ਫੇਸਬੁੱਕ ਉੱਤੇ ਪਾਈ ਫੋਟੋ ਨੇ ਲਈ ਮੋਗੇ ਦੇ ਮੁੰਡੇ ਦੀ ਜਾਨ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਮੋਗਾ ਵਿੱਚ ਇੱਕ ਨੌਜਵਾਨ ਦੀ ਖੁਦਕੁਸ਼ੀ ਪਿੱਛੇ ਫੇਸਬੁੱਕ 'ਤੇ ਫੋਟੋ ਪਾਏ ਜਾਣ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ।

ਮੋਗਾ ਦੇ ਪਿੰਡ ਕੋਕਰੀ ਕਲਾਂ ਦੇ ਨਿਵਾਸੀ, 19 ਸਾਲਾ ਅਮਨਦੀਪ ਪੁਰੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਇਹ ਕਿਹਾ ਹੈ।

ਪੁਲਿਸ ਰਿਪੋਰਟ ਅਨੁਸਾਰ ਮਾਂ ਨੇ ਦੱਸਿਆ, ''ਅਮਨਦੀਪ ਇੱਕ ਧਾਰਮਿਕ ਸਮਾਗਮ ਵਿੱਚ ਗਿਆ ਸੀ। ਪਿੰਡ ਦੇ ਹੀ ਇੱਕ ਵਿਅਕਤੀ ਨੇ ਅਮਨਦੀਪ ਦੀ ਸਮਾਗਮ ਵਿੱਚ 'ਗਲਤ ਅਕਸ ਵਾਲੇ' ਵਿਅਕਤੀ ਨਾਲ ਖਿੱਚੀ ਫੋਟੋ ਕੁਝ ਇਤਰਾਜ਼ਯੋਗ ਗੱਲਾਂ ਲਿਖ ਕੇ ਫੇਸਬੁੱਕ 'ਤੇ ਪਾ ਦਿੱਤੀ ਸੀ।''

"ਫੋਟੋ ਪਾਉਣ ਮਗਰੋਂ ਅਮਨਦੀਪ ਬਾਰੇ ਲੋਕਾਂ ਨੇ ਗ਼ਲਤ ਕਮੈਂਟ ਵੀ ਕੀਤੇ।''

ਇਹ ਵੀ ਪੜ੍ਹੋ:

ਅਮਨਦੀਪ ਦੀ ਮਾਂ ਅਨੁਸਾਰ ਪੇਸ਼ੇ ਵਜੋਂ ਦਰਜੀ ਅਮਨਦੀਪ ਪੁਰੀ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਖੁਦਕੁਸ਼ੀ ਕਰ ਲਈ।

ਥਾਣਾ ਅਜੀਤਵਾਲਾ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਪਿੰਡ ਕੋਕਰੀ ਕਲਾਂ ਦੇ ਵਸਨੀਕ ਸੰਦੀਪ ਕੁਮਾਰ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।

ਸੰਦੀਪ ਕੁਮਾਰ 'ਤੇ ਇਲਜ਼ਾਮ ਹਨ ਕਿ ਉਸ ਨੇ ਅਮਨਦੀਪ ਦੀ ਫੋਟੋ ਫੇਸਬੁੱਕ 'ਤੇ ਪਾਈ ਸੀ।

ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਨੇ ਅਮਨਦੀਪ ਪੁਰੀ ਅਤੇ ਸੰਦੀਪ ਕੁਮਾਰ ਦੇ ਫੇਸਬੁੱਕ ਖ਼ਾਤਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਫ਼ੇਸਬੁੱਕ ਅਕਾਊਂਟ ਨਹੀਂ ਮਿਲੇ।

ਸੁਲੱਖਣ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਫੇਸਬੁੱਕ 'ਤੇ ਪਾਈ ਗਈ ਪੋਸਟ ਅਤੇ ਟਿੱਪਣੀਆਂ ਨੂੰ ਇਕੱਠਾ ਕਰਨਾ ਅਜੇ ਬਾਕੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ