You’re viewing a text-only version of this website that uses less data. View the main version of the website including all images and videos.
ਖਿਡਾਰਨਾਂ ਲਈ ਮਹਿਲਾ ਕੋਚ ਹੋਣ ਬਾਰੇ ਕੀ ਕਹਿੰਦੀਆਂ ਹਨ ਪੰਜਾਬ-ਹਰਿਆਣਾ ਦੀਆਂ ਖਿਡਾਰਨਾ?
- ਲੇਖਕ, ਇੰਦਰਜੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਮਹਿਲਾ ਖਿਡਾਰਨਾਂ ਲਈ ਮਹਿਲਾ ਕੋਚ ਹੋਣਗੇ।
ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਮਹਿਲਾ ਖਿਡਾਰਨਾਂ ਵਧੇਰੇ ਸੁਰੱਖਿਅਤ ਮਹਿਸੂਸ ਕਰਨਗੀਆਂ ਤੇ ਪਰਿਵਾਰਾਂ ਨੂੰ ਵੀ ਤਸੱਲੀ ਰਹੇਗੀ ਜਦੋਂ ਉਨ੍ਹਾਂ ਦੀਆਂ ਧੀਆਂ ਸਫ਼ਰ ਕਰਨਗੀਆਂ।
ਹਰਿਆਣਾ ਦੀ ਹਾਕੀ ਖਿਡਾਰਨ ਪੂਨਮ ਰਾਣੀ ਮਲਿਕ ਜੋ ਕਿ ਅੰਡਰ 20 ਅਤੇ ਅੰਡਰ 18 ਹਾਕੀ ਟੀਮ ਦੀ ਕਪਤਾਨ ਵੀ ਰਹਿ ਚੁੱਕੀ ਹੈ, ਦਾ ਕਹਿਣਾ ਹੈ, "ਉਨ੍ਹਾਂ ਦਾ ਫੈਸਲਾ ਕਾਫ਼ੀ ਚੰਗਾ ਹੈ। ਇਸ ਨਾਲ ਔਰਤਾਂ ਨੂੰ ਖੇਡਾਂ ਵਿੱਚ ਹੋਰ ਮੌਕੇ ਮਿਲਣਗੇ। ਮੈਨੂੰ ਉਮੀਦ ਹੈ ਕਿ ਕੁੜੀਆਂ ਸਿਰਫ਼ ਚੰਗੀਆਂ ਖਿਡਾਰਨਾਂ ਹੀ ਨਹੀਂ ਪਰ ਚੰਗੀਆਂ ਕੋਚ ਵੀ ਬਣ ਸਕਦੀਆਂ ਹਨ।"
"ਇਸ ਤੋਂ ਇਲਾਵਾ ਕੁੜੀਆਂ ਦੀਆਂ ਕੁਝ ਅਜਿਹੀਆਂ ਮੁਸ਼ਕਿਲਾਂ ਹੁੰਦੀਆਂ ਹਨ ਜੋ ਉਹ ਖੁਲ੍ਹ ਕੇ ਮਰਦ ਕੋਚ ਨਾਲ ਸਾਂਝੀਆਂ ਨਹੀਂ ਕਰ ਸਕਦੀਆਂ। ਕਈ ਕੋਚ ਤਾਂ ਪੁੱਛਦੇ ਤੱਕ ਨਹੀਂ ਹਨ।"
ਇਹ ਵੀ ਪੜ੍ਹੋ:
ਸ਼ੂਟਰ ਅਨਜੁਮ ਮੌਦਗਿਲ
ਹਾਲਾਂਕਿ ਅਰਜੁਨ ਐਵਾਰਡ ਜੇਤੂ ਸ਼ੂਟਰ ਅਨਜੁਮ ਮੌਦਗਿਲ ਹਰਿਆਣਾ ਸਰਕਾਰ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਹੈ।
ਉਨ੍ਹਾਂ ਕਿਹਾ, "ਇਹ ਹਰੇਕ ਖੇਡ ਤੇ ਨਿਰਭਰ ਕਰਦਾ ਹੈ ਕਿ ਕਿਹੜਾ ਕੋਚ ਬਿਹਤਰ ਹੈ। ਹੇਠਲੇ ਪਧਰ 'ਤੇ ਇਹ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਕੌਮਾਂਤਰੀ ਪੱਧਰ 'ਤੇ ਤਾਂ ਐਥਲੀਟ 'ਤੇ ਨਿਰਭਰ ਕਰਦਾ ਹੈ ਕਿ ਕਿਹੜਾ ਕੋਚ ਲੈਣਾ ਹੈ।"
"ਜਿਨ੍ਹਾਂ ਕੋਲ ਕਾਬਲੀਅਤ ਵੀ ਨਹੀਂ ਹੈ, ਉਹ ਕੋਚ ਨਹੀਂ ਬਣਨੇ ਚਾਹੀਦੇ। ਕਿਸੇ ਖਿਡਾਰਣ ਦੀ ਕੋਚ ਬਣਾਉਣ ਤੋਂ ਪਹਿਲਾਂ ਕੋਚ ਬਣਨ ਦੀ ਚੰਗੀ ਟਰੇਨਿੰਗ ਦਿੱਤੀ ਜਾਵੇ। ਇਸ ਤਰ੍ਹਾਂ ਤਾਂ ਜਿਨ੍ਹਾਂ ਨੂੰ ਨੌਕਰੀ ਚਾਹੀਦੀ ਹੈ ਉਹ ਬਿਨਾਂ ਕਾਬਲੀਅਤ ਦੇ ਕੋਚ ਬਣ ਸਕਦੇ ਹਨ।"
ਐਥਲੀਟ ਸੁਨੀਤਾ ਰਾਣੀ
ਪੰਜਾਬ ਦੀ ਰਹਿਣ ਵਾਲੀ ਐਥਲੀਟ ਸੁਨੀਤਾ ਰਾਣੀ ਜੋ ਕਿ ਇਸ ਵੇਲੇ ਪਠਾਨਕੋਟ ਵਿੱਚ ਐਸਪੀ ਹਨ, ਮਹਿਲਾ ਕੋਚ ਦੇ ਪੱਖ ਵਿੱਚ ਨਹੀਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸ਼ਾਇਦ ਸੰਭਵ ਨਾ ਹੋਵੇ।
"ਹਰ ਖੇਡ ਵਿੱਚ ਮਹਿਲਾ ਕੋਚ ਹੋਣਾ ਸੰਭਵ ਨਹੀਂ। ਇਹ ਤਾਂ ਲੋਕਾਂ ਦੀ ਸੋਚ ਹੈ ਕਿ ਮਹਿਲਾ ਕੋਚ ਨਾਲ ਖਿਡਾਰਨਾਂ ਵਧੇਰੇ ਸੁਰੱਖਿਅਤ ਮਹਿਸੂਸ ਕਰਨਗੀਆਂ। ਮੈਂ ਮਹਿਲਾ ਤੇ ਮਰਦ ਦੋਹਾਂ ਕੋਚ ਨਾਲ ਹੀ ਕੰਮ ਕੀਤਾ ਹੈ। ਕੋਈ ਫਰਕ ਨਹੀਂ ਪੈਂਦਾ।"
"ਸਾਡਾ ਕੋਚ ਸਾਡਾ ਪਿਤਾ ਵੀ ਹੁੰਦਾ ਹੈ। ਉਨ੍ਹਾਂ ਨੇ ਸਾਡੀਆਂ ਪੀਰੀਅਡ ਦੀਆਂ ਤਰੀਕਾਂ ਵੀ ਨੋਟ ਕੀਤੀਆਂ ਹੁੰਦੀਆਂ ਹਨ ਤਾਂ ਕਿ ਕਿਸੇ ਖਿਡਾਰਨ ਨੂੰ ਦਿੱਕਤ ਨਾ ਹੋਵੇ।"
"ਜੇ ਡਾਕਟਰ ਤੋਂ ਕਿਸੇ ਗੱਲ ਨੂੰ ਲੁਕੋਵਾਂਗੇ ਤਾਂ ਇਲਾਜ ਕਿਵੇਂ ਕਰਾਵਾਂਗੇ। ਸਕੂਲ ਵਿੱਚ ਵੀ ਮਰਦ ਤੇ ਮਹਿਲਾ ਅਧਿਆਪਕ ਹੁੰਦੇ ਹਨ। ਉਸੇ ਤਰ੍ਹਾਂ ਹੀ ਖੇਡ ਵਿੱਚ ਹੀ ਹੈ।"
ਐਥਲੀਟ ਨਵਜੀਤ ਢਿੱਲੋਂ (ਡਿਸਕਸ ਥ੍ਰੋਅਰ)
ਐਥਲੀਟ ਨਵਜੀਤ ਢਿੱਲੋਂ ਕਾਮਨਵੈਲਥ ਵਿੱਚ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ।
ਇਹ ਵੀ ਪੜ੍ਹੋ:
ਨਵਜੀਤ ਢਿੱਲੋਂ ਦਾ ਕਹਿਣਾ ਹੈ, "ਇਸ ਨਾਲ ਮਹਿਲਾ ਕੋਚ ਜਿਨ੍ਹਾਂ ਕੋਲ ਇਸ ਵੇਲੇ ਕੰਮ ਨਹੀਂ ਹੈ, ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ।"
"ਮੈਨੂੰ ਥੋੜ੍ਹਾ ਅਜੀਬ ਵੀ ਲੱਗਦਾ ਹੈ ਕਿਉਂਕਿ ਮਰਦ ਕੋਚ ਵਧੇਰੇ ਵਧੀਆ ਟਰੇਨਿੰਗ ਦਿੰਦੇ ਹਨ। ਇਹ ਨਹੀਂ ਪਤਾ ਕਿ ਮਹਿਲਾ ਕੋਚ ਕਿੰਨੀ ਸ਼ਿੱਦਤ ਨਾਲ ਟਰੇਨਿੰਗ ਦਿੰਦੀਆਂ ਹਨ। ਹੋ ਸਕਦਾ ਹੈ ਕਿ ਇਸ ਨਾਲ ਚੰਗੇ ਮਰਦ ਕੋਚਾਂ ਤੋਂ ਮੌਕਾ ਖੁੱਸ ਜਾਵੇ।"
"ਪਰ ਮਰਦ ਕੋਚ ਦੇ ਨਾਲ ਇੱਕ ਅਸਿਸਟੈਂਟ ਮਹਿਲਾ ਕੋਚ ਹੋਵੇ ਤਾਂ ਬਿਹਤਰ ਹੋਵੇਗਾ। ਕੁੜੀਆਂ ਦੀਆਂ ਦਿੱਕਤਾਂ ਮਹਿਲਾ ਕੋਚ ਵਧੇਰੇ ਸਮਝ ਸਕਦੀਆਂ ਹਨ।"
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: