ਕ੍ਰਿਕਟ ਵਿਸ਼ਵ ਕੱਪ 2019: ਪਾਕਿਸਤਾਨੀ ਟੀਮ ਇੰਜ਼ਮਾਮ-ਉਲ-ਹੱਕ ਦੇ ਭਾਰ ਨਾਲ ਤਾਂ ਨਹੀਂ ਦੱਬੀ?

ਵਿਸ਼ਵ ਕੱਪ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦਾ ਇੱਕ ਚਿਹਰਾ ਹਰ ਮੌਕੇ 'ਤੇ ਅੱਗੇ ਦਿਖਦਾ ਹੈ। ਇੰਗਲੈਂਡ ਦੇ ਟਾਨਟਨ ਵਿੱਚ ਆਸਟ੍ਰੇਲੀਆ ਨਾਲ ਮੈਚ ਤੋਂ ਪਹਿਲਾਂ ਕੀਤੀਆਂ ਜਾਣ ਵਾਲੀ ਤਿਆਰੀਆਂ ਵਿੱਚ ਉਹ ਚਿਹਰਾ ਬਿਲਕੁਲ ਸਾਹਮਣੇ ਸੀ।

ਇੱਥੋਂ ਤੱਕ ਕਿ ਉਹ ਵਿਅਕਤੀ ਪਾਕਿਸਤਾਨੀ ਕ੍ਰਿਕਟ ਟੀਮ ਦੀ ਹਰੇ ਰੰਗ ਦੀ ਪੁਸ਼ਾਕ ਵੀ ਨਹੀਂ ਪਾਉਂਦਾ ਹੈ। ਮੈਨਚੈਸਟਰ ਵਿੱਚ ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਵੀ ਮੈਦਾਨ ਵਿੱਚ ਪਿੱਚ ਦਾ ਹਾਲ ਦੇਖਦੇ ਹੋਏ ਕਪਤਾਨ ਅਤੇ ਕੋਚ ਨਾਲ ਗੱਲ ਕਰਦਾ ਦਿੱਖਿਆ। ਅਭਿਆਸ ਦੇ ਸਮੇਂ ਨੈੱਟ ਵਿੱਚ ਇਹ ਚਿਹਰਾ ਖਿਡਾਰੀਆਂ ਨੂੰ ਇੱਕ ਗੁਰੂ ਮੰਤਰ ਦਿੰਦਾ ਵਿਖਾਈ ਦਿੰਦਾ ਹੈ।

ਚਿਹਰੇ 'ਤੇ ਦਾੜ੍ਹੀ ਅਤੇ ਪੁਸ਼ਾਕ ਰਵਾਇਤੀ ਸਲਵਾਰ ਕਮੀਜ਼ । ਅਜਿਹੇ ਰੰਗ-ਢੰਗ ਵਿੱਚ ਇੰਜ਼ਮਾਮ ਹਰ ਥਾਂ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਟੀਮ ਨਾਲ ਦਿਖੇ।

ਇਹ ਵੀ ਪੜ੍ਹੋ:

ਜੇ ਕੋਈ ਇੰਜ਼ਮਾਮ-ਉਲ-ਹੱਕ ਨੂੰ ਨਹੀਂ ਪਛਾਣਦਾ, ਤਾਂ ਉਹ ਧੋਖਾ ਖਾ ਸਕਦਾ ਹੈ ਕਿ ਇਕ ਪਾਦਰੀ ਮੈਦਾਨ ਵਿੱਚ ਕਿੱਥੋਂ ਆ ਗਿਆ ਹੈ।

ਇਕ ਅਜਿਹੀ ਘਟਨਾ ਟਵਿੱਟਰ ਉੱਤੇ ਸਰਗਰਮ ਰਹਿਣ ਵਾਲੇ ਤਾਰਿਕ ਫ਼ਤਿਹ ਨਾਲ ਹੋਈ ਜਦੋਂ ਉਹ ਖ਼ੁਦ ਉਹਨਾਂ ਦੇ ਰੰਗ-ਢੰਗ ਤੋਂ ਧੋਖਾ ਖਾ ਗਏ।

ਇੰਜ਼ਮਾਮ ਦਾ ਵਿਸ਼ਵ ਕੱਪ ਦੀ ਟੀਮ ਵਿੱਚ ਕਿੰਨਾ ਦਖਲ

ਇੰਜ਼ਮਾਮ ਹਮੇਸ਼ਾ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਹਨ, ਪਰ ਸਵਾਲ ਇਹ ਹੈ ਕਿ ਮੁੱਖ ਚੋਣ ਕਰਤਾ ਦੇ ਰੂਪ ਵਿੱਚ ਪਾਕਿਸਤਾਨ ਦੀ ਟੀਮ ਨੂੰ ਉਹਨਾਂ ਤੋਂ ਕਿੰਨਾ ਲਾਭ ਮਿਲ ਰਿਹਾ ਹੈ।

ਪਾਕਿਸਤਾਨੀ ਮੀਡੀਆ ਦਾ ਕਹਿਣਾ ਹੈ ਕਿ ਮੁੱਖ ਚੋਣਕਾਰ ਹੋਣ ਦੇ ਨਾਤੇ ਇੰਜ਼ਮਾਮ ਦਾ ਵਿਸ਼ਵ ਕੱਪ ਦੀ ਟੀਮ ਵਿੱਚ ਕਾਫ਼ੀ ਦਖਲ ਰਿਹਾ ਹੈ।

ਭਾਰਤ ਤੋਂ ਹਾਰ ਦੇ ਬਾਅਦ ਪਾਕਿਸਤਾਨ ਵਿੱਚ ਕਪਤਾਨ ਸਰਫਰਾਜ਼ ਅਹਿਮਦ, ਕੋਚ ਮਿੱਕੀ ਆਰਥਰ ਅਤੇ ਕਈ ਖਿਡਾਰੀਆਂ ਲਈ ਅਪਮਾਨ ਜਨਕ ਗੱਲਾਂ ਕਹੀਆਂ ਜਾ ਰਹੀਆਂ ਹਨ। ਇਸ ਵਿੱਚ ਹੁਣ ਇੰਜ਼ਮਾਮ ਦੀ ਭੂਮਿਕਾ 'ਤੇ ਵੀ ਉਂਗਲੀਆਂ ਉਠਾਈਆਂ ਜਾ ਰਹੀਆਂ ਹਨ।

ਜ਼ਾਹਿਰ ਹੈ ਕਿ ਪਾਕਿਸਤਾਨ ਦੀ ਹਾਰ ਵਿੱਚ ਕਪਤਾਨ ਸਰਫਰਾਜ਼, ਕੋਚ ਆਰਥਰ ਅਤੇ ਸ਼ੋਇਬ ਮਲਿਕ ਵਰਗੇ ਖਿਡਾਰੀ ਵੀ ਜਵਾਬਦੇਹ ਹਨ, ਪਰ ਇੰਜ਼ਮਾਮ ਦੀ ਭੂਮਿਕਾ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਕਿਸਤਾਨੀ ਮੀਡੀਆ ਵਿੱਚ ਪੁੱਛਿਆ ਜਾ ਰਿਹਾ ਹੈ ਕਿ ਇੰਜ਼ਮਾਮ ਨੇ ਟੀਮ ਵਿੱਚ ਮੁੱਖ ਚੋਣ ਕਰਤਾ ਦੇ ਤੌਰ 'ਤੇ ਕਿਵੇਂ ਦੇ ਲੋਕਾਂ ਨੂੰ ਟੀਮ ਵਿੱਚ ਰੱਖਿਆ ਹੈ।

ਸ਼ੋਇਬ ਮਲਿਕ ਨੂੰ ਕਿਉਂ ਚੁਣਿਆ ਗਿਆ?

ਪਾਕਿਸਤਾਨ ਦੇ ਚੈਨਲਾਂ ਦੀ ਰਿਪੋਰਟ ਵਿਚ ਸਵਾਲ ਪੁੱਛੇ ਜਾ ਰਹੇ ਹਨ ਕਿ ਇੰਜ਼ਮਾਮ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਬੁਰੀ ਤਰ੍ਹਾਂ ਫਲਾਪ ਰਹੇ ਸ਼ੋਇਬ ਮਲਿਕ ਨੂੰ ਵਿਸ਼ਵ ਕੱਪ ਲਈ ਕਿਉਂ ਚੁਣਿਆ ਗਿਆ?

ਉਹ ਇੰਗਲੈਂਡ ਵਿੱਚ ਪਾਕਿਸਤਾਨੀ ਟੀਮ ਦੇ ਨਾਲ ਸਨ ਅਤੇ ਮਹੱਤਵਪੂਰਣ ਫੈਸਲਿਆਂ ਵਿੱਚ ਸ਼ਾਮਲ ਸਨ। ਜੀਓ ਟੀਵੀ ਦੀ ਰਿਪੋਰਟ ਅਨੁਸਾਰ ਸਰਫਰਾਜ਼ ਅਤੇ ਮਿਕੀ ਆਰਥਰ ਵਿੱਚ ਇੰਜ਼ਾਮਮ ਨੂੰ ਕਾਬੂ ਕਰਨ ਦਾ ਦਮ ਨਹੀਂ ਹੈ।

ਪਾਕਿਸਤਾਨੀ ਮੀਡੀਆ ਵਿੱਚ ਕਿਹਾ ਜਾ ਰਿਹਾ ਹੈ ਕਿ ਇੰਜ਼ਮਾਮ-ਉਲ-ਹੱਕ 2006-07 ਵਿੱਚ ਪਾਕਿਸਤਾਨ ਦੀ ਟੀਮ ਦੇ ਕਪਤਾਨ ਸੀ, ਕੁਝ ਅਜਿਹੀ ਸਥਿਤੀ ਅੱਜ ਵੀ ਹੈ। ਪਾਕਿਸਤਾਨ ਅਖ਼ਬਾਰ ਦਿ ਨਿਊਜ਼ ਨੂੰ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਇੱਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਜਦੋਂ ਉਹ ਕਪਤਾਨ ਸੀ, ਉਹਨਾਂ ਦਾ ਨਾ ਸਿਰਫ਼ ਪੂਰੀ ਟੀਮ 'ਤੇ ਕੰਟਰੋਲ ਸੀ ਸਗੋਂ ਹਰ ਫ਼ੈਸਲਾ ਉਨ੍ਹਾਂ ਦੇ ਮਨ ਮੁਤਾਬਕ ਲਿਆ ਜਾਂਦਾ ਸੀ।

ਪਾਕਿਸਤਾਨੀ ਮੀਡੀਆ ਵਿੱਚ ਕਿਹਾ ਜਾ ਰਿਹਾ ਹੈ ਕਿ ਲੋਕ ਉਨ੍ਹਾਂ ਖਿਡਾਰੀਆਂ ਤੋਂ ਨਾਖੁਸ਼ ਹਨ ਜੋ ਵਿਸ਼ਵ ਕੱਪ ਲਈ ਪਲੇਇੰਗ ਇਲੈਵਨ 'ਚ ਸ਼ਾਮਲ ਕੀਤੇ ਗਏ ਹਨ। ਇਸ ਟੀਮ ਵਿੱਚ ਇੰਜ਼ਾਮਮ-ਉਲ-ਹੱਕ ਦੇ ਭਤੀਜੇ ਇਮਾਮ-ਉਲ-ਹੱਕ ਵੀ ਸ਼ਾਮਲ ਹਨ, ਜੋ ਭਾਰਤ ਵਿਰੁੱਧ ਬੁਰੀ ਤਰ੍ਹਾਂ ਫਲਾਪ ਹਨ।

89 ਦੌੜਾਂ ਨਾਲ ਭਾਰਤ ਨਾਲ ਹਾਰ ਦੇ ਬਾਅਦ ਉਸ ਅਧਿਕਾਰੀ ਨੇ ਦਿ ਨਿਊਜ਼ ਨੂੰ ਕਿਹਾ, "ਇੰਜ਼ਮਾਮ ਦਬੰਗ ਕਿਸਮ ਦੇ ਵਿਅਕਤੀ ਹਨ। ਉਹ ਨਿਰਪੱਖ ਹਨ ਅਤੇ ਪਸੰਦ-ਨਾਪਸੰਦ ਨੂੰ ਲੈ ਕੇ ਅੜ ਜਾਂਦੇ ਹਨ। ਜਦੋਂ ਸ਼ਹਿਰਯਾਰ ਖਾਨ ਬੋਰਡ ਦੇ ਚੇਅਰਮੈਨ ਸਨ, ਉਦੋਂ ਪੀਸੀਬੀ ਵਿੱਚ ਇੰਜ਼ਮਾਮ ਦੀ ਹੀ ਚੱਲਦੀ ਸੀ। ਇੰਝ ਲੱਗਦਾ ਹੈ ਕਿ ਇਤਿਹਾਸ ਇੱਕ ਵਾਰ ਫਿਰ ਆਪਣੇ ਆਪ ਨੂੰ ਦੁਹਰਾ ਰਿਹਾ ਹੈ।"

ਇੰਜ਼ਮਾਮ ਦੀ ਕਪਤਾਨੀ ਵਿੱਚ ਪਾਕਿਸਤਾਨ ਨੂੰ ਟੈਸਟ ਮੈਚ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਜ਼ਾ ਭੁਗਤਨੀ ਪਈ ਸੀ। ਇਹ ਮੈਚ ਓਵਲ ਵਿੱਚ 2006 ਵਿੱਚ ਇੰਗਲੈਂਡ ਦੇ ਖਿਲਾਫ਼ ਸੀ। ਇਸ ਮੈਚ ਵਿੱਚ ਗੇਂਦ ਦੇ ਨਾਲ ਛੇੜਛਾੜ ਕਰਨ ਵਿੱਚ ਪਾਕਿਸਤਾਨ ਦੀ ਟੀਮ ਨੂੰ ਦੋਸ਼ੀ ਮੰਨਿਆ ਗਿਆ ਤਾਂ ਇੰਜ਼ਮਾਮ ਨੇ ਮੈਚ ਖੇਡਣ ਤੋਂ ਹੀ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

ਸਾਲ 2007 ਵਿੱਚ ਇੰਜ਼ਾਮਮ ਦੀ ਕਪਤਨੀ ਵਿੱਚ ਹੀ ਪਾਕਿਸਤਾਨ ਨੇ ਵਿਸ਼ਵ ਕੱਪ ਖੇਡਿਆ ਸੀ ਪਰ ਬੁਰੀ ਤਰ੍ਹਾਂ ਸ਼ੁਰੂਆਤੀ ਦੌਰ ਵਿੱਚ ਉਸ ਦੇ ਪ੍ਰਦਰਸ਼ਨ ਨੇ ਦਮ ਤੋੜ ਦਿੱਤਾ।

ਭਾਰਤ ਤੋਂ ਹਾਰ ਤੋਂ ਬਾਅਦ ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਪਾਕਿਸਤਾਨੀ ਟੀਮ ਵਿੱਚ ਹੀ ਕਈ ਧੜੇ ਬਣ ਗਏ ਹਨ ਅਤੇ ਕਪਤਾਨ ਸਰਫ਼ਰਾਜ ਬਿਲਕੁਲ ਅਲੱਗ ਪੈ ਗਏ ਹਨ। ਹਾਲਾਂਕਿ ਪਾਕਿਸਤਾਨ ਕ੍ਰਿਕੇਟ ਬੋਰਡ ਨੇ ਇਸ ਨੂੰ ਮਹਿਜ਼ ਅਫ਼ਵਾਹ ਦੱਸਿਆ ਹੈ ਅਤੇ ਕਿਹਾ ਹੈ ਕਿ ਪੂਰੀ ਟੀਮ ਸਰਫਰਾਜ਼ ਨਾਲ ਖੜ੍ਹੀ ਹੈ।

ਇੰਜ਼ਮਾਮ ਨੂੰ ਟੀਮ ਵਿੱਚ ਇਮਰਾਨ ਨੇ ਦਿੱਤੀ ਸੀ ਥਾਂ

ਇੰਜ਼ਮਾਮ-ਉਲ-ਹਕ ਨੂੰ 90 ਦੇ ਦਹਾਕੇ ਵਿੱਚ ਪਾਕਿਸਤਾਨੀ ਟੀਮ ਦੇ ਤਤਕਾਲੀ ਕਪਤਾਨ ਇਮਰਾਨ ਖਾਨ ਨੇ ਟੀਮ ਵਿੱਚ ਸ਼ਾਮਿਲ ਕੀਤਾ ਸੀ। 22 ਸਾਲ ਦੀ ਉਮਰ ਵਿੱਚ ਇੰਜ਼ਮਾਮ-ਉਲ-ਹੱਕ ਨੇ ਉਦੋਂ ਗੱਲ ਕੀਤੀ ਜਦੋਂ ਉਨ੍ਹਾਂ ਨੇ 1992 ਦੇ ਵਿਸ਼ਵ ਕੱਪ ਵਿੱਚ ਆਸਟਰੇਲੀਆ ਦੇ ਖਿਲਾਫ਼ ਖੇਡੇ।

ਇੰਜ਼ਮਾਮ ਨੇ ਨਿਊਜ਼ੀਲੈਂਡ ਦੇ ਖਿਲਾਫ਼ 37 ਗੇਂਦਾਂ 'ਤੇ 60 ਦੌੜਾਂ ਦੀ ਚੰਗੀ ਪਾਰੀ ਖੇਡੀ ਅਤੇ ਪਾਕਿਸਤਾਨ ਫਾਈਨਲ ਵਿੱਚ ਪਹੁੰਚ ਗਿਆ ਸੀ। ਉਸ ਤੋਂ ਬਾਅਦ ਇੰਜ਼ਮਾਮ ਦੀ ਟੀਮ ਵਿੱਚ ਥਾਂ ਪੱਕੀ ਹੋ ਗਈ ਅਤੇ ਉਹ ਕਪਤਾਨ ਤੱਕ ਬਣੇ। ਇੰਜ਼ਮਾਮ ਨੇ ਕੁਲ 378 ਵਨਡੇ ਮੈਚਾਂ ਵਿੱਚ 11,739 ਦੌੜਾਂ ਬਣਾਈਆਂ ਹਨ।

ਭਾਰਤ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਦੇ ਸੈਮੀਫਾਈਨਲ ਵਿੱਚ ਪਹੁੰਚਣ ਦਾ ਰਾਹ ਕਾਫੀ ਮੁਸ਼ਕਿਲ ਹੋ ਗਿਆ ਹੈ। ਵਿਸ਼ਵ ਕੱਪ 2019 ਵਿੱਚ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਹਾਰ ਸੀ ਅਤੇ ਉਹ ਕੁੱਲ ਤਿੰਨ ਮੈਚ ਹਾਰ ਚੁੱਕੇ ਹਨ। ਪਾਕਿਸਤਾਨ ਨੂੰ ਜੇਕਰ ਸੈਮੀਫਾਈਨਲ ਵਿੱਚ ਪਹੁੰਚਣਾ ਹੈ ਤਾਂ ਬਾਕੀ ਦੇ ਸਾਰੇ ਚਾਰ ਮੈਚ ਜਿੱਤਣੇ ਹੋਣਗੇ।

ਇਨ੍ਹਾਂ ਜਿੱਤਾਂ ਤੋਂ ਬਾਅਦ ਪਾਕਿਸਤਾਨ ਦੇ 11 ਅੰਕ ਹੋਣਗੇ। ਮੁਸ਼ਕਿਲ ਇਹ ਹੈ ਕਿ ਪਾਕਿਸਤਾਨ ਦਾ ਨੈਟ ਰਨ ਰੇਟ ਭਾਵ ਐਨਆਰਆਰ ਬਹੁਤ ਖਰਾਬ ਹੈ। ਪਾਕਿਸਤਾਨ ਨੂੰ ਸੈਮੀਫਾਈਨਲ ਵਿੱਚ ਪਹੁੰਚਣਾ ਹੈ ਤਾਂ ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ ਅਤੇ ਬੰਗਲਾਦੇਸ਼ ਨੂੰ ਹਰਾਨਾ ਪਏਗਾ। ਇਸ ਦੇ ਨਾਲ ਹੀ ਵੈਸਟ ਇੰਡੀਜ਼ ਨੂੰ ਵੀ ਦੋ ਮੈਚਾਂ ਵਿੱਚ ਹਰਾਨਾ ਹੋਵੇਗਾ।

ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸੈਮੀਫ਼ਾਈਨਲ ਵਿੱਚ ਪਹੁੰਚਣਾ ਹੁਣ ਪਾਕਿਸਤਾਨ ਦੇ ਹੱਥ ਵਿੱਚ ਨਹੀਂ ਹੈ ਪਰ ਦੂਜੀਆਂ ਟੀਮਾਂ ਦੀ ਹਾਰ-ਜਿੱਤ ਤੇ ਨਿਰਭਰ ਕਰਦਾ ਹੈ।

ਪਾਕਿਸਤਾਨ ਦੇ ਲਈ ਬਾਕੀ ਦੇ ਚਾਰ ਮੈਚ ਜਿੱਤਣਾ ਸੌਖਾ ਨਹੀਂ ਹੈ। ਪਾਕਿਸਤਾਨ ਦਾ ਅਗਲਾ ਮੈਚ 23 ਜੂਨ ਨੂੰ ਦੱਖਣੀ ਅਫ਼ਰੀਕਾ ਨਾਲ ਹੈ। ਹਾਲਾਂਕਿ ਦੱਖਣੀ ਅਫ਼ਰੀਕਾ ਇਸ ਵਾਰ ਕਮਜ਼ੋਰ ਟੀਮ ਨਜ਼ਰ ਆ ਰਹੀ ਹੈ। ਦੱਖਣੀ ਅਫ਼ਰੀਕਾ, ਇੰਗਲੈਂਡ, ਬੰਗਲਾਦੇਸ਼ ਅਤੇ ਭਾਰਤ ਤੋਂ ਹਾਰ ਚੁੱਕਾ ਹੈ।

ਪਾਕਿਸਤਾਨ ਬਰਮਿੰਘਮ ਵਿੱਚ 26 ਜੂਨ ਨੂੰ ਨਿਊਜ਼ੀਲੈਂਡ ਦੇ ਨਾਲ ਖੇਡੇਗਾ। ਪਾਕਿਸਤਾਨ ਲਈ ਇਹ ਸਭ ਤੋਂ ਮੁਸ਼ਕਲ ਮੁਕਾਬਲਾ ਹੈ। ਨਿਊਜ਼ੀਲੈਂਡ ਨੇ ਹੁਣ ਤਕ ਸਾਰੇ ਮੈਚ ਜਿੱਤੇ ਹਨ, ਬਸ ਭਾਰਤ ਨਾਲ ਮੈਚ ਮੀਂਹ ਕਾਰਨ ਨਹੀਂ ਹੋ ਸਕਿਆ ਸੀ। ਪਾਕਿਸਤਾਨ ਨੂੰ ਨਿਊਜ਼ੀਲੈਂਡ ਨੂੰ ਹਰਾਉਣ ਲਈ ਵਧੀਆ ਖੇਡਣਾ ਹੋਏਗਾ।

ਪਾਕਿਸਤਾਨ ਦੇ ਬਾਕੀ ਦੋ ਮੈਚ ਲੀਡਜ਼ ਵਿੱਚ ਅਫਗ਼ਾਨਿਸਤਾਨ ਅਤੇ ਲਾਰਡਜ਼ ਵਿੱਚ ਬੰਗਲਾਦੇਸ਼ ਤੋਂ ਹੈ। ਅਫਗ਼ਾਨਿਸਤਾਨ ਨੂੰ ਪਾਕਿਸਤਾਨ ਹਰਾਉਂਦਾ ਤਾਂ ਹੈ ਪਰ ਪਾਕਿਸਤਾਨ ਵਾਰਮਅੱਪ ਮੈਚ ਵਿੱਚ ਅਫਗ਼ਾਨਿਸਤਾਨ ਤੋਂ ਹਾਰ ਚੁੱਕਿਆ ਹੈ। ਪਾਕਿਸਤਾਨ ਦਾ ਆਖਰੀ ਮੈਚ ਬੰਗਲਾਦੇਸ਼ ਨਾਲ ਹੈ।

ਬੰਗਲਾਦੇਸ਼ ਦੀ ਟੀਮ ਵੀ ਬਹੁਤ ਵਧੀਆ ਖੇਡ ਰਹੀ ਹੈ ਅਤੇ 17 ਜੂਨ ਨੂੰ ਵੈਸਟ ਇੰਡੀਜ਼ ਨੂੰ 322 ਦੌੜਾਂ ਦਾ ਟੀਚਾ ਪੂਰਾ ਕਰਕੇ ਹਰਾਇਆ ਸੀ। ਇਸ ਲਈ ਪਾਕਿਸਤਾਨ ਲਈ ਬੰਗਲਾਦੇਸ਼ ਨੂੰ ਹਰਾਉਣਾ ਵੀ ਸੌਖਾ ਨਹੀਂ ਹੋਵੇਗਾ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)