You’re viewing a text-only version of this website that uses less data. View the main version of the website including all images and videos.
ਰਾਜੋਆਣਾ ਦੀ ਫਾਂਸੀ ਉਮਰ ਕੈਦ 'ਚ ਤਬਦੀਲ, 8 ਸਿੱਖ ਕੈਦੀਆਂ ਦੀ ਰਿਹਾਈ ਹੋਵੇਗੀ
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਅਤੇ ਇੱਕ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਸਿੱਖ ਕੈਦੀ ਪੰਜਾਬ ਵਿਚ ਖ਼ਾਲਿਸਤਾਨ ਲਹਿਰ ਦੇ ਦੌਰ ਦੌਰਾਨ ਹੋਈ ਹਿੰਸਾ ਨਾਲ ਸਬੰਧਤ ਕੇਸਾਂ ਵਾਲੇ ਹਨ।
ਭਾਵੇਂ ਕਿ ਕੁਝ ਸਮਾਂ ਪਹਿਲਾਂ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਅਤੇ ਇੱਕ ਦੀ ਫਾਂਸੀ ਦੀ ਸਜ਼ਾ ਮਾਫ਼ੀ ਦੀਆਂ ਰਿਪੋਰਟਾਂ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈਆਂ ਸਨ ਪਰ ਉਦੋਂ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਕੀਤੀ ਗਈ ਸੀ।
ਇਹ ਵੀ ਪੜ੍ਹੋ:
ਸੂਤਰਾਂ ਮੁਤਾਬਕ ਕੇਂਦਰ ਵਲੋਂ ਪੰਜਾਬ ਦੇ ਮੁੱਖ ਸਕੱਤਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਲਿਖੇ ਪੱਤਰ( ਜਿਸ ਦੀ ਕਾਪੀ ਬੀਬੀਸੀ ਕੋਲ ਹੈ) ਵਿਚ ਰਾਸ਼ਟਰਪਤੀ ਦੇ ਸੰਵਿਧਾਨ ਦੀ ਧਾਰਾ 161 ਤਹਿਤ 8 ਕੈਦੀਆਂ ਨੂੰ ਰਿਹਾਅ ਕਰਨ ਅਤੇ ਧਾਰਾ 72 ਤਹਿਤ ਇੱਕ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਉੱਤੇ ਸਹੀ ਪਾ ਦਿੱਤੀ ਹੈ।
ਕਿਉਂ ਕਿ ਇਹ ਸਿੱਖ ਕੈਦੀ ਕਈ ਰਾਜਾਂ ਦੀਆਂ ਜੇਲ੍ਹਾਂ ਵਿਚ ਬੰਦ ਹਨ, ਇਸ ਲਈ ਸਬੰਧਤ 5 ਸੂਬਿਆਂ , ਪੰਜਾਬ, ਗੁਜਰਾਤ, ਹਰਿਆਣਾ, ਕਰਨਾਟਕ, ਤੇ ਦਿੱਲੀ ਨੂੰ ਸੂਚਿਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੂੰ ਲਿਖੀ ਗਈ ਚਿੱਠੀ ਵਿਚ ਜਿਨ੍ਹਾਂ 4 ਕੈਦੀਆਂ ਨੂੰ ਛੱਡਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਵਿਚ ਗੁਰਦੀਪ ਸਿੰਘ ਖੇੜਾ, ਬਲਬੀਰ ਸਿੰਘ, ਅਤੇ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਸ਼ਾਮਿਲ ਹੈ।
ਸੂਤਰਾਂ ਵਲੋਂ ਲਾਲ਼ ਸਿੰਘ ਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਵੀ ਰਿਹਾਈ ਦੀ ਗੱਲ ਕੀਤੀ ਗਈ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।
ਸੁਪਰੀਮ ਕੋਰਟ 'ਚ ਦੇਵਾਂਗੇ ਚੁਣੌਤੀ
'ਮੈਂ ਕਹਿੰਦਾ ਹਾਂ ਕਿ ਜੇ ਰਾਜੋਆਣਾ ਸਾਹਿਬ ਚਿੱਠੀ ਲਿਖ ਕੇ ਇਹ ਕਹਿਣ ਕੇ ਉਹ ਜੇਲ੍ਹ ਤੋਂ ਬਾਹਰ ਆ ਕੇ ਕਾਨੂੰਨ ਨੂੰ ਹੱਥ ਵਿਚ ਨਹੀਂ ਲੈਣਗੇ ਅਤੇ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਹਨ ਤੇ ਅੱਗੇ ਤੋਂ ਮੈਂ ਅਜਿਹਾ ਕੰਮ ਨਹੀਂ ਕਰਾਂਗਾ, ਅਸੀਂ ਇੱਕ ਵਾਰ ਵੀ ਵਿਰੋਧ ਨਹੀਂ ਕਰਾਂਗੇ'।
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ, 'ਜੇ ਬਲਵੰਤ ਸਿੰਘ ਰਾਜੋਆਣਾ ਭਾਰਤੀ ਸੰਵਿਧਾਨ ਵਿਚ ਲਿਖਤੀ ਭਰੋਸਾ ਪ੍ਰਗਟਾ ਲੈਣ ਤਾਂ ਉਹ ਫਾਂਸੀ ਮਾਫ਼ੀ ਦਾ ਸਵਾਗਤ ਕਰਨਗੇ। ਨਹੀ ਤਾਂ ਉਹ ਇਸ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ ਅਤੇ ਲੋਕ ਸਭਾ ਵਿਚ ਵੀ ਮੁੱਦਾ ਚੁੱਕਣਗੇ'।
ਬਿੱਟੂ ਨੇ ਕਿਹਾ, 'ਜੇ ਉਹ ਕਹਿ ਦੇਣ ਕਿ ਉਹ ਬਾਹਰ ਆ ਕੇ ਖ਼ਾਲਿਸਤਾਨ ਜਾਂ ਕਿਸੇ ਨੂੰ ਮਾਰਨ ਦੀ ਗੱਲ ਨਹੀਂ ਕਰਨਗੇ ਤਾਂ ਉਹ ਮਾਫ਼ੀ ਦਾ ਸਵਾਗਤ ਕਰਨਗੇ'।
ਬਿੱਟੂ ਨੇ ਕਿਹਾ, 'ਮਾਫ਼ ਉਸ ਬੰਦੇ ਨੂੰ ਕੀਤਾ ਜਾਂਦਾ ਹੈ ਜਿਹੜਾ ਬੰਦਾ ਇਹ ਕਹੇ ਕਿ ਮੈਂ ਗ਼ਲਤ ਰਾਹ ਪੈ ਗਿਆ ਸੀ ਤੇ ਮੈਨੂੰ ਕੀਤੇ ਦਾ ਅਫ਼ਸੋਸ ਹੈ, ਮੈਂ ਬਾਹਰ ਆ ਕੇ ਇਹ ਕੰਮ ਦੁਬਾਰਾ ਨਹੀਂ ਕਰਾਂਗਾ, ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਮੈਂ ਬਾਹਰ ਆ ਕੇ ਖੂਨ ਦਾ ਖੇਡ ਖੇਡਾਂਗਾ, ਖ਼ਾਲਿਸਤਾਨ ਦੀ ਗੱਲ ਕਰਾਂਗਾ, ਹਾਂ ਮੈਂ ਤਾਂ ਕਿਹਾ ਸੀ ਇੱਕ ਵਾਰ ਉਹ ਕਹਿ ਦੇਵੇ।'
ਇਸੇ ਦੌਰਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਵੀ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮਾਫ਼ੀ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦਾ ਐਲਾਨ ਕੀਤਾ ਹੈ।
ਇਹ ਵੀਡੀਓਜ਼ ਵੀ ਦੇਖੋ