ਡੌਨਲਡ ਟਰੰਪ ਭਾਰਤ ਆ ਕੇ ਕੀ ਹਾਸਲ ਕਰਨਾ ਚਾਹੁੰਦੇ ਹਨ

    • ਲੇਖਕ, ਰੁਦਰ ਚੌਧਰੀ
    • ਰੋਲ, ਕੂਟਨੀਤੀ ਤੇ ਸੁਰੱਖਿਆ ਮਾਮਲੇ ਦੇ ਜਾਣਕਾਰ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਭਾਰਤ ਵਿੱਚ ਪਹਿਲਾ ਦੌਰਾ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਉਹ ਭਾਰਤ ਆਉਣ ਵਾਲੇ ਸੱਤਵੇਂ ਅਮਰੀਕੀ ਰਾਸ਼ਟਰਪਤੀ ਹੋਣਗੇ।

ਟਰੰਪ ਦਾ ਦੋ ਦਿਨਾਂ ਦਾ ਭਾਰਤ ਦੌਰਾ 2020 ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ​​ਕਰਨ ਲਈ ਰੱਖਿਆ ਗਿਆ ਹੈ।

ਟਰੰਪ ਭਾਰਤ ਦੇ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ। ਦਿੱਲੀ, ਆਗਰਾ ਵਿੱਚ ਉਹ ਤਾਜ ਮਹਿਲ ਦੇਖਣਗੇ ਅਤੇ ਅਹਿਮਦਾਬਾਦ ਵਿੱਚ 'ਨਮਸਤੇ ਟਰੰਪ' ਰੈਲੀ ਵਿੱਚ ਲੋਕਾਂ ਦੀ ਭੀੜ ਨੂੰ ਸੰਬੋਧਿਤ ਕਰਨਗੇ।

ਇਹ ਕਹਿਣਾ ਜ਼ਰਾ ਵੀ ਗਲਤ ਨਹੀਂ ਹੋਵੇਗਾ ਕਿ 'ਨਮਸਤੇ ਟਰੰਪ' ਰੈਲੀ ਪਿਛਲੇ ਸਾਲ ਹਿਊਸਟਨ ਵਿੱਚ ਆਯੋਜਿਤ 'ਹਾਉਡੀ ਮੋਦੀ' ਦਾ ਕੂਟਨੀਤਿਕ ਜਵਾਬ ਹੈ।

ਹਿਊਸਟਨ ਦੀ ਇੱਕ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਵਿੱਚ ਰਹਿੰਦੇ 50 ਹਜ਼ਾਰ ਭਾਰਤੀਆਂ ਨੂੰ ਸੰਬੋਧਿਤ ਕੀਤਾ ਸੀ।

ਭਾਰਤੀ ਮੂਲ ਦੇ ਵੋਟਰ

ਪਰ ਇਹ ਦੌਰਾ ਸਿਰਫ਼ ਨਾਟਕੀ ਮਾਹੌਲ ਅਤੇ ਲਹਿਰ ਬਣਾਉਣ ਲਈ ਨਹੀਂ ਕੀਤਾ ਜਾ ਰਿਹਾ।

ਇਸ ਦਾ ਉਦੇਸ਼ ਅਮਰੀਕੀ ਸ਼ਾਸਕਾਂ ਨੂੰ ਭਾਰਤ ਪ੍ਰਤੀ ਆਪਣਾ ਰਵੱਈਆ ਬਦਲਣ ਲਈ ਮਜਬੂਰ ਕਰਨਾ ਵੀ ਹੈ।

ਭਾਰਤ ਦੀ ਹੋਂਦ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਦੌਰਾ ਰਾਸ਼ਟਰਪਤੀ ਟਰੰਪ ਨੂੰ ਇਸ ਗੱਲ ਦਾ ਯਕੀਨ ਦਵਾਉਣ ਲਈ ਵੀ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਅਮਰੀਕਾ ਵਿੱਚ 24 ਲੱਖ ਸ਼ਕਤੀਸ਼ਾਲੀ ਭਾਰਤੀ ਮੂਲ ਦੇ ਵੋਟਰ ਵੀ ਮੌਜੂਦ ਹਨ।

ਇਸਦਾ ਇੱਕ ਕਾਰਨ ਇਹ ਹੈ ਕਿ ਰਾਸ਼ਟਰਪਤੀ ਟਰੰਪ ਨੂੰ ਇਹ ਨਵਾਂ ਮਜ਼ਬੂਤ ਰਿਸ਼ਤਾ ਪਸੰਦ ਆਵੇਗਾ।

ਹਾਲਾਂਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਇਸ ਦੌਰੇ ਦੌਰਾਨ ਭਾਰਤ ਅਤੇ ਅਮਰੀਕਾ ਦਰਮਿਆਨ ਚੱਲ ਰਹੇ ਵਪਾਰਕ ਰੁਕਾਵਟ ਬਾਰੇ ਕੋਈ ਅਸਥਾਈ ਸਮਝੌਤਾ ਹੋ ਸਕੇ।

ਭਾਰਤ-ਅਮਰੀਕਾ ਵਪਾਰ ਸਮਝੌਤਾ

ਸੇਬ, ਅਖਰੋਟ ਅਤੇ ਮੈਡੀਕਲ ਉਪਕਰਣਾਂ ਦੀਆਂ ਕੀਮਤਾਂ ਨੂੰ ਲੈ ਕੇ ਦੋਵਾਂ ਦੇਸਾਂ ਵਿੱਚ ਅੰਤਰ ਹੈ।

ਅਮਰੀਕਾ ਭਾਰਤ ਦੇ ਡੇਅਰੀ, ਪੋਲਟਰੀ ਅਤੇ ਈ-ਕਾਮਰਸ ਬਾਜ਼ਾਰਾਂ ਵਿੱਚ ਨਿਰਵਿਘਨ ਪਹੁੰਚਣ ਦੀ ਮੰਗ ਕਰ ਰਿਹਾ ਹੈ।

ਨਾਲ ਹੀ, ਅਮਰੀਕਾ ਵਿੱਚ ਬਣੇ ਹਾਰਲੇ ਡੇਵਿਡਸਨ ਮੋਟਰਸਾਈਕਲਾਂ 'ਤੇ ਦਰਾਮਦ ਡਿਊਟੀ ਵਿੱਚ ਕਟੌਤੀ ਦਾ ਮੁੱਦਾ ਅਜੇ ਵੀ ਹੱਲ ਨਹੀਂ ਹੋਇਆ।

ਨਾਲ ਹੀ ਇਸ ਗੱਲ ਨੂੰ ਲੈ ਕੇ ਅਟਕਲਾਂ ਜਾਰੀ ਹਨ ਕਿ ਕੀ ਰਾਬਰਟ ਲਾਈਜ਼ਰ ਰਾਸ਼ਟਰਪਤੀ ਟਰੰਪ ਦੇ ਨਾਲ ਭਾਰਤ ਆਉਣਗੇ ਜਾਂ ਨਹੀਂ। ਲਾਈਜ਼ਰ ਅਮਰੀਕਾ ਵਲੋਂ ਵਪਾਰਕ ਗੱਲਬਾਤ ਕਰ ਸਕਦੇ ਹਨ।

ਵੀਡਿਓ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਭਾਰਤ ਦੌਰੇ 'ਤੇ ਆ ਰਹੇ ਹਨ, ਇਸ ਨਾਲ ਦੋਵੇਂ ਦੇਸਾਂ ਦੇ ਸੰਬੰਧਾਂ 'ਤੇ ਕੀ ਅਸਰ ਪਵੇਗਾ?

ਇਹ ਅਫਵਾਹਾਂ ਸੰਕੇਤ ਦਿੰਦੀਆਂ ਹਨ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਥੋੜੇ ਸਮੇਂ ਲਈ ਹੀ ਸਹੀ ਪਰ ਠੰਡੇ ਬਸਤੇ ਵਿੱਚ ਰਿਹਾ।

ਟਰੰਪ ਦੇ ਸ਼ਬਦਾਂ ਵਿੱਚ ਕਹੀਏ ਤਾਂ ਇਸ ਵਾਰ 'ਡੀਲ ਬਣਾਉਣ ਵਾਲੇ' ਲਈ ਕੋਈ 'ਡੀਲ' ਨਹੀਂ ਹੈ। ਭਾਵ, ਸੌਦੇ ਕਰਨ ਵਾਲੇ ਮਾਹਰ ਲਈ ਕੋਈ ਸੌਦਾ ਨਹੀਂ ਹੈ।

ਵਪਾਰ ਘਾਟੇ ਦਾ ਸਵਾਲ

ਸਾਲ 2008 ਵਿੱਚ, ਭਾਰਤ ਅਤੇ ਅਮਰੀਕਾ ਵਿਚਾਲੇ 66 ਅਰਬ ਡਾਲਰ ਦਾ ਵਪਾਰ ਹੁੰਦਾ ਸੀ, ਜੋ 2018 ਵਿੱਚ ਵਧ ਕੇ 142 ਅਰਬ ਡਾਲਰ ਹੋ ਗਿਆ।

ਜਦੋਂ ਭਾਰਤ ਦੀ ਜੀਡੀਪੀ ਸਲਾਨਾ 7 ਤੋਂ 8 ਫੀਸਦ ਦੇ ਦਰ ਨਾਲ ਵਧ ਰਹੀ ਸੀ, ਉਸ ਸਮੇਂ ਹੋਈ ਰਣਨੀਤਿਕ ਸਾਝੇਂਦਾਰੀ ਦੇ ਕਾਰਨ ਦੋਵਾਂ ਦੇਸਾਂ ਵਿੱਚ ਵਪਾਰ ਵੀ ਵਧਿਆ।

ਪਰ ਹੁਣ ਤਸਵੀਰ ਬਦਲ ਗਈ ਹੈ, ਭਾਰਤ ਦੇ ਵਿਕਾਸ ਦੇ ਅੰਕੜਿਆਂ ਵਿੱਚ ਭਾਰੀ ਗਿਰਾਵਟ ਆਈ ਹੈ। ਸਾਲ 2019-20 ਵਿੱਚ ਵਿਕਾਸ ਦਰ 5% ਰਹਿਣ ਦਾ ਅਨੁਮਾਨ ਹੈ।

ਇਸ ਤੋਂ ਇਲਾਵਾ, ਭਾਰਤ ਵਿੱਚ ਰੱਖਿਆਵਾਦੀ ਆਰਥਿਕ ਨੀਤੀਆਂ ਦਾ ਰੁਝਾਨ ਵਧ ਰਿਹਾ ਹੈ। ਇਸ ਲਈ, ਟਰੰਪ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਘਾਟੇ ਨੂੰ ਠੀਕ ਕਰਨਾ ਚਾਹੁੰਦੇ ਹਨ, ਜੋ ਇਸ ਸਮੇਂ ਭਾਰਤ ਦੇ ਹੱਕ ਵਿੱਚ ਹੈ।

ਇਨ੍ਹਾਂ ਕਾਰਨਾਂ ਕਰਕੇ ਦੋਵਾਂ ਦੇਸਾਂ ਵਿਚਾਲੇ ਸੰਬੰਧਾਂ ਵਿੱਚ ਸੁਧਾਰ ਦੀ ਗੁੰਜਾਇਸ਼ ਘਟ ਹੀ ਹੈ।

ਇਨ੍ਹਾਂ ਸਥਿਤੀਆਂ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਰਾਸ਼ਟਰਪਤੀ ਟਰੰਪ ਨੂੰ ਵਪਾਰ ਸਮਝੌਤੇ ਨੂੰ ਤੈਅ ਕਰਨ ਦੀ ਜ਼ਿੱਦ ਛੱਡ ਕੇ, ਭਾਰਤ-ਅਮਰੀਕਾ ਸੰਬੰਧਾਂ ਦੀਆਂ ਰਣਨੀਤਿਕ ਸੰਭਾਵਨਾਵਾਂ 'ਤੇ ਧਿਆਨ ਦੇਣ ਲਈ ਰਾਜ਼ੀ ਕਰ ਲੈਣ।

ਰੱਖਿਆ ਸੌਦੇ

ਆਖਰਕਾਰ, ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਖੁੱਲਾ ਡਾਟਾ ਵਾਲਾ ਬਜ਼ਾਰ ਹੈ। ਪ੍ਰਤੀ ਵਿਅਕਤੀ ਇੰਟਰਨੈੱਟ ਡਾਟਾ ਦੀ ਖਪਤ ਕਰਨ ਵਾਲਾ, ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਦੇਸ ਹੈ।

ਭਾਰਤ ਅਮਰੀਕਾ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਲਈ ਵੱਡਾ ਬਾਜ਼ਾਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੂੰ ਇਹੋ ਜਿਹੀ ਵੱਡੀ ਸੁਵਿਧਾ ਕਿਸੇ ਹੋਰ ਦੇਸ ਵਿੱਚ ਨਹੀਂ ਮਿਲਦੀ।

ਸਾਰੀਆਂ ਆਰਥਿਕ ਚਿੰਤਾਵਾਂ ਦੇ ਬਾਵਜੂਦ, ਭਾਰਤ ਅਮਰੀਕੀ ਉਤਪਾਦਾਂ ਅਤੇ ਵਪਾਰ ਲਈ ਸਭ ਤੋਂ ਤੇਜ਼ੀ ਨਾਲ ਵਿਕਾਸਸ਼ੀਲ ਅਤੇ ਤੁਲਨਾਤਮਕ ਤੌਰ ਤੇ ਖੁੱਲਾ ਖਪਤਕਾਰ ਬਾਜ਼ਾਰ ਬਣਿਆ ਹੋਇਆ ਹੈ।

ਵੀਡਿਓ:ਟਰੰਪ ਜਿਸ ਦਾ ਉਦਘਾਟਨ ਕਰਨਗੇ ਕੀ ਹੈ ਅਹਿਮਦਾਬਾਦ ਦੇ ਉਸ ਮੋਟੇਰਾ ਸਟੇਡੀਅਮ ਵਿੱਚ ਖ਼ਾਸ

ਹਥਿਆਰਾਂ ਦੀ ਖਰੀਦ ਦੇ ਮਾਮਲੇ ਵਿੱਚ ਵੀ ਭਾਰਤ ਇੱਕ ਵੱਡਾ ਗਾਹਕ ਹੈ। ਰੱਖਿਆ ਸੌਦਿਆਂ ਨੂੰ ਭਾਰਤ-ਅਮਰੀਕਾ ਸੰਬੰਧਾਂ ਦੇ ਲਈ ਇੱਕ ਮਹੱਤਵਪੂਰਨ ਪਹਿਲੂ ਵਜੋਂ ਦੇਖਿਆ ਜਾਂਦਾ ਹੈ।

ਸਾਲ 2008 ਵਿੱਚ, ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਸੌਦੇ ਲਗਭਗ ਨਾ ਦੇ ਬਰਾਬਰ ਸੀ। ਜਦੋਂ ਕਿ 2019 ਵਿੱਚ ਇਹ ਵਧ ਕੇ 15 ਅਰਬ ਡਾਲਰ ਦੇ ਹੋ ਗਏ।

ਟਰੰਪ ਦੇ ਭਾਰਤ ਦੌਰੇ ਦੌਰਾਨ ਇਹ ਮੰਨਿਆ ਜਾ ਰਿਹਾ ਹੈ ਕਿ ਕੁਝ ਚੋਣਵੇਂ ਰੱਖਿਆ ਸੌਦਿਆਂ 'ਤੇ ਸਹਿਮਤੀ ਹੋ ਸਕਦੀ ਹੈ। ਇਸ ਵਿੱਚ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ ਦੇ ਹੈਲੀਕਾਪਟਰ ਵੀ ਸ਼ਾਮਲ ਹਨ।

ਦੁਨੀਆਂ ਦੀ ਸਥਿਤੀ 'ਤੇ ...

ਇੱਕ ਪਾਸੇ, ਜਿੱਥੇ ਦੋਵੇਂ ਦੇਸਾਂ ਦੇ ਅਧਿਕਾਰੀ ਰੱਖਿਆ ਸੌਦਿਆਂ ਅਤੇ ਇਸ ਨਾਲ ਜੁੜੇ ਸਮਝੌਤਿਆਂ 'ਤੇ ਨੇੜਿਓ ਨਜ਼ਰ ਰੱਖ ਰਹੇ ਹਨ, ਦੂਜੇ ਪਾਸੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਟਰੰਪ ਦੇ ਸਵਾਗਤ ਦੀਆਂ ਤਿਆਰੀਆਂ ਸਿਖਰਾਂ 'ਤੇ ਹਨ। ਟਰੰਪ ਨੂੰ ਤੜਕ-ਭੜਕ ਪਸੰਦ ਵੀ ਹੈ।

ਅਸੀਂ ਇੱਕ ਅਜਿਹੇ ਸਮੇਂ ਵਿੱਚ ਜੀਅ ਰਹੇ ਹਾਂ ਜਿੱਥੇ ਦੁਨੀਆਂ ਦੀ ਰਾਜਨੀਤੀ ਬਦਲ ਰਹੀ ਹੈ।

ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਬਣੇ ਰਾਜਨੀਤਿਕ ਕਾਨੂੰਨਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਅਮਰੀਕਾ ਹੌਲੀ-ਹੌਲੀ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ ਤੋਂ ਪਿੱਛੇ ਹਟ ਰਿਹਾ ਹੈ। ਅਮਰੀਕਾ ਨੇ ਮੌਸਮ ਤਬਦੀਲੀ ਸਮਝੌਤੇ ਤੋਂ ਵੀ ਪੱਲਾ ਝਾੜ ਲਿਆ ਹੈ ਜਿਸ ਲਈ ਇੱਕ ਔਖੀ ਲੜਾਈ ਲੜੀ ਗਈ ਸੀ।

ਇਹ ਵੀ ਪੜ੍ਹੋ:

ਚੀਨ ਦੇ 'ਵਨ ਬੈਲਟ ਵਨ ਰੋਡ ਪ੍ਰਾਜੈਕਟ, ਰੂਸ, ਬ੍ਰੈਗਜ਼ਿਟ, 5G ਵਰਗੇ ਮੁੱਦਿਆਂ ਨੂੰ ਲੈ ਕੇ ਯੂਰਪੀ ਦੇਸਾਂ ਵਿੱਚ ਮਤਭੇਦ ਹੈ, ਜਿਨ੍ਹਾਂ 'ਤੇ ਦੁਨੀਆਂ ਦੇ ਦੋ ਵੱਡੇ ਲੋਕਤੰਤਰ ਦੇਸਾਂ ਨੂੰ ਧਿਆਨ ਦੇਣ ਦੀ ਲੋੜ ਹੈ।

ਅਹਿਮਦਾਬਾਦ ਦੇ ਰੰਗੀਨ ਸਮਾਗਮ ਅਤੇ ਤਾਜ ਮਹਿਲ ਦੌਰੇ ਦੇ ਵਿਚਕਾਰ, ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਮੋਦੀ ਅਤੇ ਟਰੰਪ ਦੁਨੀਆਂ ਦੀ ਸਥਿਤੀ ਅਤੇ ਭਾਰਤ-ਅਮਰੀਕਾ ਦੇ ਸੰਬੰਧਾਂ ਦੀ ਸੰਭਾਵਨਾਵਾਂ ਬਾਰੇ ਵਿਚਾਰ ਕਰਨ ਲਈ ਸਮਾਂ ਕੱਢ ਸਕਦੇ ਹਨ।

(ਰੁਦਰ ਚੌਧਰੀ ਥਿੰਕ ਟੈਂਕ ਕਾਰਨੇਗੀ ਇੰਡੀਆ ਦੇ ਨਿਰਦੇਸ਼ਕ ਹਨ। ਉਨ੍ਹਾਂ ਨੇ ਫੋਰਜਡ ਇਨ ਕ੍ਰਾਈਸਿਸ: ਇੰਡੀਆ ਐਂਡ ਦਿ ਯੂਨਾਈਟਿਡ ਸਟੇਟਸ ਸਿਨ 1947 ਨਾਮ ਦੀ ਇੱਕ ਕਿਤਾਬ ਵੀ ਲਿਖੀ ਹੈ।)

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਫ਼ਸਲੀ ਰਹਿੰਦ-ਖੂੰਦ ਨੂੰ ਇਸ ਤਰ੍ਹਾਂ ਵੀ ਟਿਕਾਣੇ ਲਾਇਆ ਜਾ ਸਕਦਾ ਹੈ

ਵੀਡਿਓ:ਇੰਝ ਹੈ ਤਾਂ 100 ਵਾਰ ਅੱਤਵਾਦੀ ਬਣਨਾ ਪਸੰਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)