IPL 2019 ਫ਼ਾਈਨਲ ’ਚ ਆਖਰੀ ਗੇਂਦ ’ਤੇ ਇੰਝ ਜਿੱਤੀ ਮੁੰਬਈ, ਚੇਨਈ ਨਾਲ ਰਿਹਾ ਫਸਵਾਂ ਮੈਚ

ਇੰਡੀਅਨ ਪ੍ਰੀਮੀਅਰ ਲੀਗ 2019 ਦੇ ਫਾਈਨਲ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਸਾਹਮਣੇ 150 ਰਨ ਦਾ ਟੀਚਾ ਰੱਖਿਆ ਸੀ ਅਤੇ ਅਖੀਰ ਵਿੱਚ 1 ਰਨ ਨਾਲ ਮੁੰਬਈ ਜੇਤੂ ਰਹੀ।

ਚੇਨਈ ਦੀ ਚੰਗੀ ਸ਼ੁਰੂਆਤ ਹੋਈ ਪਰ ਚਾਰ ਓਵਰਾਂ ਤੋਂ ਬਾਅਦ 33 ਰਨ ’ਤੇ ਪਹਿਲੀ ਵਿਕਟ ਡਿੱਗੀ। ਫਿਰ 13 ਓਵਰਾਂ 'ਚ 82 ਰਨ 'ਤੇ ਟੀਮ ਪਾਕੇ ਪੈਰੀਂ ਨਜ਼ਰ ਆ ਰਹੀ ਸੀ ਜਦੋਂ ਕਪਤਾਨ ਮਹਿੰਦਰ ਸਿੰਘ ਧੋਨੀ ਰਨ-ਆਊਟ ਹੋ ਗਏ।

ਸ਼ੇਨ ਵਾਟਸਨ ਨੇ ਚੇਨਈ ਦੀਆਂ ਉਮੀਦਾਂ ਜਗਾਈਆਂ ਪਰ ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਆਖ਼ਿਰੀ ਓਵਰ ਵਿੱਚ ਜਿੱਤ ਲਈ 9 ਰਨ ਬਚੇ ਸਨ ਤੇ ਟੀਮ 148 ਤੱਕ ਹੀ ਪਹੁੰਚ ਸਕੀ।

ਲਸਿਥ ਮਲਿੰਗਾ ਨੇ ਦਬਾਅ ਹੇਠ ਚੰਗੀ ਗੇਂਦਬਾਜ਼ੀ ਕੀਤੀ ਅਤੇ ਆਖ਼ਿਰੀ ਗੇਂਦ 'ਤੇ ਵਿਕੇਟ ਲੈ ਕੇ ਮੈਚ ਮੁੰਬਈ ਲਈ ਜਿੱਤਿਆ।

ਮੁੰਬਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ। ਕਪਤਾਨ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਉੱਤੇ ਬਹੁਤ ਕੁਝ ਨਿਰਭਰ ਸੀ, ਦੂਜੇ ਓਪਨਰ ਕਵਿੰਟਨ ਡਿ ਕੋਕ ਨੇ ਵੀ ਹਮਲਾਵਰ ਰਵੱਈਆ ਵਿਖਾਇਆ ਪਰ ਛੇਵੇਂ ਓਵਰ ਤੱਕ ਦੋਵੇਂ ਹੀ ਆਊਟ ਹੋ ਗਏ। ਅਖੀਰ ਮੁੰਬਈ ਨੇ ਲਗਾਤਾਰ ਵਿਕਟਾਂ ਡਿੱਗਣ ਦੇ ਬਾਵਜੂਦ 20 ਓਵਰਾਂ ਦੇ ਅੰਤ 'ਚ 149/8 ਦਾ ਸਕੋਰ ਬਣਾ ਲਿਆ ਸੀ।

ਕਿਸ ਦੀ ਕੀ ਖ਼ਾਸੀਅਤ?

ਇਸ ਮਹੀਨੇ 30 ਤਰੀਕ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਤੋਂ ਪਹਿਲਾਂ ਹੀ ਦੇਸੀ-ਵਿਦੇਸ਼ੀ ਖਿਡਾਰੀਆਂ ਨਾਲ ਸਜੇ ਆਈਪੀਐੱਲ-ਸੀਜ਼ਨ 12 ਦਾ ਫਾਈਨਲ ਹੈਦਰਾਬਾਦ ਵਿੱਚ ਖੇਡਿਆ ਗਿਆ।

ਫਾਈਨਲ ਵਿੱਚ ਤਿੰਨ-ਤਿੰਨ ਵਾਰ ਚੈਂਪੀਅਨ ਰਹੀਆਂ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਆਹਮੋ-ਸਾਹਮਣੇ ਸਨ।

ਪਿਛਲੀ ਵਾਰ ਚੈਂਪੀਅਨ ਰਹੀ ਚੇਨਈ ਨੇ ਸਾਲ 2010, 2011 ਅਤੇ ਸਾਲ 2018 ਵਿੱਚ ਵੀ ਜਿੱਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਚੇਨਈ ਚਾਰ ਵਾਰ ਦੂਜੇ ਨੰਬਰ 'ਤੇ ਰਹੀ ਸੀ।

ਇਹ ਵੀ ਪੜ੍ਹੋ:

ਇਹ ਵੀ ਸੰਜੋਗ ਹੀ ਕਿਹਾ ਜਾ ਸਕਦਾ ਹੈ ਦੋ ਵਾਰ ਫੈਸਲਾਕੁੰਨ ਮੈਚ ਵਿੱਚ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ।

ਹੁਣ ਸਵਾਲ ਇਹ ਸੀ — ਕੀ ਇਸ ਵਾਰ ਵੀ ਕਪਤਾਨ ਧੋਨੀ ਦੀ ਜਾਦੂਗਰੀ ਕੰਮ ਕਰੇਗੀ? ਕੀ ਉਨ੍ਹਾਂ ਦੀ ਰਣਨੀਤੀ ਅਜਿਹੀ ਹੋਵੇਗੀ ਜੋ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਰੋਕ ਸਕੇ?

ਮੁੰਬਈ ਇੰਡੀਅਨਜ਼ ਨੇ ਸਾਲ 2013, 2015 ਅਤੇ ਸਾਲ 2017 ਵਿੱਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ।

ਚੇਨਈ ਦਾ 10 ਚੋਂ 8 ਵਾਰ ਫਾਈਨਲ ਵਿੱਚ ਪਹੁੰਚਣਾ ਦੱਸਦਾ ਹੈ ਕਿ ਉਹ ਕਿੰਨੀ ਤਾਕਤਵਰ ਟੀਮ ਰਹੀ ਹੈ। ਹੁਣ ਉਨ੍ਹਾਂ ਦੇ ਸਾਹਮਣੇ ਖਿਤਾਬ ਬਚਾ ਕੇ ਰੱਖਣ ਦੀ ਚੁਣੌਤੀ ਸੀ।

ਮੁੰਬਈ ਦਾ ਰਿਕਾਰਡ ਬਿਹਤਰ

ਇਸ ਵਾਰ ਆਈਪੀਐੱਲ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਖੇਡ ਰਹੀ ਮੁੰਬਈ ਇੰਡੀਅਨਜ਼ ਨੇ ਫਾਈਨਲ ਵਿੱਚ ਚੇਨਈ ਨੂੰ ਤਿੰਨ ਵਾਰ ਸ਼ਿਕਸ਼ਤ ਦਿੱਤੀ ਸੀ।

ਮੁੰਬਈ ਨੇ ਪਹਿਲਾਂ ਤਾਂ ਉਸ ਨੂੰ ਦੋਹਾਂ ਲੀਗ ਮੈਚਾਂ ਵਿੱਚ ਵੀ ਹਰਾਇਆ ਸੀ। ਉਸ ਤੋਂ ਬਾਅਦ ਪਲੇ-ਆਫ਼ ਤੋਂ ਪਹਿਲਾਂ ਕੁਆਲੀਫਾਇਰ ਵਿੱਚ ਵੀ ਮੁੰਬਈ ਨੇ ਚੇਨਈ ਨੂੰ ਬਹੁਤ ਸੌਖ ਨਾਲ ਛੇ ਵਿਕਟਾਂ ਨਾਲ ਹਰਾਇਆ ਸੀ।

ਦੋਹਾਂ ਟੀਮਾਂ ਦੀ ਤਾਕਤ ਦੀ ਗੱਲ ਕੀਤੀ ਜਾਵੇ ਤਾਂ ਚੇਨਈ ਕੋਲ ਤਜਰਬੇਕਾਰ ਖਿਡਾਰੀਆਂ ਦੀ ਕਮੀ ਨਹੀਂ।

ਖ਼ੁਦ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਸ਼ੇਨ ਵਾਟਸਨ, ਸੁਰੇਸ਼ ਰੈਨਾ, ਹਰਭਜਨ ਸਿੰਘ, ਇਮਰਾਨ ਤਾਹਿਰ, ਰਵਿੰਦਰ ਜਡੇਜਾ ਅਤੇ ਡਵੇਨ ਬਰਾਵੋ ਨੇ ਆਈਪੀਐੱਲ ਦਾ ਹਰ ਰੰਗ ਬਾਖ਼ੂਬੀ ਦੇਖਿਆ।

ਮੁੰਬਈ ਕੋਲ ਤਜਰਬੇਕਾਰ ਅਤੇ ਨੌਜਵਾਨ ਖਿਡਾਰੀਆਂ ਦਾ ਮਿਸ਼ਰਣ ਸੀ।

ਲਸਿਥ ਮਲਿੰਗਾ ਅਤੇ ਕਿਰੇਨ ਪੋਲਾਰਡ ਕੋਲ ਵੀ ਤਜਰਬੇ ਦੀ ਕਮੀ ਨਹੀਂ, ਤਾਂ ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ, ਕਰੁਣਾਲ ਪਾਂਡਿਆ, ਈਸ਼ਾਨ ਕਿਸ਼ਨ ਅਤੇ ਰਾਹੁਲ ਚਾਹਰ ਨੌਜਵਾਨ ਖ਼ੂਨ ਹੈ।

ਆਈਪੀਐੱਲ ਵਿੱਚ ਇਸ ਵਾਰ ਮੁੰਬਈ ਇੰਡੀਅਨਜ਼ ਨੇ ਭਾਵੇਂ ਹੀ ਦੇਰ ਨਾਲ ਲੈਅ ਫੜੀ ਹੈ ਪਰ ਇੱਕ ਵਾਰ ਜਿੱਤਣਾ ਸ਼ੁਰੂ ਕੀਤਾ ਤਾਂ ਰੋਕਣਾ ਔਖਾ ਹੋ ਗਿਆ।

ਇਹ ਵੀ ਪੜ੍ਹੋ

ਚੇਨਈ ਕਪਤਾਨ 'ਤੇ ਨਿਰਭਰ

ਚੇਨਈ ਸ਼ੁਰੂਆਤੀ ਮੁਕਾਬਲਿਆਂ ਵਿੱਚ ਲਗਾਤਾਰ ਜਿੱਤਦੇ ਹੋਏ ਹੋਰਨਾਂ ਟੀਮਾਂ ਤੋਂ ਅੱਗੇ ਨਿੱਕਲ ਗਈ ਸੀ ਪਰ ਬਾਅਦ ਵਿੱਚ ਉਸ ਨੂੰ ਸਾਹ ਚੜ੍ਹ ਗਿਆ ਜਾਪਦਾ ਸੀ।

ਪੂਰੇ ਆਈਪੀਐੱਲ ਵਿੱਚ ਹੀ ਉਹ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬੂਤੇ ਹੀ ਅਗਾਂਹ ਵਧੀ। ਜੇ ਕਿਸੇ ਮੈਚ ਵਿੱਚ ਧੋਨੀ ਦਾ ਬੱਲਾ ਨਹੀਂ ਚੱਲਿਆ ਤਾਂ ਉਨ੍ਹਾਂ ਨੇ ਕਪਤਾਨੀ ਅਜਿਹੀ ਕੀਤੀ ਕਿ ਉਸ ਨਾਲ ਹੀ ਜਿੱਤ ਹਾਸਲ ਹੋ ਗਈ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)