ਸ੍ਰੀ ਲੰਕਾ ’ਚ ਮਰਨ ਵਾਲਿਆਂ ਦੀ ਗਿਣਤੀ ਘਟੀ, ‘ਅੰਗਾਂ ਦੇ ਟੁਕੜੇ ਇੰਨੇ ਸਨ ਕਿ ਇੱਕ ਲਾਸ਼ ਕਈ ਵਾਰ ਗਿਣੀ ਗਈ’

ਸ੍ਰੀ ਲੰਕਾ ’ਚ 21 ਅਪ੍ਰੈਲ ,ਐਤਵਾਰ, ਨੂੰ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦਾ ਅੰਕੜਾ ਹੁਣ ਘੱਟ ਦੱਸਿਆ ਜਾ ਰਿਹਾ ਹੈ।

ਦੇਸ ਦੇ ਸਿਹਤ ਮੰਤਰਾਲੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 253 ਹੈ ਜਦਕਿ ਪਹਿਲਾਂ ਮਰਨ ਵਾਲਿਆਂ ਦਾ ਅੰਕੜਾ 350 ਤੋਂ ਪਾਰ ਦਾ ਦੱਸਿਆ ਗਿਆ ਸੀ। ਇਸ ਨੂੰ ਗਿਣਤੀ ’ਚ ਗ਼ਲਤੀ ਦੱਸਿਆ ਗਿਆ ਹੈ।

ਇੱਕ ਸਿਹਤ ਸੇਵਾ ਅਧਿਕਾਰੀ ਨੇ ਰਾਇਟਰਜ਼ ਨਿਊਜ਼ ਏਜੰਸੀ ਨੂੰ ਦੱਸਿਆ ਕਿ ਦਰਅਸਲ ਅੰਗਾਂ ਦੇ ਟੁਕੜੇ ਇੰਨੇ ਸਨ ਕਿ "ਅਸਲ ਅੰਕੜੇ ਪੇਸ਼ ਕਰਨਾ ਮੁਸ਼ਕਲ ਸੀ।"

ਸ੍ਰੀ ਲੰਕਾ ਦੇ ਉੱਪ ਰੱਖਿਆ ਮੰਤਰੀ ਰੁਵਾਨ ਵਿਜੇਵਰਦਨੇ ਨੇ ਦੱਸਿਆ ਕਿ ਮੁਰਦਾਘਰਾਂ ਨੇ ਗ਼ਲਤ ਅੰਕੜੇ ਪੇਸ਼ ਕੀਤੇ ਸਨ।

ਇਹ ਵੀ ਜ਼ਰੂਰਪੜ੍ਹੋ

ਬੀਬੀਸੀ ਵਰਲਡ ਸਰਵਿਸ ਦੇ ਦੱਖਣੀ ਏਸ਼ੀਆ ਐਡੀਟਰ ਜਿਲ ਮੈਕਗਿਵਰਿੰਗ ਦਾ ਕਹਿਣਾ ਹੈ ਕਿ ਸੋਧ ਕੀਤੇ ਹੋਏ ਅੰਕੜੇ ਸਰਕਾਰ ਵੱਲੋਂ ਆਪਣੇ 'ਤੇ ਭਰੋਸੇ ਦੀ ਮੁੜਬਹਾਲੀ ਦੇ ਸੰਘਰਸ਼ ਵਜੋਂ ਸਾਹਮਣੇ ਆਏ ਹਨ, ਕਿਉਂਕਿ ਉਹ ਖੁਫ਼ੀਆਂ ਏਜੰਸੀਆਂ ਵੱਲੋਂ ਚਿਤਾਵਨੀ ਦੇ ਬਾਵਜੂਦ ਹਮਲੇ ਰੋਕਣ 'ਚ ਅਸਫ਼ਲ ਰਹਿਣ ਦੀ ਆਲੋਚਨਾ ਝੱਲ ਰਹੀ ਸੀ।

ਉਨ੍ਹਾਂ ਨੇ ਦੱਸਿਆ ਕਿ ਸਰਕਾਰ ਇਸ ਤੋਂ ਇਲਾਵਾ ਫੇਕ ਨਿਊਜ਼ ਅਤੇ ਗ਼ਲਤ ਅਫ਼ਵਾਹਾਂ ਦੇ ਸੰਕਟ ਨਾਲ ਵੀ ਜੂਝ ਰਹੀ ਹੈ। ਪਰ ਇਸ ਤਰ੍ਹਾਂ ਅਚਾਨਕ ਕੀਤੇ ਗਏ ਸੋਧ ਨਾਲ ਮਦਦ ਦੀ ਆਸ ਨਹੀਂ ਹੈ।

ਉਂਝ 25 ਅਪ੍ਰੈਲ ਨੂੰ ਕੋਲੰਬੋ ਜ਼ਿਲ੍ਹੇ ਵਿੱਚ ਪਿਊਗੋਡਾ ਵਿੱਚ ਇੱਕ ਹੋਰ ਧਮਾਕਾ ਹੋਇਆ ਪਰ ਇਸ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਮਲਾਵਰ ਨੇ 'ਯੂਕੇ ਵਿੱਚ ਕੀਤੀ ਸੀ ਪੜ੍ਹਾਈ'

21 ਅਪ੍ਰੈਲ, ਈਸਟਰ ਮੌਕੇ ਸ੍ਰੀ ਲੰਕਾ ਵਿੱਚ ਹੋਏ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਇੱਕ ਸ਼ੱਕੀ ਹਮਲਾਵਰ ਨੇ ਯੂਕੇ ਵਿੱਚ ਪੜ੍ਹਾਈ ਕੀਤੀ ਹੈ। ਇਸ ਬਾਰੇ ਅਫ਼ਸਰਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ।

ਸ੍ਰੀ ਲੰਕਾ ਦੇ ਉਪ ਰੱਖਿਆ ਮੰਤਰੀ ਨੇ ਕਿਹਾ ਕਿ ਸ਼ੱਕੀ ਹਮਲਾਵਰ ਨੇ ਆਸਟਰੇਲੀਆ ਵਿੱਚ ਪੜ੍ਹਨ ਤੋਂ ਪਹਿਲਾਂ ਯੂਕੇ ਵਿੱਚ ਪੜ੍ਹਾਈ ਕੀਤੀ ਸੀ।

ਸ੍ਰੀ ਲੰਕਾ ਸਰਕਾਰ ਮੁਲਕ ਵਿਚ ਹੋਏ ਲੜੀਵਾਰ ਧਮਾਕਿਆਂ ਪਿੱਛੇ ਵਿਦੇਸ਼ੀ ਹੱਥ ਹੋਣ ਦਾ ਦਾਅਵਾ ਕਰ ਰਹੀ ਹੈ। ਇੱਕ ਸਥਾਨਕ ਇਸਲਾਮੀ ਸੰਗਠਨ ਨੈਸ਼ਨਲ ਤੌਹੀਦ ਜਮਾਤ ਨੂੰ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ

ਪਰ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਕਿਹਾ, "ਅਜਿਹੇ ਹਮਲੇ ਸਥਾਨਕ ਪੱਧਰ ਉੱਤੇ ਸੰਭਵ ਨਹੀਂ ਹਨ।"

ਉਨ੍ਹਾਂ ਕਿਹਾ, "ਜਿਸ ਤਰ੍ਹਾਂ ਦੀ ਸਿਖਲਾਈ ਅਤੇ ਤਾਲਮੇਲ ਦਿਖਿਆ ਹੈ, ਅਜਿਹਾ ਪਹਿਲਾ ਕਦੇ ਨਹੀਂ ਦੇਖਿਆ ਗਿਆ।"

ਸ੍ਰੀ ਲੰਕਾ ਵਿਚ ਹੋਏ ਲੜੀਵਾਰ ਅੱਠ ਬੰਬ ਧਮਾਕਿਆਂ ਵਿਚ ਹੁਣ ਤੱਕ ਮੌਤਾਂ ਦੀ ਗਿਣਤੀ 253 ਹੋ ਗਈ ਹੈ ਅਤੇ ਤਕਰੀਬਨ 500 ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਹਮਲਿਆਂ ਵਿਚ ਈਸਟਰ ਦੇ ਮੌਕੇ ਤਿੰਨ ਗਿਰਜਾਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਪੁਲਿਸ ਨੇ ਇਸ ਮਾਮਲੇ ਵਿਚ ਹੁਣ ਤੱਕ 40 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ, ਇਹ ਸਾਰੇ ਹੀ ਸ੍ਰੀ ਲੰਕਾ ਦੇ ਰਹਿਣ ਵਾਲੇ ਹਨ।

ਅਫਸਰਾਂ ਤੋਂ ਮਿਲੀ ਖਾਸ ਜਾਣਕਾਰੀ

  • ਪੁਲਿਸ ਨੇ 9 ਵਿੱਚੋਂ 8 ਹਮਲਾਵਰਾਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ਹਮਲਾਵਰਾਂ ਵਿੱਚ ਇੱਕ ਔਰਤ ਵੀ ਹੈ ਪਰ ਕੋਈ ਵਿਦੇਸ਼ੀ ਨਹੀਂ ਹੈ।
  • ਜ਼ਿਆਦਾਤਰ ਹਮਲਾਵਰ ‘ਪੜ੍ਹੇ-ਲਿਖੇ’ ਹਨ ‘ਮੱਧ ਵਰਗੀ’ ਪਰਿਵਾਰ ਨਾਲ ਸਬੰਧ ਰੱਖਦੇ ਹਨ।
  • ਸ੍ਰੀ ਲੰਕਾ ਵਿੱਚ ਯੂਐੱਸ ਦੇ ਰਾਜਦੂਤ ਨੇ ਚੇਤਾਵਨੀ ਦਿੱਤੀ ਸੀ ਅੱਤਵਾਦੀ ਹਮਲੇ ਹੋ ਸਕਣ ਦੀ ਚਿਤਾਵਨੀ ਦਿੱਤੀ ਸੀ।

ਆਈਐੱਸ ਲਿੰਕ

ਆਪਣੇ ਅਮਾਕ ਨਿਊਜ਼ ਆਊਟਲੈੱਟ ਰਾਹੀ ਆਈਐੱਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਆਈਐੱਸ ਵਿਰੋਧੀ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਅਤੇ ਇਸਾਈ ਗਿਰਜਾਘਰਾਂ ਨੂੰ ਸ੍ਰੀਲੰਕਾ ਵਿਚ ਨਿਸ਼ਾਨਾਂ ਬਣਾਇਆ ਹੈ।

ਇਹ ਵੀ ਪੜ੍ਹੋ:

ਭਾਵੇਂ ਕਿ ਮਾਰਚ ਮਹੀਨੇ ਵਿਚ ਆਈਐੱਸ ਦੀ ਆਖ਼ਰੀ ਇਲਾਕਾ ਵੀ ਖੋਹ ਲਿਆ ਗਿਆ ਪਰ ਜਾਣਕਾਰ ਮੰਨਦੇ ਹਨ ਕਿ ਇਸ ਦਾ ਅਰਥ ਆਈਐੱਸ ਤੇ ਉਸ ਦੀ ਵਿਚਾਰਧਾਰਾ ਦਾ ਖਾਤਮਾ ਨਹੀਂ ਹੈ।

ਇਸ ਤੋਂ ਪਹਿਲਾਂ ਸ੍ਰੀ ਲੰਕਾ ਦੇ ਰੱਖਿਆ ਮੰਤਰੀ ਰੂਵਾਨ ਵਿਕਰਮਾਸਿੰਘੇ ਨੇ ਸੰਸਦ ਨੂੰ ਦੱਸਿਆ ਸੀ ਕਿ ਨੈਸ਼ਨਲ ਤੌਹੀਦ ਜਮਾਤ ਦਾ ਸੰਪਰਕ ਜੇਐੱਮਆਈ ਨਾਂ ਦੇ ਇਸਲਾਮਿਕ ਸੰਗਠਨ ਨਾਲ ਹੈ ਪਰ ਇਸ ਦਾ ਹੋਰ ਵਧੇਰੇ ਵਿਸਥਾਰ ਨਹੀਂ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਫ਼ ਹੋਇਆ ਹੈ ਕਿ ਹਮਲੇ ਨਿਊਜ਼ੀਲੈਂਡ ਵਿਚ ਕਰਾਈਸਟ ਚਰਚਾਂ ਉੱਤੇ ਹਮਲਿਆਂ ਦੀ ਜਵਾਬੀ ਕਾਰਵਾਈ ਸੀ।

ਹਮਲਿਆਂ ਤੋਂ ਬਾਅਦ ਸਾਵਧਾਨੀਆਂ

ਕੋਚੀਕਾਡੇ 'ਚ ਸੈਂਟ ਐਂਥਨੀ, ਨੇਗੋਂਬੋ 'ਚ ਸੈਂਟ ਸੇਬੈਸਟੀਅਨ ਚਰਚ ਅਤੇ ਬਾਟੀਕਲੋਵਾ ਚਰਚਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਸ਼ਾਂਗਰੀਲਾ, ਸੀਨਾਮੋਨ ਗਰਾਂਡ ਅਤੇ ਕਿੰਗਸਬਰੀ ਪੰਜ ਤਾਰਾ ਹੋਟਲਾਂ 'ਚ ਧਮਾਕੇ ਹੋਏ।

ਵਧੇਰੇ ਹਮਲਿਆਂ ਨੂੰ ਰੋਕਣ ਲਈ ਦੇਸ 'ਚ ਐਮਰਜੈਂਸੀ ਲਾਗੂ ਕੀਤੀ ਗਈ ਹੈ। ਹਮਲੇ ਤੋਂ ਕੁਝ ਹੀ ਦੇਰ ਬਾਅਦ ਵੱਡੇ ਸੋਸ਼ਲ ਮੀਡੀਆ ਅਦਾਰਿਆਂ ਉੱਤੇ ਪਾਬੰਦੀ ਲਾ ਦਿੱਤੀ ਗਈ।

ਕੋਈ ਫੇਕ ਨਿਊਜ਼ ਨਾ ਫੈਲੇ ਇਸ ਲਈ ਫੇਸਬੁੱਕ, ਵਟਸਐਪ, ਇੰਸਟਾਗਰਾਮ, ਯੂ-ਟਿਊ, ਸਨੈਪਚੈਟ ਅਤੇ ਵਾਈਬਰ ਤੇ ਪਾਬੰਦੀ ਲਾ ਦਿੱਤੀ ਗਈ ਸੀ।

ਇਸ ਵਿਚਾਲੇ ਇਸਲਾਮਿਕ ਸਟੇਟ ਗਰੁੱਪ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਸ੍ਰੀ ਲੰਕਾ ਸਰਕਾਰ ਨੇ ਸਥਾਨਕ ਇਸਲਾਮਿਕ ਗਰੁੱਪ ਨੈਸ਼ਨਲ ਤੌਹੀਦ 'ਤੇ ਇਨ੍ਹਾਂ ਹਮਲਿਆਂ ਦਾ ਇਲਜ਼ਾਮ ਲਗਾਇਆ ਸੀ।

ਇਹ ਵੀ ਪੜ੍ਹੋ:

ਸ੍ਰੀ ਲੰਕਾ ਵਿੱਚ ਇੱਕ ਬੀਬੀਸੀ ਪੱਤਰਕਾਰ ਨੇ ਦੱਸਿਆ ਕਿ ਆਈਐਸ ਦੇ ਇਸ ਦਾਅਵੇ ਨੂੰ ਬੇਹੱਦ ਸਾਵਧਾਨੀ ਨਾਲ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਇਹ ਗਰੁੱਪ ਆਮ ਤੌਰ 'ਤੇ ਹਮਲਿਆਂ ਤੋਂ ਬਾਅਦ ਜਲਦ ਹੀ ਦਾਅਵਾ ਕਰਦਾ ਹੈ ਅਤੇ ਆਪਣੀ ਮੀਡੀਆ ਪੋਰਟਲ ਅਮਾਕ ਰਾਹੀਂ ਉਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕਰਦਾ ਹੈ, ਜਿੰਨ੍ਹਾਂ ਨੇ ਇਸ ਨੂੰ ਅੰਜ਼ਾਮ ਦਿੱਤਾ ਹੁੰਦਾ ਹੈ।

ਸ੍ਰੀ ਲੰਕਾ ਦੀ ਘਰੇਲੂ ਖਾਨਾਜੰਗੀ ਤੋਂ ਬਾਅਦ ਇਹ ਧਮਾਕੇ ਦੇਸ ਲਈ ਵੱਡਾ ਹਮਲਾ ਮੰਨੇ ਜਾ ਰਹੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)