ਕੁੰਭ ਮੇਲਾ 2019 - ਕੁੰਭ ਮੇਲੇ ਦੇ ਦੇਖੇ ਤੁਸੀਂ ਇਹ ਰੰਗ ਹਨ

ਪ੍ਰਯਾਗਰਾਜ ਵਿੱਚ ਇਨ੍ਹੀਂ ਦਿਨੀਂ ਦੁਨੀਆਂ ਦਾ ਸਭ ਤੋਂ ਵੱਡਾ ਮੇਲਾ ਚੱਲ ਰਿਹਾ ਹੈ। 15 ਜਨਵਰੀ ਨੂੰ ਸ਼ਾਹੀ ਇਸ਼ਨਾਨ ਦੇ ਨਾਲ ਇਹ ਮੇਲਾ ਸ਼ੁਰੂ ਹੋਇਆ।

49 ਦਿਨਾਂ ਤਕ ਚੱਲਣ ਵਾਲੇ ਇਸ ਮੇਲੇ ਦੀ ਸਮਾਪਤੀ ਚਾਰ ਮਾਰਚ ਨੂੰ ਹੋਵੇਗੀ ਅਤੇ ਇਸ ਦੌਰਾਨ 8 ਸ਼ਾਹੀ ਇਸ਼ਨਾਨ ਹੋਣਗੇ। ਅਗਲਾ ਸ਼ਾਹੀ ਇਸ਼ਨਾਨ 21 ਜਨਵਰੀ ਨੂੰ ਹੋਵੇਗਾ।

ਕੁੰਭ ਵਿੱਚ ਲੋਕਾਂ ਦੇ ਠਹਿਰਨ ਅਤੇ ਆਉਣ-ਜਾਣ ਲਈ ਵੱਡੀ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ। ਮੇਲੇ ਤੱਕ ਪਹੁੰਚਣ ਲਈ ਖ਼ਾਸ ਰੇਲ ਗੱਡੀਆਂ, ਬੱਸਾਂ ਅਤੇ ਈ-ਰਿਕਸ਼ੇ ਚਲਾਏ ਗਏ ਹਨ। ਨਾਲ ਹੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ।

ਮੰਨਿਆ ਜਾ ਰਿਹਾ ਹੈ ਕਿ 49 ਦਿਨਾਂ ਤਕ ਚੱਲਣ ਵਾਲੇ ਇਸ ਮੇਲੇ ਵਿੱਚ ਲਗਪਗ 12 ਕਰੋੜ ਲੋਕ ਇਸ਼ਨਾਨ ਕਰਨ ਪਹੁੰਚ ਸਕਦੇ ਹਨ। ਇਨ੍ਹਾਂ ਵਿੱਚੋਂ ਲਗਪਗ 10 ਲੱਖ ਵਿਦੇਸ਼ੀ ਨਾਗਰਿਕ ਵੀ ਹੋਣਗੇ।

ਉੱਤਰ ਪ੍ਰਦੇਸ਼ ਸਰਕਾਰ ਕੁੰਭ 2019 ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਕੁੰਭ ਦੱਸ ਰਹੀ ਹੈ ਅਤੇ ਇਸ ਦੀ ਬ੍ਰਾਡਿੰਗ ਵੀ ਕਰ ਰਹੀ ਹੈ।

ਮੇਲੇ ਦਾ ਖੇਤਰਫਲ ਵੀ ਇਸ ਵਾਰ ਵਧਾਇਆ ਗਿਆ ਹੈ। ਕੁੰਭ ਦੇ ਡਿਪਟੀ ਕਮਿਸ਼ਨਰ ਕਿਰਣ ਆਨੰਦ ਮੁਤਾਬਕ, ਇਸ ਵਾਰ ਲਗਪਗ 45 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਫੈਲਿਆ ਜਾ ਰਿਹਾ ਹੈ। ਜਦਕਿ ਇਸ ਤੋਂ ਪਹਿਲਾਂ ਇਹ ਸਿਰਫ਼ 20 ਵਰਗ ਕਿਲੋਮੀਟਰ ਇਲਾਕੇ ਵਿੱਚ ਹੀ ਹੁੰਦਾ ਸੀ।

ਮੰਨਿਆ ਜਾਂਦਾ ਹੈ ਕਿ ਪ੍ਰਯਾਗਰਾਜ ਵਿੱਚ ਜਿੱਥੇ ਕੁੰਭ ਮੇਲੇ ਹੁੰਦਾ ਹੈ। ਉੱਥੋਂ ਹੀ ਬ੍ਰਹਮੰਡ ਪੈਦਾ ਹੋਇਆ ਅਤੇ ਇਹੀ ਧਰਤੀ ਦਾ ਕੇਂਦਰ ਵੀ ਹੈ। ਮਨੌਤ ਹੈ ਕਿ ਸ੍ਰਿਸ਼ਟੀ ਦੇ ਨਿਰਮਾਣ ਤੋਂ ਪਹਿਲਾਂ ਬ੍ਰਹਮਾ ਜੀ ਨੇ ਇਸੇ ਥਾਂ ਤੇ ਅਸ਼ਵ ਮੇਧ ਯੱਗ ਕੀਤਾ ਸੀ।

ਕੁੰਭ ਦੌਰਾਨ ਪ੍ਰਯਾਗਰਾਜ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਤੰਬੂਆਂ ਦਾ ਆਰਜੀ ਸ਼ਹਿਰ ਵਸ ਜਾਂਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਕੁੰਭ ਦੇ ਪ੍ਰਬੰਧ 'ਤੇ ਇਸ ਸਾਲ ਚਾਰ ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਖਰਚ ਹੋ ਰਹੇ ਹਨ।

ਆਵਾਹਨ ਅਖਾੜਾ, ਅਟਲ ਅਖਾੜਾ, ਮਹਾਨਿਰਵਾਣੀ ਅਖਾੜਾ, ਆਨੰਦ ਅਖਾੜਾ, ਨਿਰਮੋਹੀ ਅਖਾੜਾ, ਦਸ਼ਨਾਮੀ ਅਖਾੜਾ, ਨਿਰੰਜਨੀ ਅਤੇ ਜੂਨਾ ਅਖਾੜਿਆਂ ਦਾ ਵੀ ਸਦੀਆਂ ਪੁਰਾਣਾ ਇਤਿਹਾਸ ਹੈ। ਸਾਰਿਆਂ ਅਖਾੜਿਆਂ ਦੇ ਆਪਣੇ-ਆਪਣੇ ਵਿਧੀ-ਵਿਧਾਨ ਤੇ ਨਿਯਮ ਹਨ।

ਇਨ੍ਹਾਂ ਅਖਾੜਿਆਂ ਦਾ ਠਿਕਾਣਾ ਕਈ ਤੀਰਥ ਅਤੇ ਸ਼ਹਿਰਾਂ ਵਿੱਚ ਹਨ ਪਰ ਕੁੰਭ ਜਿੱਥੇ ਵੀ ਲੱਗੇ ਇਹ ਅਖਾੜੇ ਆਪਣੀ ਪੂਰੀ ਸ਼ਾਨ ਅਤੇ ਸੱਜ-ਧੱਜ ਨਾਲ ਉੱਥੇ ਪਹੁੰਚ ਹੀ ਜਾਂਦੇ ਹਨ।

ਕੁੰਭ ਅਖਾੜਿਆਂ ਦਾ ਹੀ ਇਕੱਠ ਹੈ, ਜਿੱਥੇ ਅਧਿਆਤਮਿਕ ਅਤੇ ਧਾਰਿਮਕ ਚਰਚਾ ਹੁੰਦੀ ਹੈ। ਅਖਾੜੇ ਆਪਣੀਆਂ-ਆਪਣੀਆਂ ਰਵਾਇਤਾਂ ਵਿੱਚ ਨਵੇਂ ਚੇਲਿਆਂ ਨੂੰ ਨਾਮ-ਦਾਨ ਮਨ ਦਿੰਦੇ ਹਨ ਅਤੇ ਵੱਖੋ-ਵੱਖਰੀਆਂ ਉਪਾਧੀਆਂ ਵੀ ਦਿੰਦੇ ਹਨ।

ਜਿੱਥੇ ਸ਼ਰਧਾਲੂ ਕੁੰਭ ਵਿੱਚ ਗੰਗਾ ਦਾ ਇਸ਼ਨਾਨ ਕਰਕੇ ਪੁੰਨ ਖੱਟਣ ਪਹੁੰਚਦੇ ਹਨ, ਉੱਥੇ ਹੀ ਇਨ੍ਹਾਂ ਸਾਧੂਆਂ ਦਾ ਦਾਅਵਾ ਹੈ ਕਿ ਉਹ ਗੰਗਾ ਨੂੰ ਪਵਿੱਤਰ ਕਰਨ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੰਗਾ ਧਰਤੀ 'ਤੇ ਉਤਰਨ ਲਈ ਤਿਆਰ ਨਹੀਂ ਸੀ, ਜਦੋਂ ਸਾਧੂਆਂ ਨੇ ਧਰਤੀ ਨੂੰ ਪਵਿੱਤਰ ਕੀਤਾ ਤਾਂ ਜਾ ਕੇ ਗੰਗਾ ਧਰਤੀ 'ਤੇ ਆਉਣ ਲਈ ਰਾਜ਼ੀ ਹੋਈ।

ਸਾਲ 1954 ਵਿੱਚ ਕੁੰਭ ਵਿੱਚ ਭਗਦੜ ਮੱਚ ਗਈ। ਜਿਸ ਤੋਂ ਬਾਅਦ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਖਾੜਾ ਪ੍ਰੀਸ਼ਦ ਕਾਇਮ ਕੀਤੀ ਗਈ। ਇਸ ਪ੍ਰੀਸ਼ਦ ਵਿੱਚ ਮਾਨਤਾ ਪ੍ਰਾਪਤ ਸਾਰੇ 13 ਅਖਾੜਿਆਂ ਦੇ 2-2 ਨੁਮਾਂਇੰਦੇ ਹੁੰਦੇ ਹਨ ਅਤੇ ਆਪਸੀ ਤਾਲਮੇਲ ਕਾਇਮ ਰੱਖਣਾ ਇਸੇ ਕਮੇਟੀ ਦਾ ਕੰਮ ਹੁੰਦਾ ਹੈ।

ਅਖਾੜਾ ਸ਼ਬਦ ਸੁਣਦਿਆਂ ਹੀ ਕੁਸ਼ਤੀ ਤੇ ਮੱਲਾਂ ਦੇ ਘੋਲ ਚੇਤੇ ਵਿੱਚ ਆ ਜਾਂਦੇ ਹਨ ਪਰ ਕੁੰਭ ਦੇ ਮੇਲੇ ਵਿੱਚ ਸਾਧੂਆਂ ਸੰਤਾਂ ਦੇ ਵੀ ਅਖਾੜੇ ਹਨ।

ਦੇਖਿਆ ਜਾਵੇ ਤਾਂ ਅਖਾੜਿਆਂ ਦਾ ਧਾਰਮਿਕਤਾ ਨਾਲ ਕੀਤਾ ਲੈਣ-ਦੇਣ ਕਿਉਂਕਿ ਜ਼ੋਰ ਅਜ਼ਮਾਇਸ਼ ਤਾਂ ਇੱਥੇ ਵੀ ਹੁੰਦੀ ਹੈ ਪਰ ਧਰਮਿਕ ਠੁੱਕ ਕਾਇਮ ਕਰਨ ਲਈ।

ਅਖਾੜੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦੇ ਮੱਠ ਕਹੇ ਜਾ ਸਕਦੇ ਹਨ।

ਇਹ ਵੀ ਪੜ੍ਹੋ:

ਰਵਾਇਤੀ ਰੂਪ ਵਿੱਚ ਦੇਖਿਆ ਜਾਵੇ ਤਾਂ ਇਹ ਅਰਧ ਕੁੰਭ ਹੀ ਹੈ ਪਰ ਸਰਕਾਰ ਨੇ ਇਸ ਦਾ ਨਾਮ ਬਦਲ ਕੇ ਮਹਾਂ-ਕੁੰਭ ਰੱਖ ਦਿੱਤਾ ਹੈ।

ਇਸ ਵਾਰ ਟ੍ਰਾਂਸਜੈਂਡਰ ਸਾਧੂਆਂ ਨੇ ਵੀ ਕੁੰਭ ਵਿੱਚ ਸ਼ਿਰਕਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦੇ ਦਿੱਤੀ ਹੈ, ਇਸ ਲਈ ਸਮਾਜਿਕ ਸੋਚ ਵੀ ਬਦਲਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਔਰਤਾਂ ਅਤੇ ਮਰਦਾਂ ਦੇ 13 ਅਖਾੜੇ ਹਨ ਉਨ੍ਹਾਂ ਦੇ ਵੀ ਅਖਾੜੇ ਨੂੰ ਮਾਨਤਾ ਮਿਲਣੀ ਚਾਹੀਦੀ ਹੈ।

ਕੁੰਭ ਨੂੰ ਸਿਆਸਤ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇੱਥੇ ਕਈ ਸਿਆਸੀ ਪਾਰਟੀਆਂ ਦੇ ਕੈਂਪ ਲੱਗੇ ਹੋਏ ਹਨ। ਥਾਂ-ਥਾਂ ਸਿਆਸੀ ਆਗੂਆਂ ਦੀਆਂ ਤਸਵੀਰਾਂ ਹਨ। ਇਹੀ ਨਹੀਂ ਕੁੰਭ ਦੇ ਪਹਿਲੇ ਸ਼ਾਹੀ ਇਸ਼ਨਾਨ ਮੌਕੇ ਕਈ ਕੇਂਦਰੀ ਮੰਤਰੀਆਂ ਦੇ ਇਸ਼ਨਾਨ ਦੀਆਂ ਖ਼ਬਰਾਂ ਵੀ ਚਰਚਾ ਵਿੱਚ ਰਹੀਆਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)