ਭਾਜਪਾ ਨੇ ਪ੍ਰਗਿਆ ਠਾਕੁਰ ਨੂੰ ਰੱਖਿਆ ਸਲਾਹਾਕਾਰ ਕਮੇਟੀ ਚੋਂ ਕੱਢਣ ਦਾ ਫੈਸਲਾ ਲਿਆ

ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਪ੍ਰਗਿਆ ਠਾਕੁਰ ਨੇ ਸੰਸਦ ਵਿਚ ਨੱਥੂ ਰਾਮ ਗੋਡਸੇ ਨੂੰ ਦੇਸ ਭਗਤ ਕਿਹਾ ਹੈ। ਉਨ੍ਹਾਂ ਇਹ ਬਿਆਨ ਲੋਕ ਸਭਾ ਵਿਚ ਇੱਕ ਬਹਿਸ ਦੌਰਾਨ ਦਿੱਤਾ।

ਉਨ੍ਹਾਂ ਦੇ ਬਿਆਨ ਦੇਣ ਦੇ ਇੱਕ ਦਨ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਰੱਖਿਆ ਮੰਤਰਾਲੇ ਦੀ 21 ਮੈਂਬਰੀ ਸੰਸਦ ਸਲਾਹਕਾਰ ਕਮੇਟੀ ਵਿੱਚੋਂ ਕੱਢਣ ਦਾ ਫੈਸਲਾ ਲਿਆ ਹੈ।

ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਗਿਆ ਠਾਕੁਰ ਦਾ ਬਿਆਨ ਨਿੰਦਾ ਕਰਨ ਯੋਗ ਹੈ।

ਉਨ੍ਹਾਂ ਨੇ ਕਿਹਾ, "ਭਾਜਪਾ ਇਸ ਤਰ੍ਹਾਂ ਦੇ ਬਿਆਨਾਂ ਦਾ ਸਮਰਥਨ ਨਹੀਂ ਕਰਦੀ। ਅਸੀਂ ਉਨ੍ਹਾਂ ਨੂੰ ਰੱਖਿਆ ਸਲਾਹਾਕਾਰ ਕਮੇਟੀ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਹੈ।"

ਕੀ ਹੈ ਮਾਮਲਾ?

ਲੋਕ ਸਭਾ ਵਿਚ ਐੱਸਪੀਜੀ ਸੋਧ ਬਿੱਲ ਉੱਤੇ ਡੀਐੱਮਕੇ ਸੰਸਦ ਏ ਰਾਜਾ ਆਪਣੀ ਰਾਏ ਰੱਖ ਰਹੇ ਸਨ। ਇਸ ਦੌਰਾਨ ਏ ਰਾਜਾ ਨੇ ਬੋਲਦਿਆਂ ਗੌਡਸੇ ਦੇ ਇੱਕ ਬਿਆਨ ਦਾ ਹਵਾਲਾ ਦਿੱਤਾ ਕਿ ਗੋਡਸੇ ਨੇ ਕਿਹਾ ਸੀ ਕਿ ਉਸ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ।

ਏ ਰਾਜਾ ਨੂੰ ਵਿਚੇ ਟੋਕਦਿਆਂ ਪ੍ਰਗਿਆ ਠਾਕੁਰ ਨੇ ਕਿਹਾ, 'ਤੁਸੀਂ ਇੱਕ ਦੇਸ ਭਗਤ ਦੀ ਮਿਸਾਲ ਨਹੀਂ ਦੇ ਸਕਦੇ'।ਉਸ ਦੇ ਇਸ ਬਿਆਨ ਤੋਂ ਬਾਅਦ ਸਦਨ ਵਿਚ ਹੰਗਾਮਾ ਮੱਚ ਗਿਆ, ਭਾਵੇਂ ਕਿ ਪ੍ਰਗਿਆ ਠਾਕੁਰ ਦੇ ਸ਼ਬਦਾਂ ਨੂੰ ਸਦਨ ਦੀ ਕਾਰਵਾਈ ਵਿਚੋਂ ਹਟਾ ਦਿੱਤਾ ਗਿਆ।

ਇਹ ਵੀ ਪੜ੍ਹੋ:

ਇਸੇ ਦੌਰਾਨ ਭਾਜਪਾ ਦੇ ਬੁਲਾਰੇ ਜੀਲੀਐਸ ਨਰਸਿੰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ। ਪਰ ਜਦੋਂ ਸਦਨ ਤੋਂ ਬਾਹਰ ਮੀਡੀਆ ਨੇ ਪ੍ਰਗਿਆ ਨੂੰ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕੱਲ ਜਵਾਬ ਦੇਵੇਗੀ।

ਸਾਧਵੀ ਪ੍ਰਗਿਆ ਸਿੰਘ ਠਾਕੁਰ ਭਾਜਪਾ ਦੀ ਭੋਪਾਲ ਤੋਂ ਲੋਕ ਸਭਾ ਮੈਂਬਰ ਹੈ। ਉਨ੍ਹਾਂ ਨੇ ਆਪਣੇ ਪ੍ਰਚਾਰ ਦੌਰਾਨ ਵਿਵਾਦਿਤ ਬਿਆਨ ਵਿੱਚ ਕਿਹਾ ਸੀ, "ਨੱਥੂ ਰਾਮ ਦੇਸ ਭਗਤ ਸੀ, ਦੇਸ ਭਗਤ ਹਨ ਅਤੇ ਦੇਸ ਭਗਤ ਰਹਿਣਗੇ।"

ਮੋਦੀ ਨੇ ਕੀ ਪ੍ਰਤੀਕਿਰਿਆ ਦਿੱਤੀ ਸੀ

ਇਸ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਗ ਮੋਦੀ ਨੇ ਕਿਹਾ ਸੀ, "ਮੈਂ ਸਾਧਵੀ ਪ੍ਰਗਿਆ ਨੂੰ ਦਿਲੋਂ ਮਾਫ਼ ਨਹੀਂ ਕਰ ਸਕਾਂਗਾ"

ਪ੍ਰਧਾਨ ਮੰਤਰੀ ਨੇ ਇਹ ਬਿਆਨ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦਿੱਤਾ ਸੀ। ਪਰ ਹੁਣ ਇੱਕ ਵਾਰ ਫਿਰ ਗੋਡਸੇ ਦਾ ਗੁਣਗਾਣ ਕਰਕੇ ਪ੍ਰਗਿਆ ਨੇ ਭਾਜਪਾ ਲਈ ਨਮੋਸ਼ੀ ਪੈਦਾ ਕਰ ਦਿੱਤੀ ਹੈ।

ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਸੀ, "ਤੁਸੀਂ ਹਮੇਸ਼ਾ ਗਾਂਧੀ ਦੀ ਗੱਲ ਕਰਦੇ ਹੋ, ਤੁਸੀਂ ਹਮੇਸ਼ਾ ਗਾਂਧੀ ਦੀ ਵਿਚਾਰਧਾਰਾ ਦੀ ਗੱਲ ਨਾਲ ਅੱਗੇ ਵਧਦੇ ਹੋ ਪਰ ਸਾਧਵੀ ਪ੍ਰਗਿਆ ਨੇ ਜਿਸ ਤਰ੍ਹਾਂ ਦਾ ਬਿਆਨ ਦਿੱਤਾ, ਗੋਡਸੇ ਬਾਰੇ, ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਮਾਫ਼ੀ ਮੰਗ ਲਈ, ਪਾਰਟੀ ਵੱਲੋਂ ਅਨੁਸ਼ਾਸ਼ਨੀ ਕਾਰਵਾਈ ਦੀ ਗੱਲ ਚੱਲ ਰਹੀ ਹੈ। ਕੀ ਤੁਹਾਨੂੰ ਲਗਦਾ ਹੈ ਕਿ ਅਜਿਹੇ ਉਮੀਦਵਾਰ ਖੜ੍ਹੇ ਕਰਨਾ ਜਾਂ ਫਿਰ ਉਨ੍ਹਾਂ ਵੱਲੋਂ ਅਜਿਹੀਆਂ ਗੱਲਾਂ ਕਰਨਾ ਸਹੀ ਸੀ?"

ਇਸ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,"ਗਾਂਧੀ ਜੀ ਜਾਂ ਗੋਡਸੇ ਬਾਰੇ ਜੋ ਵੀ ਗੱਲਾਂ ਕਹੀਆਂ ਗਈਆਂ ਹਨ, ਇਹ ਕਾਫ਼ੀ ਗ਼ਲਤ ਹਨ। ਹਰ ਤਰ੍ਹਾਂ ਨਫ਼ਰਤ ਯੋਗ ਹੈ।"

"ਆਲੋਚਨਾ ਦੇ ਲਾਇਕ ਹੈ। ਸਮਾਜ ਵਿੱਚ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਚਲਦੀ, ਇਸ ਪ੍ਰਕਾਰ ਦੀ ਸੋਚ ਨਹੀਂ ਚਲਦੀ।"

"ਇਸ ਲਈ ਅਜਿਹਾ ਕਰਨ ਵਾਲਿਆਂ ਨੂੰ ਸੌ ਵਾਰ ਅੱਗੇ ਸੋਚਣਾ ਪਵੇਗਾ। ਦੂਸਰਾ, ਉਨ੍ਹਾਂ ਨੇ ਮਾਫ਼ੀ ਮੰਗ ਲਈ, ਵੱਖਰੀ ਗੱਲ ਹੈ ਪਰ ਮੈਂ ਆਪਣੇ ਮਨੋਂ ਮਾਫ਼ ਨਹੀਂ ਕਰ ਸਕਾਂਗਾ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)