You’re viewing a text-only version of this website that uses less data. View the main version of the website including all images and videos.
ਰੋਹਤਕ 'ਚ ਮਾਰੇ ਗਏ ਮਜ਼ਦੂਰ ਦੀ ਪਤਨੀ ਦਾ ਦਾਅਵਾ- 'ਮੇਰੇ ਪਤੀ ਨੂੰ ਸੀਵਰ ਅੰਦਰ ਦਾਖਲ ਹੋਣ ਲਈ ਮਜਬੂਰ ਕੀਤਾ ਗਿਆ'
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
"ਹੁਣ ਪਤੀ ਤਾਂ ਰਿਹਾ ਨਹੀਂ, ਮੈਂ ਆਪਣੀ ਸੱਸ ਅਤੇ ਚਾਰ ਬੱਚਿਆਂ ਨੂੰ ਲੈ ਕੇ ਕਿੱਥੇ ਜਾਵਾਂ।" ਇਹ ਕਹਿਣਾ ਹੈ ਮ੍ਰਿਤਕ ਰਣਜੀਤ ਕੁਮਾਰ ਦੀ ਪਤਨੀ ਕਾਜਲ ਦਾ ਜਿਸ ਦੇ ਪਤੀ ਦੀ ਰੋਹਤਕ ਵਿੱਚ ਸੀਵਰ ਸਾਫ਼ ਕਰਦਿਆਂ ਮੌਤ ਹੋ ਗਈ ਸੀ।
ਚਾਰ ਵਰਕਰਾਂ ਦੀ ਸੀਵਰ ਸਾਫ਼ ਕਰਦਿਆਂ ਹੋਈ ਮੌਤ ਤੋਂ 20 ਘੰਟਿਆਂ ਬਾਅਦ ਵੀ 28 ਸਾਲਾ ਰਣਜੀਤ ਕੁਮਾਰ ਦਾ ਪਰਿਵਾਰ ਸੱਚਾਈ ਬਰਦਾਸ਼ ਨਹੀਂ ਕਰ ਪਾ ਰਿਹਾ ਹੈ।
ਰਣਜੀਤ ਕੁਮਾਰ ਦੀ ਪਤਨੀ ਗਰਭਵਤੀ ਹੈ ਅਤੇ ਉਸ ਦੇ ਤਿੰਨ ਤੋਂ ਸੱਤ ਸਾਲ ਦੀ ਉਮਰ ਦੇ ਚਾਰ ਬੱਚੇ ਹਨ। ਉਹ ਲਗਾਤਾਰ ਰੋ ਰਹੀ ਹੈ।
ਗੁਆਂਢਣਾਂ ਉਸ ਨੂੰ ਹਿੰਮਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਉਹ ਲਗਾਤਾਰ ਕਹਿ ਰਹੀ ਹੈ ਕਿ ਉਸ ਦੇ ਪਤੀ ਨੂੰ ਵਾਪਸ ਲਿਆਂਦਾ ਜਾਵੇ।
ਇਹ ਵੀ ਪੜ੍ਹੋ:
ਠੇਕੇ 'ਤੇ ਮੁਲਾਜ਼ਮ ਸੀ ਰਣਜੀਤ
ਕਾਜਲ ਦਾ ਕਹਿਣਾ ਹੈ, "ਅਸੀਂ ਗਰੀਬ ਹਾਂ ਅਤੇ ਜ਼ਿਆਦਾਤਰ ਕੂੜਾ ਚੁੱਕ ਕੇ ਗੁਜ਼ਾਰਾ ਕਰਦੇ ਹਨ ਪਰ ਮੇਰਾ ਪਤੀ ਜਨ ਸਿਹਤ ਵਿਭਾਗ ਦਾ ਠੇਕੇ 'ਤੇ ਮੁਲਾਜ਼ਮ ਸੀ ਅਤੇ 10 ਤੋਂ 11 ਹਜ਼ਾਰ ਕਮਾ ਲੈਂਦਾ ਸੀ।"
ਉਸ ਨੇ ਦੱਸਿਆ ਕਿ ਰਣਜੀਤ 26 ਜੂਨ ਨੂੰ ਸਵੇਰੇ 6 ਵਜੇ ਕੰਮ 'ਤੇ ਗਿਆ ਸੀ। ਉਸ ਨੂੰ ਵਿਭਾਗ ਦੇ ਕਿਸੇ ਅਧਿਕਾਰੀ ਦਾ ਫੋਨ ਆਇਆ ਸੀ ਕਿ ਸੀਵਰ ਸਾਫ਼ ਕਰਨਾ ਹੈ।
"ਮੈਨੂੰ ਸਵੇਰੇ 11 ਵਜੇ ਪਤਾ ਲੱਗਿਆ ਕਿ ਤਿੰਨ ਹੋਰ ਲੋਕਾਂ ਦੇ ਨਾਲ ਮੇਰੇ ਪਤੀ ਦੀ ਮੌਤ ਹੋ ਗਈ ਹੈ।"
ਰਣਜੀਤ ਜਿੱਥੇ ਰਹਿੰਦਾ ਸੀ ਉਹ ਸਲੱਮ ਏਰੀਆ ਹੈ ਅਤੇ ਜਨ ਸਿਹਤ ਵਿਭਾਗ ਦੇ ਪਿੱਛੇ ਹੀ ਹੈ। ਉੱਥੇ 40 ਪਰਿਵਾਰ ਝੋਂਪੜੀਆਂ ਵਿੱਚ ਰਹਿੰਦੇ ਹਨ।
ਕਾਜਲ ਨੇ ਕਿਹਾ, "ਪਤੀ ਦੀ ਮੌਤ ਤੋਂ ਬਾਅਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰੀ ਅਧਿਕਾਰੀ ਸਾਡਾ ਹਾਲਚਾਲ ਪੁੱਛਣ ਨਹੀਂ ਆਇਆ।"
'ਮੇਰੇ ਪਤੀ ਨੂੰ ਸੀਵਰ ਅੰਦਰ ਦਾਖਲ ਹੋਣ ਲਈ ਮਜਬੂਰ ਕੀਤਾ'
ਇੱਕ ਹੋਰ ਮਜ਼ਦੂਰ 39 ਸਾਲਾ ਧਰਮਿੰਦਰ ਜਿਸ ਦੀ ਰੋਹਤਕ ਵਿੱਚ ਸੀਵਰ ਸਾਫ਼ ਕਰਦਿਆਂ ਮੌਤ ਹੋ ਗਈ, ਉਸ ਦੇ ਘਰ ਦੇ ਬਾਹਰ ਸ਼ੋਰਾ ਕੋਟੀ ਖੇਤਰ ਵਿੱਚ ਕੁਝ ਲੋਕ ਚਾਦਰ ਵਿਛਾ ਕੇ ਬੈਠੇ ਸਨ।
ਧਰਮਿੰਦਰ ਦੇ ਭਰਾ ਪਰਮਿੰਦਰ ਨੇ ਸਿਹਤ ਵਿਭਾਗ ਨੂੰ ਮੌਤ ਲਈ ਜ਼ਿੰਮੇਵਾਰ ਦੱਸਿਆ।
ਪਰਮਿੰਦਰ ਮੁਤਾਬਕ, " ਮੇਰਾ ਭਰਾ ਪੰਪ ਆਪਰੇਟਰ ਸੀ। ਉਹ ਸਫਾਈ ਕਰਮਚਾਰੀ ਨਹੀਂ ਸੀ ਪਰ ਉਸ ਨੂੰ ਵਿਭਾਗ ਦੇ ਅਫ਼ਸਰਾਂ ਨੇ ਸੀਵਰ ਵਿੱਚ ਵੜਨ ਲਈ ਮਜਬੂਰ ਕੀਤਾ ਉਹ ਵੀ ਬਿਨਾਂ ਕਿਸੇ ਸੁਰੱਖਿਆ ਦੇ।"
ਧਰਮਿੰਦਰ ਜਿੱਥੇ ਪਤਨੀ 'ਤੇ ਚਾਰ ਬੱਚਿਆਂ ਨਾਲ ਰਹਿੰਦਾ ਸੀ ਉੱਥੇ ਜ਼ਿਆਦਾਤਰ ਦਲਿਤ ਪਰਿਵਾਰ ਰਹਿੰਦੇ ਹਨ। ਇਹ ਲੋਕ ਜ਼ਿਆਦਾਤਰ ਸਫ਼ਾਈ ਅਤੇ ਮਜ਼ਦੂਰੀ ਵਰਗੇ ਕੰਮ ਕਰਦੇ ਹਨ।
ਮ੍ਰਿਤਕ ਧਰਮਿੰਦਰ ਦੀ ਪਤਨੀ ਨੀਲਮ ਦਾ ਕਹਿਣਾ ਹੈ, "ਸੀਵਰ ਸਾਫ਼ ਕਰਨਾ ਮੇਰੇ ਪਤੀ ਦੀ ਜ਼ਿੰਮੇਵਾਰੀ ਨਹੀਂ ਸੀ। ਜੇ ਉਨ੍ਹਾਂ ਤੋਂ ਜ਼ਬਰੀ ਇਹ ਨਾ ਕਰਵਾਇਆ ਹੁੰਦਾ ਤਾਂ ਅੱਜ ਉਹ ਜ਼ਿੰਦਾ ਹੁੰਦੇ। "
"ਮੇਰੇ ਕੋਲ ਕੋਈ ਰਾਹ ਬਚਿਆ। ਸਾਡੇ ਰੁਜ਼ਗਾਰ ਦਾ ਇੱਕੋ ਜ਼ਰੀਆ ਸੀ ਮੇਰਾ ਪਤੀ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ, ਵਿਆਹ ਤੇ ਹੋਰ ਖਰਚੇ ਕਿਵੇਂ ਪੂਰੇ ਕਰਾਂਗੇ।"
ਉਸ ਨੇ ਪਰਿਵਾਰ ਦੇ ਇੱਕ ਮੈਂਬਰ ਲਈ ਨੌਕਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ।
ਹੋਰਨਾਂ ਦੋਹਾਂ ਦੇ ਪਰਿਵਾਰ ਵੀ ਪਰੇਸ਼ਾਨ
ਅਨਿਲ ਸੈਣੀ ਜੋ ਕਿ ਰੋਹਤਕ ਦੇ ਵਿਸ਼ਾਲ ਨਗਰ ਵਿੱਚ ਪਰਿਵਾਰ ਨਾਲ ਰਹਿੰਦਾ ਸੀ ਕੈਥਲ ਨਾਲ ਸਬੰਧਤ ਸੀ। ਉਸ ਦੇ ਤਿੰਨ ਬੱਚੇ ਹਨ।
ਇੱਕ ਹੋਰ ਮਜ਼ਦੂਰ ਸੰਜੇ ਜਿਸ ਦੀ ਮੌਤ ਹੋ ਗਈ ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਸ ਦਾ ਪਰਿਵਾਰ ਪੋਸਟਮਾਰਟਮ ਤੋਂ ਬਾਅਦ ਲਾਸ਼ ਲੈਣ ਲਈ ਰੋਹਤਕ ਪਹੁੰਚ ਰਿਹਾ ਸੀ।
ਰੋਜ਼ ਖ਼ਤਰਾ ਨੌਕਰੀ ਦਾ ਹਿੱਸਾ
ਜਨ ਸਿਹਤ ਵਿਭਾਗ ਦਾ ਉਹ ਖ਼ੇਤਰ ਜਿੱਥੇ ਕੱਚਾ ਬੇਰੀ ਰੋਡ 'ਤੇ ਇਹ ਹਾਦਸਾ ਵਾਪਰਿਆ ਸੀ, ਖਾਲੀ ਪਿਆ ਸੀ। ਉੱਥੇ ਕੋਈ ਅਧਿਕਾਰੀ ਨਹੀਂ ਮਿਲਿਆ।
ਠੇਕੇ 'ਤੇ ਮੁਲਾਜ਼ਮ ਰਾਮਭਜ ਕੁਮਾਰ ਉੱਥੇ ਮੌਜੂਦ ਸੀ। ਉਸ ਨੇ ਦੱਸਿਆ ਕਿ ਸੀਵਰ ਵਿੱਚ ਬਿਨਾਂ ਸੁਰੱਖਿਆ ਦੇ ਦਾਖਲ ਹੋਣਾ ਹਮੇਸ਼ਾ ਖ਼ਤਰੇ ਭਰਿਆ ਹੁੰਦਾ ਹੈ। ਉਨ੍ਹਾਂ ਕੋਲ ਕੋਈ ਸੁਰੱਖਿਆ ਸੰਦ ਨਹੀਂ ਹਨ ਤੇ ਰੋਜ਼ ਖ਼ਤਰਾ ਮੋਲ ਲੈਣਾ ਉਨ੍ਹਾਂ ਦੀ ਨੌਕਰੀ ਹੈ।
ਪਰ ਮੁਸ਼ਕਿਲਾਂ ਇੱਥੇ ਹੀ ਖ਼ਤਮ ਨਹੀਂ ਹੁੰਦੀਆਂ। ਰਾਮਭਜ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਕਈ ਮਹੀਨੇ ਤਾਂ ਤਨਖਾਹ ਵੀ ਨਹੀਂ ਮਿਲਦੀ।
'ਦੋ ਸਾਲਾਂ 'ਚ 21 ਮੌਤਾਂ'
ਨਗਰ ਪਾਲਿਕਾ ਕਰਮਚਾਰੀ ਸੰਘ ਹਰਿਆਣਾ ਦੇ ਸੂਬਾ ਪ੍ਰਧਾਨ ਨਰੇਸ਼ ਕੁਮਾਰ ਸ਼ਾਸਤਰੀ ਦਾ ਕਹਿਣਾ ਹੈ ਕਿ ਚਾਰ ਮੁਲਾਜ਼ਮਾਂ ਦੀ ਮੌਤ ਸਰਕਾਰ ਅਤੇ ਵਿਭਾਗ ਦੀ ਅਣਗਹਿਲੀ ਦਾ ਨਤੀਜਾ ਹੈ।
ਨਰੇਸ਼ ਕੁਮਾਰ ਮੁਤਾਬਕ, "ਸਾਲ 2017 ਤੋਂ 2019 ਤੱਕ ਸੀਵਰ ਸਾਫ਼ ਕਰਦਿਆਂ 21 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੁਲਾਜ਼ਮ ਠੇਕੇ ਤੇ ਸਨ।",
ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਹਾਲਾਂਕਿ ਸੀਵਰ ਦੀ ਸਫਾਈ ਕਿਸੇ ਵਿਅਕਤੀ ਤੋਂ ਕਰਵਾਉਣ ਉੱਤੇ ਪਾਬੰਦੀ ਹੈ ਪਰ ਇਸ ਦੀ ਪਾਲਣਾ ਅਸਲ ਵਿੱਚ ਕੋਈ ਨਹੀਂ ਕਰਦਾ। ਇਸ ਦੇ ਵਿਰੋਧ ਵਿੱਚ ਕਈ ਵਾਰੀ ਯੂਨੀਅਨ ਨੇ ਧਰਨੇ ਵੀ ਲਾਏ ਪਰ ਕੋਈ ਅਸਰ ਨਹੀਂ ਹੋਇਆ।
'ਵਿਭਾਗ ਦੇ ਮੁਲਾਜ਼ਮ ਨਹੀਂ'
ਸਫ਼ਾਈ ਕਰਮਚਾਰੀ ਆਯੋਗ ਦੇ ਮੁਖੀ ਰਾਮ ਅਵਤਾਰ ਬਾਲਮਿਕੀ ਨੇ ਇਸ ਹਾਦਸੇ ਨੂੰ ਮੰਦਭਾਗਾ ਕਰਾਰ ਦਿੱਤਾ ਪਰ ਕਿਹਾ ਕਿ ਮਾਰੇ ਗਏ ਮਜ਼ਦੂਰ ਜਨ ਸਿਹਤ ਵਿਭਾਗ ਦੇ ਮੁਲਾਜ਼ਮ ਨਹੀਂ ਹਨ।
ਰਾਮ ਅਵਤਾਰ ਦਾ ਕਹਿਣਾ ਹੈ, "ਵਿਭਾਗ ਨੇ ਬਿਨਾਂ ਸੁਰੱਖਿਆ ਸੰਦਾਂ, ਮਾਸਕ ਤੇ ਦਸਤਾਨਿਆਂ ਦੇ ਮਜ਼ਦੂਰਾਂ ਨੂੰ ਅੰਦਰ ਜਾਣ ਨਹੀਂ ਦੇਣਾ ਸੀ ਪਰ ਉਹ ਵਿਭਾਗ ਦੇ ਮੁਲਾਜ਼ਮ ਨਹੀਂ ਸਨ।"
ਇਹ ਵੀ ਪੜ੍ਹੋ:
ਹਾਲਾਂਕਿ ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਅਜਿਹੇ ਹਾਦਸੇ ਦੁਬਾਰਾ ਨਾ ਵਾਪਰਣ।
ਰੋਹਤਕ ਦੇ ਐਸਡੀਐਮ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਮੁਆਵਜ਼ੇ ਸਬੰਧੀ ਹਾਲੇ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ।
ਹਰਿਆਣਾ ਦੇ ਸਿਹਤ ਮੰਤਰੀ ਡਾ. ਬਨਵਾਰੀ ਲਾਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਗੱਲਬਾਤ ਨਹੀਂ ਹੋ ਸਕੀ।