Delhi Election Result Live: ਦਿੱਲੀ ਜਿੱਤਣ ਤੋਂ ਬਾਅਦ ਕੀ ਬੋਲੇ ਅਰਵਿੰਦ ਕੇਜਰੀਵਾਲ

ਦਿੱਲੀ ਵਿਧਾਨ ਸਭਾ ਚੋਣਾਂ ਲਈ 8 ਫ਼ਰਵਰੀ ਨੂੰ ਪਈਆਂ ਵੋਟਾਂ ਦੇ ਅੱਜ ਨਤੀਜੇ ਆਉਣਗੇ। ਵੋਟਾਂ ਦੀ ਗਿਣਤੀ ਜਾਰੀ ਹੈ।

ਨਤੀਜਿਆਂ ਤੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਅੱਗੇ ਚੱਲ ਰਹੀ ਹੈ।

'ਆਪ' 63 ਸੀਟਾਂ 'ਤੇ ਅਤੇ ਭਾਜਪਾ 07 ਸੀਟਾਂ 'ਤੇ ਅੱਗੇ ਹੈ। ਕਾਂਗਰਸ ਕਿਸੇ ਵੀ ਸੀਟ 'ਤੇ ਅੱਗੇ ਨਹੀਂ ਹੈ।

ਚੋਣ ਜਿੱਤਣ ਤੋਂ ਬਾਅਦ ਕੇਜਰੀਵਾਲ ਨੇ ਕੀ ਕਿਹਾ

“ਦਿੱਲੀ ਵਾਲਿਓ ਗਜ਼ਬ ਕਰ ਦਿੱਤਾ ਤੁਸੀਂ....”

ਕੇਜਰੀਵਾਲ ਨੇ ਕਿਹਾ, “ਮੈਂ ਸਭ ਦਾ ਤਹਿ ਦਿਲੋਂ ਸ਼ੁਕਰੀਆਂ ਕਰਦਾ ਹੈ। ਲਗਾਤਾਰ ਤੀਜੀ ਵਾਰ ਆਪਣੇ ਬੇਟੇ ’ਤੇ ਭਰੋਸਾ ਕੀਤਾ। ਇਹ ਜਿੱਤ ਸਾਰੇ ਦਿੱਲੀ ਵਾਸੀਆਂ ਦੀ ਜਿੱਤ ਹੈ।

ਇਹ ਜਿੱਤ ਦਿੱਲੀ 'ਚ 24 ਘੰਟੇ ਬਿਜਲੀ, ਚੰਗੀ ਸਿੱਖਿਆ, ਚੰਗੇ ਇਲਾਜ ਦੀ ਜਿੱਤ ਹੈ। ਇਨ੍ਹਾਂ ਨਤੀਜਿਆਂ ਨੇ ਇਕ ਨਵੀਂ ਰਾਜਨੀਤੀ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਮ ਹੈ - ਕੰਮ ਦੀ ਰਾਜਨੀਤੀ।”

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸੰਦੇਸ਼ ਦਿੱਤਾ ਹੈ, ''ਵੋਟ ਉਸ ਨੂੰ ਮਿਲੇਗਾ ਜੋ ਸਕੂਲ ਬਣਾਏਗਾ, ਵੋਟ ਉਸ ਨੂੰ ਮਿਲੇਗਾ ਜੋ ਮੁਹੱਲਾ ਕਲੀਨਿਕ ਬਣਾਏਗਾ, ਵੋਟ ਉਸ ਨੂੰ ਮਿਲੇਗਾ ਜੋ ਸੜਕ ਬਣਾਏਗਾ, ਵੋਟ ਉਸ ਨੂੰ ਮਿਲੇਗਾ ਜੋ ਮੁਫ਼ਤ ਬਿਜਲੀ ਦੇਵੇਗਾ, ਇਹ ਦੇਸ਼ ਲਈ ਸ਼ੁਭ ਸੰਦੇਸ਼ ਹੈ।”

ਉਨ੍ਹਾਂ ਕਿਹਾ, ਇਹ ਰਾਜਨੀਤੀ ਸਾਡੇ ਦੇਸ਼ ਨੂੰ 21ਵੀਂ ਸਦੀ 'ਚ ਲੈ ਜਾ ਸਕਦੀ ਹੈ।

ਕੇਜਰੀਵਾਲ ਨੇ ਕਿਹਾ, ''ਅੱਜ ਮੰਗਲਵਾਰ ਹੈ, ਹਨੂੰਮਾਨ ਜੀ ਦਾ ਦਿਨ ਹੈ, ਹਨੂੰਮਾਨ ਜੀ ਨੇ ਆਪਣੀ ਕਿਰਪਾ ਬਰਸਾਈ ਹੈ, ਹਨੂੰਮਾਨ ਜੀ ਦਾ ਧੰਨਵਾਦ।”

ਕੇਜਰੀਵਾਲ ਨੇ ਅੱਗੇ ਕਿਹਾ, “ਸਾਰਿਆਂ ਦਾ ਸ਼ੁਕਰੀਆਂ। ਵਰਕਰਾਂ ਦਾ ਸ਼ੁਕਰੀਆਂ। ਮੇਰੇ ਪਰਿਵਾਰ ਨੇ ਸਪੋਰਟ ਕੀਤਾ। ਦਿੱਲੀ ਦੇ ਲੋਕਾਂ ਨੇ ਬੜੀ ਉਮੀਦਾਂ ਨਾਲ ਇਨ੍ਹੀਆਂ ਸੀਟਾਂ ਦਿੱਤੀਆਂ ਹਨ, ਅਸੀਂ ਹੁਣ ਪੰਜ ਸਾਲ ਮਿਹਨਤ ਕਰਨੀ ਹੈ।”

ਪੰਜਾਬ ''ਆਪ' ਦੀ ਦਿੱਲੀ ਜਿੱਤ ਦੇ ਜਸ਼ਨ

ਭਾਜਪਾ ਦੀ ਕੇਜਰੀਵਾਲ ਨੂੰ ਵਧਾਈ

ਭਾਜਪਾ ਆਗੂ ਮਨੋਜ ਤਿਵਾੜੀ ਨੇ ਕਿਹਾ, ''ਮੈਂ ਦਿੱਲੀ ਦੇ ਲੋਕਾਂ ਦੇ ਫ਼ਤਵੇ ਅੱਗੇ ਸਿਰ ਝਕਾਉਂਦਿਆਂ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੰਦਾ ਹੈ, ਆਸ ਹੈ ਕਿ ਉਹ ਦਿੱਲੀ ਦੀਆਂ ਉਮੀਦਾਂ ਪੂਰੀਆਂ ਕਰਨਗੇ। ਨਤੀਜੇ ਸਾਡੇ ਅਨੁਮਾਨ ਮੁਤਾਬਕ ਨਹੀਂ ਆਏ,ਉਸ ਬਾਰੇ ਚਿੰਤਨ ਕਰਾਂਗੇ। ਇੱਛਾ ਮੁਤਾਬਕ ਜਦੋਂ ਨਤੀਜੇ ਨਹੀਂ ਆਉਂਦੇ ਤਾਂ ਮਨ ਉਦਾਸ ਹੋ ਜਾਂਦਾ ਹੈ, ਪਰ ਮੈਂ ਵਰਕਰਾਂ ਨੂੰ ਨਿਰਾਸ਼ ਨਾ ਹੋਣ ਦੀ ਅਪੀਲ ਕਰਦਾ ਹਾਂ''।

ਤਿਵਾੜੀ ਨੇ ਕਿਹਾ , ''ਮਾੜੇ ਨਤੀਜੇ ਦੇ ਬਾਵਜੂਦ ਸਾਡੇ ਵੋਟ ਸ਼ੇਅਰ ਵਿਚ ਵਾਧਾ ਇੱਕ ਚੰਗਾ ਰੁਝਾਨ ਹੈ। ਦਿੱਲੀ ਵਿਚ ਦੋ ਧਿਰੀ ਲੜਾਈ ਇੱਕ ਨਵਾਂ ਟਰੈਂਡ ਹੈ, ਅਗਲੀ ਰਣਨੀਤੀ ਉਸੇ ਮੁਤਾਬਕ ਹੋਵੇਗੀ। ਕਾਂਗਰਸ ਲੁਪਤ ਵਾਂਗ ਹੀ ਹੋ ਗਈ ਹੈ। ਪਰ ਨਿਰਾਸ਼ਾ ਵਿਚ ਵੀ ਅੱਗੇ ਵਧਣ ਦਾ ਨਾ ਹੀ ਭਾਰਤੀ ਜਨਤਾ ਪਾਰਟੀ ਹੈ''।

''ਸ਼ਾਹੀਨ ਬਾਗ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੇ, ਅਸੀਂ ਸਭ ਦਾ ਸਾਥ ਸਭ ਦਾ ਵਿਕਾਸ ਦੀ ਸਿਆਸਤ ਕਰਦੇ ਹਾਂ''।

ਕਿਸ ਨੇ ਕੀ ਕਿਹਾ

ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਦਿੱਲੀ ਦੇ ਚੁਣਾਵੀਂ ਰੁਝਾਨਾਂ 'ਤੇ ਕਿਹਾ, "ਕਿਹਾ ਗਿਆ ਸੀ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਵਿਚਾਲੇ ਮੈਚ ਹੋ ਰਿਹਾ ਹੈ, ਹਿੰਦੁਸਤਾਨ ਜਿੱਤ ਗਿਆ, ਹਿੰਦੁਸਤਾਨ ਜਿੱਤ ਗਿਆ।"

ਭਾਰਤੀ ਜਨਤਾ ਪਾਰਟੀ ਦੇ ਆਗੂ ਮਨੋਜ ਤਿਵਾੜੀ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਦਿੱਲੀ ਦਾ ਜੋ ਵੀ ਨਤੀਜਾ ਆਉਂਦਾ ਹੈ, ਇਸ ਲਈ ਮੈਂ ਜ਼ਿੰਮੇਵਾਰ ਹਾਂ।"

ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਪ੍ਰਦਰਸ਼ਨ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਿਹਤਰ ਰਿਹਾ ਹੈ।

ਉਧਰ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਸੰਸਦ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਬਿਹਤਰ ਪ੍ਰਦਰਸ਼ਨ ਨੂੰ ਉਮੀਦ ਮੁਤਾਬਕ ਦੱਸਿਆ ਹੈ।

ਉਨ੍ਹਾਂ ਨੇ ਕਿਹਾ ਹੈ, "ਆਮ ਆਦਮੀ ਪਾਰਟੀ ਸੱਤਾ ਵਿੱਚ ਵਾਪਸ ਆ ਰਹੀ ਹੈ, ਇਹ ਹਰ ਕੋਈ ਜਾਣਦਾ ਸੀ। ਕਾਂਗਰਸ ਦੀ ਹਾਰ ਚੰਗਾ ਸੰਦੇਸ਼ ਨਹੀਂ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਅਤੇ ਉਨ੍ਹਾਂ ਦੇ ਸੰਪ੍ਰਦਾਇਕ ਏਜੰਟੇ 'ਤੇ ਆਮ ਆਦਮੀ ਪਾਰਟੀ ਦੀ ਜਿੱਤ ਮਹੱਤਵਪੂਰਨ ਹੈ।"

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਰਵਿੰਦ ਕੇਜਰੀਵਾਲ ਦੀ ਜਿੱਤਾ ਦੀ ਵਧਾਈ ਦਿੱਤੀ ਹੈ।

ਮਮਤਾ ਬੈਨਰਜੀ ਨੇ ਕਿਹਾ, "ਮੈਂ ਅਰਵਿੰਦ ਕੇਜਰਵੀਲ ਨੂੰ ਵਧਾਈ ਦਿੱਤੀ ਹੈ। ਲੋਕਾਂ ਨੇ ਭਾਜਪਾ ਨੂੰ ਖਾਰਜ ਕਰ ਦਿੱਤਾ ਹੈ। ਕੇਵਲ ਵਿਕਾਸ ਕਾਰਗਰ ਹੈ, ਸੀਐੱਮ, ਐੱਨਆਰਸੀ ਅਤੇ ਐੱਨਪੀਆਰ ਨੂੰ ਲੋਕ ਖਾਰਜ ਕਰਨਗੇ।"

ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ, "ਭਾਰਤ ਦੀ ਆਤਮਾ ਦੀ ਰੱਖਿਆ ਲਈ ਖੜ੍ਹਾ ਹੋਣ ਲਈ ਧੰਨਵਾਦ ਦਿੱਲੀ।'

ਕੌਣ ਹੈ ਅੱਗੇ ਤੇ ਕੌਣ ਪਿੱਛੇ

  • ਨਵੀਂ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਭਾਜਪਾ ਦੇ ਸੁਨੀਲ ਕੁਮਾਰ ਯਾਦਵ ਤੋਂ ਅੱਗੇ ਚੱਲ ਰਹੇ ਹਨ।
  • ਪਟਪੜਗੰਜ ਤੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਭਾਜਪਾ ਦੇ ਰਵੀ ਨੇਗੀ ਤੋਂ ਅੱਗੇ ਹਨ।
  • ਕਾਲਕਾਜੀ ਤੋਂ 'ਆਪ' ਦੀ ਆਤਿਸ਼ੀ ਭਾਜਪਾ ਦੇ ਧਰਮਬੀਰ ਸਿੰਘ ਤੋਂ ਅੱਗੇ ਚੱਲ ਰਹੀ ਹੈ।
  • ਕਰਾਵਲ ਨਗਰ ਤੋਂ ਭਾਜਪਾ ਦੇ ਮੌਹਨ ਸਿੰਘ ਬਿਸ਼ਤ, 'ਆਪ' ਦੇ ਦੁਰਗੇਸ਼ ਪਾਠਕ ਤੋਂ ਅੱਗੇ ਚੱਲ ਰਹੇ ਹੈ।
  • ਤਿਲਕ ਨਗਰ ਤੋਂ 'ਆਪ' ਦੇ ਜਰਨਾਲ ਸਿੰਘ, ਭਾਜਪਾ ਦੇ ਰਜਾਵ ਬੱਬਰ ਤੋਂ ਅੱਗੇ ਚੱਲ ਰਹੇ ਹਨ।

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਹਨ। ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 67 ਸੀਟਾਂ 'ਤੇ ਜਿੱਤ ਹਾਸਿਲ ਕਰ ਕੇ ਸਰਕਾਰ ਬਣਾਈ ਸੀ। ਬਹੁਮਤ ਲਈ 36 ਸੀਟਾਂ ਦੀ ਲੋੜ ਹੈ।

ਆਮ ਆਦਮੀ ਪਾਰਟੀ ਦੇ ਚੋਣ ਮੁੱਦੇ

  • ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਚੋਣਾਂ ਬੁਨਿਆਦੀ ਸਹੂਲਤਾਂ ਨੂੰ ਆਧਾਰ ਬਣਾ ਲੜੀਆਂ। ਇਸ ਵਿੱਚ ਮੁਫ਼ਤ ਪਾਣੀ ਅਤੇ ਬਿਜਲੀ ਬਿੱਲਾਂ ਵਿੱਚ ਕਟੌਤੀ, 24 ਘੰਟੇ ਬਿਜਲੀ ਸਪਲਾਈ, ਸਕੂਲਾਂ ਵਿੱਚ ਸੁਧਾਰ, ਮੁਫ਼ਤ ਸਿਹਤ ਸੁਵਿਧਾਵਾਂ ਦਾ ਵਾਅਦਾ ਕੀਤਾ ਗਿਆ ਸੀ।

ਭਾਜਪਾ ਦੇ ਚੋਣ ਮੁੱਦੇ

  • ਭਾਜਪਾ ਦੇ ਪ੍ਰਚਾਰਕਾਂ ਨੇ ਇੱਕ ਸੁਰ ਵਿੱਚ ਪੂਰੀ ਚੋਣ ਮੁਹਿੰਮ ਦੌਰਨ ਰਾਸ਼ਟਰਵਾਦ ਦਾ ਰਾਗ ਹੀ ਅਲਾਪਿਆ। ਇਸ ਤੋਂ ਇਲਾਵਾ ਭਾਜਪਾ ਨੇ ਦਿੱਲੀ ਦੀਆਂ ਕੱਚੀਆਂ ਕਲੋਨੀਆਂ ਨੂੰ ਪੱਕੀਆਂ ਕਰਨ ਦੇ ਆਧਾਰ 'ਤੇ ਲੋਕਾਂ ਨੂੰ ਵੋਟ ਦੀ ਅਪੀਲ ਕੀਤੀ ਸੀ।

ਕਾਂਗਰਸ ਦੇ ਚੋਣ ਮੁੱਦੇ

  • ਕਾਂਗਰਸ ਨੇ ਇਸ ਵਾਰ ਜਨਤਾ ਨੂੰ ਆਪਣੇ ਮਨੋਰਥ ਪੱਤਰ ਵਿੱਚ 300 ਯੂਨਿਟ ਬਿਜਲੀ ਮੁਫ਼ਤ ਦੇਣ ਅਤੇ ਬੇਰੁਜ਼ਗਾਰੀ ਭੱਤਿਆਂ ਸਣੇ ਕਈ ਗੱਲਾਂ ਆਖੀਆਂ ਸਨ।

ਕਿਹੜੇ ਨਾਅਰੇ ਹੋਏ ਮਸ਼ਹੂਰ

  • ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਚੋਣ ਪ੍ਰਚਾਰ ਦੌਰਾਨ ਕਿਹਾ 'ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ...'।
  • ਅਮਿਤ ਸ਼ਾਹ ਦਿੱਲੀ ਦੇ ਰਿਠਾਲਾ ਵਿੱਚ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ, "ਕਮਲ ਦੇ ਬਟਨ ਨੂੰ ਇੰਨੀ ਜ਼ੋਰ ਨਾਲ ਦੱਬਨਾ ਕਿ ਵੋਟ ਕਮਲ ਨੂੰ ਪਵੇ ਤੇ ਕਰੰਟ ਸ਼ਾਹੀਨ ਬਾਗ਼ ਨੂੰ ਲੱਗੇ।"

ਟੀਵੀ ਚੈਨਲਾਂ ਦੇ ਐਗਜ਼ਿਟ ਪੋਲਜ਼ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੁੜ ਸੱਤਾ ਵਿੱਚ ਆਉਣ ਦੀ ਭਵਿੱਖਬਾਣੀ ਕਰ ਚੁੱਕੇ ਹਨ।

ਭਾਜਪਾ ਨੇ 48 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ। ਰੁਝਾਨਾਂ ਮੁਤਾਬਕ ਭਾਜਪਾ ਦੀ ਸਥਿਤੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਬਿਹਤਰ ਹੈ।

ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਭਾਜਪਾ ਲਈ ਵਧੀਆ ਦਿਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਮੁੜ ਸੱਤਾ ਵਿੱਚ ਆਏਗੀ।

ਇਹ ਵੀ ਪੜੋ:-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)