ਕਸ਼ਮੀਰ 'ਚ ਮੋਬਾਈਲ ਸੇਵਾ ਦੀ ਬਹਾਲੀ ਅਤੇ ਸਰਕਾਰ ਦੀ ਤਿਆਰੀ

ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਸੋਮਵਾਰ (14 ਅਕਤੂਬਰ) ਤੋਂ ਮੋਬਾਈਲ ਪੋਸਟਪੇਡ ਸੇਵਾ ਸ਼ੁਰੂ ਹੋਣ ਵਾਲੀ ਹੈ, ਇਸ ਦੇ ਲਈ ਕਿਸ ਤਰ੍ਹਾਂ ਦੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

ਕਸ਼ਮੀਰੀਆਂ ਦੇ ਲਈ ਇਹ ਇੱਕ ਬਹੁਤ ਵੱਡਾ ਐਲਾਨ ਸੀ, ਕਿਉਂਕਿ ਜਦੋਂ ਤੋਂ ਕਸ਼ਮੀਰ 'ਚ ਲੌਕਡਾਊਨ ਹੋਇਆ ਹੈ। ਉਦੋਂ ਤੋਂ ਹੀ ਕਸ਼ਮੀਰੀ ਕਿਸੇ ਨਾਲ ਵੀ ਸੰਪਰਕ ਨਹੀਂ ਕਰ ਪਾ ਰਹੇ ਸੀ, ਹੁਣ ਉਨ੍ਹਾਂ ਨੂੰ ਕੁਝ ਰਾਹਤ ਮਿਲੇਗੀ।

ਹਾਲਾਂਕਿ ਜਦੋਂ ਸਰਕਾਰ ਇਹ ਐਲਾਨ ਕਰ ਰਹੀ ਸੀ ਤਾਂ ਸਰਕਾਰ ਦੇ ਬੁਲਾਰੇ ਰੋਹਿਤ ਕੰਸਲ ਨੇ ਖੁਫ਼ੀਆ ਵਿਭਾਗ ਵੱਲੋਂ ਕੱਟੜਪੰਥੀ ਹਮਲੇ ਦੀ ਧਮਕੀ ਮਿਲਣ ਦੀ ਗੱਲ ਵੀ ਕਹੀ ਸੀ।

ਇਹ ਵੀ ਪੜ੍ਹੋ:

ਉਸ ਐਲਾਨ ਦੇ ਕਰੀਬ ਦੋ ਘੰਟਿਆਂ ਬਾਅਦ ਹੀ ਘਾਟੀ 'ਚ ਇੱਕ ਭੀੜ-ਭਾੜ ਵਾਲੇ ਇਲਾਕੇ 'ਚ ਧਮਾਕਾ ਹੋ ਗਿਆ ਸੀ। ਪੁਲਿਸ ਨੇ ਉਸ ਧਮਾਕੇ ਪਿੱਛੇ ਕੁਝ ਸ਼ੱਕੀ ਅੱਤਵਾਦੀਆਂ ਦਾ ਹੱਥ ਦੱਸਿਆ ਹੈ।

ਸਰਕਾਰ ਇੱਕ ਪਾਸੇ ਸਰਹੱਦ ਪਾਰ ਤੋਂ ਘੁਸਪੈਠ ਦੀ ਗੱਲ ਕਹਿ ਰਹੀ ਹੈ ਤਾਂ ਦੂਜੇ ਪਾਸੇ ਘਾਟੀ 'ਚ ਹਾਲਾਤ ਆਮ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਇਸੇ ਦੇ ਮੱਦੇਨਜ਼ਰ ਹੁਣ ਸੈਲਾਨੀਆਂ ਨੂੰ ਵੀ ਕਸ਼ਮੀਰ ਆਉਣ ਲਈ ਕਹਿ ਦਿੱਤਾ ਗਿਆ ਹੈ।

ਸ਼੍ਰੀਨਗਰ 'ਚ ਮੌਜੂਦ ਬੀਬੀਸੀ ਪੱਤਰਕਾਰ ਰਿਆਜ਼ ਮਸਰੂਰ ਨੇ ਬੀਬੀਸੀ ਪੱਤਰਕਾਰ ਸ਼ਕੀਲ ਅਖ਼ਤਰ ਨਾਲ ਸਾਂਝਾ ਕੀਤਾ ਤਾਜ਼ਾ ਹਾਲਾਤ 'ਤੇ ਪੂਰਾ ਬਿਓਰਾ...

ਪੋਸਟਪੇਡ ਮੋਬਾਈਲ ਕਾਲਿੰਗ

ਇਹ ਸਭ ਤੋਂ ਵੱਡਾ ਐਲਾਨ ਹੈ ਅਤੇ ਕਸ਼ਮੀਰੀਆਂ ਲਈ ਸਭ ਤੋਂ ਵੱਡੀ ਖ਼ੁਸ਼ਖ਼ਬਰੀ ਹੈ ਕਿ ਮੋਬਾਈਲ ਸੇਵਾਵਾਂ ਸੋਮਵਾਰ (14 ਅਕਤੂਬਰ) ਤੋਂ ਸ਼ੁਰੂ ਹੋ ਜਾਣਗੀਆਂ। ਇੱਕ-ਦੂਜੇ ਨਾਲ ਸੰਪਰਕ ਬਣਾ ਸਕਨਗੇ ਪਰ ਜਦੋਂ ਇਸ ਬਾਰੇ ਪ੍ਰੈੱਸ ਕਾਨਫਰੰਸ 'ਚ ਐਲਾਨ ਹੋ ਰਿਹਾ ਸੀ ਤਾਂ ਉਸੇ ਦੌਰਾਨ ਸਰਕਾਰੀ ਬੁਲਾਰੇ ਰੋਹਿਤ ਕੰਸਲ ਨੇ ਕਿਹਾ ਕਿ ਕੁਝ ਅੱਤਵਾਦੀਆਂ ਵੱਲੋਂ ਧਮਕੀਆਂ ਬਾਬਤ ਖ਼ੁਫ਼ੀਆ ਜਾਣਕਾਰੀ ਵੀ ਮਿਲੀ ਹੈ।

ਉਸ ਪ੍ਰੈੱਸ ਕਾਨਫਰੰਸ ਦੇ ਲਗਭਗ ਦੋ ਘੰਟਿਆਂ ਬਾਅਦ ਹੀ ਘਾਟੀ 'ਚ ਇੱਕ ਭੀੜ-ਭਾੜ ਵਾਲੇ ਇਲਾਕੇ 'ਚ ਧਮਾਕਾ ਹੋ ਗਿਆ ਸੀ। ਪੁਲਿਸ ਨੇ ਉਸ ਧਮਾਕੇ ਦੇ ਪਿੱਛੇ ਕੁਝ ਸ਼ੱਕੀ ਅੱਤਵਾਦੀਆਂ ਦਾ ਹੱਥ ਦੱਸਿਆ ਹੈ। ਧਮਾਕੇ 'ਚ ਇੱਕ ਮਹਿਲਾ ਸਣੇ ਕਰੀਬ 8 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ।

ਇੱਕ ਪਾਸੇ ਤਾਂ ਸਰਕਾਰ ਸੁਰਿੱਖਆ ਨੂੰ ਲੈ ਕੇ ਆਪਣੀ ਚਿੰਤਾ ਵਾਰ-ਵਾਰ ਜ਼ਾਹਿਰ ਕਰਦੀ ਰਹੀ ਹੈ ਤੇ ਇਸ ਵਾਰ ਵੀ ਕਿਹਾ ਹੈ। ਹਾਲਾਂਕਿ ਫੌਜ ਵੱਲੋਂ ਵੀ, ਨਾਰਦਨ ਕਮਾਂਡ ਦੇ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਦਾ ਵੀ ਇਹ ਦਾਅਵਾ ਹੈ ਕਿ ਪਾਕਿਸਤਾਨ-ਸ਼ਾਸਿਤ ਕਸ਼ਮੀਰ 'ਚ ਹਥਿਆਰਾਂ ਨਾਲ ਲੈਸ 500 ਕੱਟੜਪੰਥੀ ਇਸ ਮੌਕੇ ਦੀ ਭਾਲ ਵਿੱਚ ਹਨ ਕਿ ਉਹ ਕਦੋਂ ਭਾਰਤ-ਸ਼ਾਸਿਤ ਕਸ਼ਮੀਰ ਦੇ ਇਲਾਕਿਆਂ 'ਚ ਘੁਸਪੈਠ ਕਰਕੇ ਹਿੰਸਾ ਨੂੰ ਭੜਕਾਉਣ।

ਇਸ ਦੇ ਨਾਲ ਹੀ ਸਰਕਾਰ ਦਾ ਦਾਅਵਾ ਹੈ ਕਿ ਇੱਥੇ ਹਾਲਾਤ ਹੌਲੀ-ਹੌਲੀ ਠੀਕ ਹੋ ਰਹੇ ਹਨ ਅਤੇ ਸੈਲਾਨੀਆਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਹ ਇੱਥੇ ਆਉਣ ਕਿਉਂਕਿ ਹੁਣ ਉਨ੍ਹਾਂ ਦਾ ਇੱਥੇ ਆਉਣ ਜ਼ਿਆਦਾ ਸੌਖਾ ਬਣਾ ਦਿੱਤਾ ਗਿਆ ਹੈ। ਕਿਉਂਕਿ ਮੋਬਾਈਲ ਸੇਵਾ ਦੇ ਪਾਬੰਦੀ ਹੁੰਦਿਆਂ ਉਨ੍ਹਾਂ ਨੂੰ ਕਾਫ਼ੀ ਦਿੱਕਤ ਹੋ ਸਕਦੀ ਸੀ।

ਮੋਬਾਈਲ ਸੇਵਾਵਾਂ ਦਾ ਚਾਲੂ ਹੋਣਾ ਨਾ ਸਿਰਫ਼ ਨਾਗਰਿਕਾਂ ਲਈ ਚੰਗੀ ਖ਼ਬਰ ਹੈ ਸਗੋਂ ਜੇ ਸੈਲਾਨੀ ਆਉਂਦੇ ਹਨ ਤਾਂ ਉਨ੍ਹਾਂ ਲਈ ਵੀ ਆਸਾਨੀ ਹੋਵੇਗੀ।

ਇਹ ਵੀ ਪੜ੍ਹੋ:

ਪ੍ਰਸ਼ਾਸਨ ਵੱਲੋਂ ਐਡਵਾਇਜ਼ਰੀ ਹਟਾਉਣ ਤੋਂ ਬਾਅਦ ਸੈਲਾਨੀਆਂ ਦਾ ਘਾਟੀ ਵਿੱਚ ਆਉਣ ਸ਼ੁਰੂ ਹੋਇਆ?

ਅਜੇ ਉਸ ਪੱਧਰ 'ਤੇ ਸੈਲਾਨੀਆਂ ਦਾ ਆਉਣਾ ਸ਼ੁਰੂ ਤਾਂ ਨਹੀਂ ਹੋਇਆ ਹੈ ਪਰ ਸੈਰ-ਸਪਾਟੇ ਨਾਲ ਜੁੜੇ ਕਾਰੋਬਾਰੀ, ਸ਼ਿਕਾਰੇ ਵਾਲੇ, ਟੂਰ ਆਪਰੇਟਰ ਤੇ ਹੋਰਨਾਂ ਵਿੱਚ ਇਸ ਨੂੰ ਲੈ ਕੇ ਉਮੀਦ ਹੈ। ਇੱਥੇ 900 ਹਾਊਸ ਬੋਟ ਖਾਲ੍ਹੀ ਪਏ ਹਨ, ਇੱਕ ਦੀ ਵੀ ਬੁੰਕਿੰਗ ਨਹੀਂ ਹੈ। 1300 ਹੋਟਲ ਬੇਕਾਰ ਪਏ ਹਨ, ਉਨ੍ਹਾਂ ਦੇ ਵੇਟਰ ਤੇ ਹੋਰ ਕਰਮੀਆਂ ਕੋਲ ਕੰਮ ਨਹੀਂ ਹੈ।

ਸੋ ਇਸ ਖ਼ਬਰ ਨਾਲ, ਐਡਵਾਇਜ਼ਰੀ ਹਟਣ ਨਾਲ, ਮੋਬਾਈਲ ਸੇਵਾਵਾਂ 'ਤੇ ਪਾੰਬਦੀ ਹਟਣ ਨਾਲ ਇੱਕ ਆਸ ਦੀ ਕਿਰਨ ਜ਼ਰੂਰ ਪੈਦਾ ਹੋਈ ਹੈ ਪਰ ਅਜੇ ਵੀ ਦੋ ਮਹੀਨੇ (ਅਕਤੂਬਰ-ਨਵੰਬਰ) ਹਨ ਜਿਸ 'ਚ ਇੱਥੇ ਸੈਰ-ਸਪਾਟਾ ਹੋ ਸਕਦਾ ਹੈ, ਸੈਲਾਨੀ ਆ ਸਕਦੇ ਹਨ ਕਿਉਂਕਿ ਪਤਝੜ ਦੌਰਾਨ ਵੀ ਕਮਸ਼ੀਰ ਬਹੁਤ ਖ਼ੁਬਸੂਰਤ ਹੁੰਦਾ ਹੈ। ਹੁਣ ਦੇਖਣਾ ਹੋਵੇਗਾ ਕਿ ਜਿਨ੍ਹਾਂ ਨੇ ਬੁਕਿੰਗ ਕੀਤੀ ਹੈ ਕੀ ਉਨ੍ਹਾਂ ਆਪਣਾ ਛੁੱਟੀਆਂ ਦਾ ਪ੍ਰੋਗਰਾਮ ਬਦਲਿਆ ਹੈ ਜਾਂ ਨਹੀਂ।

ਟੂਰ ਆਪਰੇਟਰਾਂ ਨੇ ਆਪਣੇ ਕਾਰੋਬਾਰੀ ਸਾਥੀਆਂ ਨਾਲ ਮੁੰਬਈ, ਗੁਜਰਾਤ, ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਪੂਰਾ ਸੰਪਰਕ ਕਾਇਮ ਕੀਤਾ ਹੋਇਆ ਹੈ। ਸਰਕਾਰ ਨੇ ਵੀ 20 ਕਰੋੜ ਰੁਪਏ ਖ਼ਰਚ ਕੀਤੇ ਸਨ, ਇਸ ਸਾਲ ਕਾਫ਼ੀ ਰੋਡ ਸ਼ੋਅ ਕੀਤੇ ਗਏ ਸਨ। ਹੁਣ ਕੇਂਦਰ ਸਰਕਾਰ ਵੱਲੋਂ 500 ਕਰੋੜ ਰੁਪਏ ਇੱਥੋਂ ਦੇ ਟੂਰਿਜ਼ਮ ਮਹਿਕਮੇ ਨੂੰ ਅਲਾਟ ਕੀਤੇ ਗਏ ਹਨ ਅਤੇ ਕਿਹਾ ਗਿਆ ਹੈ ਸੈਰ-ਸਪਾਟੇ ਨਾਲ ਜੁੜੀਆਂ ਥਾਵਾਂ ਨੂੰ ਅਪਗ੍ਰੇਡ ਕੀਤਾ ਜਾਵੇ। ਹੁਣ ਦੇਖਣਾ ਹੋਵੇਗਾ ਕਿ ਸੈਲਾਨੀ ਦੁਬਾਰਾ ਕਸ਼ਮੀਰ ਦਾ ਰੁਖ ਕਰਦੇ ਹਨ ਜਾਂ ਨਹੀਂ।

ਕੈਦ ਨੇਤਾਵਾਂ ਦੀ ਰਿਹਾਈ ਬਾਰੇ ਕੀ ਵਿਚਾਰ?

ਸਰਕਾਰੀ ਬੁਲਾਰੇ ਨੇ ਕਿਹਾ ਕਿ ਹੌਲੀ-ਹੌਲੀ ਵੱਖ-ਵੱਖ ਪੜਾਅ ਦੇ ਅਧੀਨ ਇਨ੍ਹਾਂ ਨੇਤਾਵਾਂ ਨੂੰ ਛੱਡਣਗੇ ਅਤੇ 15 ਅਕਤੂਬਰ ਨੂੰ ਗ੍ਰਹਿ ਮੰਤਰਾਲੇ ਦੀ ਉੱਚ ਪੱਧਰੀ ਮੀਟਿੰਗ ਵੀ ਹੋਵੇਗੀ, ਜਿਸ 'ਚ ਸੂਬਾ ਸਰਕਾਰ ਦੇ ਨੁਮਾਇੰਦੇ ਵੀ ਹੋਣਗੇ।

ਰਿਵੀਊ ਲਿਆ ਜਾਵੇਗਾ ਕਿ ਕਿਹੜੇ ਨੇਤਾ ਨੂੰ ਛੱਡਣਾ ਹੈ ਤੇ ਕਿਸ ਨੂੰ ਨਹੀਂ। ਹਾਲਾਂਕਿ ਹੁਣ ਤੱਕ ਸਿਰਫ਼ ਉਨ੍ਹਾਂ ਨੇਤਾਵਾਂ ਨੂੰ ਛੱਡਿਆ ਗਿਆ ਜੋ ਬਹੁਤ ਵੱਡੇ ਜਾਂ ਪ੍ਰਸਿੱਧ ਨੇਤਾ ਨਹੀਂ ਹਨ। ਪਰ ਇਸ ਬਾਰੇ ਸਰਕਾਰ ਦਾ ਮੰਨਣਾ ਹੈ ਕਿ ਕੰਮ ਸ਼ੁਰੂ ਹੋ ਗਿਆ ਹੈ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)