ਆਖ਼ਰ ਕਿਵੇਂ ਬੋਲੀਆਂ ਧਰਮਾਂ ਨਾਲ ਬੱਝ ਗਈਆਂ

    • ਲੇਖਕ, ਅਵਿਅਕਤ
    • ਰੋਲ, ਬੀਬੀਸੀ ਲਈ

ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਇੱਕ ਸੰਸਕ੍ਰਿਤ ਅਧਿਆਪਕ ਦੀ ਨਿਯੁਕਤੀ 'ਤੇ ਵਿਰੋਧ ਪ੍ਰਦਰਸ਼ਨ ਦੀਆਂ ਖ਼ਬਰਾਂ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਹ ਵਿਰੋਧ ਅਧਿਆਪਕ ਦੇ ਮੁਸਲਮਾਨ ਹੋਣ ਕਾਰਨ ਹੋ ਰਿਹਾ ਹੈ।

ਡਾ. ਫ਼ਿਰੋਜ਼ ਨਾਂ ਦੇ ਇਸ ਸੰਸਕ੍ਰਿਤ ਵਿਦਵਾਨ ਨੇ ਬਚਪਨ ਤੋਂ ਆਪਣੇ ਦਾਦਾ ਗ਼ਫੂਰ ਖ਼ਾਨ ਅਤੇ ਆਪਣੇ ਪਿਤਾ ਰਮਜ਼ਾਨ ਖ਼ਾਨ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸੰਸਕ੍ਰਿਤ ਪੜ੍ਹੀ।

ਕਿਸੇ ਅਖ਼ਬਾਰ ਨਾਲ ਗੱਲ ਕਰਦਿਆਂ ਫ਼ਿਰੋਜ਼ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਦਾਦਾ ਸੰਸਕ੍ਰਿਤ ਵਿੱਚ ਭਜਨ ਗਾਉਂਦੇ ਸਨ ਤਾਂ ਸੈਂਕੜਿਆਂ ਦੀ ਭੀੜ ਇਕੱਠੀ ਮੰਤਰ ਮੁਗਧ ਹੋ ਕੇ ਝੂਮਣ ਲੱਗਦੀ ਸੀ।

ਫ਼ਿਰੋਜ਼ ਦੇ ਪਿਤਾ ਅਕਸਰ ਜੈਪੂਰ ਦੇ ਬਗਰੂ ਪਿੰਡ ਦੀ ਗਊਸ਼ਾਲਾ ਵਿੱਚ ਕਥਾ ਕਰਦੇ ਸਨ। ਜੈਪੁਰ ਦੇ ਰਾਸ਼ਟਰੀ ਸੰਸਕ੍ਰਿਤ ਸੰਸਥਾਨ ਵਿੱਚ ਆਉਣ ਤੋਂ ਪਹਿਲਾਂ ਫ਼ਿਰੋਜ਼ ਨੇ ਬਗਰੂ ਵਿੱਚ ਸਮਜਿਦ ਦੇ ਬਿਲਕਿਲ ਨਾਲ ਬਣੇ ਇੱਕ ਸੰਸਕ੍ਰਿਤ ਸਕੂਲ ਵਿੱਚ ਪੜ੍ਹਾਈ ਕੀਤੀ ਸੀ।

ਉਸ ਸਕੂਲ ਵਿੱਚ ਅੱਜ ਵੀ ਕਈ ਮੁਸਲਮਾਨ ਵਿਦਿਆਰਥੀ ਪੜ੍ਹਦੇ ਹਨ। ਭਾਰਤ ਦੀ ਮਿਲੀ-ਜੁਲੀ ਸੰਸਕ੍ਰਿਤੀ ਅਜਿਹੀਆਂ ਹੀ ਮਿਸਾਲਾਂ ਨਾਲ ਰੌਸ਼ਨ ਹੁੰਦੀ ਹੈ।

ਇਹ ਵੀ ਪੜ੍ਹੋ:

ਭਾਸ਼ਾ ਉਂਜ ਵੀ ਕਿਸੇ ਧਾਰਮਿਕ ਪੰਥ ਜਾਂ ਸੰਪਰਦਾਇ ਤੋਂ ਪਹਿਲਾਂ ਹੋਂਦ ਵਿੱਚ ਆਈ ਹੋਈ ਚੀਜ਼ ਹੈ, ਹਾਲਾਂਕਿ ਇਹ ਵੀ ਸੱਚਾਈ ਹੈ ਕਿ ਸਮੇਂ ਦੇ ਨਾਲ-ਨਾਲ ਕਈ ਭਾਸ਼ਾਵਾਂ ਸਮੁਦਾਏ ਵਿਸ਼ੇਸ਼ ਦੀ ਪਛਾਣ ਬਣ ਗਈਆਂ।

ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਵੱਖੋ-ਵੱਖ ਧਰਮਾਂ ਦਾ ਵਿਕਾਸ ਜਿਸ ਖੇਤਰ ਵਿਸ਼ੇਸ਼ ਵਿੱਚ ਹੋਇਆ ਅਤੇ ਇਨ੍ਹਾਂ ਧਰਮਾਂ ਦੇ ਪ੍ਰਚਾਰਕ ਜਾਂ ਪੂਜਨੀਕ ਲੋਕ ਜਿਸ ਭਾਸ਼ਾ ਦਾ ਪ੍ਰਯੋਗ ਕਰਦੇ ਸਨ, ਉਸੇ ਭਾਸ਼ਾ ਵਿੱਚ ਇਨ੍ਹਾਂ ਦੇ ਧਰਮ ਗ੍ਰੰਥ ਰਚੇ ਜਾਂਦੇ ਗਏ ਅਤੇ ਉਹ ਭਾਸ਼ਾਵਾਂ ਇਨ੍ਹਾਂ ਭਾਈਚਾਰਿਆਂ ਦੀ ਸੰਸਕ੍ਰਿਤੀ ਦੀ ਪਛਾਣ ਦਾ ਪ੍ਰਮੁੱਖ ਤੱਤ ਬਣ ਗਈਆਂ।

ਸਮੁਦਾਏ ਦੀ ਭਾਸ਼ਾ

ਇਸ ਲਈ ਅਰਬੀ-ਫ਼ਾਰਸੀ ਨੂੰ ਇਸਲਾਮ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਪਾਲੀ ਅਤੇ ਪ੍ਰਾਕ੍ਰਿਤ ਭਾਸ਼ਾਵਾਂ ਬੋਧੀ ਅਤੇ ਜੈਨ ਧਰਮ ਦੀਆਂ ਪਛਾਣ ਬਣ ਗਈਆਂ ਅਤੇ ਗੁਰਮੁਖੀ ਵਿੱਚ ਲਿਖੀ ਜਾਣ ਵਾਲੀ ਪੰਜਾਬੀ ਨੂੰ ਸਿੱਖ ਭਾਈਚਾਰੇ ਨਾਲ ਜੁੜਿਆ ਹੋਇਆ ਮੰਨ ਲਿਆ ਗਿਆ, ਪਰ ਇਸਦਾ ਦੋਸ਼ ਨਾ ਤਾਂ ਇਨ੍ਹਾਂ ਭਾਸ਼ਾਵਾਂ ਨੂੰ ਜਾਂਦਾ ਹੈ ਅਤੇ ਨਾ ਹੀ ਸਾਡੇ ਪੂਰਵਜਾਂ ਨੂੰ।

ਇਹ ਤਾਂ ਉਨ੍ਹਾਂ ਦੇ ਨਾਂ 'ਤੇ ਪੰਥ ਚਲਾਉਣ ਵਾਲਿਆਂ ਅਤੇ ਉਸਨੂੰ ਇੱਕ ਭਾਸ਼ਾ ਨਾਲ ਜੋੜਨ ਵਾਲੀ ਬਾਅਦ ਦੀ ਪੀੜ੍ਹੀ ਦੇ ਅਨੁਆਈਆਂ ਦਾ ਦੋਸ਼ ਹੀ ਕਿਹਾ ਜਾ ਸਕਦਾ ਹੈ।

ਜਿੱਥੋਂ ਤੱਕ ਭਾਰਤ ਵਿੱਚ ਭਾਸ਼ਾਵਾਂ ਦੇ ਵਿਕਾਸ ਦੀ ਗੱਲ ਹੈ ਤਾਂ ਅੱਜ ਅਸੀਂ ਜਿਸ ਹਿੰਦੀ ਵਿੱਚ ਗੱਲ ਕਰਦੇ ਹਾਂ, ਉਸਦਾ ਵਿਕਾਸ ਜਿਸ ਖੜੀ ਬੋਲੀ ਤੋਂ ਹੋਇਆ ਹੈ, ਉਸ ਵਿੱਚ ਸੰਸਕ੍ਰਿਤ ਦੇ ਨਾਲ-ਨਾਲ ਅਰਬੀ-ਫ਼ਾਰਸੀ ਦਾ ਵੀ ਯੋਗਦਾਨ ਰਿਹਾ ਹੈ।

ਮੁਸਲਮਾਨ ਸ਼ਾਸਕਾਂ ਨੂੰ ਲੈ ਕੇ ਅਮੀਰ ਖੁਸਰੋ, ਸੂਫ਼ੀ ਕਵੀਆਂ ਅਤੇ ਭਗਤੀਕਾਲ ਦੇ ਸੰਤ-ਕਵੀਆਂ ਨੇ ਵੀ ਧਾਰਮਿਕ ਆਧਾਰ 'ਤੇ ਇਸ ਭਾਸ਼ਾ-ਭੇਦ ਨੂੰ ਕਦੇ ਸਵੀਕਾਰ ਨਹੀਂ ਕੀਤਾ।

ਕੁਝ ਅਪਵਾਦ ਜ਼ਰੂਰ ਹੋ ਸਕਦੇ ਹਨ, ਪਰ ਪਹਿਲਾਂ ਸਾਰਿਆਂ ਨੇ ਖੁੱਲ੍ਹ ਕੇ ਸਾਰੀਆਂ ਭਾਸ਼ਾਵਾਂ ਨੂੰ ਸਿੱਖਿਆ ਅਤੇ ਅਪਣਾਇਆ। ਧਰਮ ਗ੍ਰੰਥਾਂ ਦੇ ਅਨੁਵਾਦ ਵੀ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਹੋਏ।

ਆਪਣੀ ਪ੍ਰਸਿੱਧ ਪੁਸਤਕ 'ਸਭਿਆਚਾਰ ਦੇ ਚਾਰ ਅਧਿਆਏ' ਵਿੱਚ ਰਾਮਧਾਰੀ ਸਿੰਘ 'ਦਿਨਕਰ' ਨੇ ਅਰਬੀ ਭਾਸ਼ਾ ਦੇ ਤਾਜਕ ਸ਼ਾਸਤਰਾਂ ਵਿੱਚ ਵਰਣਨ ਸ਼ਲੋਕਾਂ ਦੇ ਕੁਝ ਦਿਲਚਸਪ ਨਮੂਨੇ ਦਿੱਤੇ ਹਨ। ਇਨ੍ਹਾਂ ਵਿੱਚ ਅਰਬੀ ਅਤੇ ਸੰਸਕ੍ਰਿਤ ਨੂੰ ਮਿਲਾ ਕੇ ਲਿਖਿਆ ਗਿਆ ਹੈ।

ਉਦਾਹਰਨ ਲਈ -'ਸਯਾਦਿਕੱਬਾਲ: ਇਸ਼ਾਰਾਫਯੋਗ:, ...ਖੱਲਾਸਰਮ ਰੱਦਮੁਥੋਦੁਫਾਲਿ: ਕ੍ਰਥੱਮ ਤਦੁਤਥੋਥਦਿਵੀਰਨਾਮਾ' ਭਾਰਤ ਦੇ ਮਹਾਨ ਭਾਸ਼ਾ ਵਿਗਿਆਨੀ ਡਾ. ਸੁਨੀਤੀ ਕੁਮਾਰ ਚੈਟਰਜੀ ਨੇ ਲਿਖਿਆ ਹੈ '16ਵੀਂ ਸਦੀ ਦੇ ਅੰਤ ਤੱਕ ਸਾਰੇ ਭਾਰਤੀ ਮੁਸਲਮਾਨ ਫ਼ਾਰਸੀ ਨੂੰ ਇੱਕ ਵਿਦੇਸ਼ੀ ਭਾਸ਼ਾ ਮਹਿਸੂਸ ਕਰਨ ਲੱਗੇ ਸਨ ਅਤੇ ਦੇਸ਼ ਦੀਆਂ ਭਾਸ਼ਾਵਾਂ ਨੂੰ ਸੰਪੂਰਨ ਤੌਰ 'ਤੇ ਸਵੀਕਾਰ ਕਰ ਚੁੱਕੇ ਸਨ।'

ਔਰੰਗਜ਼ੇਬ ਦਾ ਸੰਸਕ੍ਰਿਤ ਨਾਲ ਇਸ਼ਕ

ਦਿਨਕਰ ਲਿਖਦੇ ਹਨ ਕਿ ਬੋਲਚਾਲ ਵਿੱਚ ਵੀ ਸੰਸਕ੍ਰਿਤ ਸ਼ਬਦਾਂ 'ਤੇ ਮੁਸਲਮਾਨ ਬਾਦਸ਼ਾਹੀ ਦਾ ਪ੍ਰੇਮ ਸੀ ਕਿਉਂਕਿ ਸੰਸਕ੍ਰਿਤ ਸ਼ਬਦ ਹੀ ਇਸ ਦੇਸ਼ ਵਿੱਚ ਜ਼ਿਆਦਾ ਸਮਝੇ ਜਾਂਦੇ ਸਨ।

ਇਸ 'ਤੇ ਇੱਕ ਦਿਲਚਸਪ ਪ੍ਰਸੰਗ ਇਹ ਹੈ ਕਿ ਇੱਕ ਵਾਰ ਔਰੰਗਜ਼ੇਬ ਦੇ ਬੇਟੇ ਮੁਹੰਮਦ ਆਜ਼ਮਸ਼ਾਹ ਨੇ ਉਸਨੂੰ ਕੁਝ ਅੰਬ ਭੇਜੇ ਅਤੇ ਉਨ੍ਹਾਂ ਦਾ ਨਾਮਕਰਨ ਕਰਨ ਦੀ ਬੇਨਤੀ ਕੀਤੀ ਤਾਂ ਔਰੰਗਜ਼ੇਬ ਨੇ ਉਨ੍ਹਾਂ ਦੇ ਨਾਂ ਰੱਖੇ-'ਸੁਧਾਰਸ' ਅਤੇ 'ਰਸਨਾਵਿਲਾਸ'।

ਸ਼ਾਇਦ: ਅਮੀਰ ਖੁਸਰੋ (1253-1325) ਦੇ ਸਮੇਂ ਤੋਂ ਹੀ ਦੋ ਭਾਸ਼ਾਵਾਂ ਨੂੰ ਮਿਲਾ ਕੇ ਖਿਚੜੀ ਦੀ ਤਰ੍ਹਾਂ ਛੰਦ ਰਚਣ ਦੀ ਇੱਕ ਪ੍ਰਵਿਰਤੀ ਚੱਲੀ। ਉਨ੍ਹਾਂ ਨੇ ਕਈ ਵਾਰ ਆਪਣੇ ਛੰਦ ਦਾ ਇੱਕ ਟੁਕੜਾ ਫ਼ਾਰਸੀ ਵਿੱਚ ਤਾਂ ਦੂਜਾ ਬ੍ਰਜਭਾਸ਼ਾ ਵਿੱਚ ਰਚਿਆ ਹੈ, ਜਿਵੇਂ-

'ਜ਼ੇ-ਹਾਲ-ਏ-ਮਿਸਕੀਂ ਮਕੁਨ ਤਗਾਫ਼ੁਲ ਦੁਰਾਯ ਨੈਨਾਂਬਨਾਏ ਬਤੀਆਂ

ਕਿ ਤਾਬ-ਏ-ਹਿਜ਼ਰਾਂ ਨਦਾਰਮ ਏ ਜਾਂਨ ਲੇਹੂ ਕਾਹੇ ਲਗਾਏ ਛਤੀਆਂ'

ਇਹ ਵੀ ਪੜ੍ਹੋ:

ਪਰ ਰਹੀਮ (ਅਬਦੁਲ ਰਹੀਮ ਖ਼ਾਨ-ਏ-ਖ਼ਾਨਾਂ, 1956-1627) ਜਦੋਂ ਅਜਿਹੀ ਖਿਚੜੀ ਵਾਲੀ ਰਚਨਾ ਕਰਨ 'ਤੇ ਆਏ ਤਾਂ ਉਨ੍ਹਾਂ ਖੜੀ ਬੋਲੀ ਅਤੇ ਸੰਸਕ੍ਰਿਤ ਦਾ ਹੀ ਮੇਲ ਕਰ ਦਿੱਤਾ। ਉਸਦਾ ਇੱਕ ਨਮੂਨਾ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ—

ਦੁਸ਼ਟਾ ਤਤਰ ਵਿਚਿੱਤਰਤਾ ਤਰੁਲਤਾ, ਮੈਂ ਥਾ ਗਯਾ ਬਾਗ ਮੇਂ।

ਕਾਚਿਤਰ ਕੁਰੰਗਸ਼ਾਵਨਯਨਾ, ਗੁਲ ਤੋੜਤੀ ਥੀ ਖੜੀ॥

ੳਨਮਦਭਰੂਧਨੁਸ਼ਾ ਕਟਾਕਸ਼ਵਿਸ਼ਿ, ਘਾਇਲ ਕਿਆ ਥਾ ਮੁਝੇ।

ਤਤਸੀਦਾਮਿ ਸਦੈਵ ਮੋਹਜਲਧੌ, ਹੇ ਦਿਲ ਗੁਜਾਰੋ ਸ਼ੁਕਰ॥

ਏਕਸਿਮਨਿੰਦਵਸਾਵਸਾਨਸਮਯੇ, ਮੈਂ ਥਾਂ ਗਯਾ ਬਾਗ ਮੇਂ।

ਕਾਚਿਤਰ ਕੁਰੰਗਸ਼ਾਵਨਯਨਾ, ਗੁਲ ਤੋੜਤੀ ਥੀ ਖੜੀ॥

ਤਾਂ ਦੁਸ਼ਟਵਾ ਨਵਯੌਵਨਾਂਸ਼ਸ਼ਿਮੁਖੀਂ, ਮੈਂ ਮੋਹ ਮੇਂ ਜਾ ਪੜਾ।

ਨੋ ਜੀਵਾਮਿ ਤਵਯਾ ਬਿਨਾ ਰਿਣੁ ਪ੍ਰਿਯੇ, ਤੂ ਯਾਰ ਕੈਸੇ ਮਿਲੇ॥

ਰਹੀਮ ਤਾਂ ਖੈਰ, ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਸਨ। ਉਨ੍ਹਾਂ ਨੇ ਕ੍ਰਿਸ਼ਨ ਦੀ ਭਗਤੀ ਵਿੱਚ ਸ਼ੁੱਧ ਸੰਸਕ੍ਰਿਤ ਦੇ ਸ਼ਲੋਕ ਰਚਣ ਤੋਂ ਇਲਾਵਾ ਸੰਸਕ੍ਰਿਤ ਵਿੱਚ ਵੈਦਿਕ ਜਿਓਤਿਸ਼ 'ਤੇ ਦੋ ਗ੍ਰੰਥ ਵੀ ਲਿਖੇ ਸਨ—ਪਹਿਲਾ 'ਖੇਟਕੌਤੁਕਮ' ਅਤੇ ਦੂਜਾ 'ਦਵਾਤ੍ਰਿੰਸ਼ਡਿਓਗਾਵਲੀ'।

ਇਸ ਯੁੱਗ ਦੇ ਕਵੀਆਂ ਦੀ ਇਸ ਖਿਚੜੀ ਭਾਸ਼ਾ ਬਾਰੇ 18ਵੀਂ ਸਦੀ ਦੇ ਕਾਵਿ-ਮਾਹਿਰ ਭਿਖਾਰੀਦਾਸ ਨੇ ਲਿਖਿਆ—

ਬ੍ਰਜਭਾਸ਼ਾ ਭਾਸ਼ਾ ਰੁਚਿਰ, ਕਹੈ ਸੁਮਤਿ ਸਬ ਕੋਇ।

ਮਿਲੈ ਸੰਸਕ੍ਰਿਤ-ਪਾਰਸਯੋ, ਪੈ ਅਤਿ ਸੁਗਮ ਜੋ ਹੋਇ॥

ਪਰ ਲੰਬੇ ਸਮੇਂ ਤੋਂ ਸੰਸਕ੍ਰਿਤ ਦੇ ਵਿਦਵਾਨਾਂ ਵਿੱਚ ਇਸਦੀ ਸ਼ੁੱਧਤਾ ਅਤੇ ਸ਼੍ਰੇਸ਼ਠਤਾ ਕਾਇਮ ਰੱਖਣ ਦੀ ਚਿੰਤਾ ਰਹੀ ਸੀ ਅਤੇ ਇਸਨੂੰ ਇੱਕ ਖ਼ਾਸ ਵਰਗ ਤੱਕ ਸੀਮਤ ਕਰਨ ਦੀ ਕੋਸ਼ਿਸ਼ ਵੀ ਹੋਈ ਹੀ ਸੀ।

ਪਹਿਲਾਂ ਦਲਿਤਾਂ (ਜਿਨ੍ਹਾਂ ਨੂੰ ਉਨ੍ਹਾਂ ਦਿਨਾਂ ਵਿੱਚ 'ਪੰਚਮ' ਜਾਂ 'ਅੰਤਯਜ' ਕਿਹਾ ਜਾਂਦਾ ਸੀ) ਨੂੰ ਅਤੇ ਬਾਅਦ ਵਿੱਚ ਮੁਸਲਮਾਨਾਂ ਨੂੰ ਇਸ ਭਾਸ਼ਾ ਤੋਂ ਵੱਖ ਰੱਖਣ ਦੀ ਕੋਸ਼ਿਸ਼ ਹੋਈ ਸੀ। ਇਸ ਲਈ ਇਹ ਲੋਕ ਸਮਾਜ ਤੋਂ ਕੱਟੇ ਗਏ ਅਤੇ ਬਦਲਦੇ ਸਮੇਂ ਨਾਲ ਇਸਦਾ ਵਿਕਾਸ ਵੀ ਓਨਾ ਨਹੀਂ ਹੋ ਸਕਿਆ।

ਤਾਂ ਹੀ ਤਾਂ ਕਬੀਰ ਵਰਗੇ ਸੰਤ ਨੂੰ ਕਹਿਣਾ ਪਿਆ ਹੋਵੇਗਾ— 'ਸੰਸਕ੍ਰਿਤ ਹੈ ਕੂਪ ਜਲ, ਭਾਖਾ ਬਹਿਤਾ ਨੀਰ।'

ਭਗਤੀ ਅੰਦੋਲਨ ਦੇ ਸਮੇਂ ਤੋਂ ਹੀ ਇੱਕ ਹੋਰ ਸੰਤ ਰੱਜਬ ਕਹਿੰਦੇ ਹਨ—'ਪਰਾਕਰਿਤ ਮਧਿ ਉਪਜੈ, ਸੰਸਕ੍ਰਿਤ ਸਬ ਬੇਦ, ਅਬ ਸਮਝਾਵੈ ਕੌਨ ਕਰਿ ਪਾਇਆ ਭਾਸ਼ਾ ਭੇਦ।' ਮਲਿਕ ਮੁਹੰਮਦ ਜਾਇਸੀ ਨੇ ਕਿਹਾ—'ਅਰਬੀ ਤੁਰਕੀ ਹਿੰਦੁਈ, ਭਾਸ਼ਾ ਜੇਤੀ ਆਹਿ। ਜੇਹਿ ਮਹ ਮਾਰਗ ਪ੍ਰੇਮ ਕਾ, ਸਬੈ ਸਰਾਹੇ ਤਾਹਿ।'

ਸੰਸਕ੍ਰਿਤ ਬਾਰੇ ਕਬੀਰ ਦੇ ਵਿਚਾਰ

ਤੁਲਸੀਦਾਸ ਜੋ ਸੰਸਕ੍ਰਿਤ ਦੇ ਵੀ ਵਿਦਵਾਨ ਸਨ, ਉਨ੍ਹਾਂ ਨੇ ਅਰਬੀ-ਫ਼ਾਰਸੀ ਦੇ ਸ਼ਬਦਾਂ ਤੋਂ ਕੋਈ ਪਰਹੇਜ਼ ਨਹੀਂ ਕੀਤਾ, ਤਾਂ ਹੀ ਤਾਂ ਭਿਖਾਰੀਦਾਸ ਨੇ ਉਨ੍ਹਾਂ ਦੀ ਅਤੇ ਕਵੀ ਗੰਗ ਦੀ ਪ੍ਰਸੰਸਾ ਕਰਦੇ ਹੋਏ ਲਿਖਿਆ— 'ਤੁਲਸੀ ਗੰਗ ਦੋਉ ਭਯੇ ਸੁਕਵਿਨ ਕੋ ਸਰਦਾਰ, ਜਿਨਕੇ ਕਾਵਿਯਨ ਮੇਂ ਮਿਲੀ ਭਾਸ਼ਾ ਵਿਵਿਧ ਪ੍ਰਕਾਰ।'

ਭਿਖਾਰੀਦਾਸ ਜਿਸ ਕਵੀ ਗੰਗ ਦੀ ਪ੍ਰਸੰਸਾ ਕਰ ਰਹੇ ਹਨ, ਉਸ ਕਵੀ ਗੰਗ ਦੀ ਸੰਸਕ੍ਰਿਤ-ਫ਼ਾਰਸੀ ਮਿਸ਼ਰਤ ਕਵਿਤਾ ਦੀ ਇੱਕ ਕਿਸਮ ਦੇਖੋ— 'ਕੌਨ ਧਰੀ ਕਰਿਹੈਂ ਵਿਧਨਾ ਜਬ ਰੂ-ਏ-ਅਯਾਂ ਦਿਲਦਾਰ ਮੁਵੀਨਮ। ਆਨੰਦ ਹੋਇ ਤਬੈ ਸਜਨੀ, ਦਰ ਵਸੱਲੇ ਚਾਰ ਨਿਗਾਰ ਨਸ਼ੀਨਮ੍।'

ਇੱਕ ਹੋਰ ਪ੍ਰਸਿੱਧ ਕਵੀ ਰਸਖਾਨ (ਅਸਲੀ ਨਾਂ-ਸੈਯਦ ਇਬਰਾਹਿਮ ਖ਼ਾਨ) ਪਠਾਣ ਸਨ। ਰਸਖਾਨ ਪੁਸ਼ਟਮਾਰਗੀ ਵੱਲਭ ਸੰਪਰਦਾਏ ਦੇ ਪ੍ਰਚਾਰਕ ਵੱਲਭਾਚਾਰਿਆ ਦੇ ਪੁੱਤਰ ਵਿੱਠਲਨਾਥ ਦੇ ਸ਼ਾਗਿਰਦ ਸਨ।

ਰਸਖਾਨ ਦੀ ਕ੍ਰਿਸ਼ਨ ਭਗਤੀ ਪ੍ਰਸਿੱਧ ਹੈ ਅਤੇ ਉਨ੍ਹਾਂ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਮਥੁਰਾ ਅਤੇ ਵਰਿੰਦਾਵਨ ਵਿੱਚ ਹੀ ਬਿਤਾਇਆ। ਉਨ੍ਹਾਂ ਬਾਰੇ ਵੀ ਮੰਨਿਆ ਜਾਂਦਾ ਹੈ ਕਿ ਉਹ ਸੰਸਕ੍ਰਿਤ ਦੇ ਵਿਦਵਾਨ ਸਨ ਅਤੇ ਉਨ੍ਹਾਂ ਨੇ ਭਾਗਵਤ ਦਾ ਫਾਰਸੀ ਵਿੱਚ ਤਰਜਮਾਂ ਵੀ ਕੀਤਾ ਸੀ।

ਇਹ ਵੀ ਕਿਹਾ ਜਾਂਦਾ ਹੈ ਕਿ ਰਸਖਾਨ ਵਰਗੇ ਮੁਸਲਮਾਨ ਭਗਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਭਾਰਤੇਂਦੁ ਹਰੀਸ਼ਚੰਦਰ ਨੇ ਕਿਹਾ ਸੀ, 'ਇਨ ਮੁਸਲਮਾਨ ਹਰਿਜਨਨ ਪਰ ਕੋਟਿਨ ਹਿੰਦੂ ਵਾਰੀਏ।'

ਨਜ਼ਰੂਲ ਇਸਲਾਮ ਅਤੇ ਹਿੰਦੂ ਦੇਵਤਾ

ਅੱਜ ਅਸੀਂ ਹਿੰਦੀ ਭਾਸ਼ੀ ਲੋਕ ਬੰਗਲਾ ਭਾਸ਼ਾ ਵਿੱਚ ਰਵਿੰਦਰਨਾਥ ਠਾਕੁਰ ਤੋਂ ਬਾਅਦ ਜਿਸ ਨਾਂ ਤੋਂ ਜ਼ਿਆਦਾ ਜਾਣੂ ਹਾਂ ਉਹ ਬਿਨਾਂ ਸ਼ੱਕ ਕਾਜ਼ੀ ਨਜ਼ਰੂਲ ਇਸਲਾਮ ਹੀ ਹਨ।

ਉੱਘੇ ਆਲੋਚਕ ਰਾਮਵਿਲਾਸ ਸ਼ਰਮਾ ਨੇ ਲਿਖਿਆ ਹੈ ਕਿ ਨਜ਼ਰੂਲ ਇਸਲਾਮ ਨੇ ਆਪਣੇ ਸਾਹਿਤਕ ਕਾਰਜ ਵਿੱਚ ਕਿਧਰੇ ਵੀ ਆਪਣੇ ਮੁਸਲਮਾਨ ਹੋਣ ਨਾਲ ਸਮਝੌਤਾ ਨਹੀਂ ਕੀਤਾ ਹੈ, ਪਰ ਉਨ੍ਹਾਂ ਨੇ ਹਿੰਦੂ, ਮੁਸਲਮਾਨ ਅਤੇ ਇਸਾਈ, ਸਾਰਿਆਂ ਦੀਆਂ ਧਾਰਮਿਕ ਗਾਥਾਵਾਂ ਤੋਂ ਆਪਣੇ ਪ੍ਰਤੀਕ ਚੁਣੇ ਅਤੇ ਇਸ ਵਿੱਚ ਵੀ ਹਿੰਦੂ ਗਾਥਾਵਾਂ ਤੋਂ ਸਭ ਤੋਂ ਜ਼ਿਆਦਾ।

ਮਹਾਤਮਾ ਗਾਂਧੀ ਨੇ ਵੀ ਭਾਰਤ ਵਿੱਚ ਦਲਿਤਾਂ ਅਤੇ ਮੁਸਲਮਾਨਾਂ ਦੇ ਸੰਸਕ੍ਰਿਤ ਪੜ੍ਹਨ-ਪੜ੍ਹਾਉਣ ਦਾ ਪੁਰਜ਼ੋਰ ਸਮਰਥਨ ਕੀਤਾ ਸੀ।

20 ਮਾਰਚ, 1927 ਨੂੰ ਹਰਿਦੁਆਰ ਸਥਿਤ ਗੁਰੂਕੁਲ ਕਾਂਗੜੀ ਵਿੱਚ ਰਾਸ਼ਟਰੀ ਸਿੱਖਿਆ ਪ੍ਰੀਸ਼ਦ ਦੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਗਾਂਧੀ ਜੀ ਨੇ ਖ਼ਾਸ ਤੌਰ 'ਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੰਸਕ੍ਰਿਤ ਪੜ੍ਹਨਾ ਸਿਰਫ਼ ਭਾਰਤ ਦੇ ਹਿੰਦੂਆਂ ਦਾ ਹੀ ਨਹੀਂ, ਬਲਕਿ ਮੁਸਲਮਾਨਾਂ ਦਾ ਵੀ ਫਰਜ਼ ਹੈ।

7 ਸਤੰਬਰ, 1927 ਨੂੰ ਮਦਰਾਸ ਦੇ ਪਚੈਯੱਪਾ ਕਾਲਜ ਦੇ ਆਪਣੇ ਸੰਬੋਧਨ ਵਿੱਚ ਵੀ ਉਨ੍ਹਾਂ ਨੇ ਇਸੇ ਗੱਲ ਨੂੰ ਦੁਹਰਾਇਆ ਸੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)