Trump in India: ਡੌਨਲਡ ਟਰੰਪ ਨੇ ਪਰਿਵਾਰ ਸਣੇ ਤਾਜ ਮਹਿਲ ਦਾ ਕੀਤਾ ਦੀਦਾਰ

ਗੁਜਰਾਤ ਦੇ ਅਹਿਮਦਾਬਾਦ ਵਿੱਚ ਮੋਟੇਰਾ ਸਟੇਡੀਅਮ ਵਿੱਚ ਲੋਕਾਂ ਨੂੰ ਸੰਬੋਧਿਤ ਕਰਨ ਮਗਰੋਂ ਅਮਰੀਕੀ ਰਾਸ਼ਟਰਪਤੀ ਆਪਣੀ ਪਤਨੀ ਨਾਲ ਆਗਰਾ ਵਿੱਚ ਤਾਜ ਮਹਿਲ ਦੇਖਣ ਪਹੁੰਚੇ।

ਟਰੰਪ ਅਹਿਮਦਾਬਾਦ ਤੋਂ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਪਤਨੀ ਤੇ ਪਰਿਵਾਰ ਨਾਲ ਆਗਰਾ ਲਈ ਰਵਾਨਾ ਹੋਏ।

ਟਰੰਪ ਨੇ ਪਤਨੀ ਮੇਲਾਨੀਆ ਟਰੰਪ ਨਾਲ ਤਾਜ ਮਹਿਲ ਦੀ ਖੂਬਸੂਰਤੀ ਦਾ ਦੀਦਾਰ ਕੀਤਾ।

ਟਰੰਪ ਨੇ ਬੀਬੀਸੀ ਨੂੰ ਕੀ ਕਿਹਾ?

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਗਰਾ ਜਾਂਦੇ ਹੋਏ ਏਅਰ ਫੋਰਸ ਵਨ ਜਹਾਜ਼ ਵਿੱਚ ਬੀਬੀਸੀ ਪੱਤਰਕਾਰ ਅਲੀਮ ਮਕਬੂਲ ਨੂੰ ਕਿ ਕ੍ਰਿਕਟ ਸਟੇਡੀਅਮ ਵਿੱਚ ਉਨ੍ਹਾਂ ਦਾ ਸਵਾਗਤ ਸ਼ਾਨਦਾਰ ਸੀ।

ਟਰੇਡ ਡੀਲ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਇਸ ਵਿੱਚ ਕੋਈ ਜਲਦਬਾਜ਼ੀ ਨਹੀਂ ਹੈ। ਉਨ੍ਹਾਂ ਕਿਹਾ, ਭਾਰਤ ਦੇ ਨਾਲ ਕਈ ਚੀਜਾਂ ਚੱਲ ਰਹੀਆਂ ਹਨ ਅਤੇ ਸਾਰਾ ਕੁਝ ਵਧੀਆ ਹੈ।

ਤਾਜ ਮਹਿਲ ਬਾਰੇ ਉਨ੍ਹਾਂ ਕਿਹਾ ਕਿ ਸੁਣਿਆ ਤਾਂ ਬਹੁਤ ਕੁਝ ਸੀ ਪਰ ਦੇਖਿਆ ਨਹੀਂ ਸੀ।

ਸ਼ਾਮ ਕਰੀਬ ਸੱਤ ਵਜੇ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਆਗਰਾ ਤੋਂ ਦਿੱਲੀ ਲਈ ਰਵਾਨਾ ਹੋਣਗੇ ਅਤੇ ਕਰੀਬ 7:30 ਵਜੇ ਦਿੱਲੀ ਦੇ ਪਾਲਮ ਏਅਰਪੋਰਟ ਪਹੁੰਚਣਗੇ।

25 ਫ਼ਰਵਰੀ ਦੀ ਸਵੇਰ ਟਰੰਪ ਪਹਿਲਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ।

ਸਵੇਰੇ ਕਰੀਬ 11 ਵਜੇ ਪੀਐੱਮ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀ ਮੁਲਾਕਾਤ ਹੋਵੇਗੀ। ਇਸ ਤੋਂ ਬਾਅਦ ਕਰੀਬ ਸਾਢੇ 12 ਵਜੇ ਦੋਵਾਂ ਦਾ ਸਾਂਝਾ ਬਿਆਨ ਜਾਰੀ ਹੋ ਸਕਦਾ ਹੈ।

ਅਹਿਮਦਾਬਾਦ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਕਿਹਾ:-

  • ਮੋਟੇਰਾ ਸਟੇਡੀਅਮ ਵਿੱਚ ਨਵਾਂ ਇਤਿਹਾਸ ਬਣ ਰਿਹਾ ਹੈ । ਖ਼ੁਸ਼ੀ ਹੈ ਕਿ ਟਰੰਪ ਦੀ ਮੌਜੂਦਗੀ 'ਚ ਭਾਰਤ-ਅਮਰੀਕਾ ਦੇ ਰਿਸ਼ਤੇ ਗੁੜ੍ਹੇ ਹਏ ਹਨ
  • ਹੈਲਦੀ ਅਤੇ ਹੈਪੀ ਅਮਰੀਕਾ ਲਈ ਜੋ ਤੁਸੀਂ ਕੀਤਾ ਉਸ ਦੇ ਚੰਗੇ ਨਤੀਜੇ ਮਿਲ ਰਹੇ ਹਨ
  • ਈਵਾਂਕਾ 2 ਸਾਲ ਪਹਿਲਾਂ ਤੁਸੀਂ ਭਾਰਤ ਆਏ ਸੀ, ਉਦੋਂ ਤੁਸੀਂ ਕਿਹਾ ਸੀ ਮੁੜ ਭਾਰਤ ਆਉਣਾ ਚਾਹਾਂਗੀ। ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਇੱਥੇ ਹੋ ਤੇ ਮੈਨੂੰ ਖ਼ੁਸ਼ੀ ਹੈ
  • ਹਰ ਭਾਰਤੀ ਅਤੇ ਅਮਰੀਕਾ ਦੇ ਸਾਥੀ ਤੇ ਪੂਰੀ ਦੁਨੀਆਂ ਰਾਸ਼ਟਰਪਤੀ ਟਰੰਪ ਨੂੰ ਸੁਣਨਾ ਚਾਹੁੰਦੀ ਹੈ
  • ਦੋਸਤੀ ਉੱਥੇ ਹੀ ਹੁੰਦੀ ਹੈ ਜਿੱਥੇ ਵਿਸ਼ਵਾਸ ਹੋਵੇ
  • ਮੈਂ ਭਾਰਤ ਤੇ ਅਮਰੀਕਾ ਵਿਚਕਾਰ ਵਿਸ਼ਵਾਸ ਨੂੰ ਵੱਧਦੇ ਦੇਖਿਆ ਹੈ
  • 130 ਕਰੋੜ ਭਾਰਤਵਾਸੀ ਨਿਊ ਇੰਡੀਆ ਦਾ ਨਿਰਮਾਣ ਕਰ ਰਹੇ ਹਨ
  • ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਹੈਲਥ ਇੰਸ਼ੋਰੈਂਸ ਸਕੀਮ ਵੀ ਚਲਾ ਰਿਹਾ ਹੈ
  • ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਟਰੇਡਿੰਗ ਪਾਰਟਨਰ ਬਣਿਆ ਹੈ
  • ਭਾਰਤ ਵਿੱਚ ਡਿਜੀਟਲ ਇਕੌਨਮੀ ਦਾ ਵਿਸਤਾਰ ਅਮਰੀਕਾ ਲਈ ਨਵੇਂ ਮੌਕੇ ਬਣਾਏਗਾ

ਅਹਿਮਦਾਬਾਦ ਵਿੱਚ ਟਰੰਪ ਦੇ ਸੰਬੋਧਨ ਦੀਆਂ ਮੁੱਖ ਗੱਲਾਂ:-

  • ਪ੍ਰਧਾਨ ਮੰਤਰੀ ਮੋਦੀ ਨੂੰ ਮੈਂ ਆਪਣਾ ਸੱਚਾ ਦੋਸਤ ਕਹਿੰਦਾ ਹਾਂ
  • ਅਮਰੀਕਾ ਭਾਰਤ ਨੂੰ ਪਿਆਰ ਤੇ ਸਤਿਕਾਰ ਕਰਦਾ ਹੈ
  • ਭਾਰਤ ਲਈ ਸਾਡੇ ਦਿਲਾਂ ਵਿੱਚ ਖ਼ਾਸ ਜਗ੍ਹਾ ਰਹੇਗੀ
  • ਮੋਦੀ ਨੇ ਇੱਕ ਚਾਹ ਵਾਲੇ ਦੇ ਤੌਰ ਤੇ ਆਪਣੇ ਜੀਵਨ ਸ਼ੁਰੂ ਕੀਤਾ ਅਤੇ ਹੁਣ ਭਾਰਤ ਦੇ ਕਾਮਯਾਬ ਲੀਡਰ ਹਨ
  • ਭਾਰਤ ਦੇ ਲੋਕ ਕੁਝ ਵੀ ਕਰ ਸਕਦੇ ਹਨ
  • ਭਾਰਤ ਇੱਕ ਆਰਥਿਕ ਸੂਪਰਪਾਵਰ ਬਣ ਗਿਆ ਹੈ
  • ਅਗਲੇ 10 ਸਾਲਾਂ ਵਿੱਚ ਇਹ ਉਮੀਦ ਹੈ ਕਿ ਭਾਰਤ 'ਚੋਂ ਗਰੀਬੀ ਦੂਰ ਹੋ ਜਾਵੇਗੀ
  • ਪ੍ਰਧਾਨ ਮੰਤਰੀ ਮੋਦੀ ਦੀ ਰਹਿਨੁਮਾਈ ਹੇਠਾਂ ਭਾਰਤ ਦੇ ਹਰ ਘਰ ਵਿੱਚ ਬਿਜਲੀ ਹੈ
  • ਭਾਰਤ ਦੇ ਲੋਕਾਂ ਕੋਲ ਚੰਗੀਆਂ ਸਹੁਲਤਾਂ ਹਨ
  • ਭਾਰਤ ਦੀ ਸਮਰੱਥਾ ਕਮਾਲ ਦੀ ਹੈ। ਤੁਸੀਂ ਇਹ ਸਭ ਲੋਕਤੰਤਰਿਕ, ਸ਼ਾਂਤਮਈ ਦੇਸ਼ ਦੇ ਤੌਰ 'ਤੇ ਕੀਤਾ ਹੈ
  • ਇਹ ਮੁਲਕ ਹਰ ਸਾਲ ਸੈਂਕੜੇ ਫ਼ਿਲਮਾਂ ਬਣਾਉਂਦਾ ਹੈ ਜਿਵੇਂ ਡੀਡੀਐਲਜੇ
  • ਇਹ ਮੁਲਕ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਦੇ ਕੰਮ ਦਾ ਜਸ਼ਨ ਮਨਾਉਂਦਾ ਹੈ
  • ਅਮਰੀਕਾ ਵਿੱਚ ਇੱਕ ਚੌਥਾਈ ਭਾਰਤੀ ਗੁਜਰਾਤ ਤੋਂ ਹਨ
  • ਅਮਰੀਕਾ ਨੇ ਬਹੁਤ ਤਰੱਕੀ ਕੀਤੀ ਹੈ।
  • ਸਾਡੀਆਂ ਫ਼ੌਜਾਂ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਈਆਂ ਹਨ
  • ਅਸੀਂ ਸਭ ਤੋਂ ਵਧੀਆ ਹਥਿਆਰ ਬਣਾਉਂਦੇ ਹਾਂ ਤੇ ਭਾਰਤ ਨਾਲ ਵੀ ਵਪਾਰ ਕਰ ਰਹੇ ਹਾਂ
  • ਮੈਂ ਚਾਹੁੰਦਾ ਹਾਂ ਕਿ ਰੱਖਿਆ ਦੇ ਖੇਤਰ ਵਿੱਚ ਭਾਰਤ ਤੇ ਅਮਰੀਕਾ ਪਾਰਟਨਰ ਰਹਿਣ
  • ਸਾਡੇ ਦੇਸ਼ ਅੱਤਵਾਦ ਤੋਂ ਪੀੜਤ ਰਹੇ ਹਨ। ਭਾਰਤ ਤੇ ਅਮਰੀਕਾ ਇਸਲਾਮਿਕ ਅੱਤਵਾਦ ਦੇ ਖ਼ਿਲਾਫ਼ ਖੜ੍ਹੇ ਹਨ
  • ਸਾਡੇ ਪਾਕਿਸਤਾਨ ਨਾਲ ਚੰਗੇ ਸਬੰਧ ਹਨ ਅਤੇ ਪਾਕਿਸਤਾਨ ਦੀ ਸਰਹਦ 'ਤੇ ਹੋਣ ਵਾਲੇ ਅੱਤਵਾਦ ਨੂੰ ਰੋਕਿਆ ਜਾ ਰਿਹਾ ਹੈ
  • ਮੇਰੇ ਇਸ ਦੌਰੇ ਦੌਰਾਨ ਪੀਐੱਮ ਮੋਦੀ ਅਤੇ ਅਸੀਂ ਵਪਾਰਕ ਸਮਝੌਤੇ ਕਰਾਂਗੇ
  • ਭਾਰਤ ਦੀ ਅਸਲੀ ਤਾਕਤ ਹੈ ਉਸ ਦੇ ਲੋਕ

ਸਾਬਰਮਤੀ ਆਸ਼ਰਮ ਵਿੱਚ ਟਰੰਪ

ਅਹਿਮਦਾਬਾਦ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਉਹ ਪਤਨੀ ਮੇਲਾਨੀਆਂ ਟਰੰਪ ਦੇ ਨਾਲ ਸਾਬਰਮਤੀ ਆਸ਼ਰਮ ਪਹੁੰਚੇ।

ਮੋਦੀ ਟਰੰਪ ਦੇ ਸਵਾਗਤ ਲਈ ਏਅਰਪੋਰਟ 'ਤੇ ਪਹੁੰਚੇ ਸਨ ਅਤੇ ਟਰੰਪ ਦੇ ਸਵਾਗਤ ਵਿੱਚ ਗੁਜਰਾਤੀ ਲੋਕ ਨਾਚ ਵੀ ਨਜ਼ਰ ਆਇਆ।

ਟਰੰਪ ਦਾ ਇਹ ਦੌਰਾ 2020 ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਲਈ ਰੱਖਿਆ ਗਿਆ ਹੈ।

ਟਰੰਪ ਭਾਰਤ ਦੇ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ। ਦਿੱਲੀ, ਆਗਰਾ ਅਤੇ ਅਹਿਮਦਾਬਾਦ। ਟਰੰਪ ਨੇ ਜਿਸ ਮੋਟੇਰਾ ਸਟੇਡੀਅਮ ਵਿੱਚ ਰੈਲੀ ਦਾ ਹਿੱਸਾ ਬਣੇ, ਉਸ ਦੀ ਸਮਰੱਥਾ 1 ਲੱਖ 10 ਹਜ਼ਾਰ ਹੈ।

ਇਹ ਵੀ ਪੜ੍ਹੋ:

ਡੌਨਲਡ ਟਰੰਪ ਦਾ ਅਹਿਮਦਾਬਾਦ ਵਿੱਚ 22 ਕਿਲੋਮੀਟਰ ਲੰਬਾ ਰੋਡ ਸ਼ੋਅ ਸੀ। ਇਹ ਸਫ਼ਰ ਟਰਮਪ ਨੇ ਆਪਣੀ ਕਾਰ ਰਾਹੀਂ ਤੈਅ ਕੀਤਾ।

ਟਰੰਪ ਅਹਿਮਦਾਬਾਦ ਵਿੱਚ ਰੈਲੀ ਤੋਂ ਬਾਅਦ ਆਗਰਾ ਸ਼ਹਿਰ ਆਪਣੀ ਪਤਨੀ ਮੇਲਾਨੀਆ ਟਰੰਪ, ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰਾਡ ਕੁਸ਼ਨਰ ਨਾਲ ਪਹੁੰਚ ਕੇ ਤਾਜ ਮਹਿਲ ਨੂੰ ਦੇਖਣਗੇ।

ਇਸ ਤੋਂ ਬਾਅਦ ਅੱਜ ਸ਼ਾਮ ਹੀ ਟਰੰਪ ਪਰਿਵਾਰ ਸਣੇ ਰਾਜਧਾਨੀ ਦਿੱਲੀ ਆ ਜਾਣਗੇ।

ਟਰੰਪ ਦੀ ਯਾਤਰਾ ਦੇ ਵੇਰਵੇ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 12 ਵਜੇ ਅਹਿਮਦਾਬਾਦ ਦੇ ਸਰਦਾਰ ਵਲੱਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ।

ਇੱਥੋਂ ਉਹ ਮੋਟੇਰਾ ਸਟੇਡੀਅਮ ਲਈ ਨਿਕਲੇ ਪਰ ਰਾਹ ਵਿੱਚ ਉਨ੍ਹਾਂ ਦਾ ਕਾਫ਼ਲਾ ਪਹਿਲਾਂ ਸਾਬਰਮਤੀ ਆਸ਼ਰਮ ਰੁਕਿਆ।

ਭਾਰਤੀ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੁਪਹਿਰ ਮੋਟੇਰਾ ਸਟੇਡੀਅਮ ਵਿੱਚ ਲੋਕਾਂ ਨੂੰ ਸੰਬੋਧਿਤ ਕੀਤਾ।

ਵਪਾਰਕ ਸਮਝੌਤਾ

ਭਾਰਤ, ਅਮਰੀਕਾ ਦਾ 8ਵਾਂ ਸਭ ਤੋਂ ਵੱਡਾ ਵਪਾਰਕ ਪਾਰਟਨਰ ਦੇਸ਼ ਹੈ। ਡੌਨਡਲ ਟਰੰਪ ਦੇ ਪਹਿਲੇ ਭਾਰਤ ਦੌਰੇ ਤੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਭਾਰਤ ਦੇ ਨਾਲ ਉਹ ਕੋਈ ਵੱਡੀ ਡੀਲ ਕਰ ਸਕਦੇ ਹਨ ਜਿਸ ਦੇ ਲਈ ਦੋਵੇਂ ਮੁਲਕਾਂ 'ਚ ਕਈ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਹਨ।

ਹਾਲਾਂਕਿ ਭਾਰਤ ਦੌਰੇ ਤੋਂ ਕੁਝ ਦਿਨ ਪਹਿਲਾਂ ਹੀ ਟਰੰਪ ਨੇ ਇਹ ਸਾਫ਼ ਕਰ ਦਿੱਤਾ ਕਿ ਭਾਰਤ ਦੇ ਨਾਲ ਫ਼ਿਲਹਾਲ ਕੋਈ ਵੱਡੀ ਡੀਲ ਨਹੀਂ ਕਰਨ ਵਾਲੇ।

ਉਨ੍ਹਾਂ ਨੇ ਕਿਹਾ ਸੀ, ''ਭਾਰਤ ਨੇ ਸਾਡੇ ਨਾਲ ਕਦੇ ਚੰਗਾ ਵਿਵਹਾਰ ਨਹੀਂ ਕੀਤਾ ਪਰ ਪ੍ਰਧਾਨ ਮੰਤਰੀ ਮੋਦੀ ਮੈਨੂੰ ਕਾਫ਼ੀ ਪਸੰਦ ਹਨ। ਅਸੀਂ ਭਾਰਤ ਦੇ ਨਾਲ ਵਪਾਰਕ ਸਮਝੌਤਾ ਕਰ ਸਕਦੇ ਹਾਂ ਪਰ ਵੱਡੀ ਡੀਲ ਅਸੀਂ ਭਵਿੱਖ ਲਈ ਬਚਾ ਰਹੇ ਹਾਂ।''

ਕਿਹੜੇ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ?

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਮੁਤਾਬਕ, ''ਰਾਸ਼ਟਰਪਤੀ ਟਰੰਪ ਦੇ ਦੋ ਦਿਨੀਂ ਦੌਰੇ 'ਤੇ ਭਾਰਤ ਨੂੰ ਉਮੀਦ ਹੈ ਕਿ ਅਮਰੀਕਾ-ਭਾਰਤ ਵਿਚਾਲੇ ਰਣਨੀਤਿਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ।"

"ਇਸ ਦੌਰਾਨ ਦੁਵਲੀ ਗੱਲਬਾਤ 'ਚ ਖ਼ੇਤਰੀ ਅਤੇ ਵਿਸ਼ਵ ਪੱਧਰੀ ਮਸਲਿਆਂ ਜਿਵੇਂ ਵਪਾਰ, ਰਣਨੀਤਿਕ ਚਰਚਾ, ਕਾਉਂਟਰ ਟੈਰੋਰਿਜ਼ਮ ਸਣੇ ਕਈ ਹੋਰ ਮੁੱਦਿਆਂ 'ਤੇ ਚਰਚਾ ਹੋਵੇਗੀ।''

ਹਾਲਾਂਕਿ ਉਨ੍ਹਾਂ ਨੇ ਪੰਜ ਟ੍ਰੇਡ ਪੈਕਟ ਦੇ ਬਾਰੇ ਖੁੱਲ੍ਹ ਕੇ ਕੁਝ ਨਹੀਂ ਦੱਸਿਆ। ਉਨ੍ਹਾਂ ਇਹ ਜ਼ਰੂਰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅੱਤਵਾਦ ਨਾਲ ਲੜਨ 'ਚ ਸਹਿਯੋਗ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ 'ਚ ਮਦਦ ਕਰਨ ਵਰਗੇ ਮੁੱਦਿਆਂ 'ਤੇ ਖ਼ਾਸ ਗੱਲਬਾਤ ਹੋ ਸਕਦੀ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)