ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਪਾਰਟੀ ਚੋਂ ਮੁਅੱਤਲ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਪਾਰਟੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ।

ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਕਿਹਾ ਕਿ ਜ਼ੀਰਾ ਨੂੰ ਪਾਰਟੀ ਅਨੁਸਾਸ਼ਨ ਭੰਗ ਕਰਨ ਕਰਕੇ ਪਾਰਟੀ ਵਿੱਚੋਂ ਮੁਅੱਤਲ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੇ ਕੁਝ ਇਲਜ਼ਾਮ ਅਫਸਰ ਤੇ ਨਸ਼ਾ ਤਸਕਰਾਂ ਦੀ ਮਿਲੀਭੁਗਤ ਦੇ ਇਲਜ਼ਾਮ ਲਾਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।

ਪਰ ਜਿਸ ਤਰੀਕੇ ਨਾਲ ਜ਼ੀਰਾ ਨੇ ਪਬਲਿਕ ਸਮਾਗਮ ਵਿਚ ਇਸ ਮੁੱਦੇ ਨੂੰ ਉਠਾਇਆ ਹੈ, ਉਹ ਪਾਰਟੀ ਅਨੁਸਾਸ਼ਨ ਦੀ ਉਲੰਘਣਾ ਹੈ, ਇਸ ਲਈ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।

ਉੱਧਰ ਜ਼ੀਰਾ ਨੇ ਪਾਰਟੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ।

ਇਹ ਵੀ ਪੜ੍ਹੋ:

ਜ਼ੀਰਾ ਦਾ ਕੀ ਹੈ ਪ੍ਰਤੀਕਰਮ

ਕੁਲਬੀਰ ਸਿੰਘ ਜ਼ੀਰਾ ਨੇ ਕਿਹਾ, ਮੈਂ ਕਾਂਗਰਸ ਦਫ਼ਤਰ ਵਿਚ ਆਪਣਾ ਜਵਾਬ ਦੇ ਦਿੱਤਾ ਹੈ, ਮੈਂ ਸੁਨੀਲ ਜਾਖੜ ਵੱਲੋਂ ਜਾਰੀ ਨੋਟਿਸ ਦਾ ਜਵਾਬ ਦੇਣ ਲਈ ਫੋਨ ਕਰਕੇ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਜ਼ੀਰਾ ਦਾ ਕਹਿਣਾ ਹੈ ਕਿ ਉਹ ਆਪਣਾ ਪੱਖ ਪੇਸ਼ ਕਰਨ ਲਈ ਰਾਹੁਲ ਗਾਂਧੀ ਤੇ ਸੋਨੀਆਂ ਗਾਂਧੀ ਨੂੰ ਮਿਲਾਂਗਾ।

'ਮੈਨੂੰ ਲੱਗਦਾ ਹੈ ਕਿ ਇਹ ਫ਼ੈਸਲਾ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਦੇ ਦਬਾਅ ਕਾਰਨ ਲਿਆ ਗਿਆ ਹੈ'।

ਮੈਂ ਪਾਰਟੀ ਖ਼ਿਲਾਫ਼ ਨਹੀਂ ਹਾਂ, 'ਮੈਂ ਨਸ਼ਿਆਂ ਖ਼ਿਲਾਫ਼ ਲੜ ਰਿਹਾ ਹਾਂ ਅਤੇ ਲੜ ਰਿਹਾ ਹਾਂ। ਮੈਂ ਆਪਣੇ ਸਟੈਂਡ ਉੱਤੇ ਕਾਇਮ ਹਾਂ। ਭ੍ਰਿਸ਼ਟ ਅਫ਼ਸਰਾਂ ਖਿਲਾਫ਼ ਲੜਦਾ ਰਹਾਂਗਾ'।

ਕਿਉਂ ਹੋਈ ਕਾਰਵਾਈ

ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ।

ਸਟੇਜ ਉੱਤੇ ਆਪਣੇ ਭਾਸ਼ਣ ਵਿਚ ਜ਼ੀਰਾ ਨੇ ਪੁਲਿਸ 'ਤੇ ਡਰੱਗ ਮਾਫ਼ੀਆ ਦੀ ਮਦਦ ਕਰਨ ਦਾ ਇਲਜ਼ਾਮ ਲਗਾਉਂਦਿਆਂ ਮਨਪ੍ਰੀਤ ਬਾਦਲ ਦੀ ਅਗਵਾਈ ਵਿੱਚ ਹੋਣ ਵਾਲੇ ਪ੍ਰੋਗਰਾਮ ਨੂੰ ਛੱਡ ਕੇ ਚਲੇ ਗਏ ਸਨ।

ਉਨ੍ਹਾਂ ਨੇ ਕਿਹਾ ਸੀ, "ਜਦੋਂ ਖਾਕੀ ਵਿੱਚ ਕਾਲੀਆਂ ਭੇਡਾਂ ਨਾਲ ਨਹੀਂ ਨਿਪਟਿਆ ਜਾਂਦਾ ਉਦੋਂ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋਵੇਗਾ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)