ਪੁਲਵਾਮਾ ਹਮਲੇ ਤੋਂ ਬਾਅਦ 'ਭਾਰਤ ਵੱਲੋਂ ਜਵਾਬੀ ਕਾਰਵਾਈ 'ਚ ਵਿਛਾਈਆਂ ਲਾਸ਼ਾਂ' ਦਾ ਸੱਚ ਕੀ ਹੈ

ਸੋਸ਼ਲ ਮੀਡੀਆ ਉੱਪਰ ਇੱਕ ਬੇਹੱਦ ਦਰਦਨਾਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਬਾਰੇ ਦਾਅਵਾ ਹੈ ਕਿ ਇਸ ਵਿੱਚ ਦਿਖ ਰਹੀਆਂ ਲਾਸ਼ਾਂ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਮਾਰੇ ਗਏ ਅੱਤਵਾਦੀਆਂ ਦੀਆਂ ਹਨ।

ਇਹ ਸੱਚ ਹੈ ਕਿ ਭਾਰਤੀ ਫੌਜ ਨੇ 14 ਫਰਵਰੀ ਨੂੰ ਭਾਰਤ-ਸ਼ਾਸਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਹਮਲੇ ਤੋਂ ਕੁਝ ਦਿਨਾਂ ਬਾਅਦ 10 ਅੱਤਵਾਦੀਆਂ ਨੂੰ ਹਲਾਕ ਕੀਤਾ ਸੀ। ਪੁਲਵਾਮਾ ਦੇ ਆਤਮਗਾਤੀ ਹਮਲੇ ਵਿੱਚ ਘੱਟੋ ਘੱਟ 40 ਸੀਆਰਪੀਐੱਫ ਜਵਾਨ ਮਾਰੇ ਗਏ ਸਨ।

ਸੱਜੇਪੱਖੀ ਵਿਚਾਰਧਾਰਾ ਰੱਖਦੇ ਲੋਕਾਂ ਦੇ ਕਈ ਫੇਸਬੁੱਕ ਗਰੁੱਪਾਂ ਵਿੱਚ ਇਹ ਤਸਵੀਰ ਖਾਸ ਤੌਰ 'ਤੇ ਸ਼ੇਅਰ ਹੋ ਰਹੀ ਹੈ।

ਅਸਲ ਵਿੱਚ ਇਸ ਤਸਵੀਰ ਦਾ ਭਾਰਤੀ ਫੌਜ ਦੀ ਕਿਸੇ ਕਾਰਵਾਈ ਨਾਲ ਕੋਈ ਲੈਣ-ਦੇਣਾ ਨਹੀਂ ਹੈ।

ਇਹੀ ਤਸਵੀਰ ਪਹਿਲਾਂ ਵੀ ਹੋਰ ਫਰਜ਼ੀ ਖਬਰਾਂ ਲਈ ਵਰਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ

ਤਸਵੀਰ ਦੀ ਅਸਲੀਅਤ

ਬੀਬੀਸੀ ਦੀ ਪੜਤਾਲ ਵਿੱਚ ਪੱਤਾ ਲੱਗਿਆ ਕਿ ਇਹ ਤਸਵੀਰ 19 ਦਸੰਬਰ 2014 ਦੀ ਹੈ ਅਤੇ ਇਸ ਨੂੰ ਏ.ਐੱਫ.ਪੀ ਖਬਰ ਏਜੰਸੀ ਦੇ ਫ਼ੋਟੋਗ੍ਰਾਫ਼ਰ ਬਾਸਿਤ ਸ਼ਾਹ ਨੇ ਖਿੱਚਿਆ ਸੀ।

ਇਸ ਵਿੱਚ ਦਿੱਖ ਰਹੀਆਂ ਲਾਸ਼ਾਂ ਅਸਲ ਵਿੱਚ ਪਾਕਿਸਤਾਨੀ ਫੌਜ ਵੱਲੋਂ ਆਪਣੇ ਦੇਸ ਦੇ ਉੱਤਰ-ਪੱਛਮੀ ਇਲਾਕੇ ਵਿੱਚ ਮਾਰੇ ਗਏ ਤਾਲਿਬਾਨ ਸੰਗਠਨ ਦੇ ਲੋਕਾਂ ਦੀਆਂ ਹਨ।

ਇਨ੍ਹਾਂ ਨੂੰ ਪੇਸ਼ਾਵਰ ਵਿੱਚ ਇੱਕ ਸਕੂਲ ਉੱਤੇ ਹੋਏ ਹਮਲੇ ਲਈ ਜ਼ਿੰਮੇਵਾਰ ਮੰਨਿਆ ਗਿਆ ਸੀ। ਸਕੂਲ ਉੱਤੇ ਹੋਏ ਅੱਤਵਾਦੀ ਹਮਲੇ ਵਿੱਚ 141 ਲੋਕ ਮਾਰੇ ਗਏ ਸਨ ਜਿਨ੍ਹਾਂ 'ਚੋਂ 132 ਬੱਚੇ ਸਨ।

ਇਹੀ ਤਸਵੀਰ 2016 ਵਿੱਚ ਵੀ ਸੋਸ਼ਲ ਮੀਡੀਆ ਉੱਪਰ ਆਈ ਸੀ ਜਦੋਂ ਇਹ ਕਿਹਾ ਗਿਆ ਸੀ ਕਿ ਇਹ ਭਾਰਤੀ ਫੌਜ ਵੱਲੋਂ ਪਾਕ-ਸ਼ਾਸਤ ਕਸ਼ਮੀਰ ਵਿੱਚ ਕੀਤੀ ਗਈ "ਸਰਜੀਕਲ ਸਟ੍ਰਾਈਕ" ਕਾਰਵਾਈ ਦਾ ਸਬੂਤ ਹੈ।

ਇੰਟਰਨੈੱਟ ਉੱਪਰ ਇੱਕ ਹੋਰ ਬਲਾਗ ਵਿਚ ਇਹੀ ਤਸਵੀਰ ਵਰਤ ਕੇ ਦਾਅਵਾ ਹੈ ਕਿ ਇਰਾਕ ਵਿੱਚ ਕੁਰਦ ਫੌਜਾਂ ਨੇ 6 ਘੰਟਿਆਂ ਵਿੱਚ 120 ਇਸਲਾਮਿਕ ਸਟੇਟ ਅੱਤਵਾਦੀ ਮਾਰੇ।

ਇਸ ਤੋਂ ਇਲਾਵਾ ਇਸ ਨੂੰ ਉਸ ਵੇਲੇ ਵੀ ਸੋਸ਼ਲ ਮੀਡੀਆ ਉੱਪਰ ਵਰਤਿਆ ਗਿਆ ਸੀ ਜਦੋਂ ਮਿਸਰ ਦੀ ਫੌਜ ਨੇ ਲੀਬੀਆ ਵਿੱਚ ਅੱਤਵਾਦੀਆਂ ਦੁਆਰਾ 21 ਨਾਗਰਿਕਾਂ ਦੇ ਕਤਲ ਤੋਂ ਬਾਅਦ ਹਵਾਈ ਕਾਰਵਾਈ ਕੀਤੀ ਸੀ।

ਇਹ ਵੀ ਪੜ੍ਹੋ

ਮਾਹੌਲ ਦਾ ਪਰਿਪੇਖ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ ਮਾਹੌਲ ਵਿਗੜ ਰਿਹਾ ਹੈ।

ਪਾਕਿਸਤਾਨ ਸਰਕਾਰ ਨੇ ਹਮਲੇ ਵਿੱਚ ਸ਼ਮੂਲੀਅਤ ਤੋਂ ਸਾਫ ਇਨਕਾਰ ਕੀਤਾ ਹੈ ਪਰ ਇਸ ਦੀ ਜ਼ਿੰਮੇਵਾਰੀ ਪਾਕਿਸਤਾਨ ਵਿੱਚ ਕਥਿਤ ਤੌਰ 'ਤੇ ਆਜ਼ਾਦ ਘੁੰਮ ਰਹੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)