You’re viewing a text-only version of this website that uses less data. View the main version of the website including all images and videos.
Delhi Election Result: ਸ਼ਾਹੀਨ ਬਾਗ, ਬਿਰਆਨੀ ਤੇ ਗੋਲੀ ਮਾਰਨ ਦੇ ਨਾਅਰਿਆਂ ਦੀ ਹੱਦ - ਨਜ਼ਰੀਆ
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
"ਸ਼ਾਹੀਨ ਬਾਗ ਦੇ ਲੋਕ ਘਰਾਂ ਵਿੱਚ ਵੜ ਕੇ ਤੁਹਾਡੀਆਂ ਬਹੂ-ਬੇਟੀਆਂ ਨਾਲ ਬਲਾਤਕਾਰ ਕਰਨਗੇ।"
"ਅੱਤਵਾਦੀਆਂ ਨੂੰ ਬਿਰਆਨੀ ਖਵਾਉਣ ਦੀ ਥਾਂ ਬੁਲੇਟ (ਬੰਦੂਕ ਦੀ ਗੋਲੀ) ਖਵਾਉਣੀ ਚਾਹੀਦੀ ਹੈ।"
"ਦੇਸ ਕੇ ਗੱਦਾਰੋਂ ਕੋ, 'ਗੋਲੀ ਮਾਰੋ **** ਕੋ"
"ਅਰਵਿੰਦ ਕੇਜਰੀਵਾਲ ਅੱਤਵਾਦੀ ਹੈ"
ਇਹ ਮਾਮੁਲੀ ਵਾਕ ਨਹੀਂ ਹਨ ਸਗੋਂ ਦਿੱਲੀ ਚੋਣਾਂ ਵਿੱਚ ਫਿਰਕੂ ਧਰੁਵੀਕਰਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਦੀਆਂ ਕੁਝ ਉਦਾਹਰਣਾਂ ਹਨ।
ਹਾਲਾਂਕਿ ਦੇਸ ਸਸਕਾਰ-ਕਬਰਿਸਤਾਨ ਵਰਗਾ ਚੋਣ ਪ੍ਰਚਾਰ ਯੂਪੀ ਵਿੱਚ ਦੇਖ ਚੁੱਕਿਆ ਹੈ ਪਰ ਦਿੱਲੀ ਦੀਆਂ ਚੋਣਾਂ ਨੂੰ ਧਰੁਵੀਕਰਨ ਦੀ ਕੋਸ਼ਿਸ਼ ਲਈ ਯਾਦਗਾਰ ਚੋਣਾਂ ਵਿੱਚ ਗਿਣਿਆ ਜਾਵੇਗਾ।
ਭੜਕਾਉ ਨਾਅਰਿਆਂ ਦਾ ਆਲਮ ਇਹ ਰਿਹਾ ਹੈ ਕਿ ਸਟਾਰ ਪ੍ਰਚਾਰਕਾਂ ਨੂੰ ਚੋਣ ਕਮਿਸ਼ਨ ਨੇ ਪ੍ਰਚਾਰ ਕਰਨ ਤੋਂ ਰੋਕ ਦਿੱਤਾ।
ਇਹ ਵੀ ਪੜ੍ਹੋ:
ਕੀ ਭਾਰਤੀ ਜਨਤਾ ਪਾਰਟੀ ਕੋਲ ਦਿੱਲੀ ਚੋਣਾਂ ਵਿੱਚ ਹੋਰ ਮੁੱਦੇ ਨਹੀਂ ਸਨ?
ਇਹ ਕਹਿਣਾ ਵੀ ਗਲਤ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਦੇਸ ਦੇ ਵਿਕਾਸ ਦੀ ਗੱਲ ਦੁਹਰਾਈ ਅਤੇ ਕੇਜਰੀਵਾਲ ਸਰਕਾਰ ਨੂੰ "ਕੇਂਦਰ ਸਰਕਾਰ ਦੀਆਂ ਚੰਗੀਆਂ ਯੋਜਨਾਵਾਂ ਵਿੱਚ ਰੁਕਾਵਟ ਪੈਦਾ ਕਰਨ" ਲਈ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਨੇ ਕੇਜਰੀਵਾਲ ਦੇ ਮੁਹੱਲਾ ਕਲੀਨਿਕ ਨੂੰ ਕੱਟਣ ਲਈ ਵਾਰੀ-ਵਾਰੀ ਕਿਹਾ ਕਿ ਦਿੱਲੀ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਨਹੀਂ ਕੀਤੀ।
ਪਰ ਵਿਆਪਕ ਤੌਰ 'ਤੇ ਛੋਟੀਆਂ-ਛੋਟੀਆਂ ਸਭਾਵਾਂ ਕਰਕੇ ਯੋਗੀ ਆਦਿਤਿਆਨਾਥ, ਪ੍ਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਵਰਗੇ ਆਗੂ ਸ਼ਾਹੀਨ ਬਾਗ, ਬਿਰਿਆਨੀ, ਗੱਦਾਰ, ਪਾਕਿਸਤਾਨ ਅਤੇ ਅੱਤਵਾਦ ਦੀਆਂ ਗੱਲਾਂ ਕਰਦੇ ਰਹੇ।
ਇਹ ਵੀ ਪੜ੍ਹੋ:
ਅਮਿਤ ਸ਼ਾਹ ਅਤੇ ਕਈ ਵੱਡੇ ਆਗੂਆਂ ਨੇ ਭਾਰਤ ਦੀਆਂ ਸਰਹੱਦਾਂ ਨੂੰ ਮਜ਼ਬੂਤ ਅਤੇ ਦੇਸ ਨੂੰ "ਦੁਸ਼ਮਣਾਂ ਦੀ ਪਹੁੰਚ ਤੋਂ ਬਾਹਰ" ਦੱਸਿਆ। ਉਨ੍ਹਾਂ ਨੇ ਵਾਰੀ-ਵਾਰੀ ਯਾਦ ਦਿਵਾਇਆ ਕਿ ਭਾਰਤ ਨੇ ਕਿਸ ਤਰ੍ਹਾਂ ਪਾਕਿਸਤਾਨ ਦੀ ਹਾਲਤ ਬੁਰੀ ਕਰ ਦਿੱਤੀ ਹੈ ਅਤੇ ਹੁਣ ਇਹ ਡਰ ਨਾਲ ਕੰਬਦਾ ਹੈ।
ਰੁਜ਼ਗਾਰ, ਸਾਫ਼ ਪੀਣ ਵਾਲਾ ਪਾਣੀ, ਵਧੀਆ ਸੜਕਾਂ ਅਤੇ ਮੁੱਢਲੀਆਂ ਸਹੂਲਤਾਂ ਵਿੱਚ ਬੁਨਿਆਦੀ ਤਬਦੀਲੀਆਂ ਲਿਆਉਣ ਦੀ ਗੱਲ ਵੀ ਕੀਤੀ ਗਈ।
ਨਾਕਾਮ ਰਹੀ ਧਰੁਵੀਕਰਨ ਦੀ ਕੋਸ਼ਿਸ਼
ਕੌਣ ਕਿੰਨਾ ਭਾਰਤੀ ਹੈ, ਕਿਸ ਅੰਦਰ ਰਾਸ਼ਟਰਵਾਦ ਦੀ ਭਾਵਨਾ ਜ਼ਿਆਦਾ ਹੈ ਅਤੇ ਕਿਸ ਵਿੱਚ ਘੱਟ ਹੈ, ਜੋ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਉਹ ਨਹੀਂ ਚਾਹੁੰਦੇ ਕਿ ਗੁਆਂਢੀ ਦੇਸਾਂ ਵਿੱਚ ਦੱਬੇ-ਕੁਚਲੇ ਘੱਟ ਗਿਣਤੀਆਂ ਨੂੰ ਨਾਗਰਿਕਤਾ ਮਿਲੇ।
ਇਹ ਵੀ ਕਿਹਾ ਗਿਆ ਸੀ ਕਿ ਜਿਸ ਨੂੰ ਭਾਰਤ ਪਸੰਦ ਨਾ ਹੋਵੇ ਉਸ ਨੂੰ ਕਿਤੇ ਹੋਰ ਜਾਣ ਤੋਂ ਕਿਸ ਨੇ ਰੋਕਿਆ ਹੈ ਅਤੇ ਸੈਂਕੜੇ ਸਾਲਾਂ ਤੱਕ ਵਿਦੇਸ਼ੀ ਸ਼ਾਸਕਾਂ ਨੇ ਭਾਰਤ ਦੇ ਬਹੁਗਿਣਤੀ ਹਿੰਦੂਆਂ ਉੱਤੇ ਸ਼ਾਸਨ ਕੀਤਾ, ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਧਿਆਨ ਇਸ ਗੱਲ 'ਤੇ ਵੀ ਸੀ ਕਿ ਸਾਰੇ ਦੇਸਵਾਸੀਆਂ ਨੂੰ ਐੱਨਆਰਸੀ ਅਤੇ ਸੀਏਏ ਵਰਗੇ ਕਾਨੂੰਨਾਂ ਦੀ ਲੋੜ ਕਿਉਂ ਹੈ।
ਭਾਰਤੀ ਜਨਤਾ ਪਾਰਟੀ ਨੇ ਆਪਣੇ 250 ਸੰਸਦ ਮੈਂਬਰਾਂ ਨੂੰ ਮੈਦਾਨ ਵਿੱਚ ਉਤਾਰ ਦਿੱਤਾ।
ਇੰਨਾਂ ਹੀ ਨਹੀਂ ਦੇਸ ਦੇ ਕਈ ਸੂਬਿਆਂ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਦਿਨ-ਰਾਤ ਪ੍ਰਚਾਰ ਕਰਦੇ ਰਹੇ। ਇੱਥੋਂ ਤੱਕ ਕਿ ਸੰਸਦ ਮੈਂਬਰਾਂ ਨੂੰ ਰਾਤ ਨੂੰ ਝੁੱਗੀ ਬਸਤੀਆਂ ਵਿੱਚ ਰਹਿਣ ਲਈ ਕਿਹਾ ਗਿਆ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਫਿਰਕੂ ਧਰੁਵੀਕਰਨ ਕਰਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਹੋਵੇ।
2019 ਦੀਆਂ ਲੋਕ ਸਭਾ ਚੋਣਾਂ ਸਣੇ ਪਿਛਲੀਆਂ ਕਈ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੋਟਿੰਗ ਨੇੜੇ ਆਉਂਦੇ-ਆਉਂਦੇ ਆਪਣੇ ਸਟਾਰ ਪ੍ਰਚਾਰਕਾਂ ਨੂੰ ਵਧੇਰੇ ਜੋਸ਼ ਨਾਲ ਉਤਾਰਿਆ।
ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਤੇ ਰੁਝਾਨਾਂ ਦੀ ਪ੍ਰਕਿਰਿਆ ਜਾਰੀ ਹੈ ਅਤੇ ਸ਼ੁਰੂਆਤੀ ਰੁਝਾਨਾਂ ਵਿੱਚ 'ਆਪ' ਨੂੰ ਚੜ੍ਹਤ ਅਤੇ ਭਾਜਪਾ ਦਾ ਪਹਿਲਾਂ ਤੋਂ ਬਿਹਤਰ ਪ੍ਰਦਰਸ਼ਨ ਸਾਫ਼ ਨਜ਼ਰ ਆ ਰਿਹਾ ਹੈ।
ਪਿਛਲੀਆਂ ਚੋਣਾਂ ਵਿੱਚ ਭਾਜਪਾ ਨੂੰ ਦਿੱਲੀ ਵਿੱਚ 70 ਵਿੱਚੋਂ ਸਿਰਫ ਤਿੰਨ ਸੀਟਾਂ ਹੀ ਮਿਲੀਆਂ ਸਨ।
ਹੁਣ ਤੱਕ ਦੇ ਰੁਝਾਨਾਂ ਵਿੱਚ, ਇਸ ਵਾਰ ਭਾਜਪਾ ਨੂੰ ਤਕਰੀਬਨ 10 ਸੀਟਾਂ ਦਾ ਲਾਭ ਮਿਲ ਰਿਹਾ ਹੈ ਜਦੋਂਕਿ 'ਆਪ' ਨੂੰ 50 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ।
ਇਹ ਧਰੁਵੀਕਰਨ ਦਾ ਸਿਆਸੀ ਫਾਇਦਾ ਤਾਂ ਹੈ ਪਰ ਧਰੁਵੀਕਰਨ ਦੀ ਹੱਦ ਵੀ ਨਜ਼ਰ ਆ ਰਹੀ ਹੈ ਕਿ ਸਰਕਾਰ ਫਿਰ ਵੀ ਆਮ ਆਦਮੀ ਪਾਰਟੀ ਦੀ ਹੀ ਬਣ ਰਹੀ ਹੈ।
ਇਹ ਵੀ ਪੜ੍ਹੋ:
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: ਆਪ ਦੇ ਸਮਰਥਰਕਾਂ ਦੀ ਰਾਇ
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ