ਮੋਦੀ ਨੇ ਪਾਕਿਸਤਾਨ ਨੂੰ ਮੁੜ ਕਿਹਾ, 'ਘਰ 'ਚ ਵੜ ਕੇ ਮਾਰਾਂਗੇ'

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਕਿਹਾ, 'ਅਸੀਂ ਘਰ ਚ ਵੜਕੇ ਮਾਰਾਂਗੇ ਅਤੇ ਅੱਤਵਾਦੀਆਂ ਦਾ ਸੱਤਵੇਂ ਪਤਾਲ ਤੱਕ ਪਿੱਛਾ ਕਰਾਂਗੇ।

ਅਹਿਮਦਾਬਾਦ ਦੌਰੇ ਦੌਰਾਨ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, 'ਮੈਂ ਜ਼ਿਆਦਾ ਲੰਬਾ ਸਮਾਂ ਇੰਤਜਾਰ ਨਹੀਂ ਕਰਦਾ, ਚੁਣ ਚੁਣ ਕੇ ਬਦਲਾ ਲੈਣਾ ਮੇਰੀ ਫ਼ਿਤਰਤ ਹੈ'।

ਮੋਦੀ ਦਾ ਕਹਿਣਾ ਸੀ ਵਿਰੋਧੀ ਧਿਰ ਏਅਰ ਸਟਰਾਇਕ ਦੇ ਸਬੂਤ ਮੰਗ ਕੇ ਫੌਜ ਦਾ ਮਨੋਬਲ ਡੇਗ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਫੌਜ ਉੱਤੇ ਸਵਾਲ ਨਹੀਂ ਕੀਤਾ ਜਾਣਾ ਚਾਹੀਦਾ।

ਨਰਿੰਦਰ ਮੋਦੀ ਦਾ ਕਹਿਣਾ ਸੀ, 'ਜੋ ਦੇਸ ਵਾਸੀਆਂ ਦੇ ਦਿਲ ਦੀ ਅੱਗ ਹੈ ਉਹੀ ਮੇਰੇ ਦਿਲ ਵਿਚ ਹੈ'।

ਇਹ ਵੀ ਪੜ੍ਹੋ:

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿਚ ਏਅਰ ਸਟਰਾਇਕ ਕਰਕੇ ਜੈਸ਼-ਏ-ਮੁਹੰਮਦ ਦਾ ਵੱਡਾ ਕੈਂਪ ਤਬਾਹ ਕਰਨ ਦਾ ਦਾਅਵਾ ਕੀਤਾ ਸੀ।

ਇਸ ਹਮਲੇ ਵਿਚ ਮਾਰੇ ਗਏ ਅੱਤਵਾਦੀ ਦੀ ਗਿਣਤੀ ਨੂੰ ਲੈਕੇ ਕਈ ਦਾਅਵੇ ਕੀਤੇ ਗਏ ਸਨ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਹ ਅੰਕੜਾ 250 ਦੱਸਿਆ ਸੀ।

ਇਸੇ ਦੌਰਾਨ ਵਿਰੋਧੀ ਧਿਰ ਕਾਂਗਰਸ ਦੇ ਆਗੂ ਕਪਿਲ ਸਿੱਬਲ, ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਣੇ ਕਈ ਆਗੂਆਂ ਨੇ ਸਵਾਲ ਖੜੇ ਕੀਤੇ ਸਨ।

ਨਵਜੋਤ ਸਿੱਧੂ ਨੇ ਕੀ ਕਿਹਾ ਸੀ

ਕਾਂਗਰਸੀ ਆਗੂ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਕੀਤੇ ਗਏ ਏਅਰ ਸਟਰਾਈਕ ਦੇ ਦਾਅਵੇ 'ਤੇ ਸਵਾਲ ਖੜੇ ਕੀਤੇ ਹਨ। ਇਸ ਤੋਂ ਪਹਿਲਾਂ ਪੁਲਵਾਮਾ ਹਮਲੇ ਉੱਤੇ ਦਿੱਤੇ ਬਿਆਨ ਕਾਰਨ ਵੀ ਸਿੱਧੂ ਘਿਰ ਗਏ ਸਨ।

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਮੋਦੀ ਸਰਕਾਰ ਤੋਂ ਇਸ ਸਟਰਾਈਕ ਬਾਰੇ ਕਈ ਸਵਾਲ ਪੁੱਛੇ।

ਉਨ੍ਹਾਂ ਪੁੱਛਿਆ, ''300 ਦਹਿਸ਼ਤਗਰਦ ਮਰੇ, ਹਾਂ ਜਾਂ ਨਾ? ਤਾਂ ਫ਼ਿਰ ਕੀ ਮਕਸਦ ਸੀ? ਤੁਸੀਂ ਦਹਿਸ਼ਤਗਰਦਾਂ ਨੂੰ ਜੜ੍ਹ ਤੋਂ ਖ਼ਤਮ ਕਰ ਰਹੇ ਸੀ ਜਾਂ ਦਰਖ਼ਤਾਂ ਨੂੰ? ਕੀ ਇਹ ਚੋਣਾਂ ਨੂੰ ਦੇਖਦਿਆਂ ਡਰਾਮਾ ਸੀ?''

ਉਨ੍ਹਾਂ ਅੱਗੇ ਲਿਖਿਆ ਕਿ ਫ਼ੌਜ ਦਾ ਸਿਆਸੀਕਰਨ ਬੰਦ ਹੋਣਾ ਚਾਹੀਦਾ ਹੈ, ਜਿੰਨਾ ਦੇਸ਼ ਪਵਿੱਤਰ ਹੈ ਓਨੀ ਹੀ ਫ਼ੌਜ ਵੀ ਪਵਿੱਤਰ ਹੈ, ਉੱਚੀ ਦੁਕਾਨ ਫਿੱਕਾ ਪਕਵਾਨ।

ਇਸ ਟਵੀਟ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਵੇਰੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਸ਼ਿਵਰਾਤਰੀ ਦੀਆਂ ਸ਼ੁੱਭ ਇਛਾਵਾਂ ਦੇਣ ਦੇ ਨਾਲ ਨਾਲ ਉਨ੍ਹਾਂ ਕਿਹਾ ਸੀ 'ਅੱਜ ਮੈਂ ਚੁੱਪ ਰਹਾਂਗਾ।'

ਅਮਿਤ ਸ਼ਾਹ ਦਾ ਦਾਅਵਾ

ਐਤਵਾਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੀ ਇੱਕ ਰੈਲੀ ਦੌਰਾਨ ਦਾਅਵਾ ਕੀਤਾ ਸੀ ਕਿ ਏਅਰ ਸਟਰਾਈਕ ਵਿੱਚ "250 ਤੋਂ ਵੱਧ" ਅੱਤਵਾਦੀ ਮਾਰੇ ਗਏ ਸਨ।

ਹਾਕਮ ਧਿਰ ਦੇ ਉਹ ਪਹਿਲੇ ਆਗੂ ਹਨ ਜਿਨ੍ਹਾਂ ਨੇ ਇਸ ਹਮਲੇ ਵਿੱਚ ਅੱਤਵਾਦੀਆਂ ਦੀ ਮੌਤ ਦੇ ਅੰਕੜੇ 'ਤੇ ਬਿਆਨ ਦਿੱਤਾ ਹੈ।

ਅਹਿਮਦਾਬਾਦ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ, "ਉਰੀ ਤੋਂ ਬਾਅਦ ਸੇਡਾ ਸੁਰੱਖਿਆ ਮੁਲਾਜ਼ਮ ਪਾਕਿਸਤਾਨ ਗਏ ਅਤੇ ਸਰਜੀਕਲ ਸਟਰਾਈਕ ਕੀਤੀ। ਉਨ੍ਹਾਂ ਨੇ ਸਾਡੇ ਪੁਲਵਾਮਾ ਤੋਂ ਬਾਅਦ ਹਰ ਕੋਈ ਸੋਚ ਰਿਹਾ ਸੀ ਕਿ ਸਰਜੀਕਲ ਸਟਰਾਈਕ ਨਹੀਂ ਹੋਵੇਗੀ ਪਰ ਪੀਐਮ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ 13 ਦਿਨਾਂ ਬਾਅਦ ਏਅਰ ਸਟਰਾਈਕ ਕੀਤੀ ਅਤੇ 250 ਤੋਂ ਵੱਧ ਅੱਤਵਾਦੀ ਮਾਰ ਮੁਕਾਏ।"

ਥਲ ਸੈਨਾ ਮੁਖੀ ਨੇ ਵੀ ਦਿੱਤਾ ਸੀ ਜਵਾਬ

ਇਸ ਸਟਰਾਈਕ ਮਗਰੋਂ ਪਹਿਲੀ ਵਾਰ ਭਾਰਤੀ ਹਵਾਈ ਫੌਜ ਦੇ ਮੁਖੀ ਬੀਐਸ ਧਨੋਆ ਸਾਹਮਣੇ ਆਏ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ, "ਸਾਡਾ ਅਪਰੇਸ਼ਨ ਸਫ਼ਲ ਰਿਹਾ।"

ਧਨੋਆ ਨੇ ਅੱਗੇ ਕਿਹਾ, "ਯੋਜਨਾ ਮੁਤਾਬਕ ਅਸੀਂ ਟਾਰਗੇਟ 'ਤੇ ਹਮਲਾ ਕੀਤਾ। ਸਾਡਾ ਕੰਮ ਸਿਰਫ਼ ਟਾਰਗੇਟ 'ਤੇ ਹਮਲਾ ਕਰਨਾ ਹੈ। ਕਿੰਨੇ ਲੋਕ ਮਾਰੇ ਗਏ ਇਹ ਗਿਣਨਾ ਸਾਡਾ ਕੰਮ ਨਹੀਂ।"

ਉਨ੍ਹਾਂ ਲੜਾਕੂ ਜਹਾਜ਼ ਮਿਗ-21 ਬਾਰੇ ਵੀ ਕਿਹਾ ਕਿ ਇਹ ਜਹਾਜ਼ ਕਾਬਿਲ ਹੈ ਅਤੇ ਅਪਗ੍ਰੇਡਡ ਹੈ। ਪਾਕਿਸਤਾਨ ਦੀ ਗ੍ਰਿਫਤ ਵਿੱਚ ਆਏ ਭਾਰਤੀ ਪਾਇਲਟ ਅਭਿਨੰਦਨ ਇਹੀ ਜਹਾਜ਼ ਉਡਾ ਰਹੇ ਸਨ।

ਵਿੰਗ ਕਮਾਂਡਰ ਅਭਿਨੰਦਨ ਦੇ ਬਾਰੇ ਉਨ੍ਹਾਂ ਕਿਹਾ, "ਮੈਡੀਕਲ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਪਾਏਗਾ ਕਿ ਉਹ ਫਿਟ ਹਨ ਕਿ ਨਹੀਂ। ਜੇ ਅਭਿਨੰਦਨ ਫਿਟ ਪਾਏ ਜਾਂਦੇ ਹਨ ਤਾਂ ਉਹ ਡਿਊਟੀ 'ਤੇ ਮੁੜ ਤਾਇਨਾਤ ਹੋ ਪਾਉਣਗੇ। ਉਨ੍ਹਾਂ ਦੀ ਸਰਵਿਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ।"

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)