ਯੂਕੇ ਵਿੱਚ ਸਿੱਖਾਂ ਨੂੰ ਕਿਰਪਾਨ ਧਾਰਨ ਦਾ ਕਾਨੂੰਨੀ ਹੱਕ ਮਿਲਿਆ -5 ਅਹਿਮ ਖ਼ਬਰਾਂ

ਬਰਤਾਨੀਆ ਦੀ ਸਰਕਾਰ ਨੇ ਹਥਿਆਰਾਂ ਬਾਰੇ ਨਵੇਂ ਬਿਲ ਵਿੱਚ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਅਤੇ ਧਾਰਮਿਕ ਕਿਰਪਾਨਾਂ ਸਪਲਾਈ ਕਰਨ ਦੇ ਹੱਕ ਦੀ ਰਾਖੀ ਯਕੀਨੀ ਬਣਾਉਣ ਵਾਲੀ ਸੋਧ ਦੀ ਪੁਸ਼ਟੀ ਕੀਤੀ ਹੈ।

ਹਮਲਾਵਰ ਹਥਿਆਰ ਬਿਲ 2018 ਬਰਤਾਨੀਆ ਦੇ ਹਾਊਸ ਆਫ ਕਾਮਨਜ਼ ਵਿੱਚ ਪ੍ਰਵਾਨਗੀ ਤੋਂ ਬਾਅਦ ਹਾਊਸ ਆਫ ਲਾਰਡਜ਼ ਭੇਜ ਦਿੱਤਾ ਗਿਆ ਹੈ।

ਨਵੇਂ ਕਾਨੂੰਨ ਮੁਤਾਬਕ ਜਨਤਕ ਥਾਵਾਂ 'ਤੇ ਧਾਰਦਾਰ ਹਥਿਆਰ ਪਹਿਨਣ ਤੇ ਉਨ੍ਹਾਂ ਦੀ ਔਨਲਾਈਨ ਵਿਕਰੀ ਉੱਪਰ ਪਾਬੰਦੀ ਲਾਈ ਜਾਣੀ ਸੀ ਤਾਂ ਜੋ ਦੇਸ ਵਿੱਚ ਵਧ ਰਹੀਆਂ ਛੁਰੇਮਾਰੀ ਅਤੇ ਤੇਜ਼ਾਬੀ ਹਮਲਿਆਂ ਦੀਆਂ ਵਾਰਦਾਤਾਂ ਉੱਪਰ ਕਾਬੂ ਪਾਇਆ ਜਾ ਸਕੇ।

ਸਿੱਖਾਂ ਦੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ, ਬਰਤਾਨੀਆ ਦੇ ਹੋਮ ਆਫਿਸ ਕੋਲ ਇੱਕ ਡੈਲੀਗੇਸ਼ਨ ਲੈ ਕੇ ਗਏ ਸਨ ਕਿ ਨਵੇਂ ਕਾਨੂੰਨ ਨਾਲ ਸਿੱਖਾਂ ਦੇ ਕਿਰਪਾਨ ਪਹਿਨਣ ਦਾ ਹੱਕ ਪ੍ਰਭਾਵਿਤ ਨਾ ਹੋਵੇ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

4000 ਮਰੀਜ਼ਾਂ ਨੇ ਏਡਜ਼ ਦਾ ਇਲਾਜ ਵਿਚਾਲੇ ਛੱਡਿਆ

ਏਡਜ਼ ਦੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਕਮੀ ਕਾਰਨ ਪੰਜਾਬ ਦੇ ਦੁਆਬੇ ਵਿੱਚੋਂ ਲਗਪਗ 4000 ਮਰੀਜ਼ਾਂ ਨੇ ਇਲਾਜ ਵਿਚਾਲੇ ਹੀ ਛੱਡ ਦਿੱਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਪਿੱਛੇ ਸਰਕਾਰੀ ਹਸਪਤਾਲ ਵਿੱਚ ਲੋੜੀਂਦੀਆਂ ਦਵਾਈਆਂ ਦਾ ਨਾ ਮਿਲਣਾ ਅਤੇ ਬੱਸ ਪਾਸ ਦੀ ਸਹੂਲਤ ਨਾ ਹੋਣਾ ਇਸ ਦੀ ਮੁੱਖ ਵਜ੍ਹਾ ਹੈ।

ਸਹੂਲਤਾਂ ਦੀ ਅਣਹੋਂਦ ਕਾਰਨ ਇਲਾਜ ਵਿਚਾਲੇ ਛੱਡ ਜਾਣ ਵਾਲਿਆਂ ਵਿੱਚੋਂ ਬਹੁਤੇ ਦਿਹਾੜੀਦਾਰ ਮਜ਼ਦੂਰ ਹਨ ਅਤੇ ਪਾਸ ਤੋਂ ਬਿਨਾਂ ਸਫਰ ਕਰਨਾ ਵੀ ਉਨ੍ਹਾਂ ਲਈ ਸੁਖਾਲਾ ਨਹੀਂ ਹੈ।

ਅਖ਼ਬਾਰ ਦੀ ਇੱਕ ਹੋਰ ਰਿਪੋਰਟ ਮੁਤਾਬਕ ਸੂਬੇ ਵਿੱਚ ਐਚਆਈਵੀ ਪੌਜ਼ਿਟਵ ਮਰੀਜਾਂ ਦੀ ਗਿਣਤੀ ਵਿੱਚ ਪਿਛਲੇ ਪੰਜਾਂ ਸਾਲਾਂ ਦੌਰਾਨ 38.4 ਫੀਸਦੀ ਦਾ ਵਾਧਾ ਹੋਇਆ ਹੈ। ਜਿਸ ਦੀ ਇੱਕ ਵਜ੍ਹਾ ਸੂਬੇ ਵਿੱਚ ਏਡਜ਼ ਦੀ ਪਛਾਣ ਦੀਆਂ ਵਧੀਆਂ ਸਹੂਲਤਾਂ ਵੀ ਹਨ।

ਐਮਐਲਏ ਨਾਲ ਬਹਿਸਣ ਵਾਲੀ ਐਸਐਚਓ ਦਾ ਤਬਾਦਲਾ

ਫਾਜ਼ਿਲਕਾ ਤੋਂ ਕਾਂਗਰਸ ਐਮਐਲਏ ਦਵਿੰਦਰ ਸਿੰਘ ਘੁਬਾਇਆ ਵੱਲੋਂ ਧਮਕਾਈ ਜਾਣ ਵਾਲੀ ਫੋਨ ਕਾਲ ਦੀ ਰਿਕਾਰਡਿੰਗ ਵਾਇਰਲ ਹੋਣ ਤੋਂ ਦੋ ਹਫ਼ਤੇ ਬਾਅਦ ਐਸਐਚਓ ਲਵਮੀਤ ਕੌਰ ਦੀ ਬਦਲੀ ਕਰ ਦਿੱਤੀ ਗਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਐਸਐਸਪੀ ਫਾਜ਼ਿਲਕਾ ਦੇ ਦਫਤਰੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਵਿੱਚ ਬਦਲੀ ਦਾ ਆਧਾਰ ਪ੍ਰਬੰਧਕੀ ਅਤੇ ਲੋਕ ਹਿੱਤ ਦੱਸਿਆ ਗਿਆ ਹੈ ਪਰ ਰਿਕਾਰਡਿੰਗ ਵਿੱਚ ਵਿਧਾਇਕ ਨੂੰ ਕਹਿੰਦੇ ਸੁਣਿਆ ਗਿਆ ਸੀ ਕਿ ਉਹ ਐਸਐਚਓ ਹੈ ਅਤੇ ਰੱਬ ਨਹੀਂ ਅਤੇ ਉਸ ਨੂੰ ਬੋਰੀਆ-ਬਿਸਤਰ ਬੰਨ੍ਹਣ ਦੀ ਧਮਕੀ ਦਿੱਤੀ ਸੀ।

ਜਿਸ ਮਗਰੋਂ ਲਵਮੀਤ ਨੇ ਘੁਬਾਇਆ ਨੂੰ ਆਪਣੀ ਬਦਲੀ ਕਰਵਾਉਣ ਦੀ ਚੁਣੌਤੀ ਦਿੱਤੀ ਸੀ।

ਸੀਚੇਵਾਲ ਦੀ ਪ੍ਰਦੂਸ਼ਣ ਕੰਟਰੋਲ ਬੋਰਡ ਚੋਂ ਛੁੱਟੀ

ਵਾਤਵਰਨ ਕਾਰਕੁਨ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਸੇਵਾ ਸਿੰਘ ਨੂੰ ਲਾ ਦਿੱਤਾ ਗਿਆ ਹੈ।

ਕਾਲੀ ਵੇਈਂ ਦੀ ਸਫਾਈ ਦੇ ਕੰਮ ਲਈ ਦੇਸ ਦੇ ਸਰਬਉੱਚ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਤ ਬਲਬੀਰ ਸਿੰਘ ਦੇ ਹਟਾਏ ਜਾਣ ਨੂੰ ਹਾਲ ਹੀ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪੰਜਾਬ ਸਰਕਾਰ ਨੂੰ ਕੀਤੇ ਗਏ 50 ਕਰੋੜ ਦੇ ਜੁਰਮਾਨੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਜਦਕਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ ਅਤੇ ਇਹ ਇੱਕ ਰੁਟੀਨ ਕਾਰਵਾਈ ਹੈ।

ਪ੍ਰੋਫ਼ੈਸਰ ਨੇ ਭਗਤ ਸਿੰਘ ਨੂੰ 'ਅੱਤਵਾਦੀ' ਦੱਸਿਆ

ਜੰਮੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮੁਹੰਮਦ ਤਾਜੂਦੀਨ ਨੇ ਰਾਜਨੀਤੀ ਵਿਗਿਆਨ ਵਿਭਾਗ 'ਚ ਵੀਰਵਾਰ ਨੂੰ ਦਿੱਤੇ ਲੈਕਚਰ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਕਥਿਤ ਤੌਰ 'ਤੇ 'ਅੱਤਵਾਦੀ' ਆਖਿਆ ਸੀ।

ਵਾਈਸ ਚਾਂਸਲਰ ਪ੍ਰੋਫ਼ੈਸਰ ਮਨੋਜ ਕੇ ਧਰ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਹੈ ਅਤੇ ਉਨ੍ਹਾਂ ਦੇ ਪੜ੍ਹਾਉਣ 'ਤੇ ਰੋਕ ਲਗਾ ਦਿੱਤੀ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਿਦਿਆਰਥੀਆਂ ਨੇ ਪ੍ਰੋਫ਼ੈਸਰ ਦੀ ਮੁਅੱਤਲੀ ਦੀ ਮੰਗ ਕਰਦਿਆਂ ਰੋਸ ਮੁਜ਼ਾਹਰੇ ਕੀਤੇ ਸਨ ਅਤੇ ਇੱਕ ਸੀਡੀ ਵੀ ਸਬੂਤ ਵਜੋਂ ਵੀਸੀ ਨੂੰ ਸੌਂਪੀ ਸੀ।

ਪ੍ਰੋਫ਼ੈਸਰ ਤਾਜੂਦੀਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਦੋ ਘੰਟਿਆਂ ਦੇ ਲੈਕਚਰ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਰੂਸੀ ਇਨਕਲਾਬ ਬਾਰੇ ਗੱਲ ਕਰ ਰਹੇ ਸਨ।

ਜਿਸ ਦੌਰਾਨ ਭਗਤ ਸਿੰਘ ਦਾ ਜ਼ਿਕਰ ਵੀ ਆਇਆ ਸੀ ਅਤੇ ਉਸੇ ਲੈਕਚਰ ਵਿੱਚੋਂ ਕਿਸੇ ਨੇ25 ਸਕਿੰਟ ਦੀ ਕਲਿੱਪ ਕੱਢ ਕੇ ਵਿਵਾਦ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਉਹ ਵੀ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਮੰਨਦੇ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)