ਛੋਟੇ ਕੱਪੜਿਆਂ ’ਤੇ ਕਮੈਂਟ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ, ਬਹਿਸ ਭਖ਼ੀ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਔਰਤ ਦੀ ਕੁਝ ਕੁੜੀਆਂ ਨਾਲ ਲੜਾਈ ਹੋ ਗਈ ਹੈ।

ਇੱਕ ਫੇਸਬੁੱਕ ਯੂਜ਼ਰ ਸ਼ਿਵਾਨੀ ਗੁਪਤਾ ਨੇ ਇਹ ਵੀਡੀਓ ਆਪਣੇ ਪੇਜ 'ਤੇ ਸ਼ੇਅਰ ਕੀਤਾ ਹੈ। ਸ਼ਿਵਾਨੀ ਦਾ ਇਲਜ਼ਾਮ ਹੈ ਕਿ ਰੈਸਟੋਰੈਂਟ ਵਿੱਚ ਇੱਕ ਔਰਤ ਨੇ ਉਨ੍ਹਾਂ ਦੇ ਕੱਪੜਿਆਂ 'ਤੇ ਇਤਰਾਜ਼ ਜਤਾਉਂਦੇ ਹੋਏ ਕੁਝ ਮੁੰਡਿਆਂ ਨੂੰ ਉਨ੍ਹਾਂ ਦਾ “ਰੇਪ ਕਰਨ ਲਈ ਕਿਹਾ”।

ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, "ਅੱਜ ਮੈਨੂੰ ਅਤੇ ਮੇਰੇ ਦੋਸਤਾਂ ਨੂੰ ਇੱਕ ਰੈਸਟੋਰੈਂਟ ਵਿੱਚ ਔਰਤ ਨੇ ਦੁਖੀ ਕੀਤਾ ਕਿਉਂਕਿ ਮੈਂ ਛੋਟੇ ਕੱਪੜੇ ਪਾਏ ਸੀ... ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਅਧੇੜ ਉਮਰ ਦੀ ਔਰਤ ਨੇ ਰੈਸਟੋਰੈਂਟ ਵਿੱਚ ਸੱਤ ਮੁੰਡਿਆਂ ਨੂੰ ਮੇਰਾ ਰੇਪ ਕਰਨ ਲਈ ਕਿਹਾ ਹੈ ਕਿਉਂਕਿ ਉਨ੍ਹਾਂ ਮੁਤਾਬਕ ਛੋਟੇ ਕੱਪੜਿਆਂ ਕਾਰਨ ਸਾਡੇ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ।''

ਵੀਡੀਓ ਤਕਰੀਬਨ 9 ਮਿੰਟ ਦਾ ਹੈ।

ਸੋਸ਼ਲ ਮੀਡੀਆ 'ਤੇ ਪੋਸਟ ਵੀਡੀਓ

ਇਹ ਵੀ ਪੜ੍ਹੋ:

ਪੋਸਟ ਵਿੱਚ ਅੱਗੇ ਲਿਖਿਆ ਹੈ, "ਉਨ੍ਹਾਂ ਦੀ ਮਾਨਸਿਕਤਾ ਦਾ ਵਿਰੋਧ ਕਰਨ ਲਈ ਆਪਣੇ ਸਹਿਕਰਮੀਆਂ ਦੇ ਸਹਿਯੋਗ ਨਾਲ ਅਸੀਂ ਉਨ੍ਹਾਂ ਨੂੰ ਨੇੜਲੇ ਇੱਕ ਸ਼ਾਪਿੰਗ ਸੈਂਟਰ ਵਿੱਚ ਲੈ ਗਏ। ਅਸੀਂ ਉਨ੍ਹਾਂ ਨੂੰ ਮੁਆਫ਼ੀ ਮੰਗਣ ਦਾ ਮੌਕਾ ਦਿੱਤਾ।”

“ਪਰ ਸਾਫ਼ ਹੈ ਕਿ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ 'ਤੇ ਕੋਈ ਅਸਰ ਨਹੀਂ ਪਿਆ। ਇੱਥੋਂ ਤੱਕ ਕਿ ਉੱਥੇ ਮੌਜੂਦ ਇੱਕ ਹੋਰ ਔਰਤ ਨੇ ਵੀ ਮਾਮਲਾ ਦੇਖ ਕੇ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਕਿਹਾ ਸੀ।"

ਮਾਮਲਾ ਦਿੱਲੀ ਦੇ ਨੇੜੇ ਗੁਰੂਗਰਾਮ ਦਾ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਸ਼ਾਪਿੰਗ ਸੈਂਟਰ ਵਿੱਚ ਮੌਜੂਦ ਔਰਤਾਂ ਵਿਚਾਲੇ ਬਹਿਸ ਹੋ ਰਹੀ ਹੈ। ਜਿਸ ਔਰਤ 'ਤੇ ਇਲਜ਼ਾਮ ਲਾਏ ਜਾ ਰਹੇ ਹਨ, ਉਹ ਪੁਲਿਸ ਨੂੰ ਬੁਲਾਉਣ ਲਈ ਕਹਿ ਰਹੀ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਦਾ ਵੀਡੀਓ ਬਣਾਇਆ ਜਾ ਰਿਹਾ ਹੈ ਅਤੇ ਇੱਕ ਕੁੜੀ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਕਹਿ ਰਹੀ ਹੈ। ਨਾਲ ਹੀ ਮਾਫ਼ੀ ਨਾ ਮੰਗਣ 'ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਵੀ ਦੇ ਰਹੀ ਹੈ।

ਇੱਕ ਹੋਰ ਔਰਤ ਸਮਰਥਨ ਵਿੱਚ ਆਈ

ਵੀਡੀਓ ਵਿੱਚ ਦੋ ਔਰਤਾਂ ਵਿਚਾਲੇ ਗੱਲਬਾਤ ਹੋ ਰਹੀ ਹੈ। ਤਾਂ ਹੀ ਜਿਸ ਔਰਤ ਦਾ ਵੀਡੀਓ ਬਣਾਇਆ ਜਾ ਰਿਹਾ ਹੈ ਉਹ ਕਹਿੰਦੀ ਹੈ, "ਹਾਲੇ ਵੀ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ।"

ਇਸ ਦੌਰਾਨ ਇੱਕ ਕੁੜੀ ਕਹਿੰਦੀ ਹੈ, "ਇੱਕ ਔਰਤ ਹੁੰਦੇ ਹੋਏ ਤੁਸੀਂ ਇਹ ਘਟੀਆ ਗੱਲ ਕਹੀ ਕਿ ਇੱਕ ਹੀ ਕਮਰੇ ਵਿੱਚ ਮੌਜੂਦ ਮੁੰਡੇ ਇੱਕ ਕੁੜੀ ਦਾ ਰੇਪ ਕਰਨ।"

ਇਹ ਵੀ ਪੜ੍ਹੋ:

ਇਸ 'ਤੇ ਉਹ ਔਰਤ “ਰਾਈਟ” ਕਹਿੰਦੇ ਹੋਏ ਮੁਸਕਰਾਉਂਦੇ ਹੋਏ ਨਿਕਲ ਜਾਂਦੀ ਹੈ।

ਫਿਰ ਇੱਕ ਦੂਜੀ ਕੁੜੀ ਬੋਲਣ ਲਗਦੀ ਹੈ, "ਹੁਣ ਅੱਗੇ ਕੀ, ਮੇਰੇ ਕੱਪੜਿਆਂ ਦੀ ਲੰਬਾਈ ਨੂੰ ਲੈ ਕੇ ਤੁਹਾਡਾ ਲੈਕਚਰ ਕਿੱਥੇ ਗਿਆ। ਮੇਰਾ ਰੇਪ ਹੋ ਜਾਣਾ ਚਾਹੀਦਾ ਹੈ, ਤੁਸੀਂ ਇਹ ਹੀ ਕਿਹਾ ਸੀ ਨਾ।"

ਉਦੋਂ ਹੀ ਔਰਤ ਸ਼ਾਪਿੰਗ ਸੈਂਟਰ ਦੇ ਸਟਾਫ਼ ਨੂੰ ਪੁਲਿਸ ਨੂੰ ਬੁਲਾਉਣ ਲਈ ਕਹਿੰਦੀ ਹੈ। ਫਿਰ ਉਹੀ ਕੁੜੀ ਕਹਿੰਦੀ ਹੈ, "ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਸਬੂਤ ਦੇ ਤੌਰ 'ਤੇ ਰੈਸਟੋਰੈਂਟ ਤੋਂ ਫੁਟੇਜ ਲੈਣ ਜਾ ਰਹੀ ਹਾਂ। ਤੁਹਾਨੂੰ ਵੀ ਮਾਫ਼ੀ ਮੰਗਣੀ ਪਏਗੀ। ਤੁਸੀਂ ਹੁਣੇ ਮਾਫ਼ੀ ਮੰਗੋ... ਜੇ ਤੁਸੀਂ ਮਾਫ਼ੀ ਨਹੀਂ ਮੰਗੋਗੇ ਤਾਂ ਮੈਂ ਤੁਹਾਡੀ ਜ਼ਿੰਦਗੀ ਨਕਰ ਬਣਾ ਦੇਵਾਂਗੀ। ਤੁਹਾਡਾ ਵੀਡੀਓ ਵਾਇਰਲ ਕਰ ਦੇਵਾਂਗੀ।"

ਪਰ ਔਰਤ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਉੱਥੋਂ ਜਾਣ ਲਈ ਕਹਿੰਦੀ ਹੈ।

ਇਸ ਤੋਂ ਬਾਅਦ ਬਹਿਸ ਹੋਰ ਵਧਦੀ ਹੈ।

ਵੀਡੀਓ ਦੇ ਅਖੀਰ ਵਿੱਚ ਨਜ਼ਰ ਆ ਰਿਹਾ ਹੈ ਕਿ ਔਰਤ ਕਹਿ ਰਹੀ ਹੈ, "ਇਹ ਔਰਤਾਂ ਸਾਰਿਆਂ ਦਾ ਧਿਆਨ ਖਿੱਚਣ ਲਈ ਛੋਟੇ ਕੱਪੜੇ ਪਾਉਣਾ ਚਾਹੁੰਦੀਆਂ ਹਨ।”

ਬਹਿਸ ਖ਼ਤਮ ਨਹੀਂ ਹੁੰਦੀ।

ਵੀਡੀਓ 'ਤੇ ਆਏ ਸੈਂਕੜੇ ਕਮੈਂਟ

ਸ਼ਿਵਾਨੀ ਗੁਪਤਾ ਦਾ ਪੋਸਟ 20 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਹੋਇਆ ਹੈ ਅਤੇ ਕਈ ਲੋਕਾਂ ਨੇ ਇਸ ਤੇ ਕਮੈਂਟ ਕੀਤਾ ਹੈ। ਜ਼ਿਆਦਾਤਰ ਲੋਕ ਸ਼ਿਵਾਨੀ ਦਾ ਸਮਰਥਨ ਕਰ ਰਹੇ ਹਨ ਪਰ ਕੁਝ ਨੂੰ ਵੀਡੀਓ ਪੋਸਟ ਕਰਨ ’ਤੇ ਇਤਰਾਜ਼ ਹੈ।

ਯੂਜ਼ਰ ਸ਼ੀਤਲ ਯੁਵਰਾਜ ਸਿੰਘ ਪਰਿਹਾਰ ਨੇ ਕਮੈਂਟ ਕੀਤਾ ਹੈ, "ਔਰਤ ਦੀ ਮਾਨਸਿਕਤਾ ਦੇਖ ਕੇ ਬਹੁਤ ਦੁਖ ਹੋਇਆ। ਨਾਲ ਹੀ ਇਹ ਦਿਖਾਉਂਦਾ ਹੈ ਕਿ ਕਿਵੇਂ ਸਿਆਣੇ ਲੋਕ ਆਪਣੀ ਸਿਆਣਪ ਗਵਾ ਦਿੰਦੇ ਹਨ।"

ਯੂਜ਼ਰ ਲਾਰਾ ਲੋਪਾਮੁਦਰਾ ਮਿਸ਼ਰਾ ਦਾ ਕਮੈਂਟ ਹੈ, "ਕਿੰਨੀ ਘਟੀਆ ਔਰਤ ਹੈ। ਇਸੇ ਤਰ੍ਹਾ ਦੇ ਲੋਕ ਚੀਜ਼ਾਂ ਨੂੰ ਹੋਰ ਖਰਾਬ ਕਰਦੇ ਹਨ। ਇਸ ਨੂੰ ਅੱਗੇ ਲੈ ਜਾਓ ਅਤੇ ਪੁਲਿਸ ਨੂੰ ਸ਼ਿਕਾਇਤ ਕਰੋ। ਔਰਤਾਂ ਸਾੜੀ ਵਿੱਚ ਹੋਣ ਜਾਂ ਬੁਰਕੇ ਵਿੱਚ ਰੇਪ ਹੋ ਸਕਦਾ ਹੈ ਪਰ ਅਜਿਹੇ ਲੋਕਾਂ ਲਈ ਕੱਪੜੇ ਮੁਸ਼ਕਿਲ ਹਨ।"

ਇੱਕ ਹੋਰ ਯੂਜ਼ਰ ਭਰਤ ਅਸਾਨੀ ਨੇ ਸਵਾਲ ਪੁੱਛਿਆ ਹੈ, "ਲੋਕਾਂ ਨੂੰ ਇਹ ਗਿਆਨ ਕਿਵੇਂ ਮਿਲਦਾ ਹੈ ਕਿ ਕਿਸ ਲੰਬਾਈ ਦੇ ਕੱਪੜਿਆਂ ਕਾਰਨ ਰੇਪ ਹੁੰਦਾ ਹੈ?"

ਉੱਥੇ ਹੀ ਇੱਕ ਯੂਜ਼ਰ ਬਾਨੀ ਮੈਗਾਨ ਨੇ ਵੀਡੀਓ ਪੋਸਟ ਕਰਨ ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਲਿਖਿਆ ਹੈ, "ਉਨ੍ਹਾਂ ਨੇ ਜੋ ਕੀਤਾ ਹੈ ਉਹ ਗਲਤ ਸੀ ਪਰ ਤੁਹਾਨੂੰ ਉਨ੍ਹਾਂ ਦੀ ਸਹਿਮਤੀ ਬਿਨਾਂ ਇਹ ਵੀਡੀਓ ਪੋਸਟ ਕਰਨ ਦਾ ਅਧਿਕਾਰ ਨਹੀਂ ਹੈ। ਇਹ ਉਨ੍ਹਾਂ ਦਾ ਨਜ਼ਰੀਆ ਹੈ ਪਰ ਉਨ੍ਹਾਂ ਦਾ ਚਿਹਰਾ ਸੋਸ਼ਲ ਮੀਡੀਆ ਤੇ ਦਿਖਾ ਕੇ ਤੁਹਾਡੀ ਕੋਈ ਮਦਦ ਨਹੀਂ ਹੋਵੇਗੀ।"

ਹਾਲਾਂਕਿ ਇਸ ਕਮੈਂਟ ਦਾ ਲੋਕਾਂ ਨੇ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਨੂੰ ਮੁੰਡਿਆਂ ਨੂੰ ਕੁੜੀਆਂ ਨੂੰ ਰੇਪ ਕਰਨ ਲਈ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ।

ਇਸੇ ਪੋਸਟ ਤੇ ਯਸ਼ਸਵਨੀ ਬਾਸੂ ਦਾ ਕਮੈਂਟ ਹੈ, "ਉਸ ਤੋਂ ਸਵਾਲ ਪੁੱਛ ਕੇ ਬਹੁਤ ਚੰਗਾ ਕੀਤਾ। ਇਹ ਦੇਖਣਾ ਬਹੁਤ ਹਿੰਮਤ ਦਿੰਦਾ ਹੈ ਕਿ ਅਜਿਹੀਆਂ ਰੂੜ੍ਹੀਵਾਦੀ ਗੱਲਾਂ ਦੇ ਵਿਰੋਧ ਵਿੱਚ ਕਈ ਆਵਾਜ਼ਾਂ ਉੱਠੀਆਂ। ਪਰ ਮੈਨੂੰ ਵਾਕਈ ਲਗਦਾ ਹੈ ਕਿ ਅਜਿਹਾ ਸੋਚਣ ਵਾਲੀ ਉਹ ਇਕੱਲੀ ਨਹੀਂ ਹੈ। ਅਜਿਹੀ ਸੋਚ ਨਾਲ ਸਾਡਾ ਕਈ ਸਾਹਮਣਾ ਹੁੰਦਾ ਹੈ।"

ਇਸ ਵੀਡੀਓ ਵਿੱਚ ਦੋਨੋਂ ਪੱਖਾਂ ਦੀਆਂ ਔਰਤਾਂ ਵਾਰੀ-ਵਾਰੀ ਪੁਲਿਸ ਨੂੰ ਬੁਲਾਉਣ ਦੀ ਗੱਲ ਕਹਿ ਰਹੀਆਂ ਹਨ ਪਰ ਜਦੋਂ ਬੀਬੀਸੀ ਹਿੰਦੀ ਨੇ ਗੁਰੂਗਰਾਮ ਦੇ ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੇ ਕਿਸੇ ਮਾਮਲੇ ਦੀ ਸ਼ਿਕਾਇਤ ਨਹੀਂ ਆਈ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)