You’re viewing a text-only version of this website that uses less data. View the main version of the website including all images and videos.
ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ: ਪੰਜਾਬੀ ਗੀਤਾਂ ਵਿੱਚ ਔਰਤਾਂ ਦਾ ਨਿਰਾਦਰ ਹੋ ਰਿਹਾ - ਡਾ. ਮਨਮੋਹਨ ਸਿੰਘ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬ ਵਿਧਾਨ ਸਭਾ ਦੇ ਖ਼ਾਸ ਇਜਲਾਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬੀ ਗੀਤਾਂ ਵਿੱਚ ਔਰਤਾਂ ਦਾ ਨਿਰਾਦਰ ਹੋ ਰਿਹਾ ਹੈ।
ਇਸ ਖ਼ਾਸ ਇਜਲਾਸ ਵਿੱਚ ਉੱਪ-ਰਾਸ਼ਟਰਪਤੀ ਵੈਂਕਈਆ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਦੋਵੇਂ ਸੂਬਿਆਂ ਦੇ ਰਾਜਪਾਲ ਤੇ ਵਿਧਾਇਕ ਮੌਜੂਦ ਹਨ।
'ਗੁਰੂ ਨਾਨਕ ਦੀ ਵਿਰਾਸਤ ਨਾਲ ਕਿਵੇਂ ਜੁੜੇ ਰਹਾਂਗੇ?'
ਵਿਧਾਨ ਸਭਾ ਨੂੰ ਸੰਬੋਧਿਤ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ, "ਅਜੋਕਾ ਵਿਸ਼ਵ ਇੱਕ ਸੁਲਝੇ ਹੋਏ ਮਾਡਲ ਦੀ ਤਲਾਸ਼ ਵਿੱਚ ਹੈ। ਕੀ ਅਸੀਂ ਕਰਤਾਰਪੁਰ ਸਾਹਿਬ ਦੇ ਮਾਡਲ ਨੂੰ ਇੱਕ ਬਦਲ ਵਜੋਂ ਪੇਸ਼ ਕਰ ਸਕਦੇ ਹਾਂ?"
"ਗੁਰੂ ਨਾਨਕ ਨੇ ਦੱਸਿਆ ਕਿ ਧਰਮ ਦੇ ਨਾਂ ਤੇ ਪਰਜੀਵਤਾ ਪਾਪ ਹੈ। ਉਨ੍ਹਾਂ ਨੇ ਆਪਣੇ ਲੋਕਾਂ ਨੂੰ ਦਲੇਰ ਬਣਾਇਆ। ਉਨ੍ਹਾਂ ਨੇ ਆਪਣੇ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਹਾਕਮਾਂ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ।"
ਇਹ ਵੀ ਪੜ੍ਹੋ:-
ਡਾ. ਮਨਮੋਹਨ ਸਿੰਘ ਨੇ ਕਿਹਾ, "ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਰੁਲ ਰਹੀ ਹੈ। ਪੰਜਾਬੀ ਗੀਤਾਂ ਵਿੱਚ ਔਰਤਾਂ ਦਾ ਨਿਰਾਦਰ ਹੋ ਰਿਹਾ ਹੈ। ਅਜਿਹੇ ਵਿੱਚ ਅਸੀਂ ਗੁਰੂ ਨਾਨਕ ਦੀ ਵਿਰਾਸਤ ਨਾਲ ਕਿਵੇਂ ਜੁੜੇ ਰਹਾਂਗੇ?"
ਉਨ੍ਹਾਂ ਨੇ ਅੱਗੇ ਕਿਹਾ, "ਕਰਤਾਰਪੁਰ ਵਿਖੇ ਗੁਰੂ ਨਾਨਕ ਨੇ ਧਾਰਿਮਕ ਰਵਾਂਦਾਰੀ ਦਾ ਅਜਿਹਾ ਨਮੂਨਾ ਪੇਸ਼ ਕੀਤਾ ਸੀ ਕਿ ਸਾਰਿਆਂ ਨੂੰ ਗੁਰੂ ਆਪਣੇ ਹੀ ਧਰਮ ਦਾ ਲਗਦਾ ਸੀ।"
"ਗੁਰੂ ਨਾਨਕ ਇੱਕ ਸੱਚੇ ਤੇ ਸੁੱਚੇ ਇਨਸਾਨ ਦੀ ਤਲਾਸ਼ ਵਿੱਚ ਸਨ ਜਿਸ ਨੂੰ ਇੱਕ ਧਰਮ ਦੀ ਪਹਿਚਾਣ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ।"
"ਗੁਰੂ ਨਾਨਕ ਸਿਰਫ਼ ਦੈਵੀ ਸੱਚ ਦੀ ਤਲਾਸ਼ ਵਿੱਚ ਨਹੀਂ ਸਨ ਸਗੋਂ ਉਹ ਇੱਕ ਅਜਿਹੇ ਸੱਚ ਦੀ ਤਲਾਸ਼ ਵਿੱਚ ਸਨ ਜਿਸ ਨੂੰ ਸੱਚੇ ਆਚਰਣ ਦਾ ਆਧਾਰ ਬਣਾਇਆ ਜਾ ਸਕੇ।"
ਡਾ. ਮਨਮੋਹਨ ਸਿੰਘ ਨੇ ਉਰਦੂ ਤੇ ਫਾਰਸੀ ਦੇ ਮਸ਼ਹੂਰ ਸ਼ਾਇਰ ਇਕਬਾਲ ਦੀਆਂ ਲਾਈਨਾਂ ਬੋਲਦੇ ਕਿਹਾ:-
'ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ
ਰਦੇ ਕਾਮਿਲ ਨੇ ਜਗਾਇਆ ਹਿੰਦ ਕੋ ਫਿਰ ਖੁਆਬਸੇ'
'ਮੈਂ ਆਸ਼ਾ ਕਰਦਾਂ ਹਾਂ ਇਹ ਸ਼ਾਂਤੀ ਤੇ ਖ਼ੁਸ਼ਹਾਲੀ ਦਾ ਲਾਂਘਾ ਹੋਵੇ'
ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਆਪਣੇ ਵਿਚਾਰਾਂ ਨਾਲ ਲੋਕਾਂ ਦੀ ਜ਼ਿੰਦਗੀਆਂ ਨੂੰ ਸਮਰਿੱਧ ਬਣਾਇਆ।
"ਸਿਆਸਤਦਾਨਾਂ ਤੇ ਆਮ ਲੋਕਾਂ ਲਈ ਗੁਰੂ ਨਾਨਕ ਤੋਂ ਸਿੱਖਣ ਲਈ ਬਹੁਤ ਕੁਝ ਹੈ। ਜੇ ਅਸੀਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਢਾਲ ਲਈਏ ਤਾਂ ਅਸੀਂ ਚਿਰਸਥਾਈ ਵਿਕਾਸ ਵੱਲ ਵਧ ਸਕਦੇ ਹਾਂ।"
ਉਨ੍ਹਾਂ ਨੇ ਅੱਗੇ ਕਿਹਾ, "ਗੁਰੂ ਨਾਨਕ ਦੇਵ ਨੇ ਨਾ ਸਿਰਫ਼ ਨੀਂਹ ਰੱਖੀ ਸਗੋਂ ਇਹ ਪੱਕਾ ਕੀਤਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਦੁਨੀਆਂ ਤੇ ਬਣੀਆਂ ਰਹਿਣ ਜਿਸ ਲਈ ਉਨ੍ਹਾਂ ਨੇ ਸੰਗਤ ਤੇ ਪੰਗਤ ਵਰਗੀਆਂ ਸੰਸਥਾਵਾਂ ਦਾ ਵਿਕਾਸ ਕੀਤਾ।"
ਇਹ ਵੀ ਪੜ੍ਹੋ:
"ਗੁਰੂ ਨਾਨਕ ਨੇ ਅੰਤਰ ਧਰਮ ਸੰਵਾਦ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਵਿਚਾਰ ਸੰਸਾਰ ਨੂੰ ਤਿਆਗਣ ਦਾ ਨਹੀਂ ਸਗੋਂ ਪੂਰਨ ਸ਼ਮੂਲੀਅਤ ਦਾ ਹੈ। ਉਨ੍ਹਾਂ ਲਈ ਸ਼ਬਦਾਂ ਨਾਲੋਂ ਜ਼ਿਆਦਾ ਅਹਿਮ ਕਾਰਜ ਸਨ। "
ਨਾਇਡੂ ਨੇ ਕਿਹਾ, "ਮੈਨੂੰ ਖ਼ੁਸ਼ੀ ਹੈ ਕਿ ਕਰਤਾਰਪੁਰ ਸਾਹਿਬ ਜਿੱਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਗੁਜ਼ਾਰਿਆ ਉਸ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ, ਮੈਂ ਆਸ਼ਾ ਕਰਦਾ ਹਾਂ ਕਿ ਉਹ ਸ਼ਾਂਤੀ ਤੇ ਖ਼ੁਸ਼ਹਾਲੀ ਦਾ ਲਾਂਘਾ ਹੋਵੇ। ਸਾਡੇ ਸੰਤਾਂ ਨੇ ਸਾਨੂੰ ਰਾਹ ਦਿਖਾਇਆ ਪਰ ਉਸ ਰਾਹ ਤੇ ਚੱਲਣਾ ਸਾਡਾ ਕੰਮ ਹੈ।"
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: