂ ਸੋ ਰਹੇ ਸਨ ਕਿਉਂਕਿ ਕੁਝ ਘੰਟੇ ਪਹਿਲਾਂ ਵਿਦੇਸ਼ ਤੋਂ ਪਰਤੇ ਸਨ। ਜਦੋਂ ਉਨ੍ਹਾਂ ਨੂੰ ਉਠਾ ਕੇ ਦੱਸਿਆ ਗਿਆ ਤਾਂ ਉਨ੍ਹਾਂ ਨੂੰ ਵਿਸ਼ਵਾਸ਼ ਨਹੀਂ ਹੋਇਆ।''

ਮਨਮੋਹਨ ਸਿੰਘ ਬਾਰੇ ਹੋਰ

  • ਅਰਥ ਸ਼ਾਸਤਰ ਦੀ ਦੁਨੀਆਂ ਵਿੱਚ ਉਨ੍ਹਾਂ ਦਾ ਦੁਨੀਆਂ ਭਰ ਵਿੱਚ ਨਾਮ ਰਿਹਾ ਹੈ।
  • ਪਾਕਿਸਤਾਨ ਵਿੱਚ ਰਹਿ ਗਏ ਗਾਹ ਨਾਮ ਦੇ ਕਸਬੇ 'ਚ ਪੈਦਾ ਹੋਏ ਸਨ ਮਨਮੋਹਨ ਸਿੰਘ।
  • ਉਹ ਔਕਸਫੋਰਡ ਯੂਨੀਵਰਸਿਟੀ ਤੋਂ ਡਾਕਟਰੇਟ ਲੈਣ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਾਉਣ ਲੱਗੇ।
  • ਸੰਯੁਕਤ ਰਾਸ਼ਟਰ ਨਾਲ ਕੰਮ ਕੀਤਾ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ
  • ਵਿਸ਼ਵ ਪੱਧਰ ਉੱਤੇ ਉਨ੍ਹਾਂ ਦੀ ਅਮਰੀਕਾ ਨਾਲ ਨਿਊਕਲੀਅਰ ਐਨਰਜੀ ਡੀਲ ਵੇਲੇ ਸਾਖ ਨਜ਼ਰ ਆਈ।
  • ਉਨ੍ਹਾਂ ਪਿੱਛੇ ਪਰਿਵਾਰ ਵਿੱਚ ਉਨ੍ਹਾਂ ਦੇ ਪਤਨੀ ਗੁਰਸ਼ਰਨ ਕੌਰ ਹਨ ਅਤੇ ਤਿੰਨ ਧੀਆਂ।
  • ਮਨਮੋਹਨ ਸਿੰਘ ਸਾਲ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ।

''ਅਗਲੇ ਦਿਨ ਸਹੁੰ ਚੁੱਕ ਸਮਾਗਮ ਤੋਂ ਤਿੰਨ ਘੰਟੇ ਪਹਿਲਾਂ ਮਨਮੋਹਨ ਸਿੰਘ ਦੇ ਕੋਲ ਯੂਜੀਸੀ ਦੇ ਦਫਤਰ ਵਿਚ ਫੋਨ ਆਇਆ ਕਿ ਮੈਂ ਤੁਹਾਨੂੰ ਆਪਣਾ ਵਿੱਤ ਮੰਤਰੀ ਬਣਾਉਣਾ ਚਾਹੁੰਦਾ ਹਾਂ।"

"ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਰਸਿਮਹਾ ਰਾਓ ਨੇ ਮਨਮੋਹਨ ਸਿੰਘ ਨੂੰ ਕਿਹਾ ਸੀ ਕਿ ਜੇਕਰ ਅਸੀਂ ਕਾਮਯਾਬ ਹੁੰਦੇ ਹਾਂ ਤਾਂ ਇਸ ਸਿਹਰਾ ਦੋਹਾਂ ਦੇ ਸਿਰ ਜਾਵੇਗਾ ਅਤੇ ਨਾ-ਕਾਮਯਾਬ ਹੋਏ ਤਾਂ ਤੁਹਾਨੂੰ ਜਾਣਾ ਪਵੇਗਾ।''

ਸੀਤਾਪਤੀ ਦੱਸਦੇ ਹਨ ਕਿ 1991 ਦੇ ਬਜਟ ਤੋਂ ਦੋ ਹਫਤੇ ਪਹਿਲਾਂ ਜਦੋਂ ਮਨਮੋਹਨ ਸਿੰਘ ਦਾ ਬਜਟ ਦਾ ਮਸੌਦਾ ਲੈ ਕੇ ਨਰਸਿਮਹਾ ਰਾਓ ਦੇ ਕੋਲ ਗਏ ਤਾਂ ਉਨ੍ਹਾਂ ਇਸ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਅਤੇ ਕਿਹਾ ''ਜੇਕਰ ਮੈਨੂੰ ਇਹੀ ਚਾਹੀਦਾ ਸੀ ਤਾਂ ਤਹਾਨੂੰ ਕਿਉਂ ਚੁਣਿਆ?''

ਆਪਣੇ ਪਹਿਲੇ ਬਜਟ ਵਿੱਚ ਮਨਮੋਹਨ ਸਿੰਘ ਵਿਕਟਰ ਹਿਊਗੋ ਦੀ ਮਸ਼ਹੂਰ ਲਾਈਨ ਦਾ ਜ਼ਿਕਰ ਕੀਤਾ ਸੀ ਕਿ ''ਦੁਨੀਆਂ ਦੀ ਕੋਈ ਤਾਕਤ ਉਸ ਵਿਚਾਰ ਨੂੰ ਨਹੀਂ ਰੋਕ ਸਕਦੀ, ਜਿਸ ਦਾ ਸਮਾਂ ਆ ਚੁੱਕਿਆ ਹੋਵੇ।''

ਉਨ੍ਹਾਂ ਨੇ ਆਪਣੇ ਬਜਟ ਭਾਸ਼ਣ ਵਿੱਚ ਰਾਜੀਵ ਗਾਂਧੀ, ਇੰਦਰਾ ਗਾਂਧੀ ਅਤੇ ਨਹਿਰੂ ਦਾ ਵਾਰ ਵਾਰ ਜ਼ਿਕਰ ਕੀਤਾ ਪਰ ਉਨ੍ਹਾਂ ਦੀਆਂ ਆਰਥਿਕ ਨੀਤੀਆਂ ਨੂੰ ਪਲਟਣ ਵਿੱਚ ਕਮੀ ਨਹੀਂ ਕੀਤੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)