You’re viewing a text-only version of this website that uses less data. View the main version of the website including all images and videos.
ਭਾਜਪਾ ਦੇ ਟਵੀਟ 'ਤੇ ਵਿਵਾਦ : ਕਿਰਪਾ ਕਰਕੇ ਸਿੱਖਾਂ ਨੂੰ ਵੋਟਾਂ ਖ਼ਾਤਰ ਇਸਤੇਮਾਲ ਨਾ ਕਰੋ...- ਸੋਸ਼ਲ
ਭਾਜਪਾ ਦੇ ਆਫ਼ੀਸ਼ੀਅਲ ਪੇਜ ਤੋਂ 11 ਅਪ੍ਰੈਲ ਨੂੰ ਬਾਅਦ ਦੁਪਹਿਰ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਹਵਾਲੇ ਨਾਲ ਇੱਕ ਟਵੀਟ ਕੀਤਾ ਗਿਆ।
ਸੋਸ਼ਲ ਮੀਡੀਆ 'ਤੇ ਇਹ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਮ ਲੋਕਾਂ ਦੇ ਨਾਲ-ਨਾਲ ਫ਼ਿਲਮ ਅਤੇ ਸਾਹਿਤ ਜਗਤ ਨਾਲ ਜੁੜੇ ਲੋਕ ਇਸ ਬਾਰੇ ਗੱਲ ਕਰ ਰਹੇ ਹਨ।
ਇਹ ਟਵੀਟ ਸੀ, "ਅਸੀਂ ਦੇਸ਼ ਭਰ ਵਿੱਚ NRC ਲਾਗੂ ਕਰਨਾ ਸੁਨਿਸ਼ਚਿਤ ਕਰਾਂਗੇ। ਸਿਵਾਏ ਬੁੱਧ, ਹਿੰਦੂ ਅਤੇ ਸਿੱਖਾਂ ਦੇ ਅਸੀਂ ਦੇਸ਼ ਵਿੱਚੋਂ ਸਾਰੇ ਘੁਸਪੈਠੀਏ ਹਟਾ ਦੇਵਾਂਗੇ- ਸ੍ਰੀ ਅਮਿਤ ਸ਼ਾਹ"
ਕੀ ਹੈ ਐਨਆਰਸੀ?
ਇਸ ਟਵੀਟ ਨੂੰ ਲੈ ਕੇ ਕਿਸ ਤਰ੍ਹਾਂ ਦੀ ਚਰਚਾ ਹੋ ਰਹੀ ਹੈ, ਇਹ ਦੇਖਣ ਤੋਂ ਪਹਿਲਾਂ ਜਾਣ ਲਓ ਕਿ ਆਖ਼ਰ NRC ਕੀ ਹੈ ?
NRC (National register of citizens of India) ਇੱਕ ਅਜਿਹੀ ਸੂਚੀ ਹੈ, ਜਿਸ ਵਿੱਚ ਅਸਾਮ ਵਿੱਚ ਰਹਿਣ ਵਾਲੇ 'ਅਸਲ' ਭਾਰਤੀ ਨਾਗਰਿਕਾਂ ਦੇ ਨਾਮ ਸ਼ਾਮਲ ਹੋਣਗੇ।
ਇਹ ਰਜਿਸਟਰ ਪਹਿਲੀ ਵਾਰ ਸਾਲ 1951 ਵਿੱਚ ਤਿਆਰ ਕੀਤਾ ਗਿਆ ਸੀ।
ਰਜਿਸਟਰ ਦੇ ਅਗਲੇ ਤਿਆਰ ਖਰੜੇ ਵਿੱਚ ਅਸਾਮ ਵਿੱਚ ਰਹਿਣ ਵਾਲੇ ਉਨ੍ਹਾਂ ਸਾਰੇ ਲੋਕਾਂ ਦੇ ਨਾਮ ਦਰਜ ਹੋਣਗੇ, ਜਿਨ੍ਹਾਂ ਕੋਲ 24 ਮਾਰਚ 1971 ਤੱਕ ਜਾਂ ਉਸ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਅਸਾਮ ਵਿੱਚ ਹੋਣ ਦੇ ਸਬੂਤ ਮੌਜੂਦ ਹੋਣਗੇ ਜਾਂ ਉਹ ਲੋਕ ਜਿੰਨ੍ਹਾਂ ਦੇ ਨਾਮ ਜਾਂ ਉਹਨਾਂ ਦੇ ਪਰਿਵਾਰ ਦੇ ਨਾਮ 1951 ਵਿੱਚ ਬਣੀ ਸੂਚੀ ਵਿੱਚ ਹੋਣਗੇ।
ਇਹ ਵੀ ਪੜ੍ਹੋ:
ਅਸਾਮ ਦੇਸ਼ ਦਾ ਇਕੱਲਾ ਅਜਿਹਾ ਸੂਬਾ ਹੈ, ਜਿੱਥੇ ਇਸ ਤਰ੍ਹਾਂ ਦਾ ਨਾਗਿਰਕਤਾ ਰਜਿਸਟਰ ਹੈ।
ਭਾਜਪਾ ਦੇ ਇਸ ਟਵੀਟ ਤੋਂ ਇਸ ਰਜਿਸਟਰ ਨੂੰ ਸਮੁੱਚੇ ਦੇਸ਼ ਵਿੱਚ ਲਾਗੂ ਕਰਨ ਦੇ ਸੰਕੇਤ ਮਿਲਦੇ ਹਨ।
ਕੀ ਹੋਈ ਪ੍ਰਤੀਕਿਰਿਆ?
ਫਿਲਮ ਨਿਰਮਾਤਾ ਅਤੇ ਅਦਾਕਾਰਾ ਪੂਜਾ ਭੱਟ ਨੇ ਵੀ ਇਸ ਟਵੀਟ 'ਤੇ ਟਿੱਪਣੀ ਕੀਤੀ ਅਤੇ ਪੁੱਛਿਆ, "ਜੇ ਇਹ ਫ਼ਿਰਕਾਪ੍ਰਸਤ ਨਹੀਂ ਤਾਂ ਮੈਨੂੰ ਨਹੀਂ ਪਤਾ ਇਹ ਕੀ ਹੈ? ਜੇ ਇਹ ਵੰਡ ਦਾ ਭਿਆਨਕ ਦ੍ਰਿਸ਼ ਨਹੀ ਤਾਂ ਮੈਨੂੰ ਨਹੀਂ ਪਤਾ ਇਹ ਕੀ ਹੈ?"
"ਜੇ ਇਹ ਨਫ਼ਰਤ ਦੀ ਸਿਆਸਤ ਨਹੀਂ ਤਾਂ ਮੈਨੂੰ ਨਹੀਂ ਪਤਾ ਇਹ ਕੀ ਹੈ? ਕੀ ਇਹ ਭਾਰਤ ਹੈ? ਜਾਂ ਭਾਰਤ ਦੀ ਧਰਮ ਨਿਰਪੱਖਤਾ ਦਾ ਮੂਲ ਵਿਚਾਰ ਹਾਈਜੈਕ ਕੀਤਾ ਜਾ ਰਿਹਾ ਹੈ ?"
ਅਦਾਕਾਰਾ ਸੋਨੀ ਰਾਜ਼ਦਾਨ ਨੇ ਲਿਖਿਆ, "ਇਹ ਮੇਰੀ ਹੁਣ ਤੱਕ ਦੀ ਪੜ੍ਹੀ ਹੋਈ ਸਭ ਤੋਂ ਬੁਰੀ ਚੀਜ਼ ਹੈ...ਅਤੇ ਜੇ ਇਹ ਲੋਕ ਜੋ ਕਹਿ ਰਹੇ ਹਨ ਉਹ ਵਾਕਈ ਮੰਨਦੇ ਹਨ ਤਾਂ ਰੱਬ ਭਾਰਤ ਦੀ ਮਦਦ ਕਰੇ!"
ਇੱਕ ਸਿੱਖ ਨੌਜਵਾਨ ਅਵਤਾਰ ਸਿੰਘ ਦੀ ਇਸ ਟਵੀਟ 'ਤੇ ਕੀਤੀ ਟਿੱਪਣੀ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਅਵਤਾਰ ਸਿੰਘ ਨੇ ਲਿਖਿਆ, "ਕਿਰਪਾ ਕਰਕੇ ਸਿੱਖਾਂ ਨੂੰ ਵੋਟਾਂ ਖ਼ਾਤਰ ਇਸਤੇਮਾਲ ਨਾ ਕਰੋ...ਸਾਨੂੰ ਖ਼ੁਸ਼ੀ ਹੋਵੇਗੀ ਜੇਕਰ ਤੁਸੀਂ ਆਪਣੇ ਟਵੀਟ ਵਿੱਚੋਂ "ਸਿੱਖ" ਵੀ ਹਟਾ ਦੇਓ...ਮੁਸਲਿਮ ਵੀ ਸਾਡੇ ਓਨੇ ਹੀ ਭਰਾ ਹਨ ਜਿੰਨੇ ਕਿ ਹਿੰਦੂ ਅਤੇ ਬਾਕੀ ਧਰਮ।"
ਅਵਤਾਰ ਸਿੰਘ ਦੀ ਇਸ ਟਿੱਪਣੀ ਦੇ ਪੱਖ ਅਤੇ ਅਲੋਚਨਾ ਵਿੱਚ ਵੀ ਅਨੇਕਾਂ ਟਵੀਟ ਹੋ ਰਹੇ ਹਨ।
ਅਵਤਾਰ ਸਿੰਘ ਦੇ ਇਸ ਟਵੀਟ ਤੇ ਟਿੱਪਣੀ ਕਰਦਿਆਂ ਇੱਕ ਟਵਿਟਰ ਯੂਜ਼ਰ ਸ਼ੌਰਭ ਸ਼੍ਰੀਵਾਸਤਵ ਨੇ ਲਿਖਿਆ, "ਹਿੰਦੂ ਵੀ ਹਟਾ ਦਿਓ। ਸਿਰਫ਼ ਸੰਘੀ ਸ਼ਾਮਲ ਕਰੋ।"
ਧਰੁਵ ਰਾਠੀ ਨੇ ਭਾਜਪਾ ਦੇ ਇਸ ਟਵੀਟ 'ਤੇ ਆਪਣਾ ਪ੍ਰਤੀਕਰਮ ਦਿੱਤਾ।
ਉਨ੍ਹਾਂ ਨੇ ਲਿਖਿਆ, "ਕੀ ਅਮਿਤ ਸ਼ਾਹ ਭਾਰਤ ਦੇ ਸਾਰੇ ਨਾਸਤਿਕ, ਮੁਸਲਿਮ, ਇਸਾਈ, ਪਾਰਸੀ, ਯਹੂਦੀ ਅਤੇ ਐਗਨੋਸਟਿਕ ਨਿਵਾਸੀਆਂ ਨੂੰ ਉਜਾੜੇ ਦੀ ਧਮਕੀ ਦੇ ਰਹੇ ਹਨ?"
"ਇਹ ਲੱਖਾਂ ਲੋਕਾਂ ਵਿਚਕਾਰ ਦੰਗੇ ਭੜਕਾ ਸਕਦਾ ਹੈ ਕਿਉਂਕਿ NRC ਕਿਸੇ ਨੂੰ 'ਘੁਸਪੈਠੀਆ' ਕਰਾਰ ਦੇਣ ਦੀ ਬੇਹਦ ਨਾਕਸ ਪ੍ਰਕਿਰਿਆ ਹੈ।"
ਵਿਰੋਧ ਵਿੱਚ ਹੀ ਨਹੀਂ, ਬਲਕਿ ਭਾਜਪਾ ਦੇ ਪੇਜ ਤੋਂ ਹੋਏ ਟਵੀਟ ਦੇ ਪੱਖ ਵਿੱਚ ਵੀ ਬਹੁਤ ਸਾਰੇ ਲੋਕ ਖੜ੍ਹੇ ਹੋਏ ਅਤੇ ਸੋਸ਼ਲ ਮੀਡੀਆ 'ਤੇ ਭਾਜਪਾ ਦਾ ਬਚਾਅ ਕਰ ਰਹੇ ਹਨ।
ਲੇਖਕ ਸੰਕ੍ਰਾਂਤ ਸਾਨੂ ਨੇ ਭਾਜਪਾ ਦੇ ਇਸ ਟਵੀਟ ਥੱਲੇ ਹੱਕ ਵਿੱਚ ਕਈ ਸਾਰੇ ਟਵੀਟ ਕੀਤੇ।
ਉਹਨਾਂ ਵਿੱਚੋਂ ਇੱਕ ਨੇ ਲਿਖਿਆ, " 'ਸੈਕੁਲਰ ਲੋਕਾਂ' ਨੂੰ ਕੀ ਹੋ ਗਿਆ ਹੈ? ਉਹ ਸੋਚਣ ਅਤੇ ਤਰਕ ਦੇਣ ਦੀ ਸਮਰੱਥਾ ਗੁਆ ਚੁੱਕੇ ਹਨ?"
"ਅਮਿਤ ਸ਼ਾਹ ਸਾਰੇ ਭਾਰਤੀ ਮੁਸਲਮਾਨਾਂ ਬਾਰੇ ਗੱਲ ਨਹੀਂ ਕਰ ਰਹੇ ਜੋ ਵੰਡ ਵੇਲੇ ਇਧਰ ਰਹਿ ਗਏ ਸਨ, ਬਲਕਿ ਉਹਨਾਂ ਘੁਸਪੈਠੀਆਂ ਬਾਰੇ ਗੱਲ ਕਰ ਰਹੇ ਹਨ ਜੋ ਦਹਾਕਿਆਂ ਬਾਅਦ ਗੈਰ-ਕਾਨੂੰਨੀ ਤੌਰ 'ਤੇ ਆਏ।"
ਭਾਜਪਾ ਦੇ ਇਸ ਟਵੀਟ ਦੇ ਵਿਰੋਧ ਵਿੱਚ ਜੋ ਲੋਕ ਭਾਰਤ ਦੇ ਸੰਵਿਧਾਨ ਦਾ ਹਵਾਲਾ ਦੇ ਰਹੇ ਸਨ, ਉਹਨਾਂ ਨੂੰ ਵੀ ਸੰਕ੍ਰਾਂਤ ਸਾਨੂ ਨੇ ਜਵਾਬ ਦਿੱਤਾ।
ਆਪਣੇ ਇੱਕ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, "ਸੰਵਿਧਾਨ ਕੋਈ ਪਵਿੱਤਰ ਧਾਰਮਿਕ ਕਿਤਾਬ ਨਹੀਂ ਹੈ। ਇਸ ਨੂੰ ਬਦਲਿਆ ਜਾ ਸਕਦਾ ਹੈ। ਸਿਟੀਜ਼ਨਸ਼ਿਪ ਬਿੱਲ ਇਹੀ ਕਰਦਾ ਹੈ।"
ਇੱਕ ਟਵਿਟਰ ਯੂਜ਼ਰ ਸ਼ੁਭਮ ਸੱਤਿਯਮ ਨੇ ਲਿਖਿਆ, "ਧਰਮ ਨਿਰਪੱਖ ਦੇਸ਼ ਹੋਣ ਦਾ ਇਹ ਮਤਲਬ ਨਹੀਂ ਕਿ ਅਸੀਂ ਰਫਿਊਜੀ-ਹੋਸਟ ਸਟੇਟ ਬਣ ਜਾਈਏ ਜਾਂ ਦੇਸ਼ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਭਰ ਲਈਏ। ਫ਼ਰਕ ਨੂੰ ਸਮਝੋ।"
ਚੌਂਕੀਦਾਰ ਬਿੰਦੂ ਗੋਸਾਈਂ ਨੇ ਟਵੀਟ ਕੀਤਾ, "ਉਮੀਦ ਹੈ ਕਿ ਤੁਸੀਂ ਇਸ ਨੂੰ 100 ਫ਼ੀਸਦੀ ਲਾਗੂ ਕਰੋਗੇ। ਭਾਰਤ ਅਣਚਾਹੇ ਭਾਰ ਕਾਰਨ ਓਵਰਲੋਡਿਡ ਹੋ ਗਿਆ ਹੈ। ਘੁਸਪੈਠੀਆਂ ਤੋਂ ਮੁਕਤੀ ਦਵਾਓ।"
ਭਾਜਪਾ ਦੇ ਪੇਜ 'ਤੇ ਅਮਿਤ ਸ਼ਾਹ ਦੇ ਭਾਸ਼ਣ ਦੀ ਕਲਿੱਪ ਸਮੇਤ ਇੱਕ ਹੋਰ ਟਵੀਟ ਸਭ ਤੋਂ ਉੱਪਰ ਰੱਖਿਆ ਗਿਆ ਹੈ (ਪਿੰਨਡ ਟੂ ਟੌਪ), ਜਿਸ ਵਿੱਚ ਪਹਿਲੇ ਟਵੀਟ ਨਾਲੋਂ ਵਧਾ ਕੇ ਕੁਝ ਭਾਈਚਾਰੇ ਜੋੜੇ ਗਏ ਹਨ, ਪਰ ਮੁਸਲਮਾਨ ਇਸ ਟਵੀਟ ਵਿੱਚ ਵੀ ਨਹੀਂ ਹਨ।
ਲਿਖਿਆ ਹੈ, "ਮਾਂ ਭਾਰਤੀ ਲਈ ਖੂਨ ਵਹਾਉਣ ਵਾਲੇ ਬਹਾਦਰ ਗੋਰਖਾ ਜਾਤੀ ਨੂੰ ਡਰਨ ਦੀ ਲੋੜ ਨਹੀਂ। ਉਹਨਾਂ ਤੋਂ ਇਲਾਵਾ ਆਲੇ-ਦੁਆਲੇ ਦੇ ਮੁਲਕਾਂ ਵਿੱਚੋਂ ਆਏ ਸਾਰੇ ਹਿੰਦੂ, ਸਿੱਖ, ਬੋਧੀ, ਜੈਨੀ, ਕ੍ਰਿਸ਼ਚਨ ਸ਼ਰਨਾਰਥੀਆਂ ਨੂੰ ਵੀ ਭਾਰਤੀ ਨਾਗਰਿਕਤਾ ਦੇਣ ਦਾ ਕੰਮ ਭਾਜਪਾ ਕਰੇਗੀ: ਸ੍ਰੀ ਅਮਿਤ ਸ਼ਾਹ
ਇਹ ਵੀ ਪੜ੍ਹੋ:-
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ