ਅਨਿਲ ਅੰਬਾਨੀ ਨੇ ਮੁਕੇਸ਼ ਅੰਬਾਨੀ ਦਾ ਮੁਸ਼ਕਿਲ ਵਿੱਚ ਸਾਥ ਦੇਣ ਲਈ ਕੀਤਾ ਸ਼ੁਕਰਾਨਾ

ਰਿਲਾਇੰਸ ਕਮਿਊਨੀਕੇਸ਼ਨ (ਆਰਕੌਮ) ਦੇ ਚੇਅਰਮੈਨ ਅਨਿਲ ਅੰਬਾਨੀ ਨੇ ਸਮੇਂ 'ਤੇ ਮਦਦ ਕਰਨ ਲਈ ਆਪਣੇ ਭਰਾ ਮੁਕੇਸ਼ ਅਤੇ ਉਨ੍ਹਾਂ ਦੀ ਪਤਨੀ ਨੀਤਾ ਦਾ ਧੰਨਵਾਦ ਕੀਤਾ ਹੈ।

ਪੀਟੀਆਈ ਅਨੁਸਾਰ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਸੁਪਰੀਮ ਕੋਰਟ ਦੀ ਡੈੱਡਲਾਈਨ ਤੋਂ ਇੱਕ ਦਿਨ ਪਹਿਲਾਂ ਹੀ ਸਵੀਡਿਸ਼ ਕੰਪਨੀ ਐਰਿਕਸਨ ਨੂੰ ਬਕਾਇਆ ਰਾਸ਼ੀ ਅਦਾ ਕਰ ਦਿੱਤੀ।

ਅਨਿਲ ਅੰਬਾਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਮੈਂ ਆਪਣੇ ਵੱਡੇ ਭਰਾ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦਾ ਦਿਲ ਤੋਂ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ। ਉਹ ਮੁਸ਼ਕਿਲ ਵੇਲੇ ਮੇਰੇ ਨਾਲ ਖੜ੍ਹੇ ਰਹੇ ਅਤੇ ਮੇਰਾ ਸਾਥ ਦਿੱਤਾ। ਮੈਂ ਅਤੇ ਮੇਰਾ ਪਰਿਵਾਰ ਧੰਨਵਾਦੀ ਹਾਂ ਕਿ ਅਸੀਂ ਅਤੀਤ ਤੋਂ ਅੱਗੇ ਵੱਧ ਚੁੱਕੇ ਹਾਂ।"

ਬਿਆਨ ਵਿੱਚ ਕਿਹਾ ਗਿਆ ਕਿ ਆਰਕੌਮ ਨੇ ਐਰਿਕਸਨ ਨੂੰ ਵਿਆਜ ਸਣੇ 550 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ।

ਇਹ ਵੀ ਪੜ੍ਹੋ:

ਸੂਤਰਾਂ ਮੁਤਾਬਕ ਆਰਕੌਮ ਨੇ ਸਵੀਡਿਸ਼ ਕੰਪਨੀ ਐਰਿਕਸਨ ਨੂੰ 458.77 ਕਰੋੜ ਰੁਪਏ ਅਦਾ ਕੀਤੇ ਹਨ। ਇਸ ਰਕਮ ਦੀ ਅਦਾਇਗੀ ਨਾ ਕਰਨ 'ਤੇ ਅਨਿਲ ਅੰਬਾਨੀ ਨੂੰ ਤਿੰਨ ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਸੀ।

ਸੁਪਰੀਮ ਕੋਰਟ ਨੇ ਅਨਿਲ ਅੰਬਾਨੀ ਨੂੰ ਪਿਛਲੇ ਮਹੀਨੇ ਕੋਰਟ ਦੀ ਉਲੰਘਣਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ ਅਤੇ ਕਰਜ਼ੇ ਦੀ ਰਕਮ ਚਾਰ ਹਫ਼ਤਿਆਂ ਵਿੱਚ ਅਦਾ ਕਰਨ ਲਈ ਕਿਹਾ ਸੀ। ਅਦਾਇਗੀ ਕਰਨ ਦੀ ਆਖਿਰੀ ਤਰੀਕ 19 ਮਾਰਚ ਸੀ।

ਕੀ ਹੈ ਮਾਮਲਾ?

ਸਾਲ 2013 ਵਿੱਚ ਆਰਕੌਮ ਦਾ ਟੈਲੀਕਾਮ ਸੈਕਟਰ ਸਾਂਭਣ ਲਈ ਐਰਿਕਸਨ ਨੇ ਡੀਲ ਕੀਤੀ ਸੀ। ਅਨਿਲ ਅੰਬਾਨੀ ਨੇ ਇਸ ਲਈ ਨਿੱਜੀ ਗਰੰਟੀ ਵੀ ਦਿੱਤੀ।

ਸਾਲ 2017 ਵਿੱਚ ਐਰਿਕਸਨ ‘ਦਿਵਾਲੀਆ ਅਦਾਲਤ’ ਪਹੁੰਚੀ ਅਤੇ ਇਲਜ਼ਾਮ ਲਾਇਆ ਕਿ ਅੰਬਾਨੀ ਨੇ 1600 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਅਦਾ ਨਹੀਂ ਕੀਤੀ ਹੈ।

ਪਰ ਆਰਕੌਮ ਵੱਲੋਂ ਲਗਾਤਾਰ ਵਾਅਦਾ ਨਾ ਪੂਰਾ ਕਰਨ ਕਾਰਨ ਅਨਿਲ ਅੰਬਾਨੀ ਲਈ ਮੁਸ਼ਕਿਲ ਖੜ੍ਹੀ ਹੋ ਗਈ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅਦਾਲਤ ਦੀ ਉਲੰਘਣਾ ਕਰਨ ਦਾ ਦੋਸ਼ੀ ਕਰਾਰ ਦਿੱਤਾ।

ਇਹ ਵੀ ਪੜ੍ਹੋ:

20 ਫਰਵਰੀ ਨੂੰ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਚਾਰ ਹਫਤਿਆਂ ਵਿੱਚ ਬਕਾਇਆ ਰਾਸ਼ੀ ਜਮਾ ਕਰਵਾਈ ਜਾਏ ਨਹੀਂ ਤਾਂ ਅਨਿਲ ਅੰਬਾਨੀ ਨੂੰ ਤਿੰਨ ਮਹੀਨਿਆਂ ਲਈ ਜੇਲ੍ਹ ਜਾਣਾ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)