ਇਨਕਮ ਟੈਕਸ ਵਿੱਚ ਛੋਟ ਨਾਲ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹੈ? - ਨਜ਼ਰੀਆ

    • ਲੇਖਕ, ਆਲੋਕ ਜੋਸ਼ੀ
    • ਰੋਲ, ਸੀਨੀਅਰ ਪੱਤਰਕਾਰ

ਮੰਗ ਦਾ ਕੀ ਹੋਵੇਗਾ, ਵਾਧੇ ਦਾ ਕੀ ਬਣੇਗਾ, ਰੁਜ਼ਗਾਰ ਦਾ ਕੀ ਹੋਵੇਗਾ? ਬਜਟ ਤੋਂ ਪਹਿਲਾਂ ਸਾਰਿਆਂ ਦੇ ਮਨ ਵਿੱਚ ਇਹੀ ਸਵਾਲ ਸਨ ਅਤੇ ਉਮੀਦ ਸੀ ਕਿ ਸਾਫ਼ ਤੇ ਸਿੱਧੇ ਜਵਾਬ ਮਿਲਣਗੇ। ਵਧੇਰੇ ਆਸ਼ਾਵਾਦੀ ਲੋਕ ਕੁਝ ਜ਼ਿਆਦਾ ਹੀ ਧਮਾਕੇਦਾਰ ਸੁਣਨ ਦੀ ਤਿਆਰੀ ਵਿੱਚ ਸਨ, ਜਿਸ ਨਾਲ ਅਰਥਚਾਰੇ ਦੀ ਤਸਵੀਰ ਬਦਲ ਜਾਵੇਗੀ।

ਇਨ੍ਹਾਂ ਵਿੱਚੋਂ ਕਿਸੇ ਵੀ ਸਵਾਲ ਦਾ ਸਪੱਸ਼ਟ ਜਵਾਬ 2 ਘੰਟੇ 45 ਮਿੰਟ ਦੇ ਭਾਸ਼ਨ ਨਹੀਂ ਮਿਲਿਆ।

ਦੀਨਾਨਾਥ ਕੌਲ ਦੀ ਕਸ਼ਮੀਰੀ ਕਵਿਤਾ ਤੇ ਤਾਮਿਲ ਦੇ ਤਿਰੂਵਲੂਵਰ ਅਤੇ ਸੰਸਕ੍ਰਿਤ ਵਿੱਚ ਕਾਲੀ ਦਾਸ ਦੀਆਂ ਮਿਸਾਲਾਂ ਸੁਣਨ ਨੂੰ ਜ਼ਰੂਰ ਮਿਲ ਗਈਆਂ। ਇਤਿਹਾਸ ਦੀ ਵੀ ਜਾਣਕਾਰੀ ਮਿਲੀ ਤੇ ਇਹ ਵੀ ਪਤਾ ਲੱਗਿਆ ਕਿ ਸਰਸਵਤੀ ਸਿੰਧੂ ਸਭਿਅਤਾ ਤੋਂ ਵੀ ਵਪਾਰ ਦੀ ਪ੍ਰੇਰਣਾ ਲਈ ਜਾ ਸਕਦੀ ਹੈ।

ਇਹ ਵੀ ਪੜ੍ਹੋ

ਇਸ ਸਭ ਗਿਆਨ ਤੋਂ ਬਾਅਦ ਨੰਬਰ ਆਇਆ ਆਮਦਨ ਕਰ ਦਾ। ਇੱਥੇ ਦੋ ਵਿਕਲਪ ਦੇ ਦਿੱਤੇ ਗਏ ਹਨ। ਭਾਵੇਂ ਤਾਂ ਤੁਸੀਂ ਟੈਕਸ ਤੇ ਮਿਲਣ ਵਾਲੀ ਛੋਟ ਨੂੰ ਤਿਆਗ ਦਿਓ ਤੇ ਬਦਲੇ ਵਿੱਚ ਲਗਭਗ 5 ਫੀਸਦੀ ਘੱਟ ਟੈਕਸ ਚੁਕਾਓ।

ਇਹ ਤੈਅ ਤੁਸੀਂ ਹੀ ਕਰਨਾ ਹੈ ਅਤੇ ਇਹ ਚੋਣ ਕੋਈ ਵੀ ਕਰ ਸਕਦਾ ਹੈ। ਹਾਲਾਂਕਿ 15 ਲੱਖ ਤੋਂ ਵਧੇਰੇ ਆਮਦਨੀ ਵਾਲਿਆਂ ਲਈ ਟੈਕਸ ਦੀ ਦਰ ਵਿੱਚ ਕੋਈ ਬਦਲਾਅ ਨਹੀਂ ਆਵੇਗਾ।

ਇਸ ਲਈ ਮੇਰੀ ਉਮੀਦ ਨਹੀਂ ਹੈ ਕਿ ਸਭ ਤੋਂ ਜ਼ਿਆਦਾ ਟੈਕਸ ਭਰਨ ਵਾਲੇ ਵਰਗ ਵਿੱਚੋਂ ਕੋਈ ਇਸ ਪਾਸੇ ਆਵੇਗਾ। ਦੂਜੇ ਪਾਸੇ 2.5 ਤੋਂ 5 ਲੱਖ ਰੁਪਏ ਕਮਾਉਣ ਵਾਲੇ ਲੋਕ ਸੌਖਿਆਂ ਹੀ ਇਸ ਪਾਸੇ ਆ ਸਕਦੇ ਹਨ।

ਖ਼ਾਸ ਕਰਕੇ ਉਹ ਜਿਨ੍ਹਾਂ ਨੇ ਹਾਲੇ ਕਮਾਉਣਾ ਸ਼ੁਰੂ ਕੀਤਾ ਹੈ ਤੇ ਜਿਨ੍ਹਾਂ ਸਿਰ ਹੋਮ ਲੋਨ ਵੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਟੈਕਸ ਬਚਾਉਣ ਲਈ ਕਿਸੇ ਜੀਵਨ ਬੀਮੇ ਦਾ ਬੰਦੋਬਸਤ ਕੀਤਾ ਹੋਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਹਰ ਸਾਲ ਟੈਕਸ ਭਰਨਾ ਹੀ ਪੈਂਦਾ ਹੈ।

ਇਹ ਫਾਰਮੂਲਾ ਪਹਿਲਾਂ ਤਾਂ ਸਰਲ ਤੇ ਸਿੱਧਾ ਲਗਦਾ ਹੈ। ਖਜਾਨਾ ਮੰਤਰੀ ਨੇ ਲਾਲਚ ਦੇਣ ਲਈ ਇਹ ਵੀ ਕਹਿ ਦਿੱਤਾ ਕਿ ਇਸ ਨਾਲ 15 ਲੱਖ ਤੱਕ ਕਮਾਉਣ ਵਾਲਿਆਂ ਨੂੰ ਹਰ ਸਾਲ 75 ਹਜ਼ਾਰ ਰੁਪਏ ਦੀ ਬੱਚਤ ਹੋ ਸਕੇਗੀ।

ਮਤਲਬ ਇਹ ਹੋਇਆ ਕਿ ਜੇ ਅੱਜ ਹੀ ਇਹ ਰਾਹ ਫੜ ਲਈਏ ਤਾਂ ਕਮਾਈ 15 ਲੱਖ ਤੱਕ ਹੋਣ ਤੱਕ ਕੋਈ ਫ਼ਿਕਰ ਨਹੀਂ ਕਰਨਾ ਪਵੇਗਾ। ਰਿਟਰਨ ਵੀ ਭਰਿਆ-ਭਰਾਇਆ ਮਿਲ ਜਾਵੇਗਾ, ਮਿਹਨਤ ਵੀ ਬਚੇਗੀ।

ਹੁਣ ਕੀ ਚਾਹੀਦਾ ਹੈ,ਫੋਨ ਚੁੱਕੋ ਤੇ ਕੁਝ ਖਾਣ ਨੂੰ ਮੰਗਾ ਲਓ। ਇੰਨੀ ਬੱਚਤ ਹੋ ਗਈ, ਖਰਚ ਨਹੀਂ ਕਰਨਾ? ਦੇਸ਼ ਵਿੱਚ ਖਪਤ ਵੀ ਤਾਂ ਵਧਾਉਣੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ

ਖ਼ਰਚ ਕਰੋਗੇ ਤਾਂ ਹੀ ਅਰਥ ਵਿਵਸਥਾ ਵਿੱਚ ਤੇਜ਼ੀ ਆਵੇਗੀ। ਪੂਰਾ ਨੁਕਸ ਰਹਿਤ ਫਾਰਮੂਲਾ, ਨਹੀਂ! ਤੁਹਾਡੀ ਬੱਚਤ ਦੇਸ਼ ਦੀ ਖ਼ੁਸ਼ਹਾਲੀ, ਸਵਾਦ ਵੱਖਰਾ।

ਕਾਸ਼ ਅਜਿਹਾ ਹੁੰਦਾ ਪਰ ਇਹ ਹੈ ਨਹੀਂ।

ਟੈਕਸ ਵਿੱਚ ਛੋਟ ਦਾ ਮੰਤਵ ਕੀ ਸੀ?

ਇਸ ਵਿੱਚ ਇੱਕ ਗੱਲ ਹੈ ਜੋ ਕਹੀ ਨਹੀਂ ਗਈ ਪਰ ਰਤਾ ਕੁ ਸੋਚਣ ਨਾਲ ਸਮਝ ਵਿੱਚ ਆ ਜਾਂਦੀ ਹੈ ਕਿ ਰਸਤਾ ਹਨੇਰੇ ਭਵਿੱਖ ਵੱਲ ਜਾਂਦਾ ਹੈ। ਟੈਕਸ ਵਿੱਚ ਇਹ ਛੋਟ ਇਸ ਲਈ ਦਿੱਤੀ ਜਾਂਦੀ ਸੀ ਕਿ ਲੋਕਾਂ ਵਿੱਚ ਬਚਤ ਨੂੰ ਕਰਨ ਦਾ ਰੁਝਾਨ ਵਧੇ।

ਇਸ ਦੇ ਦੋ ਲਾਭ ਹੁੰਦੇ ਸਨ। ਪਹਿਲਾ ਤਾਂ ਸਰਕਾਰ ਨੂੰ ਕੁਝ ਅਜਿਹੀ ਰਕਮ ਕਰਜ਼ੇ ਦੇ ਰੂਪ ਵਿੱਚ ਮਿਲ ਜਾਂਦੀ ਸੀ, ਜਿਸ ਨੂੰ ਮੋੜਨ ਦੀ ਇੱਕ ਤੈਅ ਤਰੀਕ ਹੁੰਦੀ ਸੀ। ਇਸ ਦਾ ਵਿਆਜ ਵੀ ਬਜ਼ਾਰ ਨਾਲੋਂ ਅੱਧਾ ਹੁੰਦਾ ਸੀ।

ਫਿਰ ਵੀ ਜਮ੍ਹਾਂ ਕਰਨ ਵਾਲੇ ਨੂੰ ਇਹ ਵਿਆਜ਼ ਘੱਟ ਨਹੀਂ ਸੀ ਲਗਦਾ ਕਿਉਂਕਿ ਟੈਕਸ ਦੀ ਬੱਚਤ ਵੀ ਇਸ ਵਿੱਚ ਜੁੜ ਜਾਂਦੀ ਸੀ।

ਹੁਣ ਇਹ ਛੋਟ ਨਹੀਂ ਰਹੇਗੀ ਤਾਂ ਲੋਕਾਂ ਵਿੱਚ ਬੱਚਤ ਦੀ ਖਿੱਚ ਖ਼ਤਮ ਹੋਵੇਗੀ। ਕੋਈ ਮਜਬੂਰੀ ਵੀ ਨਹੀਂ ਰਹੇਗੀ। ਇਸ ਦਾ ਨੁਕਸਾਨ ਉਨ੍ਹਾਂ ਨੂੰ ਜਦੋਂ ਤੱਕ ਸਮਝ ਆਵੇਗਾ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ।

ਟੈਕਸ ਮਾਹਰ ਸ਼ਰਦ ਕੋਹਲੀ ਦਾ ਕਹਿਣਾ ਹੈ ਕਿ ਇਹ ਫੈਸਲਾ ਜਾਂ ਇਹ ਰਾਹ ਖ਼ਾਸਕਰ ਉਨ੍ਹਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ ਜਿਹੜੇ ਹਾਲੇ ਕਮਾਊ ਬਣ ਰਹੇ ਹਨ। ਉਨ੍ਹਾਂ ਨੇ ਇੱਕ ਦਿਲਚਸਪ ਅੰਕੜਾ ਵੀ ਪੇਸ਼ ਕੀਤਾ।

'ਬੱਚਤ ਨਾ ਹੁੰਦੀ ਤਾਂ ਅੱਜ ਸਾਡੇ ਕੋਲ ਪੈਸਾ ਨਾ ਹੁੰਦਾ'

ਸ਼ਰਦ ਨੇ ਕਿਹਾ ਕਿ ਜੀਵਨ ਬੀਮੇ ਦੀਆਂ 70 ਫੀਸਦੀ ਪਾਲਸੀਆਂ ਜਨਵਰੀ ਤੋਂ ਮਾਰਚ ਮਹੀਨੇ ਦਰਮਿਆਨ ਵਿਕਦੀਆਂ ਹਨ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਸ਼ਰਦ ਵਰਗੇ ਸਲਾਹਕਾਰ ਲੋਕਾਂ ਨੂੰ ਟੈਕਸ ਬਚਾਉਣ ਦੇ ਨੁਸਖੇ ਦੱਸ ਰਹੇ ਹੁੰਦੇ ਹਨ।

ਉਨ੍ਹਾਂ ਦਾ ਕਹਿਣਾਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ 15 ਤੋਂ 20 ਸਾਲਾਂ ਬਾਅਦ ਇਹੀ ਲੋਕ ਉਨ੍ਹਾਂ ਦਾ ਧੰਨਵਾਦ ਕਰ ਰਹੇ ਹੁੰਦੇ ਹਨ ਕਿ 'ਜੇ ਤੁਸੀਂ ਬੱਚਤ ਨਾ ਕਰਾਈ ਹੁੰਦੀ ਤਾਂ ਅੱਜ ਸਾਡੇ ਕੋਲ ਪੈਸਾ ਨਾ ਹੁੰਦਾ।'

ਇਸ ਵਿਚ ਉਹ ਪਰਿਵਾਰ ਉਸ ਤੋਂ ਵੀ ਵਧੇਰੇ ਹੁੰਦੇ ਹਨ, ਜਿਨ੍ਹਾਂ ਦਾ ਕਮਾਉਣ ਵਾਲਾ ਪਾਲਿਸੀ ਖ਼ਰੀਦਣ ਤੋਂ ਬਾਅਦ ਦੁਨੀਆਂ ਨੂੰ ਅਲਵਿਦਾ ਕਰ ਗਿਆ ਹੁੰਦਾ ਹੈ।

ਇਸ ਲਈ ਜ਼ਰੂਰੀ ਹੈ ਕਿ ਸਰਕਾਰ ਇਸ ਮਾਮਲੇ ਤੇ ਵਿਚਾਰ ਕਰੇ ਤੇ ਆਪਣੇ ਆਪ ਨੂੰ ਇਸ ਗੱਲ ਦਾ ਜਵਾਬ ਵੀ ਦੇਵੇ ਕਿ ਇੱਕ ਪਾਸੇ ਤਾਂ ਉਹ ਬੁਨਿਆਦੀ ਢਾਂਚੇ ਵਿੱਚ ਪੈਸਾ ਲਾਉਣ ਵਾਲੇ 100 ਫ਼ੀਸਦੀ ਫੰਡਾਂ ਦਾ ਪੂਰਾ ਟੈਕਸ ਮਾਫ਼ ਕਰਨ ਨੂੰ ਤਿਆਰ ਹੈ ਤਾਂ ਭਾਰਤੀ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਲੇ ਇਸ ਰਾਹ ਨੂੰ ਬੰਦ ਕਰਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਿਉਂ ਕਰ ਰਹੀ ਹੈ?

(ਲੇਖਕ ਸੀਨੀਅਰ ਪੱਤਰਕਾਰ ਤੇ youtube.com/c/1ALOKJOSHI ਚੈਨਲ ਚਲਾਉਂਦੇ ਹਨ)

ਇਹ ਵੀ ਪੜ੍ਹੋ:

ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ

ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ

ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)