’84 ਸਿੱਖ ਕਤਲੇਆਮ: ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣਾ ਮੰਦਭਾਗਾ - ਜਥੇਦਾਰ, ਅਕਾਲ ਤਖ਼ਤ ਸਾਹਿਬ

ਦਿੱਲੀ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਦੀ ਸਜ਼ਾ ਨਿਆਂ ਵਿੱਚ ਦੇਰੀ ਦਾ ਸਬੂਤ ਹੈ। 1984 ਦੇ ਪਾਪਾਂ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਵੱਲੋਂ ਸੰਤਾਪ ਝਲਣਾ ਜਾਰੀ ਰਹੇਗਾ।"

ਇਹ ਸ਼ਬਦ ਵਿੱਤ ਮੰਤਰੀ ਅਰੁਣ ਜੇਤਲੀ ਨੇ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਉਮਦ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਹੇ।

ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।

ਸੱਜਣ ਕੁਮਾਰ ਤੋਂ ਇਲਾਵਾ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਕਿਸ਼ਨ ਖੋਖਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤ ਵੱਲੋਂ ਸਜ਼ਾ ਦਾ ਐਲਾਨ ਕਰਦਿਆਂ ਹੀ ਸੋਸ਼ਲ ਮੀਡੀਆ 'ਤੇ ਸਿਆਸੀ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਦੇ ਸੁਆਗਤ ਕੀਤਾ ਹੈ।

ਉਨ੍ਹਾਂ ਟਵੀਟ ਕੀਤਾ ਹੈ ਕਿ ਇਹ ਪੀੜਤਾਂ ਲਈ ਬਹੁਤ ਲੰਬਾ ਦਰਦਨਾਕ ਇੰਤਜ਼ਾਰ ਰਿਹਾ ਹੈ। ਅਜਿਹੇ ਕਿਸੇ ਮਾਮਲੇ ਵਿੱਚ ਸ਼ਾਮਿਲ ਕਿਸੇ ਨੂੰ ਵੀ ਬਚਣ ਦੀ ਇਜਾਜ਼ਤ ਨਹੀਂ ਹੈ, ਬੇਸ਼ੱਕ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਮਲ ਨਾਥਾ ਨੂੰ ਕਾਂਗਰਸ ਵੱਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਾਏ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਕਾਂਗਰਸ ਵੱਲੋਂ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ’ਤੇ ਵਿਰੋਧੀ ਧਿਰ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਸੱਜਣ ਕੁਮਾਰ ਤੇ ਕਮਲਨਾਥ ਬਾਰੇ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ, ''ਜੇ 1984 ਕਤਲੇਆਮ ਬਾਰੇ ਕਮਲਨਾਥ ’ਤੇ ਸਵਾਲ ਚੁੱਕੇ ਜਾ ਰਹੇ ਹਨ ਤਾਂ ਕੇਂਦਰ ਸਰਕਾਰ ਵਿੱਚ ਵੀ ਅਜਿਹੇ ਲੋਕ ਹਨ ਜਿਨ੍ਹਾਂ ਨੇ ਗੁਜਰਾਤ ਦੰਗਿਆਂ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਲੱਗੇ ਹਨ।''

ਕੀ ਸਨ ਕਮਲ ਨਾਥ ’ਤੇ ਇਲਜ਼ਾਮ?

ਕਮਲਨਾਥ ਨੂੰ ਕਾਂਗਰਸ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਦਿੱਲੀ 'ਚ ਸਾਲ 1984 ਦੇ ਸਿੱਖ ਕਤਲੇਆਮ 'ਚ ਇੱਕ ਕਾਤਲਾਨਾ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਬਾਰੇ ਮੁੜ ਸਿਆਸਤ ਭਖਣ ਕਰਕੇ ਜੂਨ 2016 'ਚ ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇ ਦਿੱਤਾ ਸੀ।

ਭਾਵੇਂ ਇਲਜ਼ਾਮਾਂ ਨੂੰ ਕਦੇ ਅਦਾਲਤ 'ਚ ਸਾਬਤ ਨਹੀਂ ਕੀਤਾ ਜਾ ਸਕਿਆ, ਫਿਰ ਵੀ ਕਮਲ ਨਾਥ ਦੇ ਸਿਆਸੀ ਜੀਵਨ 'ਤੇ ਪ੍ਰਭਾਵ ਜ਼ਰੂਰ ਰਿਹਾ ਹੈ।

ਇਹ ਵੀ ਪੜ੍ਹੋ-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵਿੱਟਰ 'ਤੇ ਲਿਖਿਆ ਹੈ, "ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਕਤਲੇਆਮ ਕਰਨ ਵਾਲੀ ਕਾਂਗਰਸੀ ਸਾਜ਼ਿਸ਼ ਦਾ ਦਿੱਲੀ ਹਾਈ ਕੋਰਟ ਵੱਲੋਂ '84 ਸਿੱਖ ਕਤਲੇਆਮ 'ਚ ਗਾਂਧੀ ਪਰਿਵਾਰ ਦੇ ਸੱਜਾ ਹੱਥ ਸਮਝੇ ਜਾਂਦੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਕੇ ਬੇਪਰਦਾ ਕਰ ਦਿੱਤਾ ਹੈ।"

ਵਿੱਤ ਮੰਤਰੀ ਅਰੁਣ ਜੇਤਲੀ ਨੇ ਫ਼ੈਸਲੇ ਬਾਰੇ ਕਰਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਦੇਰ ਨਾਲ ਹੀ ਸਹੀ ਪਰ ਸ਼ੁਰੂਆਤ ਤਾਂ ਹੋਈ ਹੈ। ਆਸ ਕਰਦੇ ਹਾਂ ਕਿ ਅਦਾਲਤ ਸ਼ੁਰੂਆਤੀ ਕੇਸਾਂ ਦਾ ਵੀ ਜਲਦ ਹੀ ਨਿਪਟਾਰਾ ਕਰੇਗੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਟਵਿੱਟਰ 'ਤੇ ਪ੍ਰਤੀਕਿਰਿਆ ਦਿੰਦਿਆ ਟਵੀਟ ਕੀਤਾ, "ਦਿੱਲੀ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਦੀ ਸਜ਼ਾ ਨਿਆਂ ਵਿੱਚ ਦੇਰੀ ਦਾ ਸਬੂਤ ਹੈ। 1984 ਦੇ ਪਾਪਾਂ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਵੱਲੋਂ ਸੰਤਾਪ ਝਲਣਾ ਜਾਰੀ ਰਹੇਗਾ।"

ਰਾਜਦੀਪ ਸਰਦੇਸਾਈ ਨੇ ਲਿਖਿਆ ਹੈ ਕਿ ਕਾਂਗਰਸੀ ਆਗੂ ਸੱਜਣ ਕੁਮਾਰ '84 ਸਿੱਖਲ ਕਤਲੇਆਮ ਲਈ ਦੋਸ਼ੀ ਕਰਾਰ ਦਿੱਤਾ ਹੈ ਅਤੇ ਇਸ ਲਈ 34 ਸਾਲਾਂ ਦਾ ਲੰਬਾ ਸਮਾਂ ਲੱਗਾ ਜੋ ਕਿ ਸ਼ਰਮਨਾਕ ਹੈ।

ਉਨ੍ਹਾਂ ਨੇ ਲਿਖਿਆ, "ਯਕੀਨ ਕਰੋ ਕਾਂਗਰਸ ਹੁਣ ਇਸ ਨੂੰ ਹਮੇਸ਼ਾ ਲਈ ਬਰਖ਼ਾਸਤ ਕਰ ਦੇਵੇਗੀ।"

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲਿਖਿਆ, "ਨਿਆਂ 'ਚ ਦੇਰੀ ਹੋਈ ਪਰ ਰੁਕਿਆ ਨਹੀਂ।"

ਇਹ ਵੀ ਪੜ੍ਹੋ-

1984 ਨਾਲ ਸੰਬੰਧਤ ਕੁਝ ਵੀਡੀਓਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)