You’re viewing a text-only version of this website that uses less data. View the main version of the website including all images and videos.
ਕੀ ਦਿਨ ਵਿੱਚ ਨਾਈਟੀ ਪਾਉਣ ਦਾ ਮਤਲਬ 'ਅਸ਼ਲੀਲਤਾ' ਫੈਲਾਉਣਾ ਹੈ
ਦੱਖਣੀ ਭਾਰਤ ਦੇ ਇੱਕ ਪਿੰਡ ਵਿੱਚ ਬਜ਼ੁਰਗਾਂ ਦੀ ਕਮੇਟੀ ਨੇ ਔਰਤਾਂ ਨੂੰ ਦਿਨੇ ਨਾਈਟੀਆਂ ਪਾਉਣ ਤੋਂ ਮਨਾਂ ਕੀਤਾ ਹੈ।
ਨਾਂ ਮੁਤਾਬਕ ਤਾਂ ਨਾਈਟੀਆਂ, ਜਿਸਨੂੰ ਮੈਕਸੀ ਵੀ ਕਹਿੰਦੇ ਹਨ, ਖੁਲ੍ਹੇ ਤੇ ਬਿਨਾਂ ਕਿਸੇ ਆਕਾਰ ਵਾਲੇ ਕੱਪੜੇ ਹੁੰਦੇ ਹਨ ਜਿਸਨੂੰ ਪਹਿਲਾਂ ਸੌਣ ਵੇਲੇ ਪਾਉਂਦੇ ਸਨ।
ਪਰ ਕੁਝ ਸਾਲਾਂ ਤੋਂ ਭਾਰਤ ਦੀਆਂ ਗ੍ਰਹਿਣੀਆਂ ਇਸ ਨੂੰ ਬਹੁਤ ਪਸੰਦ ਕਰਨ ਲੱਗੀਆਂ ਹਨ ਅਤੇ ਸਿਰਫ ਰਾਤ ਨੂੰ ਨਹੀਂ ਬਲਕਿ ਦਿਨ ਵਿੱਚ ਵੀ ਇਹੀ ਪਾਉਂਦੀਆਂ ਹਨ।
ਚਾਰ ਮਹੀਨੇ ਪਹਿਲਾਂ ਆਂਧਰ ਪ੍ਰਦੇਸ਼ ਦੇ ਪਿੰਡ ਤੋਕਲਾਪੱਲੀ ਦੀ ਨੌਂ ਮੈਂਬਰਾਂ ਦੀ ਕਾਉਂਸਲ ਨੇ ਇਹ ਆਰਡਰ ਪਾਸ ਕੀਤਾ ਸੀ ਕਿ ਔਰਤਾਂ ਅਤੇ ਕੁੜੀਆਂ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਦੇ ਸੱਤ ਵਜੇ ਤੱਕ ਨਾਈਟੀ ਨਹੀਂ ਪਾਉਣਗੀਆਂ। ਕਾਊਂਸਲ ਦੀ ਮੁਖੀ ਇੱਕ ਮਹਿਲੀ ਹੀ ਸੀ।
ਇਹ ਵੀ ਪੜ੍ਹੋ:
ਜੋ ਵੀ ਇਸ ਨੇਮ ਦਾ ਉਲੰਘਣ ਕਰੇਗਾ, ਉਸਨੂੰ 2000 ਰੁਪਏ ਜੁਰਮਾਨਾ ਲੱਗੇਗਾ ਅਤੇ ਜੋ ਅਜਿਹਾ ਕਰਨ ਵਾਲੇ ਬਾਰੇ ਦੱਸੇਗਾ ਉਸਨੂੰ 1000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਇਸ ਦੀ ਸਖਤ ਪਾਲਣਾ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ ਹੈ।
ਪਿੰਡ ਦੇ ਬਜ਼ੁਰਗ ਵਿਸ਼ਨੂੰ ਮੂਰਥੀ ਨੇ ਦੱਸਿਆ, ''ਰਾਤ ਨੂੰ ਆਪਣੇ ਘਰ ਵਿੱਚ ਨਾਈਟੀ ਪਾਉਣਾ ਠੀਕ ਹੈ, ਪਰ ਬਾਹਰ ਪਾਉਣ ਨਾਲ ਪਹਿਣਨ ਵਾਲੇ ਵੱਲ ਧਿਆਨ ਜਾਂਦਾ ਹੈ ਅਤੇ ਇਸ ਨਾਲ ਉਹ ਮੁਸੀਬਤ ਵਿੱਚ ਫਸ ਸਕਦੇ ਹਨ।''
ਪਿੰਡ ਦੇ ਮਰਦ ਤੇ ਔਰਤ ਵਸਨੀਕਾਂ ਨੇ ਦੱਸਿਆ ਕਿ ਉਹ ਇਸ ਦੇ ਖਿਲਾਫ ਹਨ ਪਰ ਨੇਮ ਤੋੜਕੇ ਜੁਰਮਾਨਾ ਨਹੀਂ ਭਰਨਾ ਚਾਹੁੰਦੇ।
ਇਹ ਪਹਿਲੀ ਵਾਰ ਨਹੀਂ ਜਦ ਨਾਈਟੀ ਨੂੰ ਬੈਨ ਕੀਤਾ ਗਿਆ ਹੋਵੇ।
2014 ਵਿੱਚ ਮੁੰਬਏ ਨੇੜਲੇ ਇੱਕ ਪਿੰਡ ਦੇ ਔਰਤਾਂ ਦੇ ਇੱਕ ਗਰੁੱਪ ਨੇ ਦਿਨ ਵਿੱਚ ਨਾਈਟੀ ਪਾਉਣ 'ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਸੀ। ਉਨ੍ਹਾਂ ਇਸ ਨੂੰ ਅਸ਼ਲੀਲ ਦੱਸਿਆ ਸੀ।
ਪਰ ਇਹ ਬੈਨ ਟਿਕਿਆ ਨਹੀਂ ਕਿਉਂਕਿ ਔਰਤਾਂ ਨੇ ਦਿਨ ਵਿੱਚ ਨਾਈਟੀ ਪਾਉਣਾ ਨਹੀਂ ਛੱਡਿਆ।
ਨਾਈਟੀ ਇੰਨੀ ਲੋਕਪ੍ਰੀਅ ਕਿਉਂ?
ਨਾਈਟੀ ਦਾ ਕਰੋੜਾਂ ਦਾ ਵਪਾਰ ਹੈ ਅਤੇ ਇਹ ਭਾਰਤੀ ਮਾਰਕੀਟ ਵਿੱਚ ਵੱਖ-ਵੱਖ ਡਿਜਾਈਨਜ਼ 'ਚ ਮਿਲਦੀਆਂ ਹਨ। ਸਭ ਤੋਂ ਲੋਕਪ੍ਰੀਅ ਕੌਟਨ ਨਾਈਟੀ ਹੈ ਜੋ ਫਲੋਰਲ ਡਿਜ਼ਾਈਨ ਵਿੱਚ ਮਿਲਦੀ ਹੈ।
ਕੀਮਤ ਦੀ ਗੱਲ ਕਰੀਏ ਤਾਂ 100 ਰੁਪਏ ਤੋਂ ਲੈ ਕੇ ਹਜ਼ਾਰਾਂ ਤੱਕ ਦੀ ਵੀ ਆਉਂਦੀ ਹੈ।
ਡਿਜ਼ਾਈਨਰ ਰਿਮਜ਼ਿਮ ਦਾਦੂ ਮੁਤਾਬਕ ਨਾਈਟੀ ਗ੍ਰਹਿਣੀਆਂ ਵਿੱਚ ਇੰਨੀ ਲੋਕਪ੍ਰੀਅ ਇਸਲਈ ਹੈ ਕਿਉਂਕਿ ਘਰ ਦੇ ਕੰਮਾਂ ਲਈ ਇਹ ਬੇਹੱਦ ਆਰਾਮਦਾਇਕ ਹੈ।
ਇਹ ਵੀ ਪੜ੍ਹੋ:
ਡਿਜ਼ਾਈਨਰ ਡੇਵਿਡ ਅਬਰਾਹਮ ਨੇ ਕਿਹਾ, ''ਇਹ ਸਭ ਤੋਂ ਸੋਹਣੀ ਡਰੈੱਸ ਤਾਂ ਨਹੀਂ ਹੈ, ਪਰ ਕੰਮ ਦੌਰਾਨ ਪਾਉਣ ਲਈ ਇਹ ਇੱਕ ਯੂਨੀਫੌਰਮ ਵਰਗੀ ਬਣ ਗਈ ਹੈ।''
''ਇਹ ਪਾਉਣ ਵਿੱਚ ਸੋਖੀ ਹੈ, ਪੈਰਾਂ ਤੱਕ ਹੈ ਤਾਂ ਸਰੀਰ ਨੂੰ ਢੱਕਦੀ ਵੀ ਹੈ।''
ਭਾਰਤ ਵਿੱਚ ਕਦੋਂ ਆਈ ਨਾਈਟੀ?
ਸਭ ਤੋਂ ਪਹਿਲਾਂ ਭਾਰਤ ਵਿੱਚ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਔਰਤਾਂ ਨਾਈਟੀਆਂ ਪਾਉਂਦੀਆਂ ਸਨ। ਹੌਲੀ ਹੌਲੀ ਭਾਰਤ ਦੀ ਹਾਈ ਕਲਾਸ ਨੇ ਇਸ ਨੂੰ ਅਪਣਾ ਲਿਆ।
ਹਾਲਾਂਕਿ ਇਹ ਸਾਫ ਨਹੀਂ ਹੈ ਕਿ ਅਮੀਰਾਂ ਦੇ ਬੈੱਡਰੂਮ 'ਚੋਂ ਸੜਕਾਂ ਤੱਕ ਨਾਈਟੀ ਕਿਵੇਂ ਪਹੁੰਚੀ।
ਫੈਸ਼ਨ ਪੋਰਟਲ 'ਦਿ ਵੌਇਸ ਆਫ ਫੈਸ਼ਨ' ਦੀ ਐਡੀਟਰ ਸ਼ੇਫਾਲੀ ਵਾਸੂਦੇਵ ਮੁਤਾਬਕ 1970 ਵਿੱਚ ਗੁਜਰਾਤ ਦੇ ਇੱਕ ਛੋਟੇ ਸ਼ਹਿਰ ਵਿੱਚ ਉਸਨੇ ਮੰਮੀਆਂ ਤੇ ਆਨਟੀਆਂ ਨੂੰ ਇਸ ਨੂੰ ਪਾਉਂਦੇ ਹੋਵੇ ਵੇਖਿਆ।
ਉਸ ਵੇਲੇ ਔਰਤਾਂ ਦਿਨ ਵਿੱਚ ਵੀ ਸੜਕਾਂ 'ਤੇ ਸਬਜ਼ੀ ਖਰੀਦਣ ਲਈ ਨਾਈਟੀ ਵਿੱਚ ਨਜ਼ਰ ਆਉਂਦੀਆਂ ਸਨ।
90 ਦੇ ਦਹਾਕੇ ਵਿੱਚ ਜਦ ਸ਼ੈਫਾਲੀ ਦਿੱਲੀ ਆਈ ਤਾਂ ਉਸਨੇ ਮੰਮੀਆਂ ਨੂੰ ਬੱਚਿਆਂ ਨੂੰ ਸਕੂਲ ਛੱਡਣ ਵੇਲੇ ਵੀ ਨਾਈਟੀ ਪਾਏ ਵੇਖਿਆ।
ਸ਼ੇਫਾਲੀ ਨੇ ਦੱਸਿਆ, ''ਜਦ ਔਰਤਾਂ ਇਸ ਦੇ ਥੱਲੇ ਪੇਟੀਕੋਟ ਪਾਉਂਦੀਆਂ ਹਨ ਅਤੇ ਉੱਤੇ ਦੁਪੱਟਾ ਲੈਂਦੀਆਂ ਹਨ ਤਾਂ ਬਹੁਤ ਮਾੜਾ ਲੱਗਦਾ ਹੈ।''
ਉਨ੍ਹਾਂ ਨੂੰ ਇਹ ਬੈਨ ਸਮਝ ਨਹੀਂ ਆਉਂਦਾ। ਉਨ੍ਹਾਂ ਕਿਹਾ, ''ਨਾਈਟੀ ਨੂੰ ਸੈਕਸੀ ਜਾਂ ਅਸ਼ਲੀਲ ਨਹੀਂ ਕਹਿ ਸਕਦੇ।''
ਉਨ੍ਹਾਂ ਮੁਤਾਬਕ ਕੁਝ ਔਰਤਾਂ ਨਾਈਟੀ ਨੂੰ ਇਸਲਈ ਬੈਨ ਕਰਨਾ ਚਾਹੁੰਦੀਆਂ ਹਨ ਕਿਉਂਕਿ ਇਹ ਵੈਸਟਰਨ ਹੈ, ਮੌਡਰਨ ਹੈ ਤੇ ਇਸਲਈ ਉਨ੍ਹਾਂ ਲਈ ਅਸ਼ਲੀਲ ਹੈ।
ਡੇਵਿਡ ਅਬਰਾਹਮ ਇਸ ਗੱਲ ਨਾਲ ਸਹਿਮਤ ਹਨ ਤੇ ਕਹਿੰਦੇ ਹਨ, ''ਅਸ਼ਲੀਲਤਾ ਵੇਖਣ ਵਾਲੇ ਦੀਆਂ ਅੱਖਾਂ ਵਿੱਚ ਹੁੰਦੀ ਹੈ। ਇਸ ਬੈਨ ਪਿੱਛੇ ਕੋਈ ਵੀ ਤਰਕ ਸਹੀ ਨਹੀਂ ਹੈ।''
ਉਨ੍ਹਾਂ ਮੁਕਾਬਕ ਪਿੰਡ ਦੇ ਇਸ ਨੇਮ ਦਾ ਆਧਾਰ ਪਿਤਾਪੁਰਖੀ ਸੋਚ ਤੇ ਸੱਤਾ ਹੈ।
ਉਨ੍ਹਾਂ ਕਿਹਾ, ''ਕੀ ਤੁਸੀਂ ਕਦੇ ਸੁਣਿਆ ਹੈ ਕਿ ਕਾਉਂਸਲ ਨੇ ਮਿਲਕੇ ਇਹ ਤੈਅ ਕੀਤਾ ਹੋਵੇ ਕਿ ਮਰਦ ਕੀ ਪਾਉਣਗੇ। ਅੱਜ ਇਹ ਲੋਕ ਨਾਈਟੀ ਦੇ ਪਿੱਛੇ ਪਏ ਹਨ, ਕੱਲ ਨੂੰ ਪਤਾ ਨਹੀਂ ਕਿਸੇ ਹੋਰ ਚੀਜ਼ ਪਿੱਛੇ ਪੈ ਜਾਣ।''