ਬਜਟ 2019: ਮੋਦੀ ਸਰਕਾਰ-2 ਦਾ ਪਹਿਲਾ ਆਮ ਬਜਟ: ਪੰਜਾਬ ਦੀ ਜਨਤਾ ਨੂੰ ਕੀ ਉਮੀਦਾਂ

ਮੋਦੀ ਸਰਕਾਰ-2 ਅੱਜ ਆਪਣਾ ਪਹਿਲਾ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਨੂੰ ਪਹਿਲੀ ਵਾਰ ਪੇਸ਼ ਕਰਨਗੇ ਮਹਿਲਾ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ।

1970 ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਮਹਿਲਾ ਖਜ਼ਾਨਾ ਮੰਤਰੀ ਬਜਟ ਭਾਸ਼ਣ ਦੇਣਗੇ। 49 ਸਾਲ ਪਹਿਲਾਂ ਬਤੌਰ ਵਿੱਤ ਮੰਤਰੀ ਇੰਦਰਾ ਗਾਂਧੀ ਨੇ ਆਮ ਬਜਟ ਪੇਸ਼ ਕੀਤਾ ਸੀ।

ਮੋਦੀ ਸਰਕਾਰ-1 ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਅੰਤਰਿਮ ਬਜਟ ਪੇਸ਼ ਕੀਤਾ ਸੀ ਹੁਣ ਉਹ ਫੁੱਲ ਬਜਟ ਪੇਸ਼ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ:

ਬਜਟ ਤੋਂ ਪੰਜਾਬ ਦੇ ਕਿਸਾਨ ਕੀ ਚਾਹੁੰਦੇ ਹਨ

ਜ਼ਿਲ੍ਹਾ ਮੁਹਾਲੀ ਦੇ ਪਿੰਡ ਨਨਹੇੜੀਆਂ ਦੇ ਰਹਿਣ ਵਾਲੇ ਕਿਸਾਨ ਜਗਦੇਵ ਕਹਿੰਦੇ ਹਨ, ''ਸਾਨੂੰ ਬਜਟ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ, ਪਰ ਹੁਣ ਤੱਕ ਕੋਈ ਵੀ ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਭੁਗਤੀ। ਕਿਸਾਨਾਂ ਦੀ ਸਥਿਤੀ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ। ਫ਼ਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ, ਫ਼ਸਲ ਉੱਤੇ ਲਾਗਤ ਵਧਦੀ ਜਾ ਰਹੀ ਹੈ। ਸਰਕਾਰਾਂ ਵੋਟਾਂ ਸਮੇਂ ਬੱਸ ਲਾਰੇ ਲਾਉਂਦੀਆਂ ਹਨ ਉਸ ਤੋ ਬਾਅਦ ਸਾਡੀ ਕੋਈ ਸਾਰ ਨਹੀਂ ਲੈਂਦਾ।''

ਜ਼ਿਲ੍ਹਾ ਮੁਹਾਲੀ ਦੇ ਹੀ ਰਹਿਣ ਵਾਲੇ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦਾ ਬਜਟ ਪਹਿਲਾਂ ਹੀ ਹਿੱਲਿਆਂ ਪਿਆ ਹੈ। ਮਹਿੰਗਾਈ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਪਰ ਕਿਸਾਨਾਂ ਨੂੰ ਫ਼ਸਲਾਂ ਦਾ ਮੁੱਲ ਉਸ ਅਨੁਸਾਰ ਨਹੀਂ ਮਿਲਦਾ।

ਉਨ੍ਹਾਂ ਆਖਿਆ, ''ਝੋਨੇ ਦੀ ਲੇਬਰ , ਡੀਜ਼ਲ , ਖਾਦਾਂ ਅਤੇ ਹੋਰ ਖ਼ਰਚੇ ਪਹਿਲੇ ਦੇ ਮੁਕਾਬਲੇ ਕਈ ਗੁਣਾਂ ਵੱਧ ਗਏ ਹਨ ਪਰ ਫ਼ਸਲ ਦਾ ਮੁੱਲ ਖ਼ਰਚੇ ਦੇ ਮੁਤਾਬਕ ਨਹੀਂ ਵਧਦਾ ਹੈ। ਕਿਸਾਨ ਜੇਕਰ ਔਖਾ ਸੌਖਾ ਹੋ ਕੇ ਫ਼ਸਲ ਪਾਲਦਾ ਹੈ ਤਾਂ ਆਵਾਰਾ ਜਾਨਵਰ ਫ਼ਸਲਾਂ ਦਾ ਉਜਾੜ ਕਰਦੇ ਹਨ।''

ਉਨ੍ਹਾਂ ਆਖਿਆ ਕਿ ਪੰਜਾਬ ਦਾ ਕਿਸਾਨ ਹੀ ਨਹੀਂ ਸਗੋਂ ਪੂਰੇ ਦੇਸ ਦੇ ਕਿਸਾਨਾਂ ਦੀ ਆਰਥਿਕ ਹਾਲਤ ਮਾੜੀ ਹੈ। ਸਰਕਾਰਾਂ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਮਿਲਣਾ ਚਾਹੀਦਾ ਹੈ।

ਪੰਜਾਬ ਦੀ ਜਨਤਾ ਨੂੰ ਕੀ ਹੈ ਉਮੀਦ

ਪੰਜਾਬ ਦੇ ਨੌਜਵਾਨਾਂ ਨੇ ਸਰਕਾਰ ਤੋਂ ਬਜਟ ਵਿੱਚ ਵਧੇਰੇ ਨੌਕਰੀਆਂ ਦੀ ਮੰਗ ਕੀਤੀ ਹੈ।

ਯੋਧਵੀਰ ਸਿੰਘ ਕਹਿੰਦੇ ਹਨ ਕਿ, ''ਸਰਕਾਰ ਨੂੰ ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕਰਨੇ ਚਾਹੀਦੇ ਹਨ। ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ। ਨੌਕਰੀਆਂ ਪ੍ਰਾਈਵੇਟ ਸੈਕਟਰ ਵਿੱਚ ਹੀ ਹਨ ਅਤੇ ਪੜ੍ਹਾਈ ਦਾ ਕੋਈ ਖਾਸਾ ਸਕੋਪ ਨਹੀਂ ਹੈ। ਸਾਨੂੰ ਉਮੀਦ ਹੈ ਕਿ ਸਰਕਾਰ ਇਸ ਵਾਰ ਬਜਟ ਵਿੱਚ ਕੁਝ ਚੰਗਾ ਲੈ ਕੇ ਆਵੇਗੀ।''

ਜੁਹੈਰ ਕਹਿੰਦੀ ਹੈ,''ਸਰਕਾਰ ਨੂੰ ਔਰਤਾਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਰਾਤ ਦੇ ਸਮੇਂ ਪੀਸੀਆਰ ਦੀ ਸੁਵਿਧਾ ਮੁਹੱਈਆ ਕਰਵਾਉਣੀ ਚਾਹੀਦੀ ਹੈ।''

ਪੰਜਾਬ ਦੇ ਕੁਝ ਨੌਜਵਾਨਾਂ ਨੇ ਸਰਕਾਰ ਤੋਂ ਚੰਗੀ ਸਿੱਖਿਆ ਅਤੇ ਜਾਤ-ਪਾਤ ਦਾ ਭੇਦਭਾਵ ਨਾ ਕਰਦੇ ਹੋਏ ਬਰਾਬਰ ਦੇ ਮੌਕੇ ਦੇਣ ਦੀ ਮੰਗ ਕੀਤੀ ਹੈ।

ਵੈਸ਼ਾਲੀ ਕਹਿੰਦੀ ਹੈ ਸਰਕਾਰ ਨੂੰ ਬੇਰੁਜ਼ਗਾਰ ਲੋਕਾਂ ਨੂੰ ਵਧੇਰੇ ਨੌਕਰੀਆਂ ਮੁਹੱਈਆ ਕਰਵਾਉਣੀਆ ਚਾਹੀਦੀਆਂ ਹਨ।

ਇਹ ਵੀ ਪੜ੍ਹੋ:

ਮੋਦੀ ਸਰਕਾਰ-1 ਦੇ ਅੰਤਰਿਮ ਬਜਟ' ਕੀ ਕੁਝ ਖਾਸ ਸੀ

  • 5 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਕੋਈ ਇਨਕਮ ਟੈਕਸ ਨਹੀਂ।
  • ਜੇਕਰ ਸਾਢੇ 6 ਲੱਖ ਦੀ ਆਮਦਨ ਵਾਲੇ ਪੀਐਫ (ਪ੍ਰਾਵੀਡੈਂਟ ਫੰਡ) ਅਤੇ ਇਕਵਿਟੀਜ਼ 'ਚ ਨਿਵੇਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਟੈਕਸ 'ਤੋਂ ਰਾਹਤ ਮਿਲੇਗੀ।
  • ਬੈਂਕ ਵਿੱਚ ਜਮ੍ਹਾ ਪੈਸਿਆਂ ਉੱਤੇ 40 ਹਜ਼ਾਰ ਤੱਕ ਦੇ ਵਿਆਜ ਉੱਤੇ ਟੀਡੀਐਸ ਨਹੀਂ ਲੱਗੇਗਾ।
  • 2020 ਤੱਕ ਘਰ ਖਰੀਦਣ ਲਈ ਰਜਿਸਟਰ ਕਰਵਾਉਣ ਵਾਲਿਆਂ ਨੂੰ ਆਵਾਸ ਯੋਜਨਾ ਤਹਿਤ ਛੋਟ ਮਿਲੇਗੀ।
  • ਭਾਰਤ ਵਿੱਚ ਸਭ ਤੋਂ ਜ਼ਿਆਦਾ ਮੋਬਾਈਲ ਯੂਜ਼ਰ ਹਨ। ਮੋਬਾਈਲ ਕੰਪਨੀਆਂ ਦੇ ਵਿਸਥਾਰ ਨਾਲ ਰੁਜ਼ਗਾਰ ਵਧੇਗਾ।
  • ਹਰਿਆਣਾ ਵਿੱਚ 22ਵਾਂ ਏਮਜ਼ ਹਸਪਤਾਲ ਬਣਨ ਜਾ ਰਿਹਾ ਹੈ।
  • ਦੋ ਹੈਕਟੇਅਰ ਜ਼ਮੀਨ ਵਾਲੇ ਕਿਸਾਨਾਂ ਦੇ ਖਾਤੇ ਵਿੱਚ 6 ਹਜ਼ਾਰ ਰੁਪਏ ਪਾਏ ਜਾਣਗੇ। ਪਹਿਲੀ ਦਸੰਬਰ 2018 ਤੋਂ ਇਹ ਯੋਜਨਾ ਲਾਗੂ ਹੋ ਜਾਵੇਗੀ। ਜਲਦੀ ਹੀ ਲਿਸਟਾਂ ਬਣਾ ਕੇ ਕਿਸਾਨਾਂ ਦੇ ਖਾਤਿਆਂ ਵਿੱਚ ਪਹਿਲੀ ਕਿਸ਼ਤ ਭੇਜੀ ਜਾਵੇਗੀ। ਇਹ ਰਕਮ ਤਿੰਨ ਬਰਾਬਰ ਕਿਸ਼ਤਾਂ ਵਿੱਚ ਮਿਲੇਗੀ। ਇਸ ਲਈ ਸਰਕਾਰ ਉੱਤੇ 75 ਹਜ਼ਾਰ ਕਰੋੜ ਸਾਲਾਨਾ ਭਾਰ ਪਵੇਗਾ।
  • ਪਸ਼ੂ ਪਾਲਣ ਅਤੇ ਮੱਛੀ ਪਾਲਣ ਲਈ 'ਕਿਸਾਨ ਕਰੈਡਿਟ ਕਾਰਡ' ਜ਼ਰੀਏ ਲੋਨ ਲੈਣ ਵਾਲੇ ਕਿਸਾਨਾਂ ਨੂੰ ਕਰਜ਼ ਵਿੱਚ ਦੋ ਫੀਸਦ ਦੀ ਛੋਟ।
  • ਔਰਤਾਂ ਲਈ ਮੈਟਰਨਿਟੀ ਲੀਵ 26 ਹਫ਼ਤੇ ਤੱਕ ਵਧਾਈ ਗਈ
  • 21 ਹਜ਼ਾਰ ਤੱਕ ਦੀ ਤਨਖਾਹ ਵਾਲੇ ਲੋਕਾਂ ਨੂੰ 7 ਹਜ਼ਾਰ ਰੁਪਏ ਤੱਕ ਦਾ ਬੋਨਸ ਮਿਲੇਗਾ। ਮਜ਼ਦੂਰ ਦੀ ਮੌਤ ਹੋਣ ਦੀ ਸੂਰਤ ਵਿੱਚ ਮੁਆਵਜ਼ਾ ਵਧਾ ਕੇ 6 ਲੱਖ ਕੀਤਾ ਗਿਆ।
  • ਮਾਨਧਨ ਸ਼੍ਰਮਧਨ ਯੋਜਨਾ ਦਾ ਐਲਾਨ। ਮਜ਼ਦੂਰਾਂ ਨੂੰ ਘੱਟ ਤੋਂ ਘੱਟ ਤਿੰਨ ਹਜ਼ਾਰ ਰੁਪਏ ਦੀ ਪੈਨਸ਼ਨ ਮਿਲੇਗੀ। ਘੱਟੋ ਘੱਟ ਮਜ਼ਦੂਰੀ ਵੀ ਵਧਾਈ ਗਈ। 10 ਕਰੋੜ ਮਜ਼ਦੂਰਾਂ ਨੂੰ ਫਾਇਦਾ ਹੋਵੇਗਾ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)