You’re viewing a text-only version of this website that uses less data. View the main version of the website including all images and videos.
Rishi Kapoor: ਰਿਸ਼ੀ ਕਪੂਰ ਦੀ ਪੇਸ਼ਾਵਰ ਬਾਰੇ ਕੀ ਸੀ ਇੱਕ ਇੱਛਾ ਜੋ ਉਹ ਪੂਰੀ ਨਾ ਕਰ ਸਕੇ
ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ 67 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੰਗਲਵਾਰ 28 ਅਪ੍ਰੈਲ ਨੂੰ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਐੱਚਐੱਨ ਰਿਲਾਇੰਸ ਫਾਉਂਡੇਸ਼ਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਰਿਸ਼ੀ ਕਪੂਰ ਦੇ ਵੱਡੇ ਭਰਾ ਰਣਧੀਰ ਕਪੂਰ ਨੇ ਬੀਬੀਸੀ ਨਾਲ ਰਿਸ਼ੀ ਕਪੂਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਉੱਘੇ ਫ਼ਿਲਮ ਅਦਾਕਾਰ ਰਿਸ਼ੀ ਕਪੂਰ ਦੀ ਮੁੰਬਈ ਦੇ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਭਰਤੀ ਸਨ ਜਿੱਥੇ ਉਨ੍ਹਾਂ ਨੇ ਵੀਰਵਾਰ ਸਵੇਰੇ ਆਖ਼ਰੀ ਸਾਹ ਲਏ।
ਅਮਰੀਕਾ ਵਿੱਚ ਲਗਭਗ ਇੱਕ ਸਾਲ ਤੱਕ ਕੈਂਸਰ ਦਾ ਇਲਾਜ ਕਰਾਉਣ ਮਗਰੋਂ ਪਿਛਲੇ ਸਾਲ ਸਤੰਬਰ ਵਿੱਚ ਹੀ ਭਾਰਤ ਵਾਪਸ ਆਏ ਸਨ।
ਇਸ ਸਾਲ ਫ਼ਰਵਰੀ ਵਿੱਚ ਸਿਹਤ ਵਿਗੜਨ ਮਗਰੋਂ ਉਨ੍ਹਾਂ ਨੂੰ ਮੁੜ ਤੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਰਿਸ਼ੀ ਕਪੂਰ ਸੋਸ਼ਲ ਮੀਡੀਆ ਉੱਪਰ ਕਾਫ਼ੀ ਸਰਗਰਮ ਰਹਿੰਦੇ ਸਨ। ਹਾਲਾਂਕਿ 2 ਅਪ੍ਰੈਲ ਤੋਂ ਬਾਅਦ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਕੁਝ ਪੋਸਟ ਨਹੀਂ ਕੀਤਾ ਸੀ।
ਆਪਣੀ ਇੱਕ ਟਵੀਟ ਵਿੱਚ ਉਨ੍ਹਾਂ ਨੇ ਦੀਪਿਕਾ ਪਾਦੂਕੋਣ ਨਾਲ ਆਪਣੀ ਆਉਣ ਵਾਲੀ ਇੱਕ ਫ਼ਿਲਮ ਦਾ ਜ਼ਿਕਰ ਕੀਤਾ ਸੀ।
ਉਨ੍ਹਾਂ ਦੇ ਭਰਤੀ ਹੋਣ ਦੀ ਖ਼ਬਰ ਤੋਂ ਬਾਅਦ ਲੋਕ ਉਨ੍ਹਾਂ ਦੀ ਸਿਹਤਯਾਬੀ ਦੀ ਦੁਆ ਕਰ ਰਹੇ ਸਨ।
ਬੌਬੀ ਤੋਂ ਕੀਤੀ ਸੀ ਫ਼ਿਲਮੀ ਜੀਵਨ ਦੀ ਸ਼ੁਰੂਆਤ
ਰਿਸ਼ੀ ਕਪੂਰ ਉੱਘੇ ਫ਼ਿਲਮ ਅਦਾਕਾਰ ਤੇ ਨਿਰਮਾਤਾ ਨਿਰਦੇਸ਼ਕ ਰਾਜ ਕਪੂਰ ਦੇ ਦੂਜੇ ਪੁੱਤਰ ਸਨ। ਰਿਸ਼ੀ ਕਪੂਰ ਨੇ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਬੌਬੀ ਫ਼ਿਲਮ ਤੋਂ ਕੀਤੀ ਸੀ।
ਇਸ ਤੋਂ ਪਹਿਲਾਂ ਉਹ ਬਾਲ ਕਲਾਕਾਰ ਦੇ ਰੂਪ ਵਿੱਚ ਸ਼੍ਰੀ 420 ਅਤੇ ਮੇਰਾ ਨਾਮ ਜੋਕਰ ਵਿੱਚ ਵੀ ਦਿਖੇ ਸਨ।
ਰਿਸ਼ੀ ਕਪੂਰ ਨੇ ਆਖ਼ਰੀ ਵਾਰ ਇਮਰਾਨ ਹਾਸ਼ਮੀ ਨਾਲ 'ਦਿ ਬੌਡੀ' ਵਿੱਚ ਕੰਮ ਕੀਤਾ ਸੀ। ਰਿਸ਼ੀ ਕਪੂਰ ਨੇ ਹਾਲ ਹੀ ਵਿੱਚ ਆਪਣੀ ਅਗਲੀ ਫ਼ਿਲਮ ਦੀਪਿਕਾ ਪਾਦੂਕੋਣ ਨਾਲ ਹੋਣ ਬਾਰੇ ਐਲਾਨ ਕੀਤਾ ਸੀ। ਇਹ ਫ਼ਿਲਮ 'ਦਿ ਇੰਟਰਨ' ਦੀ ਹਿੰਦੀ ਰੀਮੇਕ ਹੋਣੀ ਸੀ।
ਰਿਸ਼ੀ ਕਪੂਰ ਨੇ ਕੀਤੀ ਸੀ ਹਿੰਸਾ ਨਾ ਕਰਨ ਦੀ ਅਪੀਲ
ਰਿਸ਼ੀ ਕਪੂਰ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਕਿਸੇ ਤਰ੍ਹਾਂ ਦੀ ਹਿੰਸਾ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਡਾਕਟਰ, ਨਰਸਾਂ ਤੇ ਪੁਲਿਸ ਵਾਲੇ ਤੁਹਾਡੀ ਜ਼ਿੰਦਗੀ ਬਚਾਉ ਲਈ ਆਪਣੀ ਜਾਣ ਖ਼ਤਰੇ ਵਿੱਚ ਪਾ ਰਹੇ ਹਨ।
ਪੇਸ਼ਾਵਰ ਤੋਂ ਆਇਆ ਸੀ ਪਰਿਵਾਰ
ਰਿਸ਼ੀ ਕਪੂਰ ਨੂੰ ਉਨ੍ਹਾਂ ਦੇ ਰੋਮਾਂਟਿਕ ਕਿਰਦਾਰਾਂ ਕਰਕੇ ਜਾਣਿਆ ਜਾਂਦਾ ਹੈ।
ਕਪੂਰ ਖ਼ਾਨਦਾਨ ਦੀ ਕਲਾ ਨੂੰ ਅੱਗੇ ਤੋਰਨ ਵਾਲੇ ਰਿਸ਼ੀ ਕਪੂਰ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਧਾਕ ਜਮਾਈ।
ਨਾਬਾਲਿਗਾਂ ਦੀ ਪਿਆਰ ਕਹਾਣੀ 'ਤੇ ਆਧਾਰਿਤ 1974 ਦੀ ਚਰਚਿਤ ਫ਼ਿਲਮ ‘ਬੌਬੀ’ ਵਿੱਚ ਨਿਭਾਏ ਕਿਰਦਾਰ ਨੇ ਰਿਸ਼ੀ ਕਪੂਰ ਨੂੰ ਦੁਨੀਆਂ ਭਰ ਵਿੱਚ ਮਕਬੂਲ ਕੀਤਾ।
ਰਿਸ਼ੀ ਕਪੂਰ ਨੇ ਦੋ ਦਹਾਕਿਆਂ ਵਿੱਚ ਦਰਜਨਾਂ ਫ਼ਿਲਮਾਂ 'ਚ ਬਤੌਰ ਰੋਮਾਂਟਿਕ ਹੀਰੋ ਕਿਰਦਾਰ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸਫ਼ਲ ਕੈਰੇਟਕਰ ਆਰਟਿਸਟ ਦੇ ਤੌਰ 'ਤੇ ਵੀ ਪਛਾਣ ਮਿਲੀ।
ਪਿਤਾ ਰਾਜ ਕਪੂਰ ਦੀ 1970 ਵਿੱਚ ਆਈ ਫ਼ਿਲਮ ਮੇਰਾ ਨਾਮ ਜੋਕਰ ਨਾਲ ਰਿਸ਼ੀ ਕਪੂਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਬਤੌਰ ਬਾਲ ਅਦਾਕਾਰ ਸ਼ੁਰੂਆਤ ਕੀਤੀ।
1980 ਅਤੇ 1990 ਦੇ ਦਹਾਕਿਆਂ ਦੌਰਾਨ ਉਨ੍ਹਾਂ ਦੀਆਂ ਫ਼ਿਲਮਾਂ ‘ਖੇਲ ਖੇਲ ਮੇਂ’, ‘ਕਰਜ਼’ ਅਤੇ ‘ਚਾਂਦਨੀ’ ਬੌਕਸ ਆਫ਼ਿਸ 'ਤੇ ਹਿੱਟ ਰਹੀਆਂ।
ਇੱਕ ਹੁਨਰਮੰਦ ਡਾਂਸਰ ਕਰਕੇ ਜਾਣੇ ਜਾਂਦੇ ਰਿਸ਼ੀ ਕਪੂਰ ਦੀਆਂ ਕਈ ਫ਼ਿਲਮਾਂ ਦੇ ਗਾਏ ਅੱਜ ਵੀ ਮਕਬੂਲ ਹਨ।
ਰਿਸ਼ੀ ਕਪੂਰ ਅਤੇ ਉਨ੍ਹਾਂ ਦੀ ਪਤਨੀ ਨੀਤੂ ਸਿੰਘ ਨੇ ਫ਼ਿਲਮੀ ਪਰਦੇ 'ਤੇ ਸਫ਼ਲ ਜੋੜੀ ਦੇ ਰੂਪ ਵਿੱਚ ਨਾਮ ਕਮਾਇਆ। ਫ਼ਿਲਮੀ ਪਰਦੇ 'ਤੇ ਰੋਮਾਂਸ ਕਰਦੀ ਨਜ਼ਰ ਆਈ ਇਸ ਜੋੜੀ ਨੇ 1980 ਵਿੱਚ ਵਿਆਹ ਕਰਵਾ ਲਿਆ।
ਰਿਸ਼ੀ ਤੇ ਨੀਤੂ ਦੇ ਪੁੱਤਰ ਰਣਬੀਰ ਕਪੂਰ ਇੱਕ ਸਫ਼ਲ ਬਾਲੀਵੁੱਡ ਸਟਾਰ ਹਨ।
ਪੇਸ਼ਾਵਰ ਨਾਲ ਪਿਆਰ
ਰਿਸ਼ੀ ਕਪੂਰ ਨੇ ਕਈ ਮਲਟੀ-ਸਟਾਰਰ ਫ਼ਿਲਮਾਂ ਵਿੱਚ ਆਪਣਾ ਜੌਹਰ ਦਿਖਾਇਆ। ਅਜਿਹੀਆਂ ਫ਼ਿਲਮਾਂ 'ਚ ਉਹ ਅਮਿਤਾਭ ਬੱਚਨ ਅਤੇ ਸ਼ਸ਼ੀ ਕਪੂਰ ਨਾਲ ਨਜ਼ਰ ਆਏ।
ਮੌਜੂਦਾ ਦੌਰ ਦੀਆਂ ਕਈ ਛੋਟੇ ਬਜਟ ਦੀਆਂ ਫ਼ਿਲਮਾਂ ਵਿੱਚ ਕੈਰੇਕਟਰ ਆਰਟਿਸ ਅਤੇ ਮਜ਼ਾਹੀਆ ਕਿਰਦਾਰਾਂ ਕਰਕੇ ਰਿਸ਼ੀ ਚਰਚਾ ਵਿੱਚ ਰਹੇ।
ਰਿਸ਼ੀ ਜਿਸ ਕਪੂਰ ਖ਼ਾਨਦਾਨ ਤੋਂ ਆਉਂਦੇ ਹਨ ਉਸ ਦਾ ਪਿਛੋਕੜ ਪੇਸ਼ਾਵਰ, ਪਾਕਿਸਤਾਨ ਦਾ ਹੈ। ਕਪੂਰ ਪਰਿਵਾਰ 1947 ਦੀ ਭਾਰਤ-ਪਾਕਿਸਤਾਨ ਵੰਢ ਤੋਂ ਬਾਅਦ ਭਾਰਤ ਆ ਗਿਆ ਸੀ।
ਕਪੂਰ ਪਰਿਵਾਰ ਲਈ ਪੇਸ਼ਾਵਰ ਲਈ ਪਿਆਰ 90ਵਿਆਂ ਦੇ ਦਹਾਕੇ ਤੋਂ ਹੈ। ਉਸ ਵੇਲੇ ਸ਼ਸ਼ੀ ਕਪੂਰ ਤੇ ਰਿਸ਼ੀ ਕਪੂਰ ਪਾਕਿਸਤਾਨ ਗਏ ਸਨ। ਉਸੇ ਵੇਲੇ ਦੋਵਾਂ ਨੇ ਪਾਕਿਸਤਾਨ ਦੀ ਸਰਕਾਰ ਨੂੰ ਪੇਸ਼ਾਵਰ ਜਾਣ ਦੀ ਉੱਚੇਚੇ ਤੌਰ ਉੱਤੇ ਇਜਾਜ਼ਤ ਮੰਗੀ ਸੀ।
ਇਹ ਪਿਆਰ ਇੱਕਤਰਫਾ ਨਹੀਂ ਹੈ ਸਗੋਂ ਦੋਵੇਂ ਪਾਸੇ ਸੀ। ਸ਼ਸ਼ੀ ਕਪੂਰ ਤੇ ਰਿਸ਼ੀ ਕਪੂਰ ਲਈ ਨਾਸ਼ਤਾ ਅਤੇ ਉਸ ਤੋਂ ਬਾਅਦ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਪੇਸ਼ਾਵਰ ਤੋਂ ਸਬੰਧ ਰਖਦੇ ਮੰਨੇ-ਪਰਮੰਨੇ ਅਦਾਕਾਰ ਨਾਜ਼ੀ ਖ਼ਾਨ ਤੇ ਨਾਜ਼ ਨੂੰ ਉਨ੍ਹਾਂ ਦੇ ਸਵਾਗਤ ਲਈ ਏਅਰਪੋਰਟ ਭੇਜਿਆ ਗਿਆ ਸੀ।
ਪੇਸ਼ਾਵਰ ਦੀ ਕਲਚਰਲ ਹੈਰੀਟੇਜ ਕੌਂਸਲ ਦੇ ਸਕੱਤਰ ਸ਼ਕੀਲ ਵਾਹੀਦੁੱਲਾਹ ਨੂੰ ਅੱਜ ਵੀ ਰਿਸ਼ੀ ਕਪੂਰ ਦੇ ਬੋਲ ਯਾਦ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਵੱਡੇ-ਵੱਡੇਰਿਆਂ ਲਈ ਇੱਕ ਮਿਊਜ਼ੀਅਮ ਬਣਾਉਣਾ ਚਾਹੁੰਦੇ ਹਨ।
‘ਪਰਿਵਾਰ, ਦੋਸਤ, ਖਾਣਾ ਉਨ੍ਹਾਂ ਦਾ ਫੋਕਸ ਰਿਹਾ’
ਰਿਸ਼ੀ ਦੇ ਕੈਂਸਰ ਤੋਂ ਹਾਰ ਜਾਣ ਦੀ ਖ਼ਬਰ ਉਸ ਦਿਨ (29 ਅਪ੍ਰੈਲ, 2020) ਆਈ ਜਦੋਂ ਅਦਾਕਾਰ ਇਰਫ਼ਾਨ ਖ਼ਾਨ ਦਾ ਦੇਹਾਂਤ ਹੋਇਆ।
2018 ਵਿੱਚ ਰਿਸ਼ੀ ਕਪੂਰ ਦੇ ਕੈਂਸਰ ਨਾਲ ਪੀੜਤ ਹੋਣ ਦੀ ਗੱਲ ਸਾਹਮਣੇ ਆਈ ਸੀ। ਅਮਰੀਕਾ ਦੇ ਨਿਊ ਯਾਰਕ ਵਿਖੇ ਚੱਲੇ ਲੰਬੇ ਇਲਾਜ ਤੋਂ ਬਾਅਦ ਸਤੰਬਰ 2019 ਵਿੱਚ ਰਿਸ਼ੀ ਕਪੂਰ ਮੁੰਬਈ ਪਰਤ ਆਏ ਸਨ।
29 ਅਪ੍ਰੈਲ ਦੀ ਸਵੇਰ ਉਨ੍ਹਾਂ ਨੂੰ ਸਾਹ ਸਬੰਧੀ ਮੁਸ਼ਕਲਾਂ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਇਸ ਬਾਰੇ ਉਨ੍ਹਾਂ ਦੇ ਵੱਡੇ ਭਰਾ ਰਣਧੀਰ ਕਪੂਰ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ।
ਰਿਸ਼ੀ ਕਪੂਰ ਦੇ ਪਰਿਵਾਰ ਨੇ ਇੱਕ ਸੁਨੇਹਾ ਜਾਰੀ ਕਰਦਿਆਂ ਹੋਇਆ ਉਨ੍ਹਾਂ ਦੇ ਚਲੇ ਜਾਣ ਦੀ ਅਧਿਕਾਰਿਤ ਤੌਰ 'ਤੇ ਪੁਸ਼ਟੀ ਕੀਤੀ।
ਪਰਿਵਾਰ ਨੇ ਲਿਖਿਆ, ''ਹਸਪਤਾਲ ਵਿੱਚ ਮੌਜੂਦ ਡਾਕਟਰਾਂ ਤੇ ਮੈਡੀਕਲ ਸਟਾਫ਼ ਨੇ ਦੱਸਿਆ ਕਿ ਰਿਸ਼ੀ ਨੇ ਉਨ੍ਹਾਂ ਦਾ ਮਨੋਰੰਜਨ ਅਖ਼ੀਰ ਤੱਕ ਜਾਰੀ ਰੱਖਿਆ। ਆਪਣੇ ਦੋ ਸਾਲਾਂ ਦੇ ਇਲਾਜ ਦੌਰਾਨ ਉਹ ਹੱਸਮੁੱਖ ਅਤੇ ਹੌਸਲੇ ਭਰਪੂਰ ਸੁਭਾਅ ਦੇ ਰਹੇ। ਪਰਿਵਾਰ, ਦੋਸਤ, ਖਾਣਾ ਅਤੇ ਫ਼ਿਲਮਾਂ ਉਨ੍ਹਾਂ ਦਾ ਫੋਕਸ ਸੀ।''
''ਦੁਨੀਆਂ ਭਰ ਤੋਂ ਉਨ੍ਹਾਂ ਨੂੰ ਮਿਲੇ ਪਿਆਰ ਲਈ ਉਹ ਸ਼ੁਕਰਗੁਜ਼ਾਰ ਸਨ। ਰਿਸ਼ੀ ਦੇ ਜਾਣ ਨਾਲ ਸਾਰੇ ਪ੍ਰਸ਼ੰਸਕਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਮੁਸਕੁਰਾਹਟ ਨਾਲ ਚੇਤੇ ਰੱਖੇ ਜਾਣੇ ਚਾਹੀਦੇ ਹਨ ਨਾ ਕਿ ਹੰਝੂਆਂ ਨਾਲ।''
ਰਿਸ਼ੀ ਦੇ ਪਰਿਵਾਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਨੂੰ ਧਿਆਨ 'ਚ ਰੱਖਦਿਆਂ ਜਨਤੱਕ ਤੌਰ 'ਤੇ ਇਕੱਠ ਸਬੰਧੀ ਨਿਯਮਾਂ ਨੂੰ ਮੰਨਣ।
ਇਹ ਵੀਡੀਓ ਦੇਖੋ