Delhi Election Result: ਦਿੱਲੀ ਦੀਆਂ ਪੰਜਾਬੀਆਂ ਦੇ ਪ੍ਰਭਾਵ ਵਾਲੀਆਂ ਸੀਟਾਂ ਦਾ ਕੀ ਰਿਹਾ ਨਤੀਜਾ

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਲਗਾਤਾਰ ਤੀਜੀ ਵਾਰ ਬਾਜ਼ੀ ਮਾਰ ਲਈ ਹੈ। ਪਾਰਟੀ ਨੇ ਕੁੱਲ 70 ਵਿਚੋਂ 62 ਸੀਟਾਂ ਜਿੱਤੀਆਂ ਹਨ ਜਦਕਿ ਦੂਜੇ ਨੰਬਰ ਉੱਤੇ ਰਹੀ ਭਾਜਪਾ ਨੂੰ 8 ਸੀਟਾਂ ਉੱਤੇ ਹੀ ਸਬਰ ਕਰਨਾ ਪਿਆ। ਇਸ ਵਾਰ ਫਿਰ ਕਾਂਗਰਸ ਦੇ ਹੱਥ ਖਾਲੀ ਹੀ ਰਹੇ।

ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਦੇ ਬਾਵਜੂਦ ਤਿੰਨਾਂ ਪਾਰਟੀਆਂ ਦੇ ਕੁਝ ਅਹਿਮ ਆਗੂਆਂ ਦੀ ਜਿੱਤ ਹਾਰ ਦੇ ਕਿੱਸੇ ਕਾਫ਼ੀ ਰੋਚਕ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੁਨੀਲ ਕੁਮਾਰ ਯਾਦਵ ਨੂੰ ਪਛਾੜ ਕੇ ਮੁੜ ਜਿੱਤ ਗਏ ਹਨ।

ਪਟਪੜਗੰਜ ਤੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਭਾਜਪਾ ਦੇ ਰਵੀ ਨੇਗੀ ਨੇ ਸਖ਼ਤ ਟੱਕਰ ਦਿੱਤੀ ਅਤੇ ਉਹ ਆਖ਼ਰੀ ਚਾਰ ਗੇੜਾਂ ਵਿਚ ਜਾ ਕੇ ਜਿੱਤੇ।

ਦਿੱਲੀ ਦੀ ਰਾਜੌਰੀ ਗਾਰਡਨ ਸੀਟ ਤੋਂ ਆਮ ਆਦਮੀ ਪਾਰਟੀ ਦੀ ਧਨਵੰਤੀ ਚੰਡੇਲਾ 62212 ਵੋਟਾਂ ਹਾਸਲ ਕਰਕੇ ਭਾਜਪਾ ਦੇ ਰਮੇਸ਼ ਖੰਨਾ ਤੋਂ ਜਿੱਤ ਗਈ।

ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਤਿਲਕ ਨਗਰ ਇਲਾਕੇ ਤੋਂ ਵੀ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਨੂੰ ਵੀ 62436 ਵੋਟਾਂ ਮਿਲੀਆਂ ਅਤੇ ਰਾਜੀਵ ਬੱਬਰ ਦੂਜੇ ਨੰਬਰ 'ਤੇ ਹਨ।

ਉਧਰ ਹਰੀ ਨਗਰ ਤੋਂ ਆਮ ਆਦਮੀ ਪਾਰਟੀ ਦੇ ਰਾਜ ਕੁਮਾਰੀ ਢਿੱਲੋਂ ਜਿੱਤੇ ਹਨ, ਢਿੱਲੋਂ ਨੂੰ 58087 ਵੋਟਾਂ ਮਿਲੀਆਂ ਅਤੇ ਉੱਥੇ ਭਾਜਪਾ ਦੇ ਤਜਿੰਦਰ ਸਿੰਘ ਬੱਗਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਕਾਲਕਾ ਜੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਆਤਿਸ਼ੀ ਭਾਜਪਾ ਦੇ ਧਰਮਵੀਰ ਨੂੰ ਬਹੁਤ ਹੀ ਫਸਵੀਂ ਟੱਕਰ ਵਿਚ ਹਰਾਇਆ, ਉਸ ਨੂੰ 55897 ਵੋਟਾਂ ਮਿਲੀਆਂ।

ਰਾਜਿੰਦਰ ਨਗਰ ਸੀਟ ਤੋਂ 'ਆਪ' ਦੇ ਰਾਘਵ ਚੱਢਾ ਵੀ 59135 ਵੋਟਾਂ ਹਾਸਲ ਕਰਕੇ ਜਿੱਤੇ ਹਨ, ਉਨ੍ਹਾਂ ਭਾਜਪਾ ਦੇ ਆਰਪੀ ਸਿੰਘ ਨੂੰ ਮਾਤ ਦਿੱਤੀ।

ਚਾਂਦਨੀ ਚੌਂਕ ਤੋਂ ਆਮ ਆਦਮੀ ਪਾਰਟੀ ਪ੍ਰਹਿਲਾਦ ਸਿੰਘ ਸਾਹਨੀ ਨੂੰ 50891 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਉਮੀਦਾਵਰ ਸੁਮਨ ਕੁਮਾਰ ਗੁਪਤਾ ਨੂੰ 21307 ਵੋਟਾਂ ਪਈਆਂ ,ਇੱਥੋਂ ਕਾਂਗਰਸ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੀ ਅਲਕਾ ਲਾਂਬਾ ਨੂੰ ਮਹਿਜ 3881 ਵੋਟਾਂ ਹੀ ਮਿਲ ਸਕੀਆਂ।

ਮਾਡਲ ਟਾਊਨ ਤੋਂ ਆਮ ਆਦਮੀ ਪਾਰਟੀ ਦੇ ਅਖਿਲੇਸ਼ ਪਤੀ ਤ੍ਰਿਪਾਠੀ ਨੇ 52665 ਵੋਟਾਂ ਹਾਸਲ ਕਰਕੇ ਫਿਰਕੂ ਪ੍ਰਚਾਰ ਕਰਨ ਵਾਲੇ ਸਾਬਕਾ ਆਪ ਆਗੂ ਤੇ ਭਾਜਪਾ ਉਮੀਦਵਾਰ ਕਪਿਲ ਸ਼ਰਮਾਂ ਨੂੰ ਹਰਾਇਆ।

ਇਹ ਵੀ ਪੜ੍ਹੋ-

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਹਨ। ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 67 ਸੀਟਾਂ 'ਤੇ ਜਿੱਤ ਹਾਸਿਲ ਕਰ ਕੇ ਸਰਕਾਰ ਬਣਾਈ ਸੀ। ਬਹੁਮਤ ਲਈ 36 ਸੀਟਾਂ ਦੀ ਲੋੜ ਹੈ।

ਆਮ ਆਦਮੀ ਪਾਰਟੀ ਦੇ ਚੋਣ ਮੁੱਦੇ

  • ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਚੋਣਾਂ ਬੁਨਿਆਦੀ ਸਹੂਲਤਾਂ ਨੂੰ ਆਧਾਰ ਬਣਾ ਲੜੀਆਂ। ਇਸ ਵਿੱਚ ਮੁਫ਼ਤ ਪਾਣੀ ਅਤੇ ਬਿਜਲੀ ਬਿੱਲਾਂ ਵਿੱਚ ਕਟੌਤੀ, 24 ਘੰਟੇ ਬਿਜਲੀ ਸਪਲਾਈ, ਸਕੂਲਾਂ ਵਿੱਚ ਸੁਧਾਰ, ਮੁਫ਼ਤ ਸਿਹਤ ਸੁਵਿਧਾਵਾਂ ਦਾ ਵਾਅਦਾ ਕੀਤਾ ਗਿਆ ਸੀ।

ਭਾਜਪਾ ਦੇ ਚੋਣ ਮੁੱਦੇ

  • ਭਾਜਪਾ ਦੇ ਪ੍ਰਚਾਰਕਾਂ ਨੇ ਇੱਕ ਸੁਰ ਵਿੱਚ ਪੂਰੀ ਚੋਣ ਮੁਹਿੰਮ ਦੌਰਨ ਰਾਸ਼ਟਰਵਾਦ ਦਾ ਰਾਗ ਹੀ ਅਲਾਪਿਆ। ਇਸ ਤੋਂ ਇਲਾਵਾ ਭਾਜਪਾ ਨੇ ਦਿੱਲੀ ਦੀਆਂ ਕੱਚੀਆਂ ਕਲੋਨੀਆਂ ਨੂੰ ਪੱਕੀਆਂ ਕਰਨ ਦੇ ਆਧਾਰ 'ਤੇ ਲੋਕਾਂ ਨੂੰ ਵੋਟ ਦੀ ਅਪੀਲ ਕੀਤੀ ਸੀ।

ਕਾਂਗਰਸ ਦੇ ਚੋਣ ਮੁੱਦੇ

  • ਕਾਂਗਰਸ ਨੇ ਇਸ ਵਾਰ ਜਨਤਾ ਨੂੰ ਆਪਣੇ ਮਨੋਰਥ ਪੱਤਰ ਵਿੱਚ 300 ਯੂਨਿਟ ਬਿਜਲੀ ਮੁਫ਼ਤ ਦੇਣ ਅਤੇ ਬੇਰੁਜ਼ਗਾਰੀ ਭੱਤਿਆਂ ਸਣੇ ਕਈ ਗੱਲਾਂ ਆਖੀਆਂ ਸਨ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)