‘ਕਸ਼ਮੀਰੀ ਵਿਦਿਆਰਥੀਆਂ ’ਤੇ ਹਮਲੇ ਨਹੀਂ ਹੋਏ’, ਜਾਣੋ ਕੇਂਦਰੀ ਮੰਤਰੀ ਦਾ ਬਿਆਨ ਕਿੰਨਾ ਸੱਚਾ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਕੇਂਦਰੀ ਸਿੱਖਿਆ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ਨਾਲ ਹੋਏ ਮਾੜੇ ਵਤੀਰੇ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।

ਹਾਲ ਹੀ ਵਿੱਚ ਦਿੱਲੀ 'ਚ ਹੋਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ, ''ਅਜਿਹਾ ਨਹੀਂ ਹੈ ਕਿ ਕਸ਼ਮੀਰ ਵਿਦਿਆਰਥੀਆਂ 'ਤੇ ਹਮਲੇ ਹੋ ਰਹੇ ਹਨ। ਮੈਂ ਇਹ ਸਾਫ਼ ਕਰ ਦਵਾਂ ਕਿ ਮੈਂ ਸਾਰੀਆਂ ਸੰਸਥਾਵਾਂ ਦੇ ਸੰਪਰਕ 'ਚ ਹਾਂ ਅਤੇ ਕਿਤੇ ਵੀ ਅਜਿਹੀਆਂ ਘਟਨਾਵਾਂ ਨਹੀਂ ਹੋਈਆਂ ਹਨ।''

ਕੇਂਦਰੀ ਮੰਤਰੀ ਦੇ ਇਸ ਬਿਆਨ 'ਤੇ ਕਸ਼ਮੀਰ ਦੇ ਸਥਾਨਕ ਲੋਕਾਂ ਨੇ ਨਾਰਾਜ਼ਗੀ ਜਤਾਈ ਹੈ ਤੇ ਸੋਸ਼ਲ ਮੀਡੀਆ 'ਤੇ ਇਸਦੀ ਚਰਚਾ ਹੋ ਰਹੀ ਹੈ।

ਜਾਵੜੇਕਰ ਨੇ ਅੱਗੇ ਕਿਹਾ, ''ਪੁਲਵਾਮਾ ਹਮਲੇ ਤੋਂ ਬਾਅਦ ਦੇਸ ਦੇ ਲੋਕਾਂ ਵਿੱਚ ਗੁੱਸਾ ਹੈ। ਜਿਸ ਤਰ੍ਹਾਂ ਹਮਲਾ ਹੋਇਆ, ਉਸ ਤੋਂ ਬਾਅਦ ਇੱਕ ਜ਼ਬਰਦਸਤ ਰਿਐਕਸ਼ਨ ਹੈ।''

ਇਹ ਵੀ ਪੜ੍ਹੋ:

14 ਫਰਵਰੀ ਨੂੰ ਭਾਰਤ ਪ੍ਰਸ਼ਾਸਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸੀਆਰਪੀਐਫ ਦੇ 45 ਤੋਂ ਵੱਧ ਫੌਜੀ ਮਾਰੇ ਗਏ ਸਨ।

ਇਸ ਘਟਨਾ ਤੋਂ ਬਾਅਦ ਦੇਸ ਭਰ ਵਿੱਚ ਗੁੱਸਾ ਵੇਖਿਆ ਗਿਆ। ਦੇਸ ਵਿੱਚ ਕਈ ਥਾਵਾਂ 'ਤੇ ਕੈਂਡਲ ਮਾਰਚ ਹੋਏ ਤਾਂ ਕਈ ਥਾਵਾਂ 'ਤੇ ਹਿੰਸਕ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਵੀ ਆਈਆਂ।

ਇਸ ਸਭ ਵਿਚਾਲੇ ਕਸ਼ਮੀਰੀ ਵਿਦਿਆਰਥੀਆਂ ਦੇ ਧਮਕਾਉਣ ਤੇ ਕਸ਼ਮੀਰੀਆਂ 'ਤੇ ਹਮਲੇ ਦੀਆਂ ਖਬਰਾਂ ਵੀ ਆਈਆਂ ਜੋ ਕੇਂਦਰੀ ਮੰਤਰੀ ਦੇ ਬਿਆਨ 'ਤੇ ਸਵਾਲ ਚੁੱਕਦੀਆਂ ਹਨ।

'ਰੋਸ ਵਿੱਚ ਭੀੜ ਦਾ ਦਬਾਅ'

ਕਸ਼ਮੀਰੀ ਵਿਦਿਆਰਥੀਆਂ ਨਾਲ ਮਾੜੇ ਵਤੀਰੇ ਵਿੱਚ ਸਭ ਤੋਂ ਵੱਧ ਚਰਚਿਤ ਖ਼ਬਰ ਦੇਹਰਾਦੂਨ ਤੋਂ ਆਈ। ਇੱਥੇ ਦੋ ਕਾਲਜਾਂ ਵਿੱਚ ਸਰਕੁਲਰ ਜਾਰੀ ਕੀਤੇ ਗਏ ਕਿ ਉਹ ਅਗਲੇ ਸੈਸ਼ਨ ਤੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਣਗੇ।

ਹੁਣ ਤੁਸੀਂ ਚਾਰ ਅਜਿਹੇ ਬਿਆਨ ਪੜ੍ਹੋ ਜਿਸ ਵਿੱਚ ਪਤਾ ਲਗਦਾ ਹੈ ਕਿ ਕੇਂਦਰੀ ਮੰਤਰੀ ਨੇ ਸੱਚ ਨਹੀਂ ਮੰਨਿਆ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਦੇਹਰਾਦੂਨ ਦੇ ਬਾਬਾ ਫਰੀਦ ਇੰਸਟੀਟਿਊਟ ਆਫ ਟੈਕਨਾਲਜੀ ਦੇ ਪ੍ਰਿੰਸੀਪਲ ਡਾਕਟਰ ਅਸਲਮ ਸਿੱਧਿਕੀ ਨੇ ਕਿਹਾ, ''ਗੁੱਸੇ ਵਿੱਚ ਆਈ ਭੀੜ ਦੇ ਦਬਾਅ ਵਿੱਚ ਆ ਕੇ ਸਾਨੂੰ ਉਹ ਸਰਕੁਲਰ ਜਾਰੀ ਕਰਨਾ ਪਿਆ ਜਿਸ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਅਗਲੇ ਸੈਸ਼ਨ ਵਿੱਚ ਦਾਖਿਲਾ ਨਾ ਦੇਣ ਦੀ ਗੱਲ ਕੀਤੀ ਗਈ ਹੈ।''

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:

ਦੇਹਰਾਦੂਨ ਦੇ ਹੀ ਅਲਪਾਈਨ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਾਲਜੀ ਨੇ ਵੀ ਇਸੇ ਤਰ੍ਹਾਂ ਦਾ ਨੋਟਿਸ ਜਾਰੀ ਕੀਤਾ ਸੀ।

ਅਲਪਾਈਨ ਕਾਲਜ ਦੇ ਡਾਇਰੈਕਟਰ ਐਸਕੇ ਚੌਹਾਨ ਨੇ ਬੀਬੀਸੀ ਨੂੰ ਦੱਸਿਆ ਸੀ, ''ਸਾਡੇ ਕਾਲਜ ਵਿੱਚ ਕਰੀਬ 250 ਵਿਦਿਆਰਥੀ ਹਨ। ਉਨ੍ਹਾਂ 'ਚੋਂ ਹੀ ਇੱਕ ਵਿਦਿਆਰਥੀ ਨੇ ਪੁਲਵਾਮਾ ਹਾਦਸੇ 'ਤੇ ਇੱਕ ਅਸੰਵੇਦਨਸ਼ੀਲ ਟਵੀਟ ਕੀਤਾ ਸੀ।''

''ਇਸ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਵਿੱਚ ਸਿਆਸਤ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਕਾਲਜ ਪਹੁੰਚ ਗਏ। ਉਨ੍ਹਾਂ ਨੇ ਜ਼ਿੱਦ ਫੜ ਲਈ ਕਿ ਉਸ ਵਿਦਿਆਰਥੀ ਨੂੰ ਬਰਖ਼ਾਸਤ ਕੀਤਾ ਜਾਏ।''

''ਉਸ ਤੋਂ ਬਾਅਦ ਉਨ੍ਹਾਂ ਨੇ ਲਿਖਤ ਵਿੱਚ ਦੇਣ ਲਈ ਕਿਹਾ ਕਿ ਕਸ਼ਮੀਰੀ ਵਿਦਿਆਰਥੀ ਨੂੰ ਦਾਖਲ ਨਹੀਂ ਕੀਤਾ ਜਾਵੇਗਾ।''

ਦੇਹਰਾਦੂਨ ਦੀ ਐੱਸਐੱਸਪੀ ਨਿਵੇਦਿਤਾ ਕੁਕਰੇਤੀ ਨੇ ਬੀਬੀਸੀ ਨੂੰ ਦੱਸਿਆ, ''ਅਸੀਂ 22 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਸ਼ਮੀਰੀ ਵਿਦਿਆਰਥੀਆਂ ਖਿਲਾਫ ਹੰਗਾਮਾ ਕਰ ਰਹੇ ਸਨ ਅਤੇ ਕਾਲਜਾਂ ’ਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣ ਦਾ ਦਬਾਅ ਬਣਾ ਰਹੇ ਸਨ।''

ਰਿਪੋਰਟਸ ਵਿੱਚ ਕੀ ਹੈ?

ਦੇਹਰਾਦੂਨ ਵਾਂਗ ਹੀ ਹਰਿਆਣਾ ਦੇ ਅੰਬਾਲਾ ਤੋਂ ਵੀ ਖਬਰਾਂ ਆਈਆਂ ਸਨ ਅਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਮਕਾਨ ਮਾਲਿਕ ਕਸ਼ਮੀਰੀ ਵਿਦਿਆਰਥੀਆਂ ਤੋਂ ਘਰ ਖਾਲੀ ਕਰਨ ਨੂੰ ਕਹਿ ਰਹੇ ਸਨ।

ਪੁਲਵਾਮਾ ਹਮਲੇ ਤੋਂ ਬਾਅਦ ਖਾਸ ਤੌਰ 'ਤੇ ਉੱਤਰਾਖੰਡ ਤੇ ਹਰਿਆਣਾ ਵਿੱਚ ਕਸ਼ਮੀਰੀ ਵਿਦਿਆਰਥੀਆਂ ਲਈ ਹਾਲਾਤ ਮੁਸ਼ਕਿਲ ਹੋ ਗਏ ਸਨ, ਇਸ 'ਤੇ ਬੀਬੀਸੀ ਨੇ 19 ਫਰਵਰੀ ਨੂੰ ਇੱਕ ਰਿਪੋਰਟ ਕੀਤੀ ਸੀ। ਇਸ ਰਿਪੋਰਟ ਵਿੱਚ ਕਸ਼ੀਰੀ ਵਿਦਿਆਰਥੀਆਂ ਦੀ ਹੱਡਬੀਤੀ ਸੁਣੀ ਜਾ ਸਕਦੀ ਹੈ।

ਇਹ ਵੀ ਪੜ੍ਹੋ:

ਕਸ਼ਮੀਰ ਕਰੀਅਰ ਕਾਉਂਸਲਿੰਗ ਅਸੋਸੀਏਸ਼ਨ ਨੇ ਕੇਂਦਰ ਸਰਕਾਰ ਤੋਂ ਗੁਜ਼ਾਰਿਸ਼ ਕੀਤੀ ਹੈ ਕਿ ਉਹ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਦੇਣ।

ਕਸ਼ਮੀਰ ਦੇ ਸਥਾਨਕ ਮੀਡੀਆ ਵਿੱਚ ਛਪੀਆਂ ਰਿਪੋਰਟਸ ਮੁਤਾਬਕ ਕਸ਼ਮੀਰ ਦੀ ਕੋਚਿੰਗ ਸੇਂਟਰ ਅਸੋਸੀਏਸ਼ਨ ਨੇ ਵੀ ਫੈਸਲਾ ਕੀਤਾ ਹੈ ਕਿ ਉਹ ਕਥਿਤ ਤੌਰ 'ਤੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਸਿੱਖਿਆ ਸੰਸਥਾਵਾਂ ਤੋਂ ਕੱਢ ਦਿੱਤੇ ਗਏ ਵਿਦਿਆਰਥੀਆਂ ਨੂੰ ਮੁਫਤ ਵਿੱਚ ਅਡਮੀਸ਼ਨ ਆਫਰ ਕਰਨਗੇ।

ਜੰਮੂ - ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀ ਟਵੀਟ ਕਰ ਕੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ 'ਤੇ ਚਿੰਤਾ ਜ਼ਾਹਿਰ ਕੀਤੀ ਸੀ।

ਕਸ਼ਮੀਰੀ ਵਿਦਿਆਰਥੀਆਂ ਤੋਂ ਇਲਾਵਾ ਕਸ਼ਮੀਰੀ ਮੂਲ ਦੇ ਵਪਾਰੀਆਂ ਨਾਲ ਪੱਛਮ ਬੰਗਾਲ, ਦਿੱਲੀ, ਹਰਿਆਣਾ ਤੇ ਬਿਹਾਰ ਵਿੱਚ ਹੋਈ ਮਾੜੇ ਵਤੀਰੇ ਦੀਆਂ ਘਟਨਾਵਾਂ ਨੂੰ ਵੀ ਮੀਡੀਆ ਨੇ ਕਵਰ ਕੀਤਾ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)