You’re viewing a text-only version of this website that uses less data. View the main version of the website including all images and videos.
Satya Nadella: ਮਾਈਕਰੋਸੌਫਟ ਦੇ ਮੁਖੀ ਨੇ CAA ਤੋਂ ਉੱਠੀ ਸਥਿਤੀ ਨੂੰ ਦੁਖਦਾਈ ਆਖਿਆ ਤਾਂ ਭਖਿਆ ਵਿਵਾਦ
ਭਾਰਤ ’ਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਮਾਈਕਰੋਸੌਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੱਤਿਆ ਨਡੇਲਾ ਨੇ ਸੀਏਏ ਨੂੰ 'ਦੁਖ਼ਦਾਈ ਅਤੇ ਬੁਰਾ' ਆਖ਼ਿਆ ਹੈ।
ਭਾਰਤੀ ਮੂਲ ਦੇ ਨਡੇਲਾ ਕਿਸੇ ਵੀ ਟੈਕਨਾਲੋਜੀ ਕੰਪਨੀ ਦੇ ਪਹਿਲੇ ਅਜਿਹੇ ਮੁਖੀ ਹਨ ਜਿਨ੍ਹਾਂ ਨੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਦੀ ਆਲੋਚਨਾ ਕੀਤੀ ਹੈ।
ਇਹ ਵੀ ਪੜ੍ਹੋ
ਸੱਤਿਆ ਨਡੇਲਾ ਨੇ ਸੋਮਵਾਰ ਨੂੰ ਮੈਨਹੱਟਨ ਵਿੱਚ ਇੱਕ ਮਾਈਕਰੋਸੌਫਟ ਪ੍ਰੋਗਰਾਮ ਦੌਰਾਨ ਬਜ਼ਫੀਡ ਦੇ ਮੁੱਖ ਸੰਪਾਦਕ ਬੈੱਨ ਸਮਿਥ ਨੂੰ ਕਿਹਾ, "ਜਿੱਥੋਂ ਤੱਕ ਮੈਂ ਸਮਝਦਾ ਹਾਂ, ਇਹ ਦੁਖਦਾਈ ਹੈ, ਬੁਰਾ ਹੈ।"
ਬੈੱਨ ਸਮਿਥ ਅਨੁਸਾਰ ਸੱਤਿਆ ਨਡੇਲਾ ਨੇ ਇਹ ਵੀ ਕਿਹਾ ਹੈ, "ਮੈਂ ਇਹ ਦੇਖਣਾ ਪਸੰਦ ਕਰਾਂਗਾ ਕਿ ਕੋਈ ਬੰਗਲਾਦੇਸ਼ੀ ਪ੍ਰਵਾਸੀ ਅਗਲਾ ਯੂਨੀਕੌਰਨ (ਅਰਬ ਡਾਲਰ ਤੋਂ ਵੱਧ ਦੀ ਕੰਪਨੀ) ਸਥਾਪਤ ਕਰਨ ਲਈ ਭਾਰਤ ਆਉਂਦਾ ਹੈ ਜਾਂ ਇਨਫੋਸਿਸ ਦਾ ਅਗਲਾ ਸੀਈਓ ਬਣ ਜਾਂਦਾ ਹੈ।"
ਕੌਣ ਹਨ ਸੱਤਿਆ ਨਡੇਲਾ?
ਸੱਤਿਆ ਨਡੇਲਾ ਮੂਲ ਰੂਪ ਤੋਂ ਭਾਰਤੀ ਸ਼ਹਿਰ ਹੈਦਰਾਬਾਦ ਤੋਂ ਹਨ। ਉਨ੍ਹਾਂ ਨੇ ਸਮਿਥ ਨੂੰ ਕਿਹਾ, "ਮੈਨੂੰ ਉੱਥੋਂ ਪ੍ਰਾਪਤ ਹੋਈ ਸਭਿਆਚਾਰਕ ਵਿਰਾਸਤ ’ਤੇ ਮਾਣ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਹਮੇਸ਼ਾਂ ਮਹਿਸੂਸ ਕੀਤਾ ਹੈ ਕਿ ਬਚਪਨ ਤੋਂ ਹੀ ਚੀਜ਼ਾਂ ਨੂੰ ਸਮਝਣ ਲਈ ਇਹ ਇੱਕ ਸ਼ਾਨਦਾਰ ਸ਼ਹਿਰ ਹੈ। ਅਸੀਂ ਈਦ ਮਨਾਉਂਦੇ ਸੀ, ਕ੍ਰਿਸਮਿਸ ਅਤੇ ਦੀਵਾਲੀ ਵੀ ਮਨਾਉਂਦੇ ਸੀ – ਇਹ ਤਿੰਨੋਂ ਤਿਉਹਾਰ ਸਾਡੇ ਲਈ ਵੱਡੇ ਤਿਉਹਾਰ ਸਨ। "
ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ ਨਡੇਲਾ ਦਾ ਬਿਆਨ
ਨਡੇਲਾ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਮਸ਼ਹੂਰ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਇਸ ਬਿਆਨ 'ਤੇ ਟਵੀਟ ਕੀਤਾ, "ਨਡੇਲਾ ਨੇ ਜੋ ਕਿਹਾ, ਉਸ ਤੋਂ ਖੁਸ਼ ਹਾਂ। ਮੇਰੀ ਇੱਛਾ ਸੀ ਕਿ ਸਾਡੀਆਂ ਆਪਣੀਆਂ ਆਈਟੀ ਕੰਪਨੀਆਂ ਦੇ ਮੁਖੀ ਵੀ ਅਜਿਹੀ ਹਿੰਮਤ ਅਤੇ ਬੁੱਧੀ ਦਿਖਾਉਂਦੇ। ਉਹ ਅਜੇ ਵੀ ਅਜਿਹਾ ਕਰ ਸਕਦੇ ਹਨ।"
ਹਾਲਾਂਕਿ, ਇਨਫ਼ੋਸਿਸ ਦੇ ਸਾਬਕਾ ਨਿਦੇਸ਼ਕ ਮੋਹਨਦਾਸ ਪਾਈ ਨੇ ਨਡੇਲਾ ਦੇ ਬਿਆਨ ਨੂੰ 'ਕਨਫਿਊਜ਼ਨ' ਭਰਿਆ ਦੱਸਿਆ ਹੈ। ਉਨ੍ਹਾਂ ਨੇ ਸੱਤਿਆ ਨਡੇਲਾ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਪੜ੍ਹਨ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਟਿੱਪਣੀ ਕਰਨ ਤੋਂ ਪਹਿਲਾਂ ਕਾਨੂੰਨ ਨੂੰ ਪੜ੍ਹ ਲਿਆ ਜਾਵੇ।
ਇਹ ਸਾਫ਼ ਨਹੀਂ ਕਿ ਮੋਹਨਦਾਸ ਪਾਈ ਨੇ ਇਹ ਕਿਉਂ ਸੋਚ ਲਿਆ ਕਿ ਨਡੇਲਾ ਨੇ ਇਸ ਕਾਨੂੰਨ ਦਾ ਅਧਿਐਨ ਨਹੀਂ ਕੀਤਾ ਹੋਵੇਗਾ।
CAA ਬਾਰੇ ਵਿਵਾਦ ਕੀ ਹੈ? ਜਾਣੋ ਇਸ ਵੀਡੀਓ 'ਚ
ਅਮਰੀਕੀ ਐਂਟਰਪ੍ਰਾਈਜਜ਼ ਇੰਸਟੀਚਿਉਟ ਨਾਲ ਜੁੜੇ ਇੱਕ ਭਾਰਤੀ ਮੂਲ ਦੇ ਲੇਖਕ, ਪੱਤਰਕਾਰ ਸਦਾਨੰਦ ਧੁਮੇ ਨੇ ਵੀ ਟਵੀਟ ਕੀਤਾ, "ਸੱਤਿਆ ਨਡੇਲਾ ਇਸ ਵਿਸ਼ੇ 'ਤੇ ਬੋਲੇ, ਇਸ ਨੇ ਮੈਨੂੰ ਹੈਰਾਨ ਕੀਤਾ ਪਰ ਮੈਂ ਇਸ ਬਾਰੇ ਹੈਰਾਨ ਨਹੀਂ ਹਾਂ ਕਿ ਉਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਹੈ। ਮਾਈਕਰੋਸੌਫਟ ਵਰਗੀ ਸਫ਼ਲ ਕੰਪਨੀ ਹਰ ਵਿਅਕਤੀ ਨੂੰ ਬਰਾਬਰ ਵੇਖਣ ਦੇ ਸਿਧਾਂਤ 'ਤੇ ਅਧਾਰਤ ਰਹੀ ਹੈ। "
ਐਨਡੀਟੀਵੀ ਦੇ ਪ੍ਰਮੋਟਰ ਪ੍ਰਣੋਇ ਰਾਏ ਨੇ ਵੀ ਟਵੀਟ ਕੀਤਾ, "ਜਦੋਂ ਕੋਈ ਮਹਾਨ ਭਾਰਤੀ ਬੋਲ ਰਿਹਾ ਹੈ ਤਾਂ ਸਾਨੂੰ ਸਾਰਿਆਂ ਨੂੰ ਸਾਵਧਾਨੀ ਨਾਲ ਸੁਣਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਸੱਤਿਆ ਨਡੇਲਾ 'ਤੇ ਮਾਣ ਹੈ।"
ਮਾਈਕਰੋਸੌਫਟ ਨੇ ਵੀ ਜਾਰੀ ਕੀਤਾ ਬਿਆਨ
ਸਮਿਥ ਵਲੋਂ ਨਡੇਲਾ ਦੇ ਬਿਆਨ ਨੂੰ ਟਵੀਟ ਕਰਨ ਤੋਂ ਥੋੜ੍ਹੀ ਦੇਰ ਬਾਅਦ ਮਾਈਕਰੋਸੌਫਟ ਨੇ ਨਡੇਲਾ ਤਰਫੋਂ ਇੱਕ ਬਿਆਨ ਜਾਰੀ ਕੀਤਾ। ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੇਸ਼ ਆਪਣੀ ਸੀਮਾਵਾਂ ਅਤੇ ਆਪਣੀ ਰਾਸ਼ਟਰੀ ਸੁਰੱਖਿਆ ਦੇ ਅਨੁਸਾਰ ਪਰਵਾਸੀ ਨੀਤੀ ਬਣਾਏ। “ਲੋਕ ਤੰਤਰ ਵਿੱਚ ਇਹ ਉਹ ਮਾਮਲਾ ਹੈ ਜਿਸ ਦਾ ਫੈਸਲਾ ਸਰਕਾਰ ਅਤੇ ਇਸ ਦੇ ਨਾਗਰਿਕਾਂ ਦਰਮਿਆਨ ਆਪਸੀ ਗੱਲਬਾਤ ਦੁਆਰਾ ਕੀਤਾ ਜਾਣਾ ਚਾਹੀਦਾ ਹੈ।”
ਆਪਣੇ ਬਿਆਨ ਵਿੱਚ ਉਨ੍ਹਾਂ ਨੇ ਕਿਹਾ, "ਭਾਰਤ ਲਈ ਮੇਰੀ ਉਮੀਦ ਹੈ ਕਿ ਬਾਹਰੋਂ ਆਇਆ ਕੋਈ ਸ਼ਖ਼ਸ ਸ਼ਾਨਦਾਰ ਸਟਾਰਟ-ਅਪ ਸ਼ੁਰੂ ਕਰੇਗਾ... ਇਸ ਨਾਲ ਭਾਰਤੀ ਸਮਾਜ ਅਤੇ ਆਰਥਿਕਤਾ ਨੂੰ ਲਾਭ ਹੋਵੇਗਾ।"
ਦੀਪਿਕਾ ਪਾਦੂਕੋਣ 'ਤੇ ਵੀ ਛਿੜਿਆ ਸੀ ਵਿਵਾਦ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣਜਦੋਂ ਜਵਾਹਰ ਲਾਲ ਯੂਨਿਵਰਸਿਟੀ ’ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਸਾਥ ਦੇਣ ਲਈ ਪੁੱਜੀ ਸੀ ਤਾਂ ਵਿਵਾਦਾਂ 'ਚ ਘਿਰ ਗਈ ਸੀ।
ਟਵਿੱਟਰ 'ਤੇ ਦੀਪਿਕਾ ਪਾਦੂਕੌਣ ਦੀ ਫਿਲਮ 'ਛਪਾਕ' ਦਾ ਬਾਈਕਾਟ ਕਰਨ ਦੀ ਮੁਹਿੰਮ ਛਿੜ ਗਈ ਸੀ ਤੇ ਦੂਜੇ ਪਾਸੇ ਦੀਪਿਕਾ ਦੀ ਖੂਬ ਸ਼ਲਾਘਾ ਵੀ ਹੋ ਰਹੀ ਸੀ।
ਵੇਖਣਾ ਦਿਲਚਸਪ ਰਹੇਗਾ ਕਿ ਮਾਈਕਰੋਸੌਫਟ ਕੰਪਨੀ ਦੇ ਸੀਈਓ ਸੱਤਿਆ ਨਡੇਲਾ ਦਾ ਇਹ ਬਿਆਨ ਉਨ੍ਹਾਂ ਨੂੰ ਕਿਹੜੇ ਵਿਵਾਦਾਂ 'ਚ ਘੇਰਦਾ ਹਾਂ ਅਤੇ ਕੌਣ ਨਡੇਲਾ ਦੇ ਸਮਰਥਨ 'ਚ ਖੜ੍ਹੇ ਹੋਣਗੇ।
ਦੱਸ ਦੇਇਏ ਕਿ ਮਾਈਕਰੋਸੌਫਟ ਕਾਰਪੋਰੇਸ਼ਨ ਇੱਕ ਅਮਰੀਕੀ ਮਲਟੀਨੇਸ਼ਨਲ ਕੰਪਨੀ ਹੈ। ਇਸ ਦਾ ਹੈੱਡਕੁਆਟਰ ਵਾਸ਼ਿੰਗਟਨ ਦੇ ਰੈੱਡਮੰਡ 'ਚ ਹੈ। ਇਹ ਕੰਪਨੀ ਕੰਪਿਉਟਰ ਸੌਫਟਵੇਅਰ, ਕਨਜ਼ਿਉਮਰ ਇਲੇਕਟ੍ਰੋਨਿਕਸ, ਪਰਸਨਲ ਕੰਪਿਉਟਰ ਆਦਿ ਬਨਾਉਂਦੀ ਹੈ।
ਬਚਪਨ ਦੇ ਦੇ ਦੋਸਤਾਂ ਬਿਲ ਗੇਟਸ ਅਤੇ ਪੌਲ ਐਲਨ ਨੇ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ।
ਭਾਰਤੀ ਮੂਲ ਦੇ ਸੱਤਿਆ ਨਡੇਲਾ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ।