ਜਦੋਂ ਰਾਹੁਲ ਗਾਂਧੀ ਸਾਹਮਣੇ ਖਾਣੇ 'ਤੇ ਚਰਚਾ ਦੌਰਾਨ ਕਾਂਗਰਸੀਆਂ ਨੇ ਇੱਕਜੁਟਤਾ ਦਿਖਾਈ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਹਰਿਆਣਾ ਵਿੱਚ ਕਾਂਗਰਸ ਦੀ ਕਾਇਆਪਲਟ ਲਈ ਕੀਤੀ ਜਾ ਰਹੀ ਪਰਿਵਰਤਨ ਰੈਲੀ ਵਿੱਚੋਂ ਅਚਾਨਕ ਕਰਨਾਲ ਦੇ ਇੱਕ ਢਾਬੇ 'ਤੇ ਰਾਹੁਲ ਗਾਂਧੀ ਨੇ ਸੂਬਾ ਕਾਂਗਰਸ ਦੇ ਖੇਰੂੰ-ਖੇਰੂੰ ਹੋਏ ਕੁਨਬੇ ਦੇ ਆਗੂਆਂ ਨਾਲ ਦੁਪਹਿਰ ਦਾ ਖਾਣਾ ਖਾਧਾ।

ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਹਰਿਆਣਾ ਕਾਂਗਰਸ ਨੇ ਇਕਜੁਟਤਾ ਦਾ ਪ੍ਰਦਰਸ਼ਨ ਕੀਤਾ।

ਰਾਹੁਲ ਗਾਂਧੀ ਹਰਿਆਣਾ ਵਿੱਚ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਛੇ ਦਿਨਾਂ ਤੱਕ ਚੱਲਣ ਵਾਲੀ ਪਰਿਵਰਤਨ ਰੈਲੀ ਵਿੱਚ ਸ਼ਾਮਲ ਹੋਣ ਕਰਨਾਲ ਪਹੁੰਚੇ ਸਨ।

ਇਹ ਵੀ ਪੜ੍ਹੋ-

ਇਸ ਰੈਲੀ ਵਿੱਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਇਸ ਅਹੁਦੇ ਦੇ ਸਾਰੇ ਕਾਂਗਰਸੀ ਦਾਅਵੇਦਾਰ, ਜਿਵੇਂ- ਸੂਬਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ, ਸੀਐੱਲਪੀ ਆਗੂ ਕਿਰਨ ਚੌਧਰੀ ਸ਼ਾਮਲ ਸਨ।

ਦੱਖਣੀ ਹਰਿਆਣਾ ਦੇ ਆਗੂ ਅਜੇ ਯਾਦਵ, ਆਦਮਪੁਰ ਦੇ ਐੱਮਐੱਲਏ ਕੁਲਦੀਪ ਬਿਸ਼ਨੋਈ, ਹੁੱਡਾ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਜਿੰਮੇਵਾਰੀ ਦਿੱਤੇ ਜਾਣ ਦੇ ਰੋਸ ਵਜੋਂ ਇਸ ਰੈਲੀ ਵਿੱਚ ਸ਼ਾਮਲ ਨਹੀਂ ਹੋਏ ਸਨ। ਉਹ ਵੀ ਇਸ ਰੈਲੀ ਦੇ ਦੂਜੇ ਪੜਾਅ ਜਗਾਧਰੀ ਤੋਂ ਇਸ ਰੈਲੀ ਵਿੱਚ ਰਾਹੁਲ ਗਾਂਧੀ ਨਾਲ ਸ਼ਾਮਲ ਹੋਏ।

ਇਹ ਵੀ ਪੜ੍ਹੋ-

ਰਾਹੁਲ ਗਾਂਧੀ ਸੂਬਾ ਕਾਂਗਰਸ ਦੇ ਵੱਡੇ ਆਗੂਆਂ ਨਾਲ ਇੱਕ ਬਸ ਰਾਹੀਂ ਜਗਾਧਰੀ ਤੋਂ ਕਰਨਾਲ ਪਹੁੰਚੇ, ਜਿੱਥੇ ਵਰਕਰਾਂ ਨੇ ਉਨ੍ਹਾਂ ਦਾ ਫੁੱਲਾਂ ਨਾਲ ਜੋਸ਼ ਭਰਪੂਰ ਸਵਾਗਤ ਕੀਤਾ ਅਤੇ ਸਾਰੇ ਰਾਹ ਰਾਹੁਲ-ਰਾਹੁਲ ਦੇ ਨਾਅਰੇ ਵੀ ਲਾਏ।

ਜਗਾਧਰੀ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਤੋਂ ਬਾਅਦ, ਉਨ੍ਹਾਂ ਨੇ ਯਮੁਨਾ ਨਗਰ ਦੇ ਰਾਦੌਰ, ਲਾਡਵਾ ਵਿੱਚ ਰੋਡ ਸ਼ੋਅ ਕੀਤਾ। ਉਨ੍ਹਾਂ ਨੇ ਇੰਦਰੀ ਵਿੱਚ ਵੀ ਰੋਡ ਸ਼ੋਅ ਕੀਤਾ ਜੋ ਕਿ ਸ਼ਾਮ ਨੂੰ ਕਰਨਾਲ ਦੇ ਅਟਲ ਪਾਰਕ ਵਿੱਚ ਸਮਾਪਤ ਹੋਇਆ।

ਕਰਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਰੇਲੂ ਹਲਕਾ ਹੈ। ਇਸ ਰੈਲੀ ਦੀ ਖ਼ਾਸ ਗੱਲ ਇਹ ਸੀ ਕਿ ਰਾਜ ਮਾਰਗ ਨਾਲ ਲਗਦੇ ਜਿਨ੍ਹਾਂ ਵੀ ਵਿਧਾਨ ਸਭਾ ਹਲਿਕਿਆਂ ਵਿੱਚੋਂ ਰਾਹੁਲ ਗਾਂਧੀ ਲੰਘੇ ਉਨ੍ਹਾਂ ਸਾਰਿਆਂ 'ਤੇ ਭਾਜਪਾ ਆਗੂਆਂ ਦਾ ਕਬਜ਼ਾ ਹੈ।

ਰਾਹੁਲ ਗਾਂਧੀ ਸੂਬਾ ਕਾਂਗਰਸ ਦੇ ਆਗੂਆਂ ਨਾਲ ਕਰਨਾਲ ਦੇ ਜੈਨ ਮੰਦਰ ਵੀ ਪਹੁੰਚੇ।

ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਉਮੀਦ ਰੱਖਣ ਵਾਲਿਆਂ ਨੇ ਵੀ ਰੋਡ ਸ਼ੋਅ ਵਿੱਚ ਹਿੱਸਾ ਲਿਆ।

ਰਾਹੁਲ ਗਾਂਧੀ ਦਾ ਭਾਸ਼

ਕਰਨਾਲ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਮੀਰਾਂ ਨਾਲ ਖੜ੍ਹੇ ਹਨ ਤੋਂ ਉਨ੍ਹਾਂ ਦੀ ਸਰਕਾਰ ਸਿਰਫ਼ 15-20 ਕਾਰੋਬਾਰੀ ਦੋਸਤਾਂ ਲਈ ਕੰਮ ਕਰਦੀ ਹੈ।

ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸਰਕਾਰ ਬਣੀ ਤਾਂ ਉਹ ਛੋਟੇ ਦੁਕਾਨਦਾਰਾਂ ਅਤੇ ਆਮ ਆਦਮੀ ਲਈ ਕੰਮ ਕਰੇਗੀ।

ਉਨ੍ਹਾਂ ਨੇ ਭਾਜਪਾ ਨੂੰ 15 ਲੱਖ ਦਾ ਜੁਮਲਾ ਯਾਦ ਕਰਵਾਇਆ ਤੇ ਲੋਕਾਂ ਨੂੰ ਵਾਅਦਾ ਕੀਤਾ ਗਿਆ ਪੈਸਾ ਖਾਤਿਆਂ ਵਿੱਚ ਮਿਲਣ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਕਾਂਗਰਸ ਘੱਟੋ-ਘੱਟ ਆਮਦਨੀ ਸਕੀਮ ਤਹਿਤ ਗਰੀਬਾਂ ਨੂੰ ਆਮਦਨੀ ਦੇਣ ਲਈ ਕੰਮ ਕਰੇਗੀ।

ਸਕੀਮ ਬਾਰੇ ਉਨ੍ਹਾਂ ਦੱਸਿਆ ਕਿ ਪਾਰਟੀ ਨੇ 12,000 ਮਾਹਵਾਰ ਤੋਂ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਸਲਾਨਾ 72,000 ਦੀ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ, “ਮੈਨੂੰ ਪਤਾ ਹੈ ਭਾਜਪਾ ਵਾਲੇ ਪੁੱਛ ਰਹੇ ਹਨ। ਮੈਂ ਕਹਿੰਦਾ ਹਾਂ ਕਿ ਜੇ ਭਾਜਪਾ ਆਪਣੇ ਅਮੀਰ ਦੋਸਤਾਂ ਦਾ ਕਰਜ਼ ਮਾਫ ਕਰ ਸਕਦੀ ਹੈ ਤਾਂ ਕਾਂਗਰਸ ਗਰੀਬਾਂ ਲਈ ਇਹ ਸਕੀਮ ਲਾਗੂ ਕਰ ਸਕਦੀ ਹੈ।”

“2019 ਦੀਆਂ ਲੋਕ ਸਭਾ ਚੋਣਾਂ ਦੋ ਵਿਚਾਰਧਾਰਾਵਾਂ ਦਾ ਭੇੜ ਹੈ। ਸੰਘ-ਭਾਜਪਾ ਦੀ ਵਿਚਾਰਧਾਰਾ ਦੇਸ ਨੂੰ ਵੰਡਣਾ ਚਾਹੁੰਦੀ ਹੈ ਜਦ ਕਿ ਕਾਂਗਰਸ ਏਕਤਾ ਤੇ ਭਾਈਚਾਰਾ ਚਾਹੁੰਦੀ ਹੈ।”

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਸਾਨਾਂ ਦੀ ਕਰਜ਼ ਮਾਫੀ ਅਤੇ ਜੀਐੱਸਟੀ ਤੋਂ ਗੁੱਸੇ ਵਰਗੇ ਭਾਵੁਕ ਮੁੱਦਿਆਂ ਨੂੰ ਵੀ ਛੋਹਿਆ।

ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਈ ਪੈਸਾ ਕਿਸਨਾਂ ਦੀ ਮਰਜ਼ੀ ਤੋਂ ਬਗੈਰ ਉਨ੍ਹਾਂ ਦੇ ਖਾਤਿਆਂ ਵਿੱਚੋਂ ਕੱਢਿਆ ਗਿਆ।

ਭਾਜਪਾ ਆਗੂਆਂ ਵੱਲੋਂ ਆਪਣੇ ਨਾਮ ਨਾਲ ਚੌਕੀਦਾਰ ਲਾਏ ਜਾਣ ਬਾਰੇ ਉਨ੍ਹਾਂ ਟਿੱਪਣੀ ਕਰੀ ਕਿ ਇਸ ਦੀ ਸਚਾਈ ਜਾਨਣ ਲਈ ਕੋਈ 'ਚੌਕੀਦਾਰ' ਕਹਿ ਕੇ ਦੇਖੇ, ਫਿਰ ਦੇਖੋ ਕਿੰਨੇ ਕਿਸਮ ਦੇ ਜਵਾਬ ਮਿਲਦੇ ਹਨ।

ਇਸ ਰੈਲੀ ਦੌਰਾਨ ਜਦੋਂ ਰਾਹੁਲ ਗਾਂਧੀ ਲੋਕਾਂ ਨੂੰ ਅਪੀਲ ਕਰ ਰਹੇ ਸਨ ਕਿ ਉਹ ਭਾਜਪਾ ਤੋਂ ਪਿੱਛਾ ਛੁਡਾਉਣ ਲਈ ਕਾਂਗਰਸ ਨੂੰ ਵੋਟ ਦੇਣ ਤਾਂ ਸੂਬਾ ਕਾਂਗਰਸ ਦੀ ਸਮੁੱਚੀ ਲੀਡਰਸ਼ਿੱਪ ਰਾਹੁਲ ਗਾਂਧੀ ਦੇ ਨਾਲ ਖੜ੍ਹੀ ਨਜ਼ਰ ਆਈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)