ਅਯੋਧਿਆ ਵਿੱਚ 21 ਫਰਵਰੀ ਤੋਂ ਸ਼ੁਰੂ ਹੋਵੇਗੀ ਮੰਦਿਰ ਦੀ ਉਸਾਰੀ, ਧਰਮ ਸੰਸਦ ਦਾ ਐਲਾਨ

ਪ੍ਰਯਾਗਰਾਜ ਦੇ ਕੁੰਭ ਖੇਤਰ ਵਿੱਚ ਤਿੰਨ ਰੋਜ਼ਾ ਪਰਮ ਧਰਮ ਸੰਸਦ ਵਿੱਚ ਸੰਤਾਂ ਨੇ ਐਲਾਨ ਕੀਤਾ ਹੈ ਕਿ ਅਯੁੱਧਿਆ ਵਿਚ ਰਾਮ ਮੰਦਿਰ ਦੀ ਉਸਾਰੀ 21 ਫਰਵਰੀ ਨੂੰ ਸ਼ੁਰੂ ਹੋ ਜਾਵੇਗੀ।

ਸਾਧੂ-ਸੰਤ 10 ਫਰਵਰੀ ਨੂੰ ਬਸੰਤ ਪੰਚਮੀ ਦੇ ਬਾਅਦ ਅਯੁੱਧਿਆ ਕੂਚ ਕਰਨਾ ਸ਼ੁਰੂ ਕਰ ਦੇਣਗੇ ਅਤੇ 21 ਫਰਵਰੀ ਨੂੰ ਮੰਦਰ ਦੇ ਨੀਂਹ ਪੱਥਰ ਲਈ ਭੂਮੀ ਪੂਜਾ ਕੀਤੀ ਜਾਵੇਗੀ। ਹਾਲਾਂਕਿ ਇਹ ਕਿਸ ਥਾਂ 'ਤੇ ਹੋਵੇਗਾ ਇਸ ਬਾਰੇ ਕੋਈ ਸਪਸ਼ਟ ਬਿਆਨ ਨਹੀਂ ਆਇਆ ਹੈ।

ਤਿੰਨ ਦਿਨਾਂ ਤੱਕ ਚੱਲੀ ਪਰਮ ਧਰਮ ਸੰਸਦ ਦੇ ਆਖਿਰੀ ਦਿਨ ਸ਼ੰਕਰਾਚਾਰਿਆ ਸਵਰੂਪਾਨੰਦ ਸਰਸਵਤੀ ਨੇ ਇਹ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਲਈ ਸਾਰੇ ਅਖਾੜਿਆਂ ਦੇ ਸੰਤਾਂ ਨਾਲ ਵੀ ਗੱਲਬਾਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:

ਪਰਮ ਧਰਮ ਸੰਸਦ ਦਾ ਪ੍ਰਬੰਧ ਕੁੰਭ ਮੇਲਾ ਖੇਤਰ ਦੇ ਸੈਕਟਰ 9 ਸਥਿਤ ਗੰਗਾ ਸੇਵਾ ਅਭਿਆਨ ਦੇ ਕੈਂਪ ਵਿੱਚ ਹੋਇਆ ਸੀ। ਤਿੰਨ ਦਿਨਾਂ ਦੌਰਾਨ ਧਰਮ ਸੰਸਦ ਵਿੱਚ ਕਈ ਹੋਰ ਮਤੇ ਵੀ ਪਾਸ ਕੀਤੇ ਗਏ।

ਸਿਰਸਾ ਦੀ ਭਾਜਪਾ ਨੂੰ 'ਚੇਤਾਵਨੀ'

ਦਿ ਟ੍ਰਿਬਿਊਨ ਮੁਤਾਬਕ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਭਾਈਵਾਲ ਪਾਰਟੀ ਭਾਜਪਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਗੁਰਦੁਆਰਾ ਮੈਨੇਜਮੈਂਟ ਵਿੱਚ ਆਪਣੇ ਲੋਕਾਂ ਨੂੰ ਲਾ ਕੇ ਗੁਰਦੁਆਰਿਆਂ ਦੇ ਮਾਮਲਿਆਂ ਵਿੱਚ ਦਖਲ ਨਾ ਦੇਣ।

ਕਈ ਟਵੀਟ ਕਰਦਿਆਂ ਸਿਰਸਾ ਨੇ ਕਿਹਾ, "ਅਸੀਂ ਗਠਜੋੜ ਕੁਰਬਾਨ ਕਰ ਸਕਦੇ ਹਾਂ ਪਰ ਸਿੱਖ ਭਾਈਚਾਰੇ ਦੇ ਧਾਰਮਿਕ ਮਾਲਿਆਂ ਵਿੱਚ ਦਖਲ ਬਰਦਾਸ਼ਤ ਨਹੀਂ ਕਰ ਸਕਦੇ।"

ਉਹ ਮਹਾਰਸ਼ਟਰ ਸਰਕਾਰ ਨੰਦੇੜ ਵੱਲੋਂ ਬੋਡਰ ਐਕਟ 1956 ਦੇ ਸੈਕਸ਼ਨ 11 ਵਿੱਚ ਸੋਧ ਕਰਨ ਸਬੰਧੀ ਟਿੱਪਣੀ ਕਰ ਰਹੇ ਸਨ। ਇਸ ਦੇ ਤਹਿਤ ਮਹਾਰਾਸ਼ਟਰ ਸਰਕਾਰ ਤਖਤ ਹਜ਼ੂਰ ਸਾਹਿਬ ਬੋਰਡ ਵਿੱਚ ਚੇਅਰਮੈਨ ਦੀ ਸਿੱਧੀ ਨਿਯੁਕਤੀ ਕਰ ਸਕਦੀ ਹੈ।

ਇਸ ਸਬੰਧੀ ਬੀਬੀਸੀ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਬੋਰਡ ਦੇ ਆਰਜ਼ੀ ਪ੍ਰਧਾਨ ਤਾਰਾ ਸਿੰਘ ਨੇ ਕਿਹਾ ਕਿ ਸਿੱਖ ਮਾਮਲਿਆਂ ਵਿੱਚ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੀ ਮਿਆਦ ਪੂਰੀ ਹੋਣ 'ਤੇ ਸਰਕਾਰ ਨੇ ਉਨ੍ਹਾਂ ਨੂੰ ਕੇਅਰ ਟੇਕਰ ਪ੍ਰਧਾਨ ਥਾਪਿਆ ਹੈ ਅਤੇ ਚੋਣਾਂ ਤੋਂ ਬਾਅਦ ਉਹ ਨਵੇਂ ਪ੍ਰਧਾਨ ਨੂੰ ਚਾਰਜ ਸੌਂਪ ਦੇਣਗੇ।

ਗੁਰਦੁਆਰਾ ਬੋਰਡ ਦੇ ਮੈਂਬਰ ਗੁਰਿੰਦਰ ਸਿੰਘ ਬਾਵਾ ਨੇ ਬੀਬੀਸੀ ਨੂੰ ਦੱਸਿਆ ਕਿ ਸੂਬੇ ਦੀ ਕੈਬਨਿਟ ਨੇ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪਰ ਇਹ ਅਜੇ ਵਿਧਾਨ ਸਭਾ ਵਿੱਚ ਪਾਸ ਕਰਨਾ ਬਾਕੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਾਡੀ ਲੀਡਰਸ਼ਿਪ ਸਬੰਧਤ ਸਰਕਾਰ ਨਾਲ ਆਪਣੀ ਮਜ਼ਬੂਤ ਨਾਰਾਜ਼ਗੀ ਦਰਜ ਕਰ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਅੱਜ ਭਾਜਪਾ ਸੱਤਾ 'ਚ ਹੈ, ਕੱਲ੍ਹ ਨੂੰ ਕੋਈ ਹੋਰ ਪਾਰਟੀ ਹੋ ਸਕਦੀ ਹੈ ਤਾਂ ਕਿ ਅਸੀਂ ਉਨ੍ਹਾਂ ਨੂੰ ਸਾਡੇ ਮਾਮਲਿਆਂ ਵਿਚ ਦਖਲ ਦੇਣ ਦੀ ਇਜਾਜ਼ਤ ਦੇਵਾਂਗੇ।

ਆਈਸੀਆਈ ਬੈਂਕ ਨੇ ਮੰਨਿਆ ਚੰਦਾ ਕੋਚਰ ਦੋਸ਼ੀ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਆਈਸੀਆਈਸੀਆਈ ਬੈਂਕ ਦੇ ਬੋਰਡ ਨੇ ਮੰਨ ਲਿਆ ਹੈ ਕਿ ਬੈਂਕ ਦੀ ਐਮ ਡੀ ਅਤੇ ਸੀਈਓ ਚੰਦਾ ਕੋਚਰ ਦੋਸ਼ੀ ਹੈ। ਇਸ ਦੇ ਨਾਲ ਹੀ ਚੰਦਾ ਕੋਚਰ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਸਾਲ 2009 ਵਿੱਚ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਬੋਨਸ ਵੀ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ 10 ਮਹੀਨੇ ਪਹਿਲਾਂ ਚੰਦਾ ਕੋਚਰ ਨੂੰ ਆਈਸੀਆਈਸੀਆਈ ਬੈਂਕ ਨੇ ਕਲੀਨ ਚਿੱਟ ਦਿੱਤੀ ਸੀ।

ਇਸ ਮਾਮਲੇ ਦੀ ਜਾਂਚ ਸੁਪਰੀਮ ਕੋਟਰ ਦੇ ਰਿਟਾਇਰਡ ਜੱਜ ਬੀਐਨ ਸ੍ਰੀਕ੍ਰਿਸ਼ਨਾ ਨੇ ਕੀਤੀ।

ਜੀਂਦ ਜ਼ਿਮਨੀ ਚੋਣ ਦੇ ਨਤੀਜੇ ਅੱਜ

ਜੀਂਦ ਜ਼ਿਮਨੀ ਚੋਣ ਦੇ ਨਤੀਜੇ ਅੱਜ ਆਉਣਗੇ। ਜੀਂਦ ਜ਼ਿਮਨੀ ਚੋਣ ਲਈ ਵੋਟਿੰਗ ਸੋਮਵਾਰ ਨੂੰ ਹੋਈ ਸੀ ਅਤੇ 75 ਫੀਸਦੀ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਹੈ। ਜੀਂਦ ਦੇ ਚੋਣ ਇਤਿਹਾਸ ਵਿੱਚ ਚੌਥੀ ਵਾਰੀ 75 ਫੀਸਦ ਤੋਂ ਵੱਧ ਵੋਟਿੰਗ ਹੋਈ ਹੈ।

ਦੋ ਵਾਰ ਇਨੈਲੋ ਦੇ ਵਿਧਾਇਕ ਰਹਿ ਚੁੱਕੇ ਹਰੀ ਚੰਦ ਮਿੱਡਾ ਦੇ ਦੇਹਾਂਤ ਤੋਂ ਬਾਅਦ ਜੀਂਦ ਵਿੱਚ ਜ਼ਿਮਨੀ ਚੋਣ ਕਰਵਾਈ ਗਈ। ਹਰੀ ਚੰਦ ਮਿੱਡਾ ਦੀ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਮੌਤ ਹੋਈ ਸੀ।

ਇਸ ਜ਼ਿਮਨੀ ਚੋਣ ਲਈ ਚਾਰ ਮੁੱਖ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਕਾਂਗਰਸ ਵੱਲੋਂ ਰਣਦੀਪ ਸਿੰਘ ਸੁਰਜੇਵਾਲਾ, ਭਾਜਪਾ ਵੱਲੋਂ ਕ੍ਰਿਸ਼ਣ ਮਿੱਡਾ, ਇਨੈਲੋ ਦੇ ਉਮੇਦ ਸਿੰਘ ਅਤੇ ਜੇਜੇਪੀ ਨੇ ਦਿਗਵਿਜੇ ਚੌਟਾਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਟਰੰਪ ਨੇ ਆਪਣੇ ਹੀ ਖੂਫੀਆ ਮੁਖੀਆਂ 'ਤੇ ਸਾਧਿਆ ਨਿਸ਼ਾਨਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਦੇਸ ਦੀਆਂ ਖੂਫੀਆ ਏਜੰਸੀਆਂ ਨੂੰ ਈਰਾਨ ਦੇ ਮਾਮਲੇ ਵਿਚ ਘੱਟ ਅਨੁਭਵੀ ਕਿਹਾ ਅਤੇ ਉੱਤਰੀ ਕੋਰੀਆ ਸਬੰਦੀ ਕੀਤੇ ਗਏ ਮੁਲਾਂਕਣ ਨੂੰ ਖਾਰਜ ਕਰ ਦਿੱਤਾ ਹੈ।

ਟਰੰਪ ਨੇ ਟਵੀਟ ਕੀਤਾ, "ਇਰਾਨ ਤੋਂ ਖ਼ਬਰਦਾਰ ਰਹੋ, ਖੂਫੀਆ ਅਫਸਰਾਂ ਨੂੰ ਦੁਬਾਰਾ ਸਕੂਲ ਜਾਣਾ ਚਾਹੀਦਾ ਹੈ।"

ਅਮਰੀਕੀ ਖੂਫੀਆ ਏਜੰਸੀਆਂ ਨੇ ਵਿਸ਼ਵ ਪੱਧਰ 'ਤੇ ਸੁਰੱਖਿਆ ਖਤਰਿਆਂ ਦੇ ਮੁਲਾਂਕਣ 'ਚ ਕਿਹਾ ਸੀ ਕਿ ਇਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ। ਟਰੰਪ ਨੇ ਉਸ ਤੋਂ ਖਿਝ ਕੇ ਹੀ ਇਹ ਪ੍ਰਤੀਕਰਮ ਦਿੱਤਾ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)