You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਮਨ ਨੂੰ ਕੋਰੋਨਾ ਨਾਲ ਲੜਨ ਲਈ ਕਿਵੇਂ ਤਿਆਰ ਕਰੀਏ
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਪੱਤਰਕਾਰ
ਬਿਮਾਰੀ ਹੋਵੇ ਜਾਂ ਜ਼ਿੰਦਗੀ ਦੀ ਕੋਈ ਹੋਰ ਸਮੱਸਿਆ, ਆਪਣਿਆਂ ਦਾ ਸਾਥ ਸਾਨੂੰ ਹੌਂਸਲਾ ਦਿੰਦਾ ਹੈ। ਕੋਰੋਨਾਵਾਇਰਸ ਆਪਣੇ ਸ਼ਿਕਾਰ ਤੋਂ ਸਭ ਤੋਂ ਪਹਿਲਾਂ ਉਸ ਦੇ ਆਪਣਿਆਂ ਦਾ ਸਾਥ ਹੀ ਖੋਹੰਦਾ ਹੈ।
ਹਾਲਾਂਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ ਵੈਕਸੀਨ ਨੂੰ ਕਾਰਗਰ ਮੰਨਿਆ ਜਾ ਰਿਹਾ ਹੈ ਪਰ ਹਾਲੇ ਵੀ ਇਸ ਲਈ ਇੱਕ-ਦੂਜੇ ਤੋਂ ਵਿੱਥ ਹੀ ਇਸ ਬਿਮਾਰੀ ਤੋਂ ਬਚਾਅ ਵਿੱਚ ਮਦਦ ਕਰ ਸਕਦੀ ਹੈ।
ਅਜੋਕੇ ਸਮੇਂ ਵਿੱਚ ਇਕੱਲਤਾ ਪਹਿਲਾਂ ਹੀ ਦੁਨੀਆਂ ਨੂੰ ਕਈ ਤਰ੍ਹਾਂ ਦੇ ਮਨੋਰੋਗਾਂ ਵੱਲ ਧੱਕ ਚੁੱਕੀ ਹੈ। ਹੁਣ ਇਸ ਮਹਾਂਮਾਰੀ ਨੇ ਰਹਿੰਦੀ ਸਹਿੰਦੀ ਕਸਰ ਵੀ ਪੂਰੀ ਕਰ ਛੱਡੀ ਹੈ।
ਅਜਿਹੇ ਵਿੱਚ ਇਕੱਲਤਾ ਲੋਕਾਂ ਦੀ ਮਾਨਸਿਕ ਸਿਹਤ 'ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਰਹੀ ਹੈ, ਅਸੀਂ ਇਹ ਜਾਨਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਇਹ ਵੀ ਕਿ ਇਸ ਬਿਮਾਰੀ ਦੇ ਮਰੀਜਾਂ ਨੂੰ ਅਤੇ ਇਕਾਂਤਵਾਸ ਜਾਂ ਅਲੱਗ-ਥਲੱਗ ਰੱਖੇ ਲੋਕਾਂ ਨੂੰ ਇੱਕ ਮੁਲਜ਼ਮ ਵਜੋਂ ਦੇਖੇ ਜਾਣ ਦਾ ਉਨ੍ਹਾਂ 'ਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ।
ਇਲਾਜ ਅਧੀਨ ਲੋਕਾਂ ਦੀ ਮਾਨਸਿਕ ਸਿਹਤ 'ਤੇ ਅਸਰ
ਕੋਵਿਡ-19 ਦੇ ਸ਼ਿਕਾਰ ਮਰੀਜਾਂ ਦੀ ਮਾਨਸਿਕ ਸਿਹਤ ਵਿਗੜਨ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਉਨ੍ਹਾਂ ਨੂੰ ਆਈਸੋਲੇਸ਼ਨ(ਵੱਖਰੇ) ਵਿੱਚ ਰਹਿਣਾ ਪੈਂਦਾ ਹੈ। ਮਨੋਰੋਗਾਂ ਦੇ ਮਾਹਿਰ ਡਾ. ਅਨਿਰੁਧ ਕਾਲਾ ਅਤੇ ਮਨੋਚਕਿਤਸਿਕ ਡਾ.ਪ੍ਰੀਤੀ ਅਰੁਣ ਨੇ ਇਸ ਬਾਰੇ ਹਾਮੀ ਭਰੀ।
ਡਾ. ਅਨਿਰੁਧ ਕਾਲਾ ਨੇ ਕਿਹਾ, "ਇੱਕ ਤਾਂ ਦੁਨੀਆਂ ਭਰ ਲਈ ਖ਼ੌਫ਼ ਅਤੇ ਕੇਂਦਰ ਬਿੰਦੂ ਬਣ ਚੁੱਕੀ ਬਿਮਾਰੀ ਦਾ ਸ਼ਿਕਾਰ ਹੋ ਜਾਣਾ, ਫਿਰ ਕਈ ਲੋਕਾਂ ਨੂੰ ਇਹ ਡਰ ਕਿ ਕਿਤੇ ਮੌਤ ਨਾ ਹੋ ਜਾਵੇ ਜਾਂ ਕਿਸੇ ਹੋਰ ਨੂੰ ਇਨਫੈੱਕਟ ਕਰ ਦੇਣ ਦਾ ਡਰ ਇਨਸਾਨ ਦੀ ਮਾਨਸਿਕ ਸਿਹਤ 'ਤੇ ਅਸਰ ਪਾਉਂਦਾ ਹੈ।"
"ਆਈਸੋਲੇਸ਼ਨ ਦੁਨੀਆਂ ਦੀ ਸਭ ਤੋਂ ਸਖ਼ਤ ਸਜਾ ਮੰਨੀ ਜਾ ਸਕਦੀ ਹੈ, ਕਿਉਂਕਿ ਅਚਾਨਕ ਤੁਹਾਡਾ ਨਾਤਾ ਹਰ ਉਸ ਚੀਜ਼ ਤੇ ਆਦਤ ਤੋਂ ਟੁੱਟ ਜਾਂਦਾ ਹੈ ਜਿਸ ਦੇ ਤੁਸੀਂ ਆਦੀ ਹੋ ਗਏ ਹੁੰਦੇ ਹੋ।"
"ਜੋ ਲੋਕ ਪਹਿਲਾਂ ਤੋਂ ਹੀ ਨਕਰਾਤਮਕ ਸੋਚ ਦੇ ਧਾਰਨੀ ਹੁੰਦੇ ਨੇ ਉਨ੍ਹਾਂ ਦਾ ਇਸ ਦੌਰਾਨ ਮਨੋਰੋਗ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ, ਸਕਰਾਤਮਕ ਸੋਚ ਵਾਲੇ ਲੋਕ ਇਸ ਦਾ ਸਾਹਮਣਾ ਹੌਂਸਲੇ ਨਾਲ ਕਰ ਲੈਂਦੇ ਹਨ।"
ਮਨੋਚਕਿਤਸਕ ਅਤੇ ਕਾਊਂਸਲਰ ਦੀ ਭੂਮਿਕਾ
ਪੰਜਾਬ ਵਿੱਚ ਨਵਾਂਸ਼ਹਿਰ ਦੇ ਸਿਵਲ ਸਰਜਨ ਡਾ਼ ਰਜਿੰਦਰ ਭਾਟੀਆ ਨੇ ਦੱਸਿਆ, "ਕੋਰੋਨਾ ਪੀੜ੍ਹਤ ਮਰੀਜਾਂ ਦਾ ਇਲਾਜ ਕਰਨ ਵਾਲੀ ਸਾਡੀ ਟੀਮ ਵਿੱਚ ਇੱਕ ਮਨੋ-ਚਕਿਤਸਕ ਅਤੇ ਇੱਕ ਕਾਊਂਸਲਰ ਨੂੰ ਸ਼ਾਮਿਲ ਕੀਤਾ ਗਿਆ ਹੈ। ਉਹ ਲਗਾਤਾਰ ਮਰੀਜਾਂ ਦੇ ਸੰਪਰਕ ਵਿੱਚ ਰਹਿੰਦੇ ਨੇ, ਉਨ੍ਹਾਂ ਦਾ ਮਕਸਦ ਇਹੀ ਹੁੰਦਾ ਹੈ ਕਿ ਕੋਰੋਨਾ ਦੇ ਇਲਾਜ ਦੌਰਾਨ ਮਰੀਜ਼ ਕਿਸੇ ਮਨੋਰੋਗ ਦਾ ਸ਼ਿਕਾਰ ਨਾ ਹੋ ਜਾਵੇ।"
"ਮਰੀਜ਼ਾਂ ਦੇ ਵਤੀਰੇ ਅੰਦਰ ਕਈ ਤਰ੍ਹਾਂ ਦੇ ਬਦਲਾਅ ਜਿਵੇਂ ਕਿ ਉਦਾਸੀ, ਡਿਪਰੈਸ਼ਨ, ਨੀਂਦ ਨਾ ਆਉਣਾ, ਚਿੜਚਿੜਾਪਣ ਆ ਸਕਦਾ ਹੈ। ਫਿਲਹਾਲ ਸਾਡੇ ਕੋਲ ਇਲਾਜ ਕਰਵਾ ਰਹੇ ਜਾਂ ਠੀਕ ਹੋ ਚੁੱਕੇ ਮਰੀਜਾਂ ਅੰਦਰ ਮਨੋਵਿਗਿਆਨਕ ਪੱਖ ਤੋਂ ਕੋਈ ਗੰਭੀਰ ਸਮੱਸਿਆ ਨਹੀਂ ਦਿਸੀ। ਜਿਸ ਵਿੱਚ ਮਨੋਚਕਿਤਸਕ ਨੂੰ ਮਰੀਜ਼ ਨੂੰ ਕੋਈ ਦਵਾਈ ਦੇਣੀ ਪਵੀ ਹੋਵੇ। ਮਰੀਜ਼ ਦਾ ਬੁਲੰਦ ਹੌਂਸਲਾ, ਇਲਾਜ ਕਰ ਰਹੇ ਡਾਕਟਰਾਂ ਦਾ ਵੀ ਹੌਂਸਲਾ ਟੁੱਟਣ ਨਹੀਂ ਦਿੰਦਾ।"
ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਵਿੱਚ ਵੀ ਕੋਰੋਨਾ ਦੇ ਜ਼ੇਰੇ-ਇਲਾਜ ਮਰੀਜਾਂ ਨੂੰ ਰੱਖਿਆ ਗਿਆ।
ਇੱਥੋਂ ਦੇ ਮਨੋਚਕਿਤਸਾ ਵਿਭਾਗ ਵਿੱਚ ਪ੍ਰੋਫੈਸਰ ਡਾ. ਪ੍ਰੀਤੀ ਅਰੁਣ ਨੇ ਦੱਸਿਆ ਕਿ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਅੰਦਰ ਕੋਰੋਨਾ ਮਰੀਜਾਂ ਦੀ ਮਾਨਸਿਕ ਤੰਦਰੁਸਤੀ ਯਕੀਨੀ ਬਣਾਈ ਜਾਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਕਾਊਂਸਲਰ ਮਰੀਜਾਂ ਨਾਲ ਫ਼ੋਨ 'ਤੇ ਗੱਲਬਾਤ ਕਰਦੇ ਹਨ ਅਤੇ ਜਾਨਣ ਦੀ ਕੋਸ਼ਿਸ਼ ਕਰਦੇ ਹਨ ਕਿ ਕਿਸੇ ਨੂੰ ਮਨੋਰੋਗ ਦੇ ਲੱਛਣ ਤਾਂ ਨਹੀਂ।
ਇਹ ਵੀ ਪੜ੍ਹੋ:
ਡਾ. ਪ੍ਰੀਤੀ ਨੇ ਕਿਹਾ, "ਕੋਈ ਸ਼ੱਕ ਨਹੀਂ ਕਿ ਆਈਸੋਲੇਸ਼ਨ ਵਿੱਚ ਰਹਿਣਾ ਅਸਾਨ ਨਹੀਂ ਹੁੰਦਾ। ਬੇਸ਼ੱਕ ਮਰੀਜ਼ ਸੰਚਾਰ ਦੇ ਸਾਧਨਾ ਰਾਹੀਂ ਆਪਣੇ ਸਕੇ-ਸਬੰਧੀਆਂ ਤੇ ਦੋਸਤਾਂ ਨਾਲ ਗੱਲਬਾਤ ਕਰ ਪਾਉਂਦੇ ਨੇ ਪਰ ਸਰੀਰਕ ਮੌਜੂਦਗੀ ਦਾ ਅਹਿਸਾਸ ਵੱਖਰਾ ਹੁੰਦਾ ਹੈ। ਆਈਸੋਲੇਸ਼ਨ ਜਾਂ ਇਲਾਜ ਅਧੀਨ ਮਰੀਜ਼ ਦੀਆਂ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਘਟ ਜਾਂਦੀਆਂ ਨੇ ਜਿਸ ਦਾ ਅਸਰ ਉਨ੍ਹਾਂ ਦੇ ਮਨਾਂ 'ਤੇ ਪੈ ਸਕਦਾ ਹੈ ਇਸ ਲਈ ਉਨ੍ਹਾਂ ਨੂੰ ਪਿਆਰ ਅਤੇ ਸਹਿਯੋਗ ਦਾ ਅਹਿਸਾਸ ਕਰਾਉਣਾ ਜ਼ਰੂਰੀ ਹੁੰਦਾ ਹੈ।"
ਇਸ ਹਸਪਤਾਲ ਵਿੱਚ ਭਰਤੀ ਕੋਵਿਡ-19 ਦੇ ਕੁਝ ਮਰੀਜਾਂ ਨਾਲ ਕਾਊਂਸਲਰ ਵਜੋਂ ਗੱਲਬਾਤ ਕਰਨ ਵਾਲੀ ਮਨੋਚਿਕਿਤਸਾ ਦੀ ਵਿਦਿਆਰਥਣ ਸਮਰਿਤੀ ਮਹਾਜਨ ਨੇ ਦੱਸਿਆ, "ਜਿਨ੍ਹਾਂ ਮਰੀਜ਼ਾਂ ਨਾਲ ਮੈਂ ਗੱਲ ਕੀਤੀ ਉਹ ਇੱਕ ਵਾਰਡ ਵਿੱਚ ਸਨ ਅਤੇ ਇੱਕੋ ਪਰਿਵਾਰ ਜਾਂ ਜਾਣ-ਪਹਿਚਾਣ ਦੇ ਸੀ, ਇਸ ਦਾ ਵੀ ਅਸਰ ਹੈ ਕਿ ਉਨ੍ਹਾਂ ਨੂੰ ਮਾਨਸਿਕ ਪੱਖੋਂ ਇੰਨੀ ਤਕਲੀਫ਼ ਨਹੀਂ ਹੋਈ ਜਿੰਨੀ ਸ਼ਾਇਦ ਇਕੱਲੇ ਮਰੀਜ਼ ਨੂੰ ਹੋ ਸਕਦੀ ਹੈ।"
ਮਰੀਜ਼ ਦਾ ਸਵੈ-ਭਰੋਸਾ ਵੱਡਾ ਤੋਸ਼ਾ
ਜਿਸ ਤਰ੍ਹਾਂ ਜਿੰਦਗੀ ਦੇ ਹਰ ਮੋੜ 'ਤੇ ਸਫ਼ਲਤਾ ਲਈ ਇੱਛਾਸ਼ਕਤੀ ਕੰਮ ਕਰਦੀ ਹੈ। ਕੋਵਿਡ-19 ਨੂੰ ਹਰਾਉਣ ਵਿੱਚ ਇੱਕ ਬਜੁਰਗ ਦੀ ਇੱਛਾ ਸ਼ਕਤੀ ਨੇ ਭੂਮਿਕਾ ਨਿਭਾਈ। ਮੁਹਾਲੀ ਦੀ 81 ਸਾਲਾ ਬਜੁਰਗ ਕੋਰੋਨਾ ਵਾਇਰਸ ਦੀ ਸ਼ਿਕਾਰ ਹੋ ਗਈ ਸੀ।
ਦੁਨੀਆਂ ਭਰ ਵਿੱਚ ਬਜੁਰਗਾਂ ਦੇ ਕੋਰੋਨਾ ਨਾਲ ਲੜਨ ਦੀ ਸਮਰੱਥਾ ਘੱਟ ਹੋਣ ਦੀ ਗੱਲ ਕਹੀ ਜਾਂਦੀ ਹੈ। ਮੁਹਾਲੀ ਦੀ ਇਹ ਬਜੁਰਗ ਇਲਾਜ ਦੌਰਾਨ ਨਕਰਾਤਮਕ ਨਹੀਂ ਹੋਈ।
ਉਨ੍ਹਾਂ ਦੇ ਬੇਟੇ ਨੇ ਕਿਹਾ, "ਮਾਂ ਸ਼ੁਰੂ ਕੋਂ ਹੀ ਸਕਾਰਤਮਕ ਹੈ ਅਤੇ ਪ੍ਰਮਾਤਮਾ ਉੱਤੇ ਵਿਸ਼ਵਾਸ ਰੱਖਦੀ ਹੈ। ਡਾਕਟਰਾਂ ਦੇ ਚੰਗੇ ਇਲਾਜ ਅਤੇ ਮਾਂ ਦੀ ਇੱਛਾਸ਼ਕਤੀ ਕਾਰਨ ਹੀ ਉਹ ਜਲਦੀ ਤੰਦਰੁਸਤ ਹੋ ਗਏ। ਜਦੋਂ ਸਾਰੇ ਪਰਿਵਾਰ ਦਾ ਕੋਰੋਨਾ ਟੈਸਟ ਨੈਗੈਟਿਵ ਆਇਆ ਤਾਂ ਮਾਂ ਦਾ ਮਨੋਬਲ ਹੋਰ ਵਧ ਗਿਆ।"
ਇਸ ਮਹਿਲਾ ਦਾ ਇਲਾਜ ਕਰਨ ਵਾਲੇ ਡਾ. ਦੀਪਕ ਭਸੀਨ ਨੇ ਕਿਹ ਕਿ ਉਨ੍ਹਾਂ ਦਾ ਸਕਰਾਤਮਕ ਹੋਣਾ ਬਹੁਤ ਵੱਡਾ ਕਾਰਨ ਸੀ ਕਿਉਂਕਿ 80 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਦੀ ਜਾਨ ਨੂੰ ਖ਼ਤਰਾ ਬਹੁਤ ਵੱਧ ਜਾਂਦਾ ਹੈ।
ਉਨ੍ਹਾਂ ਕਿਹਾ, "ਇਸ ਤੋਂ ਇਲਾਵਾ ਉਹ ਆਪ ਸਟਾਫ਼ ਨਰਸ ਰਹੇ ਹਨ। ਉਹ ਦਵਾਈਆਂ ਬਾਰੇ ਸਮਝਦੇ ਸਨ ਤੇ ਜਾਣਦੇ ਸਨ ਕਿ ਕਿਵੇਂ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਇੱਥੇ ਦੋ ਹਫ਼ਤਿਆਂ ਦੌਰਾਨ ਅਸੀਂ ਉਨ੍ਹਾਂ ਨੂੰ ਟੀਵੀ ਵੇਖਣ ਲਈ ਕਹਿੰਦੇ ਸਨ ਪਰ ਖ਼ਬਰਾਂ ਵੇਖਣ ਤੋਂ ਅਸੀਂ ਦੂਰ ਰੱਖਦੇ ਸੀ ਕਿਉਂਕਿ ਹਰ ਵੇਲੇ ਇਹੀ ਸਾਰੀ ਚੀਜ਼ਾਂ ਉਸ 'ਤੇ ਵਖਾਉਂਦੇ ਹਨ।"
ਜਾਣਕਾਰੀ ਸਾਂਝੀ ਨਾ ਕਰ ਸਕਣ ਦਾ ਮਨੋਵਿਗਿਆਨਕ ਕਾਰਨ
ਦੁਨੀਆਂ ਦੇ ਕਈ ਦੇਸ਼ਾਂ ਸਮੇਤ ਭਾਰਤ ਅੰਦਰ ਕੋਰੋਨਾ ਵਾਇਰਸ ਦੇ ਮਰੀਜਾਂ ਨੂੰ ਹਮਦਰਦੀ ਦੀ ਬਜਾਏ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਣ ਦੀਆਂ ਘਟਨਾਵਾਂ, ਕੋਰੋਨਾ ਦੇ ਫੈਲਾਅ ਨੂੰ ਮਜ਼ਹਬੀ ਰੰਗਤ ਦੇਣ ਦੀ ਕੋਸ਼ਿਸ਼ ਦੇਖਣ ਨੂੰ ਮਿਲ ਰਹੀਆਂ ਹਨ। ਇਹ ਸਭ ਕੁਝ ਵੀ ਮਨੋਵਿਗਿਆਨਕ ਰੂਪ ਵਿੱਚ ਅਸਰ ਪਾਉਂਦਾ ਹੈ।
ਸਮਾਜਿਕ-ਸਿਆਸੀ ਰੁਝਾਨ ਅਤੇ ਮਾਨਸਿਕ ਸਿਹਤ ਦੇ ਆਪਸੀ ਰਿਸ਼ਤਿਆਂ ਬਾਰੇ ਅਧਿਐਨ ਕਰਨ ਵਾਲੀ ਹਰਪ੍ਰੀਤ ਕੌਰ ਕਹਿੰਦੀ ਹੈ,"ਜਦੋਂ ਇਸ ਤਰ੍ਹਾਂ ਮਰੀਜ਼ ਜਾਂ ਮਰਹੂਮ ਦੀ ਬਦਨਾਮੀ ਕੀਤੀ ਜਾ ਰਹੀ ਹੋਵੇ ਤਾਂ ਲੋਕ ਆਪਣੇ ਬਾਰੇ ਵੀ ਜਾਣਕਾਰੀ ਸਾਂਝੀ ਕਰਨ ਤੋਂ ਡਰਦੇ ਹਨ। ਮਨੁੱਖੀ ਫਿਤਰਤ ਹੈ ਕਿ ਜਦੋਂ ਤੁਸੀਂ ਬਦਨਾਮ ਹੁੰਦੇ ਹੋ ਤਾਂ ਸਮਾਜਿਕ ਜਿੰਦਗੀ ਵਿੱਚ ਇਕੱਲੇ ਪੈ ਜਾਂਦੇ ਹੋ। ਇੱਕ ਦੀ ਬਦਨਾਮੀ ਨਾਲ ਲੋਕ ਆਪਣੇ ਬਾਰੇ ਅਤੇ ਸਮਾਜ ਬਾਰੇ ਨਾਂਹਪੱਖੀ ਹੋ ਜਾਂਦੇ ਹਨ।"
ਨਵਾਂਸ਼ਹਿਰ ਵਿੱਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਜਿਨ੍ਹਾਂ ਦੀ ਮੌਤ ਹੋ ਗਈ ਸੀ, ਉਨ੍ਹਾਂ ਨੂੰ ਸਮਾਜ ਦੇ ਕਈ ਹਿੱਸਿਆਂ ਨੇ ਕੋਰੋਨਾ ਵਾਇਰਸ ਫੈਲਾਉਣ ਦਾ ਕਸੂਰਵਾਰ ਠਹਿਰਾਇਆ ਗਿਆ।
ਅਜਿਹੀਆਂ ਘਟਨਾਵਾਂ ਮਰੀਜਾਂ ਜਾਂ ਫਿਰ ਇਸ ਬਿਮਾਰੀ ਦੇ ਲੱਛਣਾਂ ਵਾਲੇ ਲੋਕਾਂ ਨੂੰ ਨਕਰਾਤਮਕ ਕਰ ਸਕਦੀਆਂ ਹਨ।
ਮਨੋਵਿਗਿਆਨੀ ਡਾ. ਸਿੰਮੀ ਵੜੈਚ ਕਹਿੰਦੇ ਹਨ ਕਿ ਕੋਈ ਵੀ ਆਪਣੀ ਮਰਜੀ ਨਾਲ ਇਸ ਬਿਮਾਰੀ ਵਿੱਚ ਵਾਧਾ ਨਹੀਂ ਕਰਦਾ।
ਉਨ੍ਹਾਂ ਨੇ ਕਿਹਾ, "ਜਦੋਂ ਸਮਾਜ ਹਮਦਰਦੀ ਨਾਲੋਂ ਨਿੱਖੜਦਾ ਹੈ ਤਾਂ ਮਰੀਜਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਜਾ ਹੌਂਸਲਾ ਤੋੜਨ ਦਾ ਆਹਰ ਕਰਦਾ ਹੈ।"
ਡਾ. ਸਿੰਮੀ ਵੜੈਚ ਕਹਿੰਦੇ ਹਨ,"ਬਿਮਾਰੀ ਦਾ ਫੈਲਾਅ ਰੋਕਣ ਲਈ ਵਿੱਥ ਰੱਖਣੀ ਜ਼ਰਰੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਤੋਂ ਕਿਨਾਰਾ ਕਰ ਲਿਆ ਜਾਵੇ। ਸਮਾਜ ਨੂੰ ਜਿਆਦਾ ਜੁੜ ਕੇ ਰਹਿਣਾ ਚਾਹੀਦਾ ਹੈ। ਇੱਕ-ਦੂਜੇ ਦਾ ਸਹਾਰਾ ਬਣਦੇ ਹਾਂ ਤਾਂ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਵਧਦੀ ਹੈ।"
ਲੌਕਡਾਊਨ ਦਾ ਘਰਾਂ 'ਚ ਬੰਦ ਸਿਹਤਮੰਦ ਲੋਕਾਂ ਦੀ ਮਾਨਸਿਕ ਸਿਹਤ 'ਤੇ ਅਸਰ ?
ਸਿਰਫ਼ ਮਰੀਜ਼ ਹੀ ਨਹੀਂ, ਬਲਕਿ ਉਹ ਸਾਰੇ ਲੋਕ ਜੋ ਇਨ੍ਹੀਂ ਦਿਨੀਂ ਲੌਕਡਾਊਨ ਕਾਰਨ ਆਪੋ-ਆਪਣੇ ਘਰਾਂ ਅੰਦਰ ਬੰਦ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਇੰਸਟਿਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਈਡ ਸਾਇੰਸਜ਼ ਦੇ ਡਾਇਰੈਕਟਰ ਡਾ. ਨਿਮੇਸ਼ ਦੇਸਾਈ ਕਹਿੰਦੇ ਹਨ, "ਜੋ ਲੋਕ ਲੌਕਡਾਊਨ ਸ਼ੁਰੂ ਹੁੰਦਿਆਂ ਸਾਰ ਤੋਂ ਲਗਾਤਾਰ ਘਰਾਂ ਅੰਦਰ ਹਨ। ਉਹ ਭਾਵੇਂ ਇਕੱਲੇ ਹਨ ਜਾਂ ਪਰਿਵਾਰ ਨਾਲ ਉਨ੍ਹਾਂ ਨੂੰ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਆਉਣ ਦੀ ਸੰਭਾਵਨਾ ਰਹਿੰਦੀ ਹੈ। ਜਿਵੇਂ ਕਿ ਇਕੱਲਾਪਣ ਮਹਿਸੂਸ ਹੋਣਾ, ਚਿੜਚਿੜਾਪਣ, ਨਿਰਾਸ਼ਾ ਦੀ ਭਾਵਨਾ, ਉਦਾਸੀ ਅਤੇ ਬੀਮਾਰੀ ਦਾ ਡਰ ਆਦਿ।"
"ਇੱਥੋਂ ਤੱਕ ਕਿ ਡਿਪਰੈਸ਼ਨ, ਪਰਿਵਾਰਕ ਮੈਂਬਰਾਂ ਨਾਲ ਬਹਿਸ ਜਾਂ ਘਰੇਲੂ ਹਿੰਸਾ ਵੀ ਕਈ ਮਾਮਲਿਆਂ ਵਿੱਚ ਹੋ ਸਕਦੀ ਹੈ। ਇਸ ਵੱਖਰੀ ਪਰਿਸਥਿਤੀ ਵਿੱਚ ਇਹ ਹੋਣਾ ਅਬਨੌਰਮਲ ਨਹੀਂ, ਇਸ ਲਈ ਖੁਦ ਨੂੰ ਕੋਸੋ ਨਾ ਸਗੋਂ ਇਸ ਬਾਰੇ ਗੱਲ ਕਰੋ।"
ਡਾ. ਨਿਮੇਸ਼ ਦੇਸਾਈ ਨੇ ਅੱਗੇ ਕਿਹਾ, "ਇਹਨਾਂ ਮਨੋਰੋਗਾਂ ਤੋਂ ਬਚਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਕੰਮਾਂ ਲਈ ਤੁਸੀਂ ਵਖ਼ਤ ਨਾ ਮਿਲਣ ਦੀ ਗੱਲ ਕਹਿੰਦੇ ਸੀ, ਉਹ ਕੰਮ ਸਿੱਖਣ ਦੀ ਕੋਸ਼ਿਸ਼ ਕਰੋ। ਘਰ ਦੇ ਕੰਮ, ਉਸਾਰੂ ਅਤੇ ਸਕਰਾਤਮਕ ਗਤੀਵਿਧੀਆਂ ਵਿੱਚ ਮਨ ਲਗਾਉਣ ਦੀ ਕੋਸ਼ਿਸ਼ ਕਰੋ। ਇਸ ਲੌਕਡਾਊਨ ਨੂੰ ਕੈਦ ਵਜੋਂ ਨਹੀਂ, ਬਲਕਿ ਸੁਰੱਖਿਆ ਲਈ ਚੁੱਕੇ ਕਦਮ ਵਜੋਂ ਦੇਖੋ।"
ਲੌਕਡਾਊਨ ਦੌਰਾਨ ਆਮ ਨਾਗਰਿਕਾਂ ਦੀ ਮਾਨਸਿਕ ਸਿਹਕ ਸਬੰਧੀ ਸਮੱਸਿਆਵਾਂ ਸੁਣਨ ਲਈ ਕੇਂਦਰ ਸਰਕਾਰ ਨੇ ਹੈਲਪਲਾਈਨ ਨੰਬਰ 08046-110007 ਵੀ ਜਾਰੀ ਕੀਤਾ ਹੈ। ਇਸੇ ਤਰ੍ਹਾਂ ਦੀਆਂ ਹੈਲਪਲਾਈਨਜ਼ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੀ ਚਲਾ ਰਹੀਆਂ ਹਨ। ਇਹਨਾਂ ਤੋਂ ਜਾਹਿਰ ਹੁੰਦਾ ਹੈ ਕਿ ਭਾਵੇਂ ਕੋਈ ਲੜਾਈ ਹੋਵੇ ਜਾਂ ਬਿਮਾਰੀ ਮਾਨਸਿਕ ਪੱਖੋਂ ਤਾਕਤ ਬਹੁਤ ਮਾਇਨੇ ਰੱਖਦੀ ਹੈ।
ਇਹ ਵੀ ਦੇਖੋ: