ਜੰਮੂ-ਕਸ਼ਮੀਰ ਵਿੱਚ ਬਾਹਰੋਂ ਆਉਂਦੇ ਟਰੱਕ ਡਰਾਈਵਰ ਕਿਉਂ ਡਰੇ ਹੋਏ ਹਨ - ਗਰਾਊਂਡ ਰਿਪੋਰਟ

    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਸ਼ੋਪੀਆਂ ਤੋਂ, ਬੀਬੀਸੀ ਲਈ

ਭਾਰਤ-ਸ਼ਾਸ਼ਿਤ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿੱਚ ਵੀਰਵਾਰ ਦੇਰ ਸ਼ਾਮ ਨੂੰ ਸ਼ੱਕੀ ਕੱਟੜਪੰਥੀਆਂ ਨੇ ਦੋ ਟਰੱਕ ਡਰਾਈਵਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਸ਼ੋਪੀਆਂ ਸ਼ਹਿਰ ਤੋਂ 15 ਕਿਲੋਮੀਟਰ ਦੂਰ ਚਿਤਰਗਾਮ ਇਲਾਕੇ ਦੀ ਹੈ।

ਦੋਵੇਂ ਡਰਾਈਵਰ ਗ਼ੈਰ-ਕਸ਼ਮੀਰੀ ਸਨ ਅਤੇ ਇੱਕ ਜੋ ਜ਼ਖ਼ਮੀ ਹੋਇਆ ਉਹ ਪੰਜਾਬ ਦੇ ਹੁਸ਼ਿਆਰਪੁਰ ਦਾ ਵਸਨੀਕ ਸੀ।

ਪਿਛਲੇ ਦਸਾਂ ਦਿਨਾਂ ਦੌਰਾਨ ਦੱਖਣੀ ਕਸ਼ਮੀਰ ਦੇ ਇਸ ਜ਼ਿਲ੍ਹੇ ਵਿੱਚ ਕੱਟੜਪੰਥੀਆਂ ਵੱਲੋਂ ਗ਼ੈਰ-ਕਸ਼ਮੀਰੀਆਂ ਉੱਪਰ ਹਮਲੇ ਦੀ ਇਹ ਪੰਜਵੀਂ ਘਟਨਾ ਹੈ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਇੱਕ ਸੇਬ ਕਾਰੋਬਾਰੀ, ਟਰੱਕ ਡਰਾਈਵਰ ਅਤੇ ਇੱਕ ਮਜ਼ਦੂਰ ਦੇ ਕਤਲ ਕੀਤੇ ਜਾ ਚੁੱਕੇ ਹਨ। ਇਹ ਤਿੰਨੋਂ ਹੀ ਕਸ਼ਮੀਰ ਤੋਂ ਬਾਹਰ ਦੇ ਰਹਿਣ ਵਾਲੇ ਸਨ।

ਤਾਜ਼ਾ ਘਟਨਾ ਦੌਰਾਨ ਜਾਨ ਗੁਆਉਣ ਵਾਲੇ ਦੀ ਪਛਾਣ ਇਲਿਆਸ ਖ਼ਾਨ ਅਤੇ ਜ਼ਾਹਿਦ ਖ਼ਾਨ ਵਜੋਂ ਹੋਈ ਹੈ। ਜਦਕਿ ਜਖ਼ਮੀ ਹੋਣ ਵਾਲੇ ਪੰਜਾਬੀ ਡਰਾਈਵਰ ਦਾ ਨਾਮ ਜੀਵਨ ਸਿੰਘ ਹੈ।

ਟਰੱਕ ਡਰਾਈਵਰ ਨੇ ਫੌਜੀ ਕੈਂਪ ਵਿੱਚ ਰਾਤ ਲੰਘਾਈ

ਲੁਧਿਆਣਾ ਵਾਸੀ ਟਰੱਕ ਡਰਾਈਵਰ ਸਰਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੌਜੀ ਕੈਂਪ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਪੂਰੀ ਰਾਤ ਲੰਘਾਈ।

ਉਨ੍ਹਾਂ ਦੱਸਿਆ, "ਅਸੀਂ ਪੁਲਵਾਮਾ ਪਿੰਡ ਵਿੱਚ ਆਪਣੇ ਟਰੱਕ ਖੜ੍ਹਾਏ ਹਨ। ਫੌਜ ਸਾਡੇ ਕੋਲ ਆਈ ਤੇ ਸਾਨੂੰ ਕਿਹਾ ਕਿ ਉੱਥੇ ਕੋਈ ਨਾ ਰੁਕੇ। ਉਹ ਸਾਨੂੰ ਆਪਣੇ ਕੈਂਪ ਵਿੱਚ ਲੈ ਗਏ। ਅਸੀਂ ਉੱਥੇ ਗਏ ਤੇ ਬਿਨਾਂ ਕੁਝ ਖਾਧੇ ਪੂੀਤੇ ਰਾਤ ਲੰਘਾਈ। ਸਾਡੇ ਟਰੱਕ ਲੋਡ ਨਹੀਂ ਕੀਤੇ ਜਾ ਰਹੇ। ਸਾਨੂੰ ਉੱਥੋਂ ਜਾਣ ਲਈ ਕਿਹਾ ਗਿਆ ਹੈ।”

“ਕੁਝ ਸਥਾਨਕ ਲੋਕਾਂ ਨੇ ਵੀ ਕਿਹਾ ਕਿ ਫੌਜ ਅਤੇ ਕੱਟੜਪੰਥੀ ਤੁਹਾਨੂੰ ਮਾਰ ਦੇਣਗੇ। ਆਪਣੀਆਂ ਗੱਡੀਆਂ ਇੱਥੇ ਖੜ੍ਹੀਆਂ ਨਾ ਕਰੋ। ਅਸੀਂ ਡਰੇ ਹੋਏ ਹਾਂ। ਅਸੀਂ ਮਜ਼ਦੂਰ ਹਾਂ ਅਤੇ ਅਸੀਂ ਰੋਜ਼ੀ-ਰੋਟੀ ਕਮਾਉਣ ਇੱਥੇ ਆਏ ਹਾਂ।”

“ਸਾਡੀਆਂ ਗੱਡੀਆਂ ਵਿੱਚ ਸਾਮਾਨ ਨਹੀਂ ਲੱਦਿਆ ਜਾ ਰਿਹਾ, ਜੇ ਕਿਸੇ ਨੂੰ ਸਾਮਾਨ ਮਿਲਦਾ ਵੀ ਹੈ ਉਹ ਵੀ ਡਰ-ਡਰ ਕੇ ਉਸ ਦੀ ਲਦਾਈ ਕਰਦਾ ਹੈ।"

ਦੂਸਰੇ ਪਾਸੇ ਹਾਲਾਤ ਸਥਾਨਕ ਕਾਰੋਬਾਰੀਆਂ ਉੱਪਰ ਵੀ ਮਾੜਾ ਅਸਰ ਪਾ ਰਹੇ ਹਨ। ਸੇਬ ਦੀ ਰੁੱਤ ਹੈ ਪਰ ਮਾਲ ਬਾਹਰ ਭੇਜਣ ਵਿੱਚ ਮੁਸ਼ਕਲ ਆ ਰਹੀ ਹੈ।

'ਇਹੀ ਚਲਦਾ ਰਿਹਾ ਤਾਂ ਸਾਡਾ ਨਾਮ ਬਦਨਾਮ ਹੋਵੇਗਾ'

ਚਿਤਰਗਾਮ ਵਿੱਚ ਫਲਾਂ ਦੀ ਖੇਤੀ ਕਰਨ ਵਾਲੇ ਸਥਾਨਕ ਵਾਸੀ ਨਜ਼ੀਰ ਅਹਿਮਦ ਇਸ ਘਟਨਾ ਤੋਂ ਪ੍ਰੇਸ਼ਾਨ ਹਨ।

ਉਨ੍ਹਾਂ ਨੇ ਦੱਸਿਆ, "ਅਸੀਂ ਬਹੁਤ ਡਰੇ ਹੋਏ ਹਾਂ। ਸਾਡੇ ਬਗੀਚਿਆਂ ਵਿੱਚ ਫਲ ਲੱਗੇ ਹੋਏ ਹਨ। ਸਾਨੂੰ ਨੁਕਸਾਨ ਹੋ ਰਿਹਾ ਹੈ। ਬਾਹਰਲੇ ਸੂਬਿਆਂ ਦੇ ਟਰੱਕ ਡਰਾਈਵਰਾਂ ਨੂੰ ਮਾਰਨਾ ਠੀਕ ਨਹੀਂ ਹੈ। ਇਹ ਸਾਨੂੰ ਨੁਕਸਾਨ ਕਰ ਰਿਹਾ ਹੈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਸਾਡਾ ਨਾਮ ਬਦਨਾਮ ਹੋਵੇਗਾ ਅਤੇ ਸਾਨੂੰ ਪੈਸੇ ਦੀ ਤੰਗੀ ਹੋ ਜਾਵੇਗੀ। ਅਜਿਹਾ ਮੁੜ ਨਹੀਂ ਹੋਣਾ ਚਾਹੀਦਾ। ਇਹ ਨਿੰਦਣਯੋਗ ਹੈ।"

ਉਨ੍ਹਾਂ ਅੱਗੇ ਕਿਹਾ, " ਜਦੋਂ ਇਹ ਘਟਨਾ ਹੋਈ ਤਾਂ ਅਸੀਂ ਘਰੇ ਸੀ। ਸਾਨੂੰ ਗੋਲੀ ਦੀ ਆਵਾਜ਼ ਸੁਣਾਈ ਦਿੱਤੀ। ਅਸੀਂ ਆਪਣੇ ਘਰਾਂ ਤੋਂ ਬਹਾਰ ਨਹੀਂ ਆਏ ਕਿਉਂਕਿ ਸਾਨੂੰ ਕਿਹਾ ਗਿਆ ਕਿ ਬਾਹਰ ਹਮਲਾ ਹੋਇਆ ਹੈ।"

ਇਨ੍ਹਾਂ ਦੋਹਾਂ ਟਰੱਕ ਡਰਾਈਵਰਾਂ ਦੇ ਕਤਲ ਤੋਂ ਬਾਅਦ ਸ਼ੋਪੀਆਂ ਵਿੱਚ ਮੌਜੂਦ ਬਾਹਰਲੇ ਸੂਬਿਆਂ ਦੇ ਦੂਸਰੇ ਟਰੱਕ ਡਰਾਈਵਰ ਵੀ ਡਰੇ ਹੋਏ ਹਨ।

ਸ਼ੋਪੀਆਂ ਦੀ ਫਲ ਮੰਡੀ ਵਿੱਚ ਜੋਧਪੁਰ ਤੋਂ ਟਰੱਕ ਲੈ ਕੇ ਪਹੁੰਚੇ ਪਾਰਸ ਰਾਮ ਨੇ ਕਿਹਾ ਕਿ ਇਸ ਘਟਨਾ ਨਾਲ ਅਸੀਂ ਅਸੁਰੱਖਿਅਤ ਮਹਿਸੂਸ ਕਰ ਰਹੇ ਹਾਂ।

ਉਨ੍ਹਾਂ ਨੇ ਦੱਸਿਆ, "ਅਸੀਂ ਇਸ ਮੰਡੀ ਤੋਂ ਬਾਹਰ ਨਹੀਂ ਜਾਵਾਂਗੇ। ਇਸ ਘਟਨਾ ਤੋਂ ਬਾਅਦ ਬਾਹਰੀ ਡਰਾਈਵਰਾਂ ਵਿੱਚ ਡਰ ਹੈ। ਸਾਨੂੰ ਦੱਸਿਆ ਗਿਆ ਹੈ ਕਿ ਇਸ ਮੰਡੀ ਤੋਂ ਬਾਹਰ ਨਹੀਂ ਨਿਕਲਣਾ।”

“ਸੁਰੱਖਿਆ ਦਸਤਿਆਂ ਨੇ ਸਾਨੂੰ ਕਿਹਾ ਹੈ ਕਿ ਅਸੀਂ ਟਰੱਕਾਂ ਵਿੱਚ ਫਲਾਂ ਦੀ ਲਦਾਈ ਮੰਡੀ ਦੇ ਅੰਦਰ ਹੀ ਕਰਨੀ ਹੈ। ਲਿਹਾਜ਼ਾ ਅਸੀਂ ਉਡੀਕ ਕਰ ਰਹੇ ਹਾਂ। ਅਸੀਂ ਬਾਹਰੀ ਸੂਬਿਆਂ ਤੋਂ ਆਏ ਹਾਂ ਇਹ ਸੁਭਾਵਕ ਹੈ ਕਿ ਇਸ ਘਟਨਾ ਨਾਲ ਅਸੀਂ ਡਰੇ ਹੋਏ ਹਾਂ।"

5 ਅਗਸਤ ਨੂੰ ਹਟਾਈ ਗਈ ਸੀ ਧਾਰਾ 370

5 ਅਗਸਤ ਨੂੰ ਭਾਰਤ ਸਰਕਾਰ ਨੇ ਜੰਮੂ-ਕਸ਼ੰਮੀਰ ਵਿੱਚੋਂ ਧਾਰਾ 370 ਹਟਾ ਕੇ ਸੂਬੇ ਦਾ ਵਿਸ਼ੇਸ ਦਰਜਾ ਖ਼ਤਮ ਕਰ ਦਿੱਤਾ ਸੀ। ਉਸ ਤੋਂ ਬਾਅਦ ਸੂਬੇ ਵਿੱਚ ਲਗਤਾਰ ਤਣਾਅ ਬਣਿਆ ਹੋਇਆ ਹੈ।

ਸੂਬੇ ਵਿੱਚ ਲੰਬੇ ਸਮੇਂ ਤੱਕ ਸੰਚਾਰ ਸਹੂਲਤਾਂ ਮਨਸੂਖ਼ ਰਹੀਆਂ, ਕਰਫਿਊ ਲੱਗਿਆ ਰਿਹਾ ਅਤੇ ਸਕੂਲ-ਕਾਲਜ ਬੰਦ ਰਹੇ।

ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਸੂਬੇ ਨੂੰ ਤਿੰਨ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਅਤੇ ਫੌਜਾਂ ਦੀ ਨਫ਼ਰੀ ਵਧਾ ਦਿੱਤੀ।

'ਟਰੱਕ ਡਰਾਈਵਰਾਂ ਨੂੰ ਮਾਰਨਾ ਪੂਰੀ ਤਰ੍ਹਾਂ ਗਲਤ'

ਪੁਲਵਾਮਾ ਦੇ ਇੱਕ ਸਥਾਨਕ ਡਰਾਈਵਰ ਨੇ ਇਨ੍ਹਾਂ ਕਤਲਾਂ ਦੀ ਸਖ਼ਤ ਨਿੰਦਾ ਕੀਤੀ।

ਉਨ੍ਹਾਂ ਕਿਹਾ, "ਜੇ ਬਾਹਰਲੇ ਟਰੱਕ ਡਰਾਈਵਰਾਂ ਨੂੰ ਮਾਰਨਗੇ ਤਾਂ ਜਿਨ੍ਹਾਂ ਸੂਬਿਆਂ ਦੇ ਇਹ ਚਾਲਕ ਹਨ ਉੱਥੇ ਵੀ ਸਾਡੇ ਲੋਕਾਂ ਪ੍ਰਤੀ ਗੁੱਸਾ ਪੈਦਾ ਹੋਵੇਗਾ ਅਤੇ ਜਦੋਂ ਅਸੀਂ ਕਸ਼ਮੀਰ ਤੋਂ ਬਾਹਰ ਜਾਵਾਂਗੇ ਤਾਂ ਸਾਡੇ ’ਤੇ ਵੀ ਬਦਲੇ ਦੀ ਭਾਵਨਾ ਨਾਲ ਹਮਲਾ ਹੋ ਸਕਦਾ ਹੈ।”

“ਤਾਂ ਅਸੀਂ ਆਪਣੇ ਟਰੱਕ, ਕਸ਼ਮੀਰ ਤੋਂ ਬਾਹਰ ਨਹੀਂ ਲਿਜਾ ਸਕਾਂਗੇ। ਲਿਹਾਜ਼ਾ ਕਿਸੇ ਵੀ ਤਰੀਕੇ ਨਾਲ ਬਾਹਰੀ ਟਰੱਕ ਡਰਾਈਵਰ ਨੂੰ ਮਾਰਨਾ ਪੂਰੀ ਤਰ੍ਹਾਂ ਗਲਤ ਹੈ।"

ਸ਼ੋਪੀਆਂ ਦੇ ਡਿਪਟੀ ਕਮਿਸ਼ਨਰ ਮੋਹਮੰਮਦ ਯਾਸੀਨ ਚੌਧਰੀ ਨੇ ਮੰਨਿਆ ਕਿ ਵੀਰਵਾਰ ਦੇ ਹਾਦਸੇ ਕਾਰਨ ਸਥਾਨਕ ਲੋਕਾਂ ਵਿੱਚ ਡਰ ਵਧਿਆ ਹੈ।

ਉਨ੍ਹਾਂ ਦੱਸਿਆ, " ਪਹਿਲੀਆਂ ਘਟਨਾਵਾਂ ਕਾਰਨ ਸੇਬ ਦੇ ਕਾਰੋਬਾਰ ਤੇ ਮਾੜਾ ਅਸਰ ਨਹੀਂ ਪਿਆ ਅਤੇ ਅਸੀਂ ਟਰੱਕ ਡਰਾਈਵਰਾਂ ਦਾ ਉਤਸ਼ਾਹ ਵਧਾਉਣ ਦਾ ਹਰ ਸੰਭਵ ਯਤਨ ਕਰ ਰਹੇ ਹਾਂ। ਅਸੀਂ ਸਮਾਂ ਰਹਿੰਦਿਆਂ ਦਖ਼ਲ ਦਿੱਤਾ, ਸਾਰਿਆਂ ਨੇ ਹੀ ਕੀਤਾ, ਸਥਾਨਕ ਟਰੱਕ ਡਰਾਈਵਰਾਂ ਨੇ ਵੀ ਕੀਤਾ ਅਤੇ ਇਸ ਦਾ ਕਾਰੋਬਾਰ ਉੱਪਰ ਬਹੁਤਾ ਮਾੜਾ ਅਸਰ ਨਹੀਂ ਪਿਆ।”

“ਜਦਕਿ ਵੀਰਵਾਰ ਦੀ ਘਟਨਾ ਨਾਲ ਸਾਫ਼ ਰੂਪ ਵਿੱਚ ਡਰ ਵਧਿਆ ਹੈ। ਕੁਝ ਟਰੱਕ ਡਰਾਈਵਰਾਂ ਇੱਥੋਂ ਫੌਰਨ ਚਲੇ ਗਏ ਹਨ। ਅਸੀਂ ਹਾਲਾਤ ’ਤੇ ਨਜ਼ਰ ਰੱਖ ਰਹੇ ਹਾਂ ਤੇ ਉਮੀਦ ਹੈ ਕਿਸੇ ਵੀ ਨੁਕਸਾਨ ਵਿੱਚ ਉਭਰਨ ਵਿੱਚ ਸਫ਼ਲ ਰਹਾਂਗੇ।"

ਪੁਲਿਸ ਨੇ ਹਿਫ਼ਾਜ਼ਤੀ ਜ਼ੋਨ ਬਣਾਇਆ

ਇਹ ਪੁੱਛੇ ਜਾਣ ਤੇ ਕਿ ਇੰਨੀ ਵੱਡੇ ਹਿਫ਼ਾਜ਼ਤੀ ਪ੍ਰਬੰਧਾਂ ਦੇ ਹੁੰਦਿਆਂ-ਸੁੰਦਿਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਓਂ ਵਾਪਰੀਆਂ?

ਉਨ੍ਹਾਂ ਦਾ ਕਹਿਣਾ ਸੀ, "16 ਅਕਤੂਬਰ ਦੀ ਘਟਨਾ ਤੋਂ ਬਾਅਦ ਅਸੀਂ ਹਿਫ਼ਾਜ਼ਤੀ ਜ਼ੋਨ ਬਣਾਏ ਹਨ। ਜ਼ਿਲ੍ਹੇ ਵਿੱਚ ਬਾਹਰੋਂ ਆਏ ਸਾਰੇ ਟਰੱਕ ਡਰਾਈਵਰਾਂ ਨੂੰ ਇੱਕ ਥਾਂ ਇਸ ਹਿਫ਼ਾਜ਼ਤੀ ਜ਼ੋਨ ਵਿੱਚ ਹੀ ਇਕੱਠੇ ਕੀਤਾ ਗਿਆ।”

“ਅਸੀਂ ਚਾਹੁੰਦੇ ਹਾਂ ਕਿ ਸੇਬ ਦੀ ਖੇਤੀ ਕਰਨ ਵਾਲੇ ਸਾਰੇ ਬਗੀਚਾ ਮਾਲਕ ਇਸ ਹਿਫ਼ਾਜ਼ਤੀ ਜ਼ੋਨ ਵਿੱਚ ਹੀ ਆਪਣੀਆਂ ਛੋਟੀਆਂ ਗੱਡੀਆਂ ਵਿੱਚ ਸੇਬ ਲੈ ਕੇ ਆਉਣ ਫਿਰ ਇੱਥੇ ਟਰੱਕ ਡਰਾਈਵਰਾਂ ਨੂੰ ਸੇਬ ਲੱਦ ਦਿੱਤੇ ਜਾਣ ਤਾਂ ਕਿ ਟਰੱਕ ਅਤੇ ਉਸ ਦੇ ਡਰਾਈਵਰ ਸਾਡੀਆਂ ਅੱਖਾਂ ਦੇ ਸਾਹਮਣੇ ਮਹਿਫ਼ੂਜ਼ ਰਹਿਣ।"

"ਪਰ ਬਦਕਿਸਮਤੀ ਨਾਲ, ਜ਼ਿਲ੍ਹੇ ਦੇ ਅੰਦਰਲੀਆਂ ਸੜਕਾਂ ਬਹੁਤ ਦੂਰ-ਦੂਰ ਤੱਕ ਫੈਲੀਆਂ ਹੋਈਆਂ ਹਨ ਅਤੇ ਵੀਰਵਾਰ ਵਾਲੇ ਦਿਨ ਉਹ ਟਰੱਕ ਸਾਡੇ ਹਿਫ਼ਾਜ਼ਤੀ ਜ਼ੋਨ ਤੋਂ ਬਾਹਰ ਚਲਿਆ ਗਿਆ ਸੀ।"

ਚੌਧਰੀ ਨੇ ਨਾਲ ਹੀ ਦੱਸਿਆ ਕਿ ਵੀਰਵਾਰ ਨੂੰ ਮਾਰੇ ਗਏ ਦੋ ਟਰੱਕ ਡਰਾਈਵਰਾਂ ਦੇ ਕਤਲ ਦੀ ਜਾਂਚ ਹਾਲੇ ਚੱਲ ਰਹੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)