ਦਿੱਲੀ ’ਚ ਠੰਢ ਦਾ 119 ਸਾਲਾਂ ਦਾ ਰਿਕਾਰਡ ਟੁੱਟਿਆ - 5 ਅਹਿਮ ਖ਼ਬਰਾਂ

ਦਿੱਲੀ ਵਿੱਚ ਠੰਢ ਨੇ 119 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੋਮਵਾਰ ਨੂੰ ਦਿੱਲੀ ਦੇ ਤਿੰਨੇ ਕੇਂਦਰਾਂ 'ਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 9.4 ਡਿਗਰੀ ਸੀ, ਜੋ ਕਿ 1901 ਤੋਂ ਬਾਅਦ ਸਭ ਤੋਂ ਘੱਟ ਹੈ।

ਵੱਧ ਤੋਂ ਵੱਧ ਤਾਪਮਾਨ ਸੋਮਵਾਰ ਦੁਪਹਿਰ 2:30 ਵਜੇ ਪਾਲਮ ਵਿੱਚ 9.0, ਆਯਾ ਨਗਰ ਵਿੱਚ 7.8, ਰਿਜ ਵਿੱਚ 8.4 ਅਤੇ ਲੋਧੀ ਰੋਡ ਵਿੱਚ 9.2 ਡਿਗਰੀ ਦਰਜ ਕੀਤਾ ਗਿਆ।

ਸੋਮਵਾਰ ਸਵੇਰੇ ਦਿੱਲੀ ਦਾ ਘੱਟੋ ਘੱਟ ਤਾਪਮਾਨ 2.6 ਡਿਗਰੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ

ਇਸ ਦੇ ਨਾਲ ਹੀ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ-ਐਨਸੀਆਰ, ਮੱਧ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ, ਉਤਰਾਖੰਡ, ਹਿਮਾਚਲ ਪ੍ਰਦੇਸ਼ ਵਿੱਚ ਸ਼ੀਤ ਲਹਿਰ ਚੱਲ ਰਹੀ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਠੰਢ ਕਾਰਨ ਜਲੰਧਰ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ। ਅੰਮ੍ਰਿਤਸਰ ਵਿੱਚ ਘੱਟੋ ਘਟ ਤਾਪਮਾਨ 1.2 ਡਿਗਰੀ, ਬਠਿੰਡਾ ਵਿੱਚ 3.8 ਡਿਗਰੀ ਤੇ ਪਠਾਨਕੋਟ ਵਿੱਚ 3.4 ਡਿਗਰੀ ਸੀ।

ਧੁੰਦ ਦੇ ਨਤੀਜੇ ਵਜੋਂ ਕਈ ਉਡਾਣਾਂ ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਮੁੜ ਗਈਆਂ ਅਤੇ ਕੁਝ ਰੱਦ ਕਰ ਦਿੱਤੀਆਂ ਗਈਆਂ। ਇੱਥੇ 530 ਉਡਾਣਾਂ ਵਿੱਚ ਦੇਰੀ ਹੋਈ।

CAA Protest : ਗੁਰੂ ਸਾਹਿਬ ਨੇ ਕਿਹਾ ਸੀ, ਸਭ ਰੱਬ ਦੇ ਬੰਦੇ -ਕੈਪਟਨ ਅਮਰਿੰਦਰ

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਦਾ ਲੁਧਿਆਣਾ 'ਚ ਵਿਰੋਧ-ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਪ੍ਰਦਰਸ਼ਨ ਦੀ ਅਗੁਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਲੁਧਿਆਣਾ ਦੇ ਦਰੇਸੀ ਗਰਾਉਂਡ 'ਚ ਇਹ ਰੈਲੀ ਹੋਈ।

ਇਸ ਦੇ ਨਾਲ ਹੀ ਦਿੱਲੀ ਵਿੱਚ ਵੀ ਕਾਂਗਰਸ ਨੇ ਇੰਡੀਆ ਗੇਟ 'ਤੇ ਪ੍ਰਦਰਸ਼ਨ ਕੀਤਾ।

ਪਿਆਰਾ ਸਿੰਘ ਭਨਿਆਰਾਂਵਾਲਾ: ਚਪੜਾਸੀ ਤੋਂ ਬਾਬਾ ਬਣਨ ਤੇ ਜੇਲ੍ਹ ਜਾਣ ਦੀ ਕਹਾਣੀ

ਵਿਵਾਦਤ ਧਾਰਮਿਕ ਆਗੂ ਤੇ ਆਪਣਾ ਪੰਥ ਚਲਾਉਣ ਵਾਲੇ ਪਿਆਰਾ ਸਿੰਘ ਭਨਿਆਰਾਂਵਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 61 ਸਾਲਾ ਦੇ ਸਨ।

ਪਿਆਰਾ ਸਿੰਘ ਭਨਿਆਰਾਂਵਾਲੇ ਦੇ ਪਰਿਵਾਰਕ ਸੂਤਰਾਂ ਮੁਤਾਬਕ ਸੋਮਵਾਰ ਸਵੇਰੇ ਉਸ ਨੂੰ ਛਾਤੀ ਵਿਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਇਲਾਜ ਲਈ ਉਸ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਿਆਰਾ ਸਿੰਘ ਦਾ ਜਨਮ 23 ਅਗਸਤ 1957 ਨੂੰ ਰੋਪੜ ਜਿਲ੍ਹੇ ਦੇ ਧੀਮਾਣਾ ਪਿੰਡ ਵਿਚ ਹੋਇਆ ਸੀ।

ਹੁਣ ਰਾਮ ਮੰਦਰ ਦੀ ਉਸਾਰੀ ਦੇ ਰਾਹ 'ਚ ਕੀ ਆ ਰਹੀ ਮੁਸ਼ਕਲ

ਕਾਨੂੰਨ ਦੀ ਜਿਸ ਲੰਬੀ ਲੜਾਈ ਤੋਂ ਬਾਅਦ ਰਾਮ ਮੰਦਿਰ ਦੀ ਉਸਾਰੀ ਦਾ ਰਸਤਾ ਬਣਿਆ, ਉਸ ਤੋਂ ਲਗਦਾ ਸੀ ਕਿ ਹੁਣ ਕੋਈ ਔਖ ਨਹੀਂ ਆਵੇਗੀ ਅਤੇ ਉਸਾਰੀ ਦਾ ਕਾਰਜ ਤੁਰੰਤ ਸ਼ੁਰੂ ਹੋ ਜਾਵੇਗਾ।

ਸੁਪਰੀਮ ਕੋਰਟ ਨੇ ਮੰਦਿਰ ਲਈ ਜਿਸ ਟਰੱਸਟ ਨੂੰ ਬਣਾਉਣ ਦੀ ਜ਼ਿੰਮੇਵਾਰੀ ਸਰਕਾਰ ਨੂੰ ਸੌਂਪੀ ਸੀ, ਉਹ ਅੱਧੇ ਤੋਂ ਜ਼ਿਆਦਾ ਸਮਾਂ ਨਿਕਲਣ ਦੇ ਬਾਵਜੂਦ ਵੀ ਅਜੇ ਵੀ ਨਾਵਾਂ ਨੂੰ ਆਖ਼ਰੀ ਰੂਪ ਦੇਣ ਦੀ ਲੜਾਈ 'ਚ ਫਸਿਆ ਹੋਇਆ ਹੈ।

ਸਰਕਾਰ ਲਈ ਇਹ ਕੰਮ ਸੌਖਾ ਨਹੀਂ ਹੈ ਕਿ ਟਰੱਸਟ ਦਾ ਪ੍ਰਧਾਨ ਕਿਸ ਨੂੰ ਬਣਾਵੇ, ਕਿਉਂਕਿ ਇੱਕ 'ਅਨਾਰ' ਲਈ 'ਸੌ ਦਾਅਵੇਦਾਰ' ਦੱਸੇ ਜਾ ਰਹੇ ਹਨ।

ਰਾਮ ਜਨਮ-ਭੂਮੀ ਵਿਵਾਦ 'ਤੇ 9 ਨਵੰਬਰ ਨੂੰ ਦਿੱਤੇ ਆਪਣੇ ਫ਼ੈਸਲੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਤਿੰਨ ਮਹੀਨਿਆਂ 'ਚ ਟਰੱਸਟ ਬਣਾਉਣ ਲਈ ਕਿਹਾ ਹੈ। ਇਸ ਟਰੱਸਟ ਦਾ ਕੰਮ ਮੰਦਿਰ ਦੀ ਉਸਾਰੀ ਅਤੇ ਉਸ ਤੋਂ ਬਾਅਦ ਮੰਦਿਰ ਦੀ ਦੇਖਭਾਲ ਹੋਵੇਗਾ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਬੇਸ਼ੱਕ ਹੀ ਨਿਰਮੋਹੀ ਅਖਾੜੇ ਨੂੰ ਬਾਹਰ ਕਰ ਦਿੱਤਾ ਸੀ ਪਰ ਉਸ ਨੇ ਇਸ ਟਰੱਸਟ ਵਿੱਚ ਨਿਰਮੋਹੀ ਅਖਾੜੇ ਨੂੰ ਰੱਖਣ ਦੇ ਨਿਰਦੇਸ਼ ਵੀ ਦਿੱਤੇ ਹਨ।

ਗਰੇਟਾ ਥਨਬਰਗ: ਮੌਸਮੀ ਤਬਦੀਲੀ ਬਾਰੇ ਲੱਖਾਂ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਕੁੜੀ ਦੇ ਪਿਤਾ ਦੀ ਕੀ ਹੈ ਚਿੰਤਾ

ਗਰੇਟਾ ਥਨਬਰਗ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਮੌਸਮੀ ਤਬਦੀਲੀ ਖ਼ਿਲਾਫ਼ ਆਪਣੀ ਧੀ ਨੂੰ 'ਅੱਗੇ ਲੈ ਕੇ ਆਉਣ ਦਾ' ਉਨ੍ਹਾਂ ਦਾ 'ਵਿਚਾਰ ਚੰਗਾ ਨਹੀਂ ਸੀ'।

ਵਾਤਾਵਰਨ ਬਾਰੇ ਜਾਗਰੂਕਤਾ ਫੈਲਾਉਣ ਵਾਲੀ 16 ਸਾਲਾ ਗਰੇਟਾ ਤੋਂ ਲੱਖਾਂ ਹੀ ਲੋਕ ਪ੍ਰੇਰਿਤ ਹੋਏ ਹਨ।

ਪਰ ਉਨ੍ਹਾਂ ਦੇ ਪਿਤਾ ਸਵੈਂਟੇ ਥਨਬਰਗ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਮੌਸਮੀ ਤਬਦੀਲੀ ਬਾਰੇ ਲੜਾਈ ਲੜਨ ਲਈ ਗਰੇਟਾ ਦੇ ਸਕੂਲ ਛੱਡਣ ਦੇ ਹੱਕ ਵਿੱਚ ਨਹੀਂ ਹਨ।

ਉਨ੍ਹਾਂ ਨੇ ਕਿਹਾ ਕਿ ਗਰੇਟਾ ਜਦੋਂ ਦੀ ਕਾਰਕੁਨ ਬਣੀ ਹੈ ਉਹ ਬੇਹੱਦ ਖੁਸ਼ ਹੈ ਪਰ ਉਹ ਗਰੇਟਾ ਨੂੰ ਮਿਲ ਰਹੀ 'ਨਫਰਤ' ਤੋਂ ਚਿੰਤਤ ਹਨ।

ਬ੍ਰੋਡਕਾਸਟਰ ਅਤੇ ਪ੍ਰਕ੍ਰਿਤੀਵਾਦੀ ਸਰ ਡੇਵਿਡ ਐਟਿਨਬਰੋ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਗਰੇਟਾ ਨੇ 'ਦੁਨੀਆਂ ਨੂੰ ਮੌਸਮੀ ਤਬਦੀਲੀਆਂ' ਬਾਰੇ ਜਗਾਇਆ ਹੈ।

ਉਨ੍ਹਾਂ ਨੇ ਗਰੇਟਾ ਨਾਲ ਸਕਾਈਪ 'ਤੇ ਗੱਲ ਕਰਦਿਆਂ ਕਿਹਾ ਕਿ ਉਹ, ਉਸ ਦੀਆਂ ਕਾਰਗੁਜਾਰੀਆਂ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ, "ਉਸ ਨੇ ਉਹ ਸਾਰੀਆਂ ਚੀਜ਼ਾਂ ਹਾਸਿਲ ਕਰ ਲਈਆਂ ਹਨ, ਜੋ ਸਾਡੇ 'ਚੋਂ ਕਈ ਲੋਕ ਮੁੱਦਿਆਂ 'ਤੇ 20 ਸਾਲਾਂ ਤੋਂ ਕੰਮ ਕਰਕੇ ਵੀ ਹਾਸਿਲ ਨਹੀਂ ਕਰ ਸਕੇ।"

ਇਹ ਵੀ ਪੜ੍ਹੋ

ਇਹ ਵੀ ਦੋਖੋਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)