You’re viewing a text-only version of this website that uses less data. View the main version of the website including all images and videos.
'ਜਿਨ੍ਹਾਂ ਨੂੰ ਸੂਰਮੇ ਬਣਾਇਆ ਉਨ੍ਹਾਂ ਤੋਂ ਦਹੀਂ-ਭੱਲਿਆਂ ਦੀ ਰੇਹੜੀ ਲਵਾਈਏ?' — ਪਾਕਿਸਤਾਨ VLOG
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨੀ ਲੇਖਕ ਤੇ ਪੱਤਰਕਾਰ
ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਦੇ ਬਾਰੇ ਉਨ੍ਹਾਂ ਦੇ ਦੁਸ਼ਮਣ ਕਹਿੰਦੇ ਹੁੰਦੇ ਸਨ ਕਿ ਖ਼ਾਨ ਸਾਹਿਬ ਗਿੱਟੇ ਜੋੜ ਕੇ ਝੂਠ ਮੋੜਦੇ ਨੇ ਮਤਲਬ ਉੱਕਾ ਝੂਠ। ਪਰ ਹੱਕ ਦੀ ਗੱਲ ਇਹ ਹੈ ਕਿ ਖ਼ਾਨ ਸਾਹਿਬ ਜਦੋਂ ਸੱਚ ਬੋਲਦੇ ਹਨ ਤਾਂ ਉਹ ਵੀ ਰੱਝ ਕੇ ਬੋਲਦੇ ਹਨ।
ਅਜਿਹੇ-ਅਜਿਹੇ ਮਸਲੇ 'ਤੇ ਗੱਲ ਕਰ ਜਾਂਦੇ ਹਨ ਜਿਸਦਾ ਨਾਮ ਸੁਣ ਕੇ ਦੂਜੇ ਸਿਆਸਤਦਾਨ ਕੰਨਾਂ ਨੂੰ ਹੱਥ ਲਗਾਉਣ ਲੱਗ ਜਾਂਦੇ ਹਨ।
ਖ਼ਾਨ ਸਾਹਿਬ ਨੇ ਨਿਊਯਾਰਕ ਟਾਇਮਜ਼ ਨੂੰ ਇੱਕ ਇੰਟਰਵਿਊ ਦਿੱਤਾ ਹੈ ਜਿਸ ਵਿੱਚ ਕਿਹਾ ਹੈ ਕਿ ਸਾਡੀ ਫੌਜ ਨੇ ਮਿਲੀਟੈਂਟ ਬਣਾਏ ਸਨ, ਮੁਜਾਹਿਦ ਤਿਆਰ ਕੀਤੇ ਸਨ ਉਦੋਂ ਸਾਨੂੰ ਲੋੜ ਸੀ, ਹੁਣ ਸਾਨੂੰ ਲੋੜ ਨਹੀਂ ਰਹੀ। ਇਸ ਲਈ ਦੁਨੀਆਂ ਭਾਵੇਂ ਜੋ ਮਰਜ਼ੀ ਆਖੇ ਸਾਡਾ ਆਪਣਾ ਫਾਇਦਾ ਇਸੇ ਗੱਲ ਵਿੱਚ ਹੈ ਕਿ ਅਸੀਂ ਇਹ ਜਿਹਾਦੀ ਟੋਲੇ ਮੁਕਾ ਛੱਡੀਏ।
ਹੁਣ ਇਹੋ ਗੱਲ, ਇੱਕ ਵਜ਼ੀਰ-ਏ-ਆਜ਼ਮ ਹੁੰਦਾ ਸੀ ਨਵਾਜ਼ ਸ਼ਰੀਫ਼ ਓਹਨੇ ਕੀਤੀ ਸੀ, ਉਹ ਅੱਜ-ਕੱਲ੍ਹ ਆਪਣੀਆਂ ਜ਼ਮਾਨਤਾ ਕਰਵਾਉਂਦਾ ਫਿਰਦਾ ਹੈ।
ਇੱਕ ਸਹਾਫ਼ੀ (ਪੱਤਰਕਾਰ) ਭਰਾ ਨੇ ਇਹ ਗੱਲ ਅਖ਼ਬਾਰ ਵਿੱਚ ਰਿਪੋਰਟ ਕੀਤੀ ਸੀ ਉਹਦਾ ਨਾਮ ਸੀਰਿਲ ਅਲਮਾਇਦਾ, ਉਹ ਵੀ ਤੋਬਾ ਕਰਕੇ ਘਰ ਬੈਠ ਗਿਆ।
ਇਹ ਵੀ ਪੜ੍ਹੋ:
ਚਲੋ ਖ਼ਾਨ ਸਾਹਿਬ ਦੀ ਗੱਲ ਮੰਨ ਲੈਂਦੇ ਹਾਂ ਮੌਸਮ ਬਦਲਦੇ ਰਹਿੰਦੇ ਨੇ, ਬੰਦੇ ਵੀ ਬਦਲ ਜਾਂਦੇ ਨੇ, ਮੁਲਕ ਵੀ ਬਦਲ ਜਾਂਦੇ ਨੇ।
ਪਰ ਮੈਨੂੰ ਖ਼ਾਨ ਸਾਹਿਬ ਦੀ ਗੱਲ ਸੁਣ ਕੇ ਆਪਣੇ ਮਰਹੂਮ ਯਾਰ ਮਸੂਦ ਡਾਰ ਦੀ ਇੱਕ ਗੱਲ ਯਾਦ ਆ ਗਈ ਓਹਨੇ ਇੱਕ ਦਿਨ ਕੋਈ ਗੱਲ ਕਰਨੀ ਤੇ ਦੂਜੇ ਦਿਨ ਉਸ ਤੋਂ ਬਿਲਕੁਲ ਪੁੱਠੀ।
ਓਹਨੂੰ ਕਹਿਣਾ ਕਿ ਇਹ ਕੀ ਕਹਿ ਰਿਹਾ ਹੈ ਤਾਂ ਓਹਨੇ ਕਹਿਣਾ ਗੱਲ ਸੁਣੋ ਮੈਂ ਕੱਲ੍ਹ ਪਾਗਲ ਸੀ, ਹੁਣ ਮੈਂ ਠੀਕ ਹੋ ਗਿਆ ਹਾਂ।
ਚਲੋ ਅਸੀਂ ਮੰਨ ਲੈਂਦੇ ਹਾਂ ਕਿ ਪਹਿਲਾਂ ਅਸੀਂ ਪਾਗਲ ਸੀ ਤੇ ਹੁਣ ਅਸੀਂ ਠੀਕ ਹੋ ਗਏ ਹਾਂ। ਪਰ ਖ਼ਾਨ ਸਾਹਿਬ ਨੇ ਇਹ ਨਹੀਂ ਦੱਸਿਆ ਕਿ ਇਹ ਜਿਹਾਦੀ ਗਰੁੱਪ ਮੁਕਾਉਣੇ ਕਿਵੇਂ ਨੇ।
ਇਹ ਕੋਈ ਹੱਟੀ ਤਾਂ ਹੈ ਨਹੀਂ ਜਿਹੜੀ ਸਾਰਾ ਦਿਨ ਖੋਲ੍ਹੀ ਰੱਖੋ ਤੇ ਸ਼ਾਮ ਨੂੰ ਜਿੰਦਰਾ ਮਾਰ ਕੇ ਘਰ ਚਲੇ ਜਾਓ। ਇਹੋ ਜਿਹੇ ਗਰੁੱਪ ਬਣਾਉਣ ਲਈ ਇੱਕ ਜਿਹਾਦੀ ਸੋਚ ਬਣਾਉਣੀ ਪੈਂਦੀ ਹੈ।
ਉਹ ਸੋਚ ਐਨੀ ਫੈਲ ਚੁੱਕੀ ਹੈ ਕਿ ਯੂਨੀਵਰਸਿਟੀਆਂ ਦੇ ਵਿਦਿਆਰਥੀ ਆਪਣੇ ਉਸਤਾਦ ਕੋਅ ਛੱਡਦੇ ਨੇ, ਪਡਿਆਰਾ ਦੇ ਜਥੇ ਆਪਣੇ ਹੱਥਾਂ ਨਾਲ ਆਪਣੇ ਸਾਥੀ ਨੂੰ ਮਾਰ ਛੱਡਦੇ ਨੇ ਕਿਉਂਕਿ ਉਨ੍ਹਾਂ ਨੂੰ ਉਹਦੀ ਕੋਈ ਗੱਲ ਮਜ਼ਬਹ ਦੇ ਖ਼ਿਲਾਫ਼ ਲੱਗੀ ਹੁੰਦੀ ਹੈ।
ਇਹ ਸਾਰੇ ਉਹ ਲੋਕ ਨੇ ਜਿਹੜੇ ਸਾਡੇ ਨਾਲ ਉੱਠਦੇ ਬੈਠਦੇ ਨੇ, ਹੁਣ ਜਿਹੜੇ ਬੰਦੂਕਾਂ ਚੁੱਕ ਕੇ ਖ਼ੁਦਕੁਸ਼ ਜੈਕਟਾਂ ਦੀਆਂ ਟ੍ਰੇਨਿੰਗਾਂ ਲੈ ਕੇ ਤਿਆਰ ਹੋਏ ਸਨ ਉਨ੍ਹਾਂ ਦਾ ਕੀ ਕਰਨਾ ਹੈ।
ਅਸੀਂ ਉਨ੍ਹਾਂ ਨੂੰ ਦੱਸਿਆ ਸੀ ਕਿ ਪਹਿਲਾਂ ਤਾਂ ਅਸੀਂ ਕਾਬੁਲ ਆਜ਼ਾਦ ਕਰਵਾਉਣਾ ਹੈ, ਉਹ ਕਾਬੁਲ ਵੱਲ ਤੁਰ ਪਏ।
ਫਿਰ ਚੱਲੇ ਕਸ਼ਮੀਰ ਆਜ਼ਾਦ ਕਰਵਾਉਣ ਨਾਲ ਇਹ ਵੀ ਵਾਅਦੇ ਕਿ ਚਚਨੀਆਂ ਵੀ ਅਸੀਂ ਆਜ਼ਾਦ ਕਰਵਾਉਣਾ ਹੈ ਤੇ ਫਲਸਤੀਨ ਤਾਂ ਅੱਜ ਛੁਡਵਾਇਆ, ਕੱਲ੍ਹ ਛੁਡਵਾਇਆ। ਉਸ ਤੋਂ ਬਾਅਦ ਜਦੋਂ ਥੋੜ੍ਹੀ ਵਿਹਲ ਮਿਲੇਗੀ ਤਾਂ ਦਿੱਲੀ ਦੇ ਲਾਲ-ਕਿਲੇ 'ਤੇ ਜਾ ਤੇ ਝੰਡਾ ਵੀ ਠੋਕ ਆਵਾਂਗੇ।
ਹੁਣ ਉਨ੍ਹਾਂ ਨੂੰ ਕੀ ਕਹੀਏ ਕਿ ਅਸੀਂ ਹੰਬ ਗਏ ਹਾਂ। ਸਾਡੇ ਘਰ ਦਾਣੇ ਮੁੱਕ ਗਏ ਨੇ ਇਸ ਲਈ ਜਿਹਾਦ-ਸ਼ਿਹਾਦ ਭੁੱਲ ਜਾਓ, ਕੋਈ ਛੋਟਾ-ਮੋਟਾ ਕਾਰੋਬਾਰ ਕਰ ਲਓ।
ਇਹ ਵੀ ਪੜ੍ਹੋ:
ਜਿਨ੍ਹਾਂ ਨੂੰ ਸੁਰਮੇ ਬਣਾ ਕੇ ਪਾਲਿਆ ਸੀ ਉਨ੍ਹਾਂ ਨੂੰ ਹੁਣ ਕੀ ਕਹੀਏ ਕਿ ਤੁਸੀਂ ਦਹੀਂ-ਭੱਲੇ ਦੀਆਂ ਰੇੜੀਆਂ ਲਗਾ ਲਓ। ਜਿਨ੍ਹਾਂ ਨੂੰ ਜੰਨਦ ਦੀਆਂ ਹੂਰਾਂ ਦੇ ਸਰਾਫ਼ੇ ਯਾਦ ਕਰਵਾ-ਕਰਵਾ ਕੇ ਵੱਡੇ ਕੀਤਾ ਸੀ ਉਹ ਹੁਣ ਬੈਂਕਾਂ ਦੇ ਬਾਹਰ ਸਕਿਊਰਟੀ ਗਾਰਡ ਲੱਗ ਜਾਣ।
ਇਕੱਲੀ ਫੌਜ ਨੇ ਇਹ ਜਿਹਾਦੀ ਗਰੁੱਪ ਨਹੀਂ ਸੀ ਬਣਾਇਆ ਅਸੀਂ ਸਾਰਿਆਂ ਨੇ ਆਪਣਾ-ਆਪਣਾ ਹਿੱਸਾ ਪਾਇਆ ਸੀ।
ਚਲੋ ਠੀਕ ਹੈ ਅਸੀਂ ਪਾਗਲ ਸੀ, ਹੁਣ ਸਾਰੇ ਠੀਕ ਹੋ ਗਏ ਹਾਂ।
ਪਰ ਜਿਨ੍ਹਾਂ ਨੂੰ 40 ਸਾਲਾਂ ਤੋਂ ਪਾਗਲ ਬਣਾਇਆ ਹੈ ਪਹਿਲਾਂ ਉਨ੍ਹਾਂ ਕੋਲ ਵੀ ਪੁੱਛ ਲਓ ਕਿ ਉਨ੍ਹਾਂ ਨੂੰ ਵੀ ਆਰਾਮ ਆਇਆ ਹੈ ਜਾਂ ਨਹੀਂ। ਰੱਬ ਰਾਖਾ!
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ