ਭਾਜਪਾ ਦਾ ਕਿਸਾਨਾਂ ਤੇ ਦੁਕਾਨਦਾਰਾਂ ਨੂੰ ਪੈਨਸ਼ਨ ਦਾ ਵਾਅਦਾ- ਲੋਕ ਸਭਾ ਚੋਣਾਂ 2019

ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾ ਧਿਰ ਭਾਜਪਾ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਹੈ ਉਸ ਨੂੰ 'ਸੰਕਲਪ ਪੱਤਰ' ਦਾ ਨਾਂ ਦਿੱਤਾ ਗਿਆ ਹੈ।

ਨਵੀਂ ਦਿੱਲੀ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਮੈਨੀਫੈਸਟੋ ਦੇਸ ਦੀਆਂ ਉਮੀਦਾਂ ਪੂਰੀਆਂ ਕਰਨ ਵਾਲਾ ਹੋਵੇਗਾ ਅਤੇ ਇਸ ਚੋਣ ਮਨੋਰਥ ਪੱਤਰ ਨੂੰ ਤਿਆਰ ਕਰਨ ਲਈ 6 ਕਰੋੜ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਭਾਜਪਾ ਨੇ ਮੈਨੀਫੈਸਟੋ ਦੇ ਨਿਰਮਾਣ ਲਈ ਸੰਕਲਪ ਪੱਤਰ ਕਮੇਟੀ ਬਣਾਈ ਸੀ, ਜਿਸਦੀ ਪ੍ਰਧਾਨਗੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤੀ।

ਭਾਜਪਾ ਦੇ ਮੈਨੀਫੈਸਟੋ 'ਸੰਕਲਪ ਪੱਤਰ' ਦੇ ਮੁੱਖ ਬਿੰਦੂ

  • ਰਾਮ ਮੰਦਿਰ ਨਿਰਮਾਣ ਲਈ ਸਾਰੀਆਂ ਸੰਭਾਵਨਾ ਦੀ ਤਲਾਸ਼ ਕਰਕੇ ਜਲਦੀ ਤੋਂ ਜਲਦੀ ਹੱਲ ਕੱਢਾਂਗੇ
  • 2022 ਤੱਕ ਸਾਰੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੋਸ਼ਿਸ਼। ਪੇਂਡੂ ਖੇਤਰਾਂ ਦੇ ਵਿਕਾਸ ਲਈ 25 ਲੱਖ ਕਰੋੜ ਖਰਚ ਕੀਤੇ ਜਾਣਗੇ।
  • ਕਿਸਾਨ ਕ੍ਰੇਡਿਟ ਕਾਰਡ 'ਤੇ ਇੱਕ ਲੱਖ ਦੇ ਲੋਨ 'ਤੇ 5 ਸਾਲ ਤੱਕ 0% ਵਿਆਜ
  • 60 ਸਾਲ ਦੀ ਉਮਰ ਤੋਂ ਬਾਅਦ ਛੋਟੇ ਕਿਸਾਨਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ।
  • ਹਰ ਕਿਸਾਨ ਦੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਸਲਾਨਾ 6 ਹਜ਼ਾਰ ਰੁਪਏ।
  • ਦੇਸ ਦੇ ਛੋਟੇ ਦੁਕਾਨਦਾਰਾਂ ਨੂੰ ਵੀ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦਿੱਤੀ ਜਾਵੇਗੀ।
  • ਲੈਂਡ ਰਿਕਾਰਡਸ ਨੂੰ ਡਿਜੀਟਲ ਬਣਾਵਾਂਗੇ।
  • ਖੇਤਰੀ ਵਿਕਾਸ ਵਿੱਚ ਅਸੰਤੁਲਨ ਨੂੰ ਘੱਟ ਕਰਨ ਤੇ ਵਿਸ਼ੇਸ਼ ਧਿਆਨ ਦਿਆਂਗੇ
  • ਇੱਕ ਦੇਸ ਇੱਕ ਚੋਣ ਕਰਾਉਣ 'ਤੇ ਰਾਇ ਬਣਾਵਾਂਗੇ
  • ਦੇਸ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ। ਅੱਤਵਾਦ ਖਿਲਾਫ ਜ਼ੀਰੋ ਟੌਲਰੈਂਸ ਦੀ ਪਾਲਿਸੀ ਅਤੇ ਘੁਸਪੈਠ ਖਿਲਾਫ ਸਖ਼ਤੀ।
  • ਸਿਟੀਜ਼ਨਸ਼ਿਪ ਅਮੇਂਡਮੈਂਟ ਬਿਲ ਨੂੰ ਪਾਸ ਕਰਾ ਕੇ ਲਾਗੂ ਕਰਾਇਆ ਜਾਵੇਗਾ। ਕਿਸੇ ਵੀ ਸੂਬੇ ਦੀ ਪਛਾਣ ਦੇ ਅਸਰ ਨਹੀਂ ਪਵੇਗਾ।
  • ਉੱਚ ਸਿੱਖਿਆ ਅਦਾਰਿਆਂ ਜਿਵੇਂ ਕਿ ਇੰਜਨੀਅਰਿੰਗ ਕਾਲਜਾਂ ਲਾਅ ਕਾਲਜਾਂ ਵਿੱਚ ਸੀਟਾਂ ਵਧਾਈਆਂ ਜਾਣਗੀਆਂ।
  • 75 ਨਵੇਂ ਮੈਡੀਕਲ ਕਾਲਜ ਅਤੇ ਯੂਨੀਵਰਸਿਟੀਆਂ ਬਣਾਂਵਾਂਗੇ।
  • ਹਰ ਘਰ, ਹਰ ਪਿੰਡ ਵਿੱਚ ਬਿਜਲੀ, ਪਖਾਨੇ ਅਤੇ ਸਾਫ ਪਾਣੀ ਦੀ ਸੁਵਿਧਾ ਦਿਆਂਗੇ।
  • ਨੈਸ਼ਨਲ ਹਾਈਵੇਅ ਦੀ ਲੰਬਾਈ ਦੁੱਗਣੀ ਕਰਾਂਗੇ। 2022 ਤੱਕ ਜ਼ਿਆਦਾਤਰ ਰੇਲ ਪਟੜੀਆ ਬ੍ਰਾਡ ਗੇਜ ਵਿੱਚ ਤਬਦੀਲ ਕੀਤੀਆਂ ਜਾਣਗੀਆਂ
  • ਹਰ ਸ਼ਖਸ ਨੂੰ 5 ਕਿੱਲੋਮੀਟਰ ਅੰਦਰ ਬੈਂਕ ਦੀ ਸੁਵਿਧਾ।

ਭਾਜਪਾ ਦਾ ਇਹ 'ਸੰਕਲਪ ਪੱਤਰ' 12 ਕਮੇਟੀਆਂ ਨੇ ਬਣਾਇਆ ਹੈ ਅਤੇ ਇਸ ਨੂੰ 12 ਵਰਗਾਂ ਵਿੱਚ ਵੰਡਿਆ ਗਿਆ ਹੈ।

ਸੰਕਲਪ ਕਮੇਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ, ''ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਲੋਕਾਂ ਦੇ ਮਨ ਦੀ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਇਸ ਲਈ 300 ਰਥ, 7700 ਸੁਝਾਅ ਪੇਟੀਆਂ ਤੇ 110 ਸੰਵਾਦ ਪ੍ਰੋਗਰਾਮ ਕਰਵਾਏ ਗਏ।''

ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ, ''ਇਹ ਮੈਨੀਫੈਸਟੋ ਟੁਕੜੇ-ਟੁਕੜੇ ਮਾਨਸਿਕਤਾ ਨਾਲ ਤਿਆਰ ਨਹੀਂ ਕੀਤਾ ਗਿਆ ਸਗੋਂ ਰਾਸ਼ਟਰਵਾਦ ਦੀ ਮਾਨਸਿਕਤਾ ਨਾਲ ਤਿਆਰ ਕੀਤਾ ਗਿਆ ਹੈ।''

ਪੀਐਮ ਮੋਦੀ ਨੇ ਕੀ ਕਿਹਾ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਮੁੱਖ ਗੱਲਾਂ ਰਾਸ਼ਟਰਵਾਦ, ਅੰਤੋਦਿਆ (ਗਰੀਬ ਤੇ ਲੋੜਵੰਦਾਂ ਦਾ ਵਿਕਾਸ) ਅਤੇ ਸੁਸ਼ਾਸਨ 'ਤੇ ਜ਼ੋਰ ਦਿੰਦਿਆਂ ਕਿਹਾ, "2014 ਤੋਂ 2019 ਤੱਕ ਸਾਰੇ ਕੰਮਾਂ ਨੂੰ ਦੇਖਾਂਗੇ ਅਤੇ ਉਸ ਦਾ ਮੁਲੰਕਣ ਕਰਾਂਗੇ ਜਿਹੜੇ ਕੰਮ ਅਜ਼ਾਦੀ ਤੋਂ ਬਾਅਦ 50-60 ਸਾਲਾਂ ਵਿੱਚ ਹੋਣੇ ਚਾਹੀਦੇ ਸਨ ਉਹ ਸਾਨੂੰ 2014 ਮਗਰੋਂ ਸਾਨੂੰ ਕਰਨੇ ਪਏ।''

"ਅਸੀਂ ਵੱਖਰਾ ਜਲ ਸ਼ਕਤੀ ਮੰਤਰਾਲਾ ਬਣਾਵਾਂਗੇ। ਨਦੀਆਂ ਦਾ ਸਭ ਤੋਂ ਬਿਹਤਰ ਢੰਗ ਨਾਲ ਵਰਤੋਂ ਕਿਵੇਂ ਹੋਵੇ, ਇਸ 'ਤੇ ਕੰਮ ਕੀਤਾ ਜਾਵੇਗਾ, ਘਰ-ਘਰ ਪਾਣੀ ਪਹੁੰਚਾਉਣ ਲਈ ਕੰਮ ਕਰਾਂਗੇ।"

ਇਹ ਵੀ ਪੜ੍ਹੋ-

ਵੀਡੀਓ: ਜੇ ਮੈਨੀਫੈਸਟੋ ਦੇ ਵਾਅਦੇ ਨਾ ਪੂਰੇ ਹੋਣ ਤਾਂ...?

ਕਾਂਗਰਸ ਦਾ ਭਾਜਪਾ ਦੇ ਮੈਨੀਫੈਸਟੋ 'ਤੇ ਪ੍ਰਤੀਕਰਮ

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ''ਇਹ ਸੰਕਲਪ ਪੱਤਰ ਨਹੀਂ ਹੈ ਸਗੋਂ ਝਾਂਸਾ ਪੱਤਰ ਹੈ। ਪੰਜ ਸਾਲਾਂ ਵਿੱਚ ਕੰਮ ਨਹੀਂ ਕੀਤਾ ਸਗੋਂ ਬਹਾਨੇ ਹੀ ਬਣਾਏ। ਨੌਕਰੀ, ਰੁਜ਼ਗਾਰ, ਨੋਟਬੰਦੀ, ਜੀਐਸਟੀ ਅਤੇ ਕਾਲਾ ਧਨ ਵਰਗੇ ਮੁੱਦਿਆਂ ਦੀ ਚਰਚਾ ਵੀ ਕਿਸੇ ਨੇਤਾ ਨੇ ਨਹੀਂ ਕੀਤੀ।''

ਕਾਂਗਰਸ ਨੇਤਾ ਕਪਿਲ ਸਿੱਬਲ ਨੇ ਅਰੁਣ ਜੇਤਲੀ ਦੇ ਬਿਆਨ 'ਤੇ ਕਿਹਾ, ''ਅਸਲ ਵਿੱਚ ਟੁਕੜੇ-ਟੁਕੜੇ ਮਾਨਸਿਕਤਾ ਤਾਂ ਭਾਜਪਾ ਦੀ ਹੈ। ਭਾਜਪਾ ਪਾਰਟੀ ਨੇ ਕਈ ਅਦਾਰਿਆਂ ਨੂੰ ਕਮਜ਼ੋਰ ਕਰਕੇ ਇਸ ਗੱਲ ਨੂੰ ਸੱਚ ਸਾਬਤ ਕਰ ਦਿੱਤਾ ਹੈ।''

ਕਾਂਗਰਸ ਮੈਨੀਫੈਸਟੋ ਦੀਆਂ ਮੁੱਖ ਗੱਲਾਂ-

ਵਿਰੋਧੀ ਧਿਰ ਕਾਂਗਰਸ ਨੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ 2 ਅਪਰੈਲ ਨੂੰ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ।

  • 22 ਲੱਖ ਸਰਕਾਰੀ ਅਹੁਦੇ ਖਾਲੀ ਪਾਏ ਹਨ 31 ਮਾਰਚ 2020 ਤੱਕ ਭਰੇਗੀ। ਗ੍ਰਾਮ ਪੰਚਾਇਤ ਵਿੱਚ 10 ਲੱਖ ਲੋਕਾਂ ਨੂੰ ਮਿਲੇਗੀ ਨੌਕਰੀ
  • ਅਸੀਂ ਗਰੀਬਾਂ ਦੇ ਖਾਤੇ ਵਿੱਚ ਸਿੱਧਾ 72, 000 ਰੁਪਏ ਪਾਵਾਂਗੇ। ਪੰਜ ਸਾਲ ਵਿੱਚ ਕੁੱਲ ਤਿੰਨ ਲੱਖ 60 ਹਜ਼ਾਰ ਰੁਪਏ ਗਰੀਬਾਂ ਦੇ ਖਾਤਿਆਂ ਵਿੱਚ ਆਵੇਗਾ।
  • ਮਨਰੇਗਾ ਤਹਿਤ ਰੁਜ਼ਗਾਰ ਦੀ ਗਾਰੰਟੀ 100 ਦਿਨਾਂ ਤੋਂ ਵਧਾ ਕੇ 150 ਕੀਤੀ ਜਾਵੇਗੀ।ਤਿੰਨ ਸਾਲ ਲਈ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਕਿਸੇ ਵਪਾਰ ਨੂੰ ਸ਼ੁਰੂ ਕਰਨ ਲਈ ਕੋਈ ਇਜਾਜ਼ਤ ਨਹੀਂ ਲੈਣੀ ਪਵੇਗੀ।
  • ਜੇ ਕਿਸਾਨ ਕਰਜ਼ਾ ਨਾ ਚੁਕਾ ਸਕੇ ਤਾਂ ਉਸ ਨੂੰ ਜੇਲ੍ਹ ਵਿੱਚ ਨਾ ਸੁੱਟਿਆ ਜਾਵੇ। ਕਿਸਾਨਾਂ ਲਈ ਵੱਖ ਤੋਂ ਬਜਟ ਬਣੇਗਾ।
  • ਸਿੱਖਿਆ 'ਤੇ ਜੀਡੀਪੀ ਦਾ 6 ਫੀਸਦੀ ਖਰਚਿਆ ਜਾਵੇਗਾ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)