ਕੈਪਟਨ ਨੇ ਦਰਬਾਰ ਸਾਹਿਬ ਹੈਰੀਟੇਜ ਸਟਰੀਟ ਤੋਂ ਭੰਗੜੇ ਵਾਲੇ ਬੁੱਤ ਬਦਲਣ ਦੇ ਦਿੱਤੇ ਹੁਕਮ

ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸੱਭਿਆਚਾਰਕ ਵਿਭਾਗ ਨੂੰ ਦਰਬਾਰ ਸਾਹਿਬ ਹੈਰੀਟੇਜ ਸਟ੍ਰੀਟ ਤੋਂ ਗਿੱਧੇ-ਭੰਗੜੇ 'ਤੇ ਬੁੱਤਾਂ ਨੂੰ ਹਟਾ ਕੇ ਅੰਮ੍ਰਿਤਸਰ 'ਚ ਕਿਸੇ ਹੋਰ ਉਚਿਤ ਥਾਂ 'ਤੇ ਲਗਾਉਣ ਦੇ ਆਦੇਸ਼ ਦਿੱਤੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਬੁੱਤ ਢਹੁਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਤੇ ਉਨ੍ਹਾਂ ਦੀ ਸਮੀਖਿਆ ਦੇ ਵੀ ਹੁਕਮ ਦਿੱਤੇ ਹਨ।

ਦਰਅਸਲ ਪਿਛਲੇ ਕੁਝ ਦਿਨਾਂ ਤੋਂ ਹੈਰੀਟੇਜ ਸਟ੍ਰੀਟ 'ਤੇ ਲੱਗੇ ਇਨ੍ਹਾਂ ਬੁੱਤਾ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਇਤਰਾਜ਼ ਜ਼ਾਹਿਰ ਕਰਦਿਆਂ ਰੋਸ-ਮੁਜ਼ਾਹਰੇ ਕਰ ਰਹੀਆਂ ਸਨ।

ਬੀਤੇ ਦਿਨ ਯਾਨਿ 27 ਜਨਵਰੀ ਨੂੰ ਇਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਬੁੱਤਾਂ ਨੂੰ ਇਥੋਂ ਬਦਲਿਆ ਜਾਵੇ।

ਇਨ੍ਹਾਂ ਨੇ ਕਿਹਾ ਸੀ ਕਿ ਉਹ ਪੰਜਾਬੀ ਸੱਭਿਆਚਰ ਦੇ ਖ਼ਿਲਾਫ਼ ਨਹੀਂ ਹਨ ਪਰ ਦਰਬਾਰ ਸਾਹਿਬ ਦੇ ਧਾਰਮਿਕ ਮਰਿਯਾਦਾ ਦੇ ਮੱਦੇਨਜ਼ਰ ਇਹ ਬੁੱਤ ਇਥੋਂ ਹਟਣੇ ਚਾਹੀਦੇ ਹਨ।

ਇਹ ਵੀ ਪੜ੍ਹੋ-

ਨੌਜਵਾਨਾਂ ਖ਼ਿਲਾਫ਼ ਦਰਜ ਕੇਸਾਂ ਦੀ ਸਮੀਖਿਆ

ਦਰਬਾਰ ਸਾਹਿਬ ਦੀ ਹੈਰੀਟੇਜ ਸਟ੍ਰੀਟ 'ਤੇ ਇਹ ਬੁੱਤ ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਵੇਲੇ ਲਗਾਏ ਗਏ ਇਨ੍ਹਾਂ ਸੱਭਿਆਚਰਕ ਬੁੱਤਾਂ 'ਤੇ ਕੁਝ ਲੋਕਾਂ ਨੇ 15 ਜਨਵਰੀ ਨੂੰ ਹਮਲਾ ਕੀਤਾ ਗਿਆ ਸੀ।

ਇਸ ਭੰਨਤੋੜ ਵਿੱਚ ਸ਼ਾਮਿਲ ਨੌਜਵਾਨਾਂ ਪ੍ਰਤੀ ਮੁੱਖ ਮੰਤਰੀ ਨੇ ਉਦਾਰ ਨਜ਼ਰੀਆ ਰੱਖਦਿਆਂ ਡੀਜੀਪੀ ਨੂੰ ਦਰਜ ਕੇਸ ਦੀ ਸਮੀਖਿਆ ਕਰਨ ਲਈ ਵੀ ਕਿਹਾ ਹੈ।

ਇਸ ਦੇ ਨਾਲ ਉਨ੍ਹਾਂ ਖ਼ਿਲਾਫ਼ ਲੱਗੀਆਂ ਠੋਸ ਧਾਰਾਵਾਂ ਨੂੰ ਵਾਪਸ ਲੈਣ ਦੇ ਵੀ ਨਿਰਦੇਸ਼ ਦਿੱਤੇ ਹਨ।

ਸਰਕਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੁੱਤ ਹਟਾਉਣ ਵਾਲੇ ਨੌਜਵਾਨਾਂ ਦੀ ਮਨਸ਼ਾ ਗ਼ਲਤ ਨਹੀਂ ਸੀ। ਉਨ੍ਹਾਂ ਦੀ ਭਾਵਨਾ ਅਸਲ ਵਿੱਚ ਸਿੱਖ ਭਾਈਚਾਰੇ ਦੇ ਦਰਦ ਨੂੰ ਦਰਸਾਉਂਦੀ ਹੈ ਕਿਉਂਕਿ ਪਵਿੱਤਰ ਧਾਰਮਿਕ ਸਥਾਨ ਨੇੜੇ ਗਿੱਧੇ-ਭੰਗੜੇ ਦੇ ਬੁੱਤ ਲਗਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।

15 ਜਨਵਰੀ ਦੀ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਰਾਗੀ ਸਭਾ ਸਣੇ ਵੱਖ-ਵੱਖ ਸਿੱਖ ਜਥੇਬੰਦੀਆਂ ਗ੍ਰਿਫ਼ਤਾਰ ਹੋਏ ਲੋਕਾਂ ਦੇ ਹੱਕ ਵਿੱਚ ਨਿਤਰੀਆਂ।

ਸਰਕਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੁੱਤ ਹਟਾਉਣ ਵਾਲੇ ਨੌਜਵਾਨਾਂ ਦੀ ਮਨਸ਼ਾ ਗ਼ਲਤ ਨਹੀਂ ਸੀ। ਉਨ੍ਹਾਂ ਦੀ ਭਾਵਨਾ ਅਸਲ ਵਿੱਚ ਸਿੱਖ ਭਾਈਚਾਰੇ ਦੇ ਦਰਦ ਨੂੰ ਦਰਸਾਉਂਦੀ ਹੈ ਕਿਉਂਕਿ ਪਵਿੱਤਰ ਧਾਰਮਿਕ ਸਥਾਨ ਨੇੜੇ ਗਿੱਧੇ-ਭੰਗੜੇ ਦੇ ਬੁੱਤ ਲਗਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।

ਇਹ ਵੀ ਪੜ੍ਹੋ-

ਕੀ ਹੈ ਵਿਵਾਦ

ਦਰਬਾਰ ਸਾਹਿਬ ਹੈਰੀਟੇਜ ਸਟਰੀਟ ਦਾ ਨਿਰਮਾਣ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਕੀਤਾ ਗਿਆ ਸੀ। ਅਕਤੂਬਰ 2016 ਵਿੱਚ ਇਸ ਸਟਰੀਟ ਵਿੱਚ ਭੰਗੜੇ ਅਤੇ ਗਿੱਧੇ ਦੇ ਬੁੱਤ ਲਗਾਏ ਗਏ ਸਨ।

ਕੁਝ ਲੋਕ ਇਸ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਉਨ੍ਹਾਂ ਮੰਨਣਾ ਸੀ ਕਿ ਭੰਗੜੇ-ਗਿੱਧੇ ਦੇ ਬੁੱਤ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਵਾਲੇ ਹਨ ਕਿਉਂਕਿ ਇਹ ਸ੍ਰੀ ਦਰਬਾਰ ਸਾਹਿਬ ਦੇ ਤੋਂ ਬਹੁਤੀ ਦੂਰ ਨਹੀਂ ਹਨ।

ਪਹਿਲਾਂ ਇਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਬੀਤੇ 15 ਜਨਵਰੀ ਨੂੰ ਕੁਝ ਲੋਕਾਂ ਨੇ ਇਨ੍ਹਾਂ ਬੁੱਤਾਂ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਸੀ।

ਪੁਲਿਸ ਦੇ ਮੌਕੇ ਸਿਰ ਪਹੁੰਚਣ ਕਾਰਨ ਬੁੱਤ ਨਹੀਂ ਹਟਾਏ ਜਾ ਸਕੇ ਸਨ। ਪੁਲਿਸ ਨੇ ਭੰਨਤੋੜ ਕਰਨ ਵਾਲਿਆਂ ਦੇ ਖ਼ਿਲਾਫ਼ ਧਾਰਾ 370 ਸਣੇ ਹੋਰ ਧਾਰਾਵਾਂ ਲਗਾਉਂਦਿਆਂ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਸੀ।

ਕੇਸ ਦਰਜ ਕੀਤੇ ਜਾਣ ਦਾ ਕਈ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਹਜ਼ੂਰੀ ਰਾਗੀ ਤੇ ਢਾਡੀ ਸਭਾ ਸ਼ਾਮਿਲ ਸੀ।

ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਰਗੇ ਕਈ ਹੋਰ ਸੰਗਠਨ ਵੀ ਇਸ ਦੇ ਸਮਰਥਨ ਵਿੱਚ ਆ ਗਏ ਸਨ।

ਜਥੇਦਾਰ ਨੇ ਬਣਾਈ ਸੀ ਕਮੇਟੀ

ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦਾ ਨੋਟਿਸ ਲਿਆ ਸੀ।

ਜਥੇਦਾਰ ਨੇ ਕਿਹਾ ਸੀ ਕਿ ਉਹ ਸੱਭਿਆਚਾਰ ਨੂੰ ਦਰਸਾਉਂਦੇ ਇਨ੍ਹਾਂ ਬੁੱਤਾਂ ਦੇ ਖ਼ਿਲਾਫ਼ ਨਹੀਂ ਹਨ ਪਰ ਹੈਰੀਟੇਜ ਸਟਰੀਟ ਵਿੱਚ ਲੱਗੇ ਇਨ੍ਹਾਂ ਬੁੱਤਾਂ ਨੂੰ ਦੇਖ ਕੇ ਕੁਝ ਲੋਕਾਂ ਦੇ ਮਨ ਵਿੱਚ ਸ੍ਰੀ ਦਰਬਾਰ ਸਾਹਿਬ ਬਾਰੇ ਭਰਮ-ਭੁਲੇਖੇ ਪੈਦਾ ਹੋ ਜਾਂਦੇ ਹਨ।

ਉਨ੍ਹਾਂ ਇਸ ਮਾਮਲੇ ਉੱਤੇ ਵਿਚਾਰ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਤਾਂ ਜੋ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਇਨ੍ਹਾਂ ਬੁੱਤਾਂ ਨੂੰ ਅੰਮ੍ਰਿਤਸਰ ਵਿੱਚ ਹੀ ਕਿਸੇ ਹੋਰ ਉੱਚਿਤ ਥਾਂ 'ਤੇ ਲਗਵਾਇਆ ਜਾ ਸਕੇ।

ਇਸ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਵਾਇਸ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਸ਼ਾਮਿਲ ਸਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)