ਸੱਜਣ ਕੁਮਾਰ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਦੀ ਬਦਲੀ ਫ਼ਿਲਹਾਲ ਰੁਕੀ - 5 ਅਹਿਮ ਖ਼ਬਰਾਂ

ਜੱਜ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ 'ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

1984 ਸਿੱਖ ਕਤਲੇਆਮ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਣ ਵਾਲੇ ਜਸਟਿਸ ਮੁਰਲੀਧਰ ਨੂੰ ਦਿੱਲੀ ਹਾਈ ਕੋਰਟ ਵਿੱਚੋਂ ਹਟਾਉਣ ਦੀਆਂ ਕੋਸ਼ਿਸ਼ਾਂ 'ਤੇ ਫਿਲਹਾਲ ਸੁਪਰੀਮ ਕੋਰਟ ਦੇ ਜੱਜਾਂ ਨੇ ਰੋਕ ਲਗਾ ਦਿੱਤੀ ਹੈ।

ਦਿ ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਅਨੁਸਾਰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਿੱਚ ਕੋਲੀਜ਼ੀਅ ਨੇ ਫੈਸਲੇ ਬਾਰੇ ਅਸਹਿਮਤੀ ਜਤਾਈ ਹੈ।

ਜਸਟਿਸ ਮੁਰਲੀਧਰ ਫ਼ਿਰਕੂ ਹਿੰਸਾ, ਨਿੱਜੀ ਆਜ਼ਾਦੀ ਅਤੇ ਹੋਰ ਕਈ ਅਹਿਮ ਮਾਮਲਿਆਂ ਬਾਰੇ ਫੈਸਲੇ ਸੁਣਾ ਚੁੱਕੇ ਹਨ ਜਿਨ੍ਹਾਂ ਬਾਰੇ ਕਾਫੀ ਚਰਚਾ ਹੋਈ ਸੀ।

1986 ਦੇ ਹਾਸ਼ਿਮਪੁਰਾ ਕਤਲਕਾਂਡ ਵਿੱਚ ਵੀ ਜਸਟਿਸ ਮੁਰਲੀਧਰ ਨੇ ਹੀ ਫੈਸਲਾ ਸੁਣਾਇਆ ਸੀ।

ਇਹ ਵੀ ਪੜ੍ਹੋ:

ਪੰਜਾਬੀ ਤੇ ਹੋਰ ਪਰਵਾਸੀਆਂ ਨੂੰ ਕੈਨੇਡਾ 'ਚ ਮਾਪਿਆਂ ਤੇ ਵੱਡੇ ਬਜ਼ੁਰਗਾਂ ਨੂੰ ਸੱਦਣ ਦੀ ਸਹੂਲਤ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੈਨੇਡਾ ਵਿੱਚ ਪੱਕੇ ਤੌਰ 'ਤੇ ਰਹਿੰਦੇ ਹਜ਼ਾਰਾਂ ਪੰਜਾਬੀਆਂ ਨੂੰ ਹੁਣ ਆਪਣੇ ਮਾਪਿਆਂ ਅਤੇ ਵੱਡੇ ਬਜ਼ੁਰਗਾਂ ਨੂੰ ਮਿਲਣ ਦੀ ਸਹੂਲਤ ਮਿਲੇਗੀ।

ਕੈਨੇਡਾ ਸਰਕਾਰ ਵੱਲੋਂ ਲੌਂਚ ਕੀਤੇ ਗਏ ਪੀਜੀਪੀ-2019 ਪ੍ਰੋਗਰਾਮ ਯਾਨਿ ਕੈਨੇਡੀਅਨ ਪੈਰੰਟਸ ਐਂਡ ਗ੍ਰੈਂਡ ਪੇਰੰਟਸ ਤਹਿਤ ਮਾਪੇ ਅਤੇ ਵੱਡੇ ਬਜ਼ੁਰਗ ਆਪਣੇ ਬੱਚਿਆਂ ਨੂੰ ਕੈਨੇਡਾ ਵਿੱਚ ਮਿਲ ਸਕਣਗੇ।

ਖ਼ਬਰ ਮੁਤਾਬਕ ਪੀਜੀਪੀ ਪ੍ਰੋਗਰਾਮ ਤਹਿਤ ਕੈਨੇਡਾ ਵਾਸੀ ਅਤੇ ਉੱਥੋਂ ਦੇ ਪੀਆਰ ਵਾਲੇ ਲੋਕਾਂ ਕੋਲ ਇਹ ਮੌਕਾ ਹੋਵੇਗਾ ਕਿ ਉਹ ਆਪਣੇ ਮਾਪਿਆਂ ਤੇ ਵੱਡੇ ਬਜ਼ੁਰਗਾਂ ਨੂੰ ਫ਼ੈਮਿਲੀ ਰੀਯੂਨਿਫ਼ੇਕਸ਼ਨ ਸਕੀਮ ਤਹਿਤ ਕੈਨੇਡਾ ਰਹਿਣ ਲਈ ਬੁਲਾ ਸਕਣਗੇ।

ਮਨੀਸ਼ ਤਿਵਾਰੀ ਨੇ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਭਰੀ ਅਰਜ਼ੀ

ਦਿ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਚੰਡੀਗੜ੍ਹ ਲੋਕ ਸਭਾ ਸੀਟ ਲਈ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾਰੀ ਨੇ ਅਰਜ਼ੀ ਭਰ ਦਿੱਤੀ ਹੈ।

ਕੁਝ ਦਿਨਾਂ ਪਹਿਲਾਂ ਹੀ ਨਵਜੋਤ ਕੌਰ ਸਿੱਧੂ ਨੇ ਵੀ ਚੰਡੀਗੜ੍ਹ ਲੋਕ ਸਭਾ ਸੀਟ ਲਈ ਅਰਜ਼ੀ ਦਿੱਤੀ ਸੀ। ਇਸ ਉੱਤੇ ਆਪਣੀ ਪ੍ਰਤਿਕਿਰਿਆ ਦਿੰਦਿਆਂ ਮਨੀਸ਼ ਤਿਵਾਰੀ ਨੇ ਕਿਹਾ ਕਿ ਪਾਰਟੀ ਦੇ ਹਰ ਵਰਕਰ ਨੂੰ ਟਿਕਟ ਲਈ ਅਰਜ਼ੀ ਦੇਣ ਦਾ ਹੱਕ ਹੈ, ਪਰ ਪਾਰਟੀ ਦੀ ਲੀਡਰਸ਼ਿੱਪ ਨੇ ਹੀ ਅੰਤਿਮ ਫ਼ੈਸਲਾ ਲੈਣਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਾਬਕਾ ਕੇਂਦਰੀ ਮੰਤਰੀ ਪਵਨ ਬੰਸਲ ਵੀ ਇਸ ਸੀਟ ਲਈ ਦਾਅਵੇਦਾਰ ਹਨ ਤੇ ਉਹ ਛੇਤੀ ਹੀ ਅਰਜ਼ੀ ਭਰਨਗੇ।

ਉਧਰ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੇ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਟਿਕਟ ਦੀ ਮੰਗ ਨਹੀਂ ਕੀਤੀ, ਸਿਰਫ਼ ਅਰਜ਼ੀ ਹੀ ਪਾਈ ਹੈ।

ਇਹ ਵੀ ਜ਼ਰੂਰ ਪੜ੍ਹੋ:

'ਜੇ ਸੁਪਨੇ ਪੂਰੇ ਨਾ ਹੋਣ ਤਾਂ ਜਨਤਾ ਆਗੂਆਂ ਦਾ ਕੁਟਾਪਾ ਵੀ ਚਾੜ੍ਹਦੀ ਹੈ' - ਨਿਤਿਨ ਗਡਕਰੀ

ਦਿ ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਅਨੁਸਾਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ, ''ਸੁਪਨੇ ਦਿਖਾਉਣ ਵਾਲੇ ਆਗੂਆਂ ਨੂੰ ਲੋਕ ਪਸੰਦ ਕਰਦੇ ਹਨ ਪਰ ਜੇ ਸੁਪਨੇ ਪੂਰੇ ਨਾ ਹੋਣ ਤਾਂ ਜਨਤਾ ਉਨ੍ਹਾਂ ਦਾ ਕੁਟਾਪਾ ਵੀ ਚਾੜ੍ਹਦੀ ਹੈ।''

ਉਨ੍ਹਾਂ ਅੱਗੇ ਕਿਹਾ, ''ਇਸ ਲਈ ਸੁਪਨੇ ਉਹੀ ਦਿਖਾਉਣੇ ਚਾਹੀਦੇ ਹਨ ਜੋ ਪੂਰੇ ਕੀਤੇ ਜਾ ਸਕਣ। ਨੀਤਿਨ ਗਡਕਰੀ ਨੇ ਮੁੰਬਈ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ।''

ਵੇਨੇਜ਼ੁਏਲਾ ਸੰਕਟ: ਅਮਰੀਕਾ ਨੇ ਦਿੱਤੀ ਕਾਰਵਾਈ ਦੀ ਧਮਕੀ

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਵੇਨੇਜ਼ੁਏਲਾ ਨੂੰ ਚੇਤਾਵਨੀ ਦਿੱਤੀ ਹੈ ਜੇ ਅਮਰੀਕੀ ਡਿਪਲੌਮੈਟਸ ਅਤੇ ਵਿਰੋਧੀ ਧਿਰ ਆਗੂ ਖ਼ੁਆਨ ਗੋਇਦੋ ਨੂੰ ਜੇ ਖ਼ਰੋਚ ਵੀ ਆਈ ਤਾਂ ਇਸਦਾ ਕਰਾਰਾ ਜਵਾਬ ਦਿੱਤਾ ਜਾਵੇਗਾ।

ਐਤਵਾਰ ਨੂੰ ਟਵੀਟ ਕਰਕੇ ਬੋਲਟਨ ਨੇ ਕਿਹਾ ਕਿ ਇਸ ਤਰ੍ਹਾਂ ਡਰਾਉਣ ਦੀਆਂ ਕੋਸ਼ਿਸ਼ਾਂ ਕਰਨ ਨਾਲ ਕਾਨੂੰਨ ਵਿਵਸਥਾ ਕਮਜ਼ੋਰ ਹੋਵੇਗੀ।

ਉਨ੍ਹਾਂ ਇਹ ਚੇਤਾਵਨੀ ਉਸ ਸਮੇਂ ਦਿੱਤੀ ਹੈ ਜਦੋਂ ਅਮਰੀਕਾ ਅਤੇ 20 ਤੋਂ ਵੱਧ ਦੇਸ਼ਾਂ ਨੇ ਖ਼ੁਆਨ ਗੋਇਦੋ ਨੂੰ ਅੰਤਰਿਮ ਰਾਸ਼ਟਰਪਤੀ ਦੇ ਤੌਰ ’ਤੇ ਮਾਨਤਾ ਦਿੱਤੀ ਹੈ। ਗੋਇਦੋ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ’ਤੇ ਪਿਛਲੇ ਸਾਲ ਹੋਈਆਂ ਚੋਣਾਂ ’ਚ ਧਾਂਧਲੀ ਕਰਨ ਦਾ ਇਲਜ਼ਾਮ ਲਗਾਇਆ ਹੈ।

ਪੂਰੀ ਖ਼ਬਰ ਪੜ੍ਹਣ ਇੱਥੇ ਕਲਿੱਕ ਕਰੋ

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)