ਸੋਸ਼ਲ: ਹੋਲੀ ਤੋਂ ਪਹਿਲਾਂ ਸਰਫ਼ ਐਕਸੈੱਲ ਦੇ ਪਿੱਛੇ ਪਏ ਲੋਕ

'ਹੋਲੀ ਰੰਗਾਂ ਦਾ ਤਿਉਹਾਰ ਹੈ। ਹੋਲੀ ਦੇ ਰੰਗਾਂ ਨਾਲ ਆਪਸੀ ਨਾਰਾਜ਼ਗੀ, ਦੁਸ਼ਮਣੀ ਅਤੇ ਭੇਦਭਾਵ ਇਨ੍ਹਾਂ ਸਾਰਿਆਂ ਨੂੰ ਦੂਰ ਕਰਕੇ ਅਸੀਂ ਇੱਕ-ਦੂਜੇ ਨੂੰ ਪਿਆਰ ਦੇ ਰੰਗ 'ਚ ਰੰਗ ਦਿੰਦੇ ਹਾਂ।'

ਬਚਪਨ ਵਿੱਚ ਹੋਲੀ 'ਤੇ ਲੇਖ ਲਿਖਦੇ ਹੋਏ ਅਸੀਂ ਅਕਸਰ ਇਨ੍ਹਾਂ ਸਤਰਾਂ ਦੀ ਵਰਤੋਂ ਕਰਦੇ ਹਾਂ। ਹੋਲੀ ਆਉਣ 'ਚ ਅਜੇ ਕੁਝ ਦਿਨ ਬਾਕੀ ਹਨ ਅਤੇ ਇਸ ਦੇ ਨਾਲ ਬਾਜ਼ਾਰ ਵੀ ਹੋਲੀ ਦੇ ਰੰਗ 'ਚ ਰੰਗਣ ਲੱਗੇ ਹਨ।

ਹੋਲੀ ਦੀਆਂ ਇਨ੍ਹਾਂ ਤਿਆਰੀਆਂ ਵਿਚਾਲੇ ਅਚਾਨਕ ਕੱਪੜੇ ਧੋਣ ਵਾਲਾ ਪਾਊਡਰ ਅਤੇ ਸਾਬਣ ਬਣਾਉਣ ਵਾਲੀ ਕੰਪਨੀ ਸਰਫ਼ ਐਕਸੈੱਲ ਸੁਰਖ਼ੀਆਂ ਵਿੱਚ ਆ ਗਈ।

ਉਂਝ ਤਾਂ ਹੋਲੀ ਖੇਡਣ ਤੋਂ ਬਾਅਦ ਲੋਕਾਂ ਨੂੰ 'ਸਰਫ਼ ਐਕਸੈੱਲ' ਦੀ ਯਾਦ ਆਉਂਦੀ ਸੀ ਪਰ ਇਸ ਵਾਰ ਮਾਮਲਾ ਕੁਝ ਵੱਖਰਾ ਹੀ ਹੋ ਗਿਆ। ਸੋਸ਼ਲ ਮੀਡੀਆ 'ਤੇ ਇੱਕ ਹੈਸ਼ਟੈਗ #BoycottSurfExcel ਲਗਾਤਾਰ ਟ੍ਰੈਂਡਿੰਗ 'ਚ ਰਿਹਾ।

ਇਹ ਵੀ ਜ਼ਰੂਰ ਪੜ੍ਹੋ:

ਇਸਦਾ ਕਾਰਨ ਹੈ ਸਰਫ਼ ਐਕਸੈੱਲ ਦੀ ਹੋਲੀ ਨਾਲ ਜੁੜੀ ਇੱਕ ਮਸ਼ਹੂਰੀ।

ਕੀ ਹੈ ਇਸ ਮਸ਼ਹੂਰੀ ਵਿੱਚ?

ਸਭ ਤੋਂ ਪਹਿਲਾਂ ਤੁਹਾਨੂੰ ਉਸ ਮਸ਼ਹੂਰੀ ਬਾਰੇ ਦੱਸ ਦਿੰਦੇ ਹਾਂ। ਮਹਿਜ਼ ਇੱਕ ਮਿੰਟ ਦੀ ਇਸ ਮਸ਼ਹੂਰੀ ਵਿੱਚ ਇੱਕ ਨਿੱਕੀ ਜਿਹੀ ਬੱਚੀ ਆਪਣੀ ਸਾਈਕਲ 'ਤੇ ਜਾ ਰਹੀ ਹੈ ਅਤੇ ਉਸ 'ਤੇ ਕੁਝ ਬੱਚੇ ਰੰਗਾਂ ਨਾਲ ਭਰੇ ਗੁਬਾਰੇ ਮਾਰ ਰਹੇ ਹਨ।

ਬੱਚੀ ਖ਼ੁਸ਼ੀ-ਖ਼ੁਸ਼ੀ ਸਾਰੇ ਗੁਬਾਰੇ ਆਪਣੇ ਉੱਤੇ ਆਉਣ ਦਿੰਦੀ ਹੈ ਅਤੇ ਜਦੋਂ ਸਾਰੇ ਗੁਬਾਰੇ ਖ਼ਤਮ ਹੋ ਜਾਂਦੇ ਹਨ ਤਾਂ ਉਸਦੀ ਸਾਈਕਲ ਇੱਕ ਘਰ ਦੇ ਬਾਹਰ ਰੁਕਦੀ ਹੈ। ਉਹ ਬੱਚੀ ਇੱਕ ਬੱਚੇ ਨੂੰ ਕਹਿੰਦੀ ਹੈ ਕਿ ਬਾਹਰ ਆਜਾ, ਸਭ ਕੁਝ ਖ਼ਤਮ ਹੋ ਗਿਆ।

ਇਸ ਬੱਚੇ ਨੇ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਹਿਨਿਆ ਹੈ। ਬੱਚੀ ਉਸਨੂੰ ਆਪਣੇ ਸਾਈਕਲ 'ਤੇ ਬਿਠਾ ਕੇ ਇੱਕ ਮਸਜਿਦ ਦੇ ਬਾਹਰ ਛੱਡ ਕੇ ਆਉਂਦੀ ਹੈ। ਮਸਜਿਦ 'ਚ ਜਾਂਦੇ ਸਮੇਂ ਬੱਚਾ ਕਹਿੰਦਾ ਹੈ ਕਿ ਉਹ ਨਮਾਜ਼ ਪੜ੍ਹਕੇ ਆਵੇਗਾ।

ਇਸ 'ਤੇ ਬੱਚੀ ਜਵਾਬ ਦਿੰਦੀ ਹੈ ਕਿ ਬਾਅਦ 'ਚ ਰੰਗ ਪਏਗਾ ਤਾਂ ਬੱਚਾ ਵੀ ਖ਼ੁਸ਼ੀ 'ਚ ਸਿਰ ਹਿਲਾ ਦਿੰਦਾ ਹੈ। ਇਸ ਦੇ ਨਾਲ ਹੀ ਮਸ਼ਹੂਰੀ ਖ਼ਤਮ ਹੋ ਜਾਂਦੀ ਹੈ।

ਇਸ ਮਸ਼ਹੂਰੀ ਨੂੰ ਹੁਣ ਤੱਕ 90 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਮਸ਼ਹੂਰੀ ਦੇ ਨਾਲ ਇੱਕ ਹੈਸ਼ਟੈਗ ਲਿਖਿਆ ਹੈ #RangLayeSang

ਮਸ਼ਹੂਰੀ 'ਤੇ ਵਿਵਾਦ

ਕਈ ਹਿੰਦੂਵਾਦੀ ਵਿਚਾਰਧਾਰਾ ਵਾਲੇ ਸਮੂਹਾਂ ਅਤੇ ਲੋਕਾਂ ਨੇ ਇਸ ਮਸ਼ਹੂਰੀ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮਸ਼ਹੂਰੀ ਰਾਹੀਂ ਹੋਲੀ ਦੇ ਤਿਉਹਾਰ ਨੂੰ ਗ਼ਲਤ ਤਰੀਕੇ ਨਾਲ ਦਰਸਾਇਆ ਗਿਆ ਹੈ।

ਕਈ ਲੋਕ ਸੋਸ਼ਲ ਮੀਡੀਆ 'ਤੇ ਲਿਖ ਰਹੇ ਹਨ ਕਿ ਇਸ ਮਸ਼ਹੂਰੀ ਰਾਹੀਂ ਹਿੰਦੂ-ਮੁਸਲਿਮ ਦੀਆਂ ਦੂਰੀਆਂ ਨੂੰ ਦਿਖਾਇਆ ਗਿਆ ਹੈ। ਨਾਲ ਹੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹੋਲੀ ਦੇ ਕਾਰਨ ਦੂਜੇ ਧਰਮ ਦੇ ਲੋਕ ਪਰੇਸ਼ਾਨ ਹੁੰਦੇ ਹਨ।

ਫ਼ਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਲਿਖਿਆ, ''ਉਂਝ ਤਾਂ ਮੈਂ ਕਲਾਤਮਕ ਆਜ਼ਾਦੀ ਦਾ ਹਮਾਇਤੀ ਹਾਂ, ਪਰ ਮੇਰੀ ਤਜਵੀਜ਼ ਹੈ ਕਿ ਇਸ ਤਰ੍ਹਾਂ ਦੇ ਬੇਵਕੂਫ਼ ਕਾਪੀ-ਰਾਈਟਰ ਭਾਰਤ ਵਰਗੇ ਧਰਮ ਨਿਰਪੱਖ ਦੇਸ਼ 'ਚ ਬੈਨ ਹੋ ਜਾਣੇ ਚਾਹੀਦੇ ਹਨ ਜੋ ਇੱਥੋਂ ਦੀ ਗੰਗਾ-ਯਮੁਨਾ ਤਹਿਜ਼ੀਬ ਨਾਲ ਯਮੁਨਾ ਨੂੰ ਵੱਖਰਾ ਕਰਨਾ ਚਾਹੁੰਦੇ ਹਨ।''

ਬਾਬਾ ਰਾਮਦੇਵ ਨੇ ਲਿਖਿਆ, ''ਅਸੀਂ ਕਿਸੇ ਵੀ ਮਜ਼ਹਬ ਦੇ ਵਿਰੋਧ 'ਚ ਨਹੀਂ ਹਾਂ, ਪਰ ਜੋ ਚੱਲ ਰਿਹਾ ਹੈ ਉਸ 'ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ, ਲਗਦਾ ਹੈ ਜਿਵੇਂ ਵਿਦੇਸ਼ੀ ਸਰਫ਼ ਨਾਲ ਅਸੀਂ ਕੱਪੜਿਆਂ ਨੂੰ ਧੋਂਦੇ ਹਾਂ ਹੁਣ ਉਸਨੂੰ ਧੋਣ ਦੇ ਦਿਨ ਆ ਗਏ ਹਨ?''

ਆਕਾਸ਼ ਗੌਤਮ ਨੇ ਇਸ ਮਸ਼ਹੂਰੀ ਦੀ ਸ਼ਿਕਾਇਤ ਹਿੰਦੁਸਤਾਨ ਯੂਨੀਲੀਵਰ 'ਚ ਕਰਨ ਅਤੇ ਕੰਪਨੀ ਦੇ ਰਾਹੀਂ ਮਾਫ਼ੀ ਮੰਗਣ ਦੀ ਗੱਲ ਕਹੀ ਹੈ।

ਸੰਦੀਪ ਦੇਵ ਨੇ ਲਿਖਿਆ, ''ਸਮਾਜ 'ਚ ਨਫ਼ਰਤ ਘੋਲਣ ਵਾਲੇ, ਤਿਉਹਾਰਾਂ 'ਚ ਵੀ ਹਿੰਦੂ-ਮੁਸਲਮਾਨ ਕਰਨ ਵਾਲੇ #HUL ਦੇ #BoycottSurfExcel ਸਹੀ ਸਾਰੇ ਪ੍ਰੋਡਕਟ ਦਾ ਬਾਇਕਾਟ ਕਰੋ।''

ਸ਼ੇਖਰ ਚਾਹਲ ਨੇ ਸਰਫ਼ ਐਕਸੈੱਲ ਦੇ ਪੈਕੇਟ ਨੂੰ ਸਾੜਦੇ ਹੋਏ ਇੱਕ ਵੀਡੀਓ ਪੋਸਟ ਕੀਤੀ ਅਤੇ ਲਿਖਿਆ ਕਿ ਮੋਹਰਮ ਅਤੇ ਬਕਰੀਦ ਦੇ ਖ਼ੂਨੀ ਰੰਗਾਂ ਨਾਲੋਂ ਚੰਗਾ ਹੈ ਕਿ ਸਾਡੀ ਹੋਲੀ ਦਾ ਰੰਗ। ਸਾਡੇ ਹਰ ਤਿਉਹਾਰ 'ਚ ਹਿੰਦੂ-ਮੁਸਲਿਮ ਕਿਉਂ ਵਾੜ ਰਹੇ ਹੋ।

ਇੱਕ ਪਾਸੇ ਜਿੱਥੇ ਬਹੁਤੇ ਲੋਕ ਸਰਫ਼ ਐਕਸਐੱਲ ਦੀ ਇਸ ਮਸ਼ਹੂਰੀ ਨੂੰ ਹਿੰਦੂ ਧਰਮ 'ਤੇ ਹਮਲੇ ਦੇ ਤੌਰ 'ਤੇ ਦੇਖ ਰਹੇ ਹਨ ਅਤੇ ਸਰਫ਼ ਐਕਸੈੱਲ ਦੇ ਨਾਲ-ਨਾਲ ਹਿੰਦੁਸਤਾਨ ਯੂਨੀਲੀਵਰ ਦੀ ਹੋਰ ਚੀਜ਼ਾਂ ਦੇ ਬਾਇਕਾਟ ਦੀ ਗੱਲ ਕਹਿ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਸ ਮਸ਼ਹੂਰੀ ਦੇ ਸਮਰਥਨ 'ਚ ਵੀ ਕਈ ਲੋਕ ਸਾਹਮਣੇ ਆਏ ਹਨ।

ਵਾਸਨ ਬਾਲਾ ਨਾਂ ਦੇ ਇੱਕ ਸ਼ਖ਼ਸ ਨੇ ਟਵਿੱਟਰ 'ਤੇ ਲਿਖਿਆ ਕਿ ਉਹ ਇਸ ਮਸ਼ਹੂਰੀ ਨੂੰ ਬਣਾਉਣ ਨਾਲੀ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਇੰਨੀ ਬਿਹਤਰੀਨ ਮਸ਼ਹੂਰੀ ਬਣਾਉਣ 'ਤੇ ਮਾਣ ਹੈ।

ਆਲਟ ਨਿਊਜ਼ ਦੇ ਸਹਿ-ਸੰਸਥਾਪਕ ਪ੍ਰਤੀਕ ਸਿਨਹਾ ਨੇ ਲਿਖਿਆ, ''ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਵਾਲੇ ਦਿਨ ਸਰਫ਼ ਐਕਸੈੱਲ ਦੀ ਮਸ਼ਹੂਰੀ 'ਤੇ ਹਿੰਦੂਵਾਦੀ ਵਿਚਾਰਧਾਰਾ ਰੱਖਣ ਵਾਲਿਆਂ ਨੇ ਜਿਸ ਤਰ੍ਹਾਂ ਦਾ ਗੁੱਸਾ ਜ਼ਾਹਿਰ ਕੀਤਾ ਹੈ, ਉਹ ਦਰਸ਼ਾਉਂਦਾ ਹੈ ਕਿ ਲੰਘੇ 5 ਸਾਲ ਦੇਸ਼ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਿਹਾ।''

ਆਕਾਸ਼ ਬੈਨਰਜੀ ਨੇ ਵਿਅੰਗ ਕਰਦਿਆਂ ਲਿਖਿਆ, ''ਇਸ ਮਸ਼ਹੂਰੀ ਨੂੰ ਸ਼ੇਅਰ ਨਾ ਕਰਿਓ। ਆਖ਼ਿਰ ਸਰਫ਼ ਐਕਸੈੱਲ ਰੰਗ, ਪਿਆਰ, ਹਾਸਾ, ਮਸਤੀ, ਮਾਸੂਮੀਅਤ, ਖ਼ੁਸ਼ੀ ਅਤੇ ਭਾਈਚਾਰੇ ਇੱਕ ਮਿੰਟ 'ਚ ਕਿਵੇਂ ਦਿਖਾ ਸਕਦਾ ਹੈ।''

ਵਾਮਪੰਥੀ ਆਗੂ ਕਵਿਤਾ ਕ੍ਰਿਸ਼ਣਨ ਨੇ ਟਵੀਟ ਕੀਤਾ ਕਿ ਸਰਫ਼ ਐਕਸੈੱਲ ਦੀ ਇਸ ਮਸ਼ਹੂਰੀ 'ਚ ਹਿੰਦੂ-ਮੁਸਲਿਮ ਦੀ ਦੋਸਤੀ ਨੂੰ ਦਿਖਾਇਆ ਗਿਆ ਹੈ।

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਲਿਖਿਆ, ''ਮੇਰੇ ਕੋਲ ਇੱਕ ਬਿਹਤਰ ਸੁਝਾਅ ਹੈ। ਭਗਤਾਂ ਨੂੰ ਸਰਫ਼ ਐਕਸੈੱਲ ਨਾਲ ਧੋਣਾ ਚਾਹੀਦਾ ਹੈ, ਕਿਉਂਕਿ ਸਰਫ਼ ਦੀ ਧੁਲਾਈ ਦਾਗ ਨੂੰ ਕਰੇ ਸਾਫ਼।''

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)