You’re viewing a text-only version of this website that uses less data. View the main version of the website including all images and videos.
ਸੁਖਬੀਰ ਦੇ ਪ੍ਰਧਾਨ ਰਹਿੰਦਿਆਂ ਅਕਾਲੀ ਦਲ ਵੱਲੋਂ ਚੋਣ ਨਹੀਂ ਲੜਾਂਗਾ - ਘੁਬਾਇਆ: 5 ਅਹਿਮ ਖ਼ਬਰਾਂ
ਸੁਖਬੀਰ ਦੇ ਪ੍ਰਧਾਨ ਰਹਿੰਦਿਆਂ ਨਹੀਂ ਲੜਾਂਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ - ਘੁਬਾਇਆ
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਫ਼ਾਜ਼ਿਲਕਾ ਦੇ ਮੌਜਮ ਪਿੰਡ ਵਿੱਚ ਨਵੀਂ ਪਾਰਟੀ ਦੇ ਪ੍ਰਚਾਰ ਦੌਰਾਨ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਹਨ ਮੈਂ ਅਕਾਲੀ ਦਲ ਵੱਲੋਂ ਚੋਣ ਨਹੀਂ ਲੜਾਂਗਾ।
ਪੁਰਾਣੇ ਅਕਾਲੀ ਆਗੂਆਂ ਵੱਲੋਂ ਨਵਾਂ ਅਕਾਲੀ ਦਲ ਬਣਾਏ ਜਾਣ ਤੋਂ ਬਾਅਦ ਫ਼ਿਰੋਜਪੁਰ ਦੇ ਐੱਮਪੀ ਸ਼ੇਰ ਸਿੰਘ ਘੁਬਾਇਆ ਟਕਸਾਲੀ ਆਗੂਆਂ ਨਾਲ ਆਪਣੇ ਅਤੇ ਸੁਖਬੀਰ ਬਾਦਲ ਦੇ ਹਲਕੇ ਵਿੱਚ ਪ੍ਰਚਾਰ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ, ''ਇਸ ਵਾਰ ਦੀਆਂ ਲੋਕ ਸਭਾ ਚੋਣਾਂ ਲਈ ਮੈਂ ਲੋਕਾਂ ਦੀ ਰਾਇ ਲਵਾਂਗਾ ਕਿ ਮੈਂ ਕਿਹੜੀ ਪਾਰਟੀ ਵੱਲੋਂ ਚੋਣ ਲੜਾਂ।''
ਇਹ ਵੀ ਪੜ੍ਹੋ:
ਹੈਪੀ ਪੀਐੱਚਡੀ ਦੀ ਮਾਂ ਨੇ ਦਿੱਤਾ ਪੁੱਤਰ ਨੂੰ ਆਤਮ-ਸਮਰਪਣ ਦਾ ਸੁਨੇਹਾ
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹੈਪੀ ਪੀਐੱਚਡੀ ਦੀ ਮਾਂ ਕੁਸ਼ਬੀਰ ਕੌਰ ਨੇ ਆਪਣੇ ਪੁੱਤਰ ਨੂੰ ਪੁਲਿਸ ਕੋਲ ਆਤਮ-ਸਮਰਪਣ ਕਰਨ ਦਾ ਸੁਨੇਹਾ ਦਿੱਤਾ ਹੈ।
ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ 'ਚ ਹੋਏ ਧਮਾਕਾ ਮਾਮਲੇ 'ਚ ਅਵਤਾਰ ਸਿੰਘ ਤੇ ਬਿਕਰਮਜੀਤ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਪਰ ਪੁਲਿਸ ਦੇ ਦਾਅਵੇ ਮੁਤਾਬਕ ਇਸ ਮਾਮਲੇ ਦੇ ਮੁੱਖ ਦੋਸ਼ੀ ਹਰਮੀਤ ਸਿੰਘ ਉਰਫ਼ ਪੀਐੱਚਡੀ ਦੀ ਭਾਲ ਅਜੇ ਜਾਰੀ ਹੈ।
ਦਿ ਟ੍ਰਿਬਿਊਨ ਅਖ਼ਬਾਰ ਨਾਲ ਗੱਲ ਕਰਦਿਆਂ ਹੈਪੀ ਦੀ ਮਾਂ ਨੇ ਕਿਹਾ, ''ਜਦੋਂ ਦਾ ਤੂੰ ਗਿਆ ਹੈ ਸਾਡੀ ਜ਼ਿੰਦਗੀ ਤਬਾਹ ਹੋ ਗਈ ਹੈ। ਜਿਹੜੀ ਧਾਰਮਿਕ ਵਿਦਿਆ ਤੂੰ ਹਾਸਿਲ ਕੀਤੀ ਹੈ ਉਹ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ, ਜੇ ਤੂੰ ਕੋਈ ਮਾੜਾ ਕੰਮ ਕੀਤਾ ਹੈ ਤਾਂ ਆਤਮ-ਸਮਰਪਣ ਕਰ ਦੇ।''
ਦਿ ਟ੍ਰਿਬਿਊਨ ਮੁਤਾਬਕ ਹੈਪੀ ਦੇ ਪਿਤਾ ਨੇ ਕਿਹਾ ਕਿ ਅਸੀਂ ਉਸਨੂੰ ਕਦੇ ਹੈਪੀ ਨਹੀਂ ਕਿਹਾ, ਉਸਦਾ ਘਰ ਦਾ ਨਾਂ ਰੌਬੀ ਹੈ ਅਤੇ ਉਸਨੇ ਆਪਣੀ ਪੀਐੱਚਡੀ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਸੀ।
ਖ਼ਬਰ ਮੁਤਾਬਕ ਹੈਪੀ ਦੇ ਮਾਪਿਆਂ ਨੇ ਉਸਨੂੰ ਆਖ਼ਰੀ ਵਾਰ 6 ਨਵੰਬਰ 2008 ਨੂੰ ਦੇਖਿਆ ਸੀ ਜਦੋਂ ਉਹ ਪੜ੍ਹਾਈ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਚਲਾ ਗਿਆ ਸੀ।
ਦੋ ਪੁਲਿਸ ਵਾਲਿਆਂ 'ਤੇ ਗ਼ੈਰ ਇਰਾਦਾ ਕਤਲ ਦਾ ਕੇਸ ਦਰਜ
ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ ਦੇ ਸਥਾਨਕ ਕਾਂਗਰਸ ਆਗੂ ਦੀ ਕਥਿਤ ਤੌਰ 'ਤੇ ਪੁਲਿਸ ਹਿਰਾਸਤ ਦੌਰਾਨ ਹੋਈ ਮੌਤ ਤੋਂ ਬਾਅਦ ਹੈੱਡ ਕਾਂਸਟੇਬਲ ਅਤੇ ਕਾਂਸਟੇਬਲ 'ਤੇ ਗ਼ੈਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
35 ਸਾਲ ਦੇ ਬਿੱਟੂ ਸ਼ਾਹ ਕਾਂਗਰਸ ਦੇ ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਸਨ ਅਤੇ ਪੁਲਿਸ ਵੱਲੋਂ ਐਤਵਾਰ ਨੂੰ ਸਵਾਲਾਂ ਲਈ ਸੱਦੇ ਜਾਣ ਦੇ ਇੱਕ ਘੰਟੇ ਮਗਰੋਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।
ਖ਼ਬਰ ਮੁਤਾਬਕ ਦੋਵਾਂ ਪੁਲਿਸ ਮੁਲਾਜ਼ਮਾਂ 'ਤੇ ਮਾਮਲਾ ਸੁਲਤਾਨਵਿੰਡ ਚੌਕ 'ਚ ਪ੍ਰਦਰਸ਼ਨਕਾਰੀਆਂ ਅਤੇ ਬਿੱਟੂ ਸ਼ਾਹ ਦੇ ਰਿਸ਼ਤੇਦਾਰਾਂ ਵੱਲੋਂ ਧਰਨਾ ਲਾਉਣ ਤੋਂ ਬਾਅਦ ਦਰਜ ਕੀਤਾ ਗਿਆ ਸੀ
ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਕਾਂਗਰਸੀ ਆਗੂ ਬਿੱਟੂ ਸ਼ਾਹ ਦੇ ਰਿਸ਼ਤੇਦਾਰ ਚਾਂਦ ਭਾਤਰੀ ਪੁਲਿਸ 'ਤੇ ਤਸ਼ੱਦਦ ਕਰਨ ਦੇ ਇਲਜ਼ਾਮ ਲਾ ਰਹੇ ਹਨ।
ਰਮੇਸ਼ ਪੋਵਾਰ ਨੂੰ ਕੋਚ ਬਣਾਈ ਰੱਖਣ ਲਈ ਹਰਮਨਪ੍ਰੀਤ ਦੀ BCCI ਨੂੰ ਚਿੱਠੀ
ਲਾਈਵ ਹਿੰਦੁਸਤਾਨ ਡਾਟ ਕਾਮ ਦੀ ਖ਼ਬਰ ਮੁਤਾਬਕ ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਨੇ ਬੀਸੀਸੀਆਈ ਨੂੰ ਪੱਤਰ ਲਿਖ ਕੇ ਕਿਹਾ ਕਿ ਰਮੇਸ਼ ਪੋਵਾਰ ਨੂੰ 2021 ਤੱਕ ਕੋਚ ਬਣਾਈ ਰੱਖਿਆ ਜਾਵੇ।
ਖ਼ਬਰ ਮੁਤਾਬਕ ਕ੍ਰਿਕਟ ਕੋਚ ਰਮੇਸ਼ ਪੋਵਾਰ ਦੇ ਕਾਰਜਕਾਲ ਦੇ ਵਿਵਾਦਤ ਅੰਤ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਵੰਡੀ ਹੋਈ ਦਿਖੀ।
ਟੀ-20 ਕਪਤਾਨ ਹਰਮਨਪ੍ਰੀਤ ਕੌਰ ਅਤੇ ਉੱਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਸੀਨੀਅਰ ਖਿਡਾਰੀ ਮਿਤਾਲੀ ਰਾਜ ਨਾਲ ਮਤਭੇਦ ਦੇ ਬਾਵਜੂਦ ਕੋਚ ਰਮੇਸ਼ ਪੋਵਾਰ ਦੀ ਵਾਪਸੀ ਦੀ ਮੰਗ ਕੀਤੀ ਹੈ।
ਫਰਾਂਸ 'ਚ ਪ੍ਰਦਰਸ਼ਨਕਾਰੀਆਂ ਵੱਲੋਂ PM ਦੀ ਮੀਟਿੰਗ 'ਚੋਂ ਖ਼ੁਦ ਨੂੰ ਬਾਹਰ ਰੱਖਣ ਦਾ ਫ਼ੈਸਲਾ
ਫਰਾਂਸ ਵਿੱਚ ਤੇਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਸੜਕਾਂ 'ਤੇ ਉੱਤਰੇ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਾਲ ਅੱਜ ਹੋਣ ਵਾਲੀ ਮੀਟਿੰਗ ਤੋਂ ਬਾਹਰ ਰਹਿਣ ਦਾ ਫ਼ੈਸਲਾ ਲਿਆ ਗਿਆ ਹੈ।
ਪੀਲੀਆਂ ਜੈਕਟਾਂ ਪਹਿਨ ਕੇ ਪ੍ਰਦਰਸ਼ਨ ਕਰਨ ਵਾਲੇ ਗਰੁੱਪ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
'ਜਿਲੇਟਸ ਜੌਨੇਸ' (ਪੀਲੀਆਂ ਜੈਕਟਾਂ) ਵਾਲੇ ਮੁਜ਼ਾਹਰਾਕਾਰੀਆਂ ਵੱਲੋਂ ਨਵੰਬਰ ਦੇ ਅੱਧ ਤੋਂ ਤੇਲ ਉਤਪਾਦਾਂ ਤੇ ਲੱਗੇ ਟੈਕਸ ਦਾ ਖ਼ਿਲਾਫ਼ ਵਿਰੋਧ ਕੀਤਾ ਜਾ ਰਿਹਾ ਹੈ ਪਰ ਲੋਕਾਂ ਦੇ ਵਿਰੋਧ ਨੇ ਸਰਕਾਰ ਖ਼ਿਲਾਫ਼ ਗੁੱਸੇ ਦਾ ਰੁਖ਼ ਅਖ਼ਤਿਆਰ ਕਰ ਲਿਆ ਹੈ।
ਫਰਾਂਸ ਦੇ ਅੰਦੂਰਨੀ ਮਾਮਲਿਆਂ ਦੇ ਮੰਤਰੀ ਮੁਤਾਬਕ ਇਸ ਵਿਰੋਧ-ਪ੍ਰਦਰਸ਼ਨ 'ਚ ਐਤਵਾਰ ਨੂੰ ਤਕਰੀਬਨ 136,000 ਲੋਕਾਂ ਨੇ ਹਿੱਸਾ ਲਿਆ।
ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ