ਮਹਿੰਗਾਈ ਵਧਦੀ ਜਾਪਦੀ ਹੈ? ਹੁਣ ਤਾਂ ਸਰਕਾਰ ਦੇ ਅੰਕੜੇ ਵੀ ਇਹੀ ਕਹਿੰਦੇ ਹਨ – 5 ਅਹਿਮ ਖ਼ਬਰਾਂ

ਭਾਰਤ 'ਚ ਮਹਿੰਗਾਈ ਦੇ ਨਵੇਂ ਅੰਕੜੇ ਸਾਹਮਣੇ ਆਏ ਹਨ ਜੋ ਭਾਰਤ ਦੀ ਅਰਥ ਵਿਵਸਥਾ ਦੀਆਂ ਨੀਤੀਆਂ 'ਤੇ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ।

ਦਸੰਬਰ 2019 ਵਿੱਚ ਰੀਟੇਲ ਮਹਿੰਗਾਈ ਦਰ ਤੇਜ਼ੀ ਨਾਲ 7.35% ਤੇ ਪਹੁੰਚ ਗਈ। ਖ਼ਬਰ ਏਜੰਸੀ ਪੀਟੀਆਈ ਮੁਤਾਬ਼ਕ ਅਨਾਜ ਦੀਆਂ ਕੀਮਤਾਂ 'ਚ ਸਭ ਤੋਂ ਜ਼ਿਆਦਾ ਵਾਧਾ ਵੇਖਣ ਨੂੰ ਮਿਲਿਆ ਹੈ। ਇਹ ਸਰਕਾਰੀ ਅੰਕੜੇ ਸੋਮਵਾਰ ਨੂੰ ਸਾਹਮਣੇ ਆਏ ਅਤੇ ਰਿਪੋਰਟਾਂ ਮੁਤਾਬਕ ਮਹਿੰਗਾਈ ਦਾ ਇਹ ਅੰਕੜਾ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਉੱਚਾ ਹੈ।

ਉਪਭੋਗਤਾ ਮੁੱਲ ਸੂਚਕਾਂਕ (ਸੀਪੀਆਈ) 'ਤੇ ਅਧਾਰਤ ਰੀਟੇਲ ਮਹਿੰਗਾਈ ਦਸੰਬਰ 2018 ਵਿੱਚ 2.11% ਅਤੇ ਨਵੰਬਰ 2019 ਵਿੱਚ 5.54% ਪ੍ਰਤੀਸ਼ਤ ਸੀ, ਜੋ ਹੁਣ ਵੱਧ ਕੇ 7.35% ਹੋ ਗਈ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਅਨਾਜ ਦੀਆਂ ਕੀਮਤਾਂ 'ਚ ਮਹਿੰਗਾਈ ਦਸੰਬਰ ਵਿੱਚ 14.12% ਹੋ ਗਈ ਹੈ ਜੋ ਕਿ ਸਾਲ 2018 ਵਿੱਚ (-) 2.65% ਸੀ। ਨਵੰਬਰ 2019 ਵਿੱਚ ਇਹ 10.01% ਸੀ।

ਕੇਂਦਰ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਮਹਿੰਗਾਈ 4 ਪ੍ਰਤੀਸ਼ਤ ਦੇ ਦਾਇਰੇ ਵਿੱਚ ਰੱਖਣ ਲਈ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ

ਕਸ਼ਮੀਰ ਪੁਲਿਸ ਦੇ ਡੀਐੱਸਪੀ ਦਾ ਅਫ਼ਜ਼ਲ ਗੁਰੂ ਅਤੇ ਅੱਤਵਾਦੀਆਂ ਨਾਲ ਕੀ ਹੈ ਕਨੈਕਸ਼ਨ?

ਕਸ਼ਮੀਰ ਪੁਲਿਸ ਦੇ ਅਫ਼ਸਰ ਦਵਿੰਦਰ ਸਿੰਘ ਰੈਨਾ 'ਤੇ ਅੱਤਵਾਦੀਆਂ ਦੀ ਮਦਦ ਕਰਨ ਦਾ ਇਲਜ਼ਾਮ ਲੱਗਿਆ ਹੈ ਅਤੇ ਫਿਲਹਾਲ ਉਹ ਪੁਲਿਸ ਹਿਰਾਸਤ ਵਿੱਚ ਹਨ।

57 ਸਾਲ ਦੇ ਦਵਿੰਦਰ ਸਿੰਘ 1990 ਦੇ ਦਹਾਕੇ ਵਿੱਚ ਕਸ਼ਮੀਰ ਘਾਟੀ ਵਿੱਚ ਅੱਤਵਾਦੀਆਂ ਦੇ ਖ਼ਿਲਾਫ਼ ਚਲਾਏ ਗਏ ਅਭਿਆਨ ਦੇ ਦੌਰਾਨ ਮੁੱਖ ਪੁਲਿਸ ਵਾਲਿਆਂ ਵਿੱਚੋਂ ਇੱਕ ਸਨ।

ਦਵਿੰਦਰ ਸਿੰਘ ਭਾਰਤ-ਸ਼ਾਸਿਤ ਕਸ਼ਮੀਰ ਦੇ ਤ੍ਰਾਲ ਇਲਾਕੇ ਦੇ ਰਹਿਣ ਵਾਲੇ ਹਨ।

ਡੀਐਸਪੀ ਦਵਿੰਦਰ ਸਿੰਘ ਦੇ ਕਈ ਸਾਥੀ ਪੁਲਿਸ ਵਾਲਿਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਗੈਰ-ਕਾਨੂੰਨੀ ਗਤੀਵਿਧੀਆਂ (ਜਿਵੇਂ ਕਿ ਬੇਕਸੂਰ ਲੋਕਾਂ ਨੂੰ ਗਿਰਫ਼ਤਾਰ ਕਰਨਾ, ਮੋਟੀ ਰਕਮ ਲੈ ਕੇ ਰਿਹਾਅ ਕਰਨਾ) ਵਿੱਚ ਸ਼ਾਮਿਲ ਸੀ ਪਰ ਹਰ ਵਾਰ ਉਹ ਨਾਟਕੀ ਢੰਗ ਨਾਲ ਇਨ੍ਹਾਂ ਇਲਜ਼ਾਮਾਂ ਤੋਂ ਬਰੀ ਹੋ ਜਾਂਦਾ ਸੀ।

ਜਾਮੀਆ ਯੂਨੀਵਰਸਿਟੀ ਦੀ ਵੀਸੀ ਨਾਲ ਵਿਦਿਆਰਥੀ ਅੱਧੇ ਘੰਟੇ ਤੱਕ ਕਰਦੇ ਰਹੇ ਸਵਾਲ-ਜਵਾਬ

ਦਿੱਲੀ ਦੀ ਜਾਮੀਆ ਮੀਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀ 15 ਦਸੰਬਰ ਨੂੰ ਜਾਮੀਆ ਕੈਂਪਸ 'ਚ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਐੱਫਆਈਆਰ ਦਰਜ ਕਰਵਾਉਣ ਦੀ ਮੰਗ ਕਰ ਰਹੇ ਸਨ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਦੇ ਖ਼ਿਲਾਫ਼ ਐੱਫਆਈਆਰ ਦਰਜ ਨਹੀਂ ਹੁੰਦੀ ਉਹ ਪ੍ਰੀਖਿਆ ਦਾ ਬਾਈਕਾਟ ਕਰਨਗੇ।

ਮੁਜ਼ਾਹਰਿਆਂ ਨੂੰ ਦੇਖਦੇ ਹੋਏ ਜਾਮੀਆ ਦੀ ਵਾਈਸ ਚਾਂਸਲਰ ਨਜ਼ਮਾ ਅਖ਼ਤਰ ਸਾਹਮਣੇ ਆਈ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤਾ।

ਜਨਵਰੀ ਮਹੀਨੇ ਹੋਰ ਮੀਂਹ ਦੀ ਸੰਭਾਵਨਾ, ਪੰਜਾਬ 'ਚ ਹੋਈ ਰਿਕਾਰਡਤੋੜ ਬਾਰਿਸ਼

ਪੰਜਾਬ ਵਿੱਚ ਭਾਰੀ ਬਾਰਿਸ਼ ਦਾ ਸਿਲਸਿਲਾ ਪੂਰੇ ਮਹੀਨੇ ਚੱਲੇਗਾ। ਇਸ ਮਹੀਨੇ ਪੰਜਾਬ ਵਿੱਚ ਹੋਈ ਬਾਰਿਸ਼ ਨੇ ਪਿਛਲੇ ਸੱਤ ਸਾਲਾਂ ਦਾ ਰਿਕਾਰਡ ਤੋੜਿਆ ਹੈ।

'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਦੇ ਜ਼ਿਆਦਾਤਰ ਹਿੱਸੇ 'ਚ ਲਗਾਤਾਰ ਵਰ੍ਹ ਰਿਹਾ ਮੀਂਹ ਸਰਦ ਰੁੱਤ ਦੀ ਝੜੀ ਹੈ। 16, 17 ਅਤੇ 18 ਜਨਵਰੀ ਨੂੰ ਪੰਜਾਬ ਦੇ ਕੁਝ ਹਿੱਸਿਆ 'ਚ ਮੁੜ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਵੀ ਬਰਫ਼ਬਾਰੀ ਜਾਰੀ ਹੈ ਅਤੇ ਕੁਝ ਇਲਾਕਿਆਂ 'ਚ ਹਲਕਾ ਮੀਂਹ ਵੀ ਵਰ੍ਹ ਰਿਹਾ ਹੈ।

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਮਿਲੀ ਫਾਂਸੀ ਦੀ ਸਜ਼ਾ ਹੋਈ ਰੱਦ

ਲਾਹੌਰ ਹਾਈ ਕੋਰਟ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ (ਰਿਟਾ.) ਪਰਵੇਜ਼ ਮੁਸ਼ੱਰਫ ਖ਼ਿਲਾਫ਼ ਫ਼ੈਸਲਾ ਦੇਣ ਵਾਲੀ ਵਿਸ਼ੇਸ਼ ਅਦਾਲਤ ਗ਼ੈਰ-ਸੰਵਿਧਾਨਕ ਸੀ। ਇਸ ਤਰ੍ਹਾਂ ਜੋ ਫ਼ੈਸਲਾ ਸੁਣਾਇਆ ਗਿਆ ਹੈ ਉਸ ਦਾ ਹੁਣ ਕੋਈ ਮਤਲਬ ਨਹੀਂ ਹੈ।

ਪਰਵੇਜ਼ ਮੁਸ਼ਰੱਫ਼ ਨੂੰ ਐਮਰਜੈਂਸੀ ਲਗਾਉਣ ਲਈ ਫਾਂਸੀ ਦੀ ਸਜ਼ਾ ਦਾ ਐਲਾਨ ਹੋਇਆ ਸੀ। ਫ਼ਿਲਹਾਲ ਮੁਸ਼ਰੱਫ਼ ਦੁਬਈ ਵਿੱਚ ਜ਼ੇਰੇ ਇਲਾਜ਼ ਹਨ।

ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮੁਲਕ ਦੇ ਸਾਬਕਾ ਫ਼ੌਜ ਮੁਖੀ ਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਦੇਸਧ੍ਰੋਹ ਤੇ ਸੰਵਿਧਾਨਕ ਉਲੰਘਣਾ ਦੇ ਮਾਮਲੇ ਵਿਚ ਦਸੰਬਰ 2019 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ।

2013 ਵਿਚ ਨਵਾਜ਼ ਸਰੀਫ਼ ਦੀ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਐੱਨ ਨੇ ਮੁਸ਼ੱਰਫ਼ ਉੱਤੇ 2007 ’ਚ ਮਾਮਲਾ ਦਾਇਰ ਕਰਵਾਇਆ ਸੀ।

ਸਾਬਕਾ ਫੌਜੀ ਸਾਸ਼ਕ 2016 ਵਿਚ ਮੈਡੀਕਲ ਕਾਰਨਾਂ ਕਰਕੇ ਵਿਦੇਸ਼ ਚਲੇ ਗਏ ਸਨ। ਖ਼ਰਾਬ ਸਿਹਤ ਕਾਰਨ ਉਨ੍ਹਾਂ ਤੋਂ ਬਾਹਰ ਜਾਣ ਦੀ ਪਾਬੰਦੀ ਹਟਾਈ ਗਈ ਸੀ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)