ਭਾਜਪਾ ਨੂੰ ਟੀਪੂ ਸੁਲਤਾਨ ਤੋਂ ਇੰਨਾ ਇਤਰਾਜ਼ ਕਿਉਂ ਹੈ

'ਸ਼ੇਰ-ਏ-ਮੈਸੂਰ' ਕਹੇ ਜਾਣ ਵਾਲੇ ਟੀਪੂ ਸੁਲਤਾਨ ਦੇ ਜਨਮ ਦਿਹਾੜੇ ਮੌਕੇ ਕਰਨਾਟਕ ਸਰਕਾਰ ਨੇ ਇੱਕ ਵੱਡਾ ਸਮਾਗਮ ਕਰਨ ਦਾ ਫੈਸਲਾ ਕੀਤਾ।

18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦਾ ਜਨਮ 10 ਨਵੰਬਰ 1750 ਨੂੰ ਹੋਇਆ ਸੀ।

ਕਰਨਾਟਕ ਸਰਕਾਰ ਟੀਪੂ ਸੁਲਤਾਨ ਦੇ ਜਨਮ ਦਿਹਾੜੇ 'ਤੇ ਲੰਬੇ ਸਮੇਂ ਤੋਂ ਖੇਤਰੀ ਪ੍ਰੋਗਰਾਮ ਕਰਦੀ ਰਹੀ ਹੈ।

ਦੂਜੇ ਪਾਸੇ ਭਾਜਪਾ ਜੋ ਕਿ ਟੀਪੂ ਸੁਲਤਾਨ ਨੂੰ 'ਕਠੋਰ', 'ਸਨਕੀ ਕਾਤਲ' ਅਤੇ 'ਬਲਾਤਕਾਰੀ' ਸਮਝਦੀ ਰਹੀ ਹੈ, ਇਨ੍ਹਾਂ ਪ੍ਰੋਗਰਾਮਾਂ ਦਾ ਵਿਰੋਧ ਕਰਦੀ ਰਹੀ ਹੈ ਜੋ ਇਸ ਸਾਲ ਵੀ ਨਿਰਵਿਘਨ ਜਾਰੀ ਹੈ।

ਸ਼ਨਿੱਚਰਵਾਰ ਸਵੇਰੇ ਭਾਜਪਾ ਦੀ ਕਰਨਾਟਕ ਇਕਾਈ ਨੇ ਟਵੀਟ ਕੀਤਾ, "ਕਾਂਗਰਸ ਅਤੇ ਟੀਪੂ ਸੁਲਤਾਨ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਦੋਵੇਂ ਹੀ ਹਿੰਦੂ ਵਿਰੋਧੀ ਰਹੇ ਹਨ। ਦੋਵੇਂ ਹੀ ਘੱਟ -ਗਿਣਤੀਆਂ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹਨ। ਇਸੇ ਲਈ ਕਾਂਗਰਸ ਪਾਰਟੀ ਟੀਪੂ ਦੇ ਜਨਮ ਦਿਹਾੜੇ ਮੌਕੇ ਜਸ਼ਨ ਮਨਾ ਰਹੀ ਹੈ।"

ਇਹ ਵੀ ਪੜ੍ਹੋ:

ਕਰਨਾਟਕ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਅਤੇ ਇਸਦੇ ਸਹਾਇਕ ਸੰਗਠਨ ਟੀਪੂ ਸੁਲਤਾਨ ਦੇ ਜਨਮ ਦਿਹਾੜੇ ਦਾ ਵਿਰੋਧ ਕਰ ਰਹੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਕਰਨਾਟਕ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ।

ਕਰਨਾਟਕ ਦੇ ਮੁੱਖ ਮੰਤਰੀ ਐੱਮ. ਡੀ. ਕੁਮਾਰਸਵਾਮੀ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਕਿਹਾ ਕਿ ਸਿਹਤ ਖਰਾਬ ਹੋਣ ਕਾਰਨ ਟੀਪੂ ਦੀ ਜਨਮ ਵਰ੍ਹੇਗੰਢ ਮੌਕੇ ਉਹ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕਣਗੇ।

ਟੀਪੂ ਸੁਲਤਾਨ ਦਾ ਜਨਮ ਦਿਹਾੜੇ ਦੇ ਸਮਾਗਮ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ 57 ਹਜ਼ਾਰ ਪੁਲਿਸ ਵਾਲੇ ਤਾਇਨਾਤ ਕੀਤੇ ਗਏ। ਤਕਰੀਬਨ ਤਿੰਨ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਰਾਜਧਾਨੀ ਬੈਂਗਲੁਰੂ ਵਿੱਚ ਹੋਈ।

ਕੁਝ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਕੁਮਾਰਸਵਾਮੀ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਤਿਆਰ ਹੋ ਰਹੇ ਸਿਆਸੀ ਮੈਦਾਨ ਉੱਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚਣ ਲਈ ਇਹ ਫੈਸਲਾ ਲਿਆ ਹੈ।

ਪਰ ਹਰ ਵਾਰ ਦੀ ਤਰ੍ਹਾਂ ਭਾਜਪਾ ਇਸ ਵਾਰੀ ਵੀ ਟੀਪੂ ਸੁਲਤਾਨ 'ਤੇ ਆਪਣਾ ਪੱਖ ਸਪਸ਼ਟ ਕਰ ਚੁੱਕੀ ਹੈ।

ਜਨਮ ਦੇ ਜਸ਼ਨ

ਪਿਛਲੇ ਕੁਝ ਸਾਲਾਂ ਦੌਰਾਨ ਟੀਪੂ ਸੁਲਤਾਨ ਦੇ ਜਨਮ ਦਿਹਾੜੇ ਮੌਕੇ ਹਿੰਸਕ ਪ੍ਰਦਰਸ਼ਨ ਹੋ ਚੁੱਕੇ ਹਨ।

ਸਾਲ 2015 ਵਿੱਚ, ਕਰਨਾਟਕ ਦੇ ਕੋਡਾਗੂ ਜ਼ਿਲ੍ਹੇ ਵਿੱਚ ਹੋਏ ਅਜਿਹੇ ਹੀ ਵਿਰੋਧ ਪ੍ਰਦਰਸ਼ਨ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਇੱਕ ਵਰਕਰ ਮੌਤ ਹੋ ਗਈ ਸੀ ਅਤੇ ਕੁਝ ਲੋਕ ਜ਼ਖਮੀ ਵੀ ਹੋਏ ਸਨ।

ਭਾਜਪਾ ਦੇ ਵਿਚਾਰ ਵਿੱਚ, ਕਰਨਾਟਕ ਸਰਕਾਰ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਟੀਪੂ ਸੁਲਤਾਨ ਦੇ ਜਨਮ ਦਾ ਜਸ਼ਨ ਮਨਾ ਰਹੀ ਹੈ।

ਇਹ ਵੀ ਪੜ੍ਹੋ:

ਸਵਾਲ ਇਹ ਹੈ ਕਿ ਆਖ਼ਰ ਭਾਜਪਾ ਅਤੇ ਸੰਘ ਨੂੰ ਟੀਪੂ ਸੁਲਤਾਨ ਤੋਂ ਇੰਨਾਂ ਪਰਹੇਜ਼ ਕਿਉਂ ਹੈ?

ਇਸ ਨੂੰ ਸਮਝਣ ਲਈ ਬੀਬੀਸੀ ਪੱਤਰਕਾਰ ਅਨੰਤ ਪ੍ਰਕਾਸ਼ ਨੇ ਆਰਐਸਐਸ ਦੇ ਵਿਚਾਰਕ ਅਤੇ ਰਾਜ ਸਭਾ ਮੈਂਬਰ ਰਾਕੇਸ਼ ਸਿਨਹਾ ਨਾਲ ਗੱਲਬਾਤ ਕੀਤੀ।

ਰਾਕੇਸ਼ ਸਿਨਹਾ ਅਨੁਸਾਰ, "ਟੀਪੂ ਸੁਲਤਾਨ ਨੇ ਹਿੰਦੂਆਂ ਦਾ ਧਰਮ ਬਦਲਣ ਲਈ ਆਪਣੇ ਸ਼ਾਸਨ ਦੀ ਵਰਤੋਂ ਕੀਤੀ ਅਤੇ ਇਹੀ ਉਸਦਾ ਮਿਸ਼ਨ ਸੀ। ਉਸ ਨੇ ਹਿੰਦੂਆਂ ਦੇ ਮੰਦਿਰ ਵੀ ਤੋੜੇ, ਹਿੰਦੂ ਔਰਤਾਂ ਦੀ ਇਜ਼ੱਤ ਉੱਤੇ ਹਮਲੇ ਕੀਤੇ ਅਤੇ ਈਸਾਈਆਂ ਦੇ ਗਿਰਜਿਆਂ 'ਤੇ ਹਮਲੇ ਕੀਤੇ। ਇਸ ਕਾਰਨ ਅਸੀਂ ਮੰਨਦੇ ਹਾਂ ਕਿ ਸੂਬਾ ਸਰਕਾਰਾਂ ਟੀਪੂ ਸੁਲਤਾਨ 'ਤੇ ਸੈਮੀਨਾਰ ਕਰਵਾ ਸਕਦੀਆਂ ਹਨ ਅਤੇ ਉਨ੍ਹਾਂ ਦੇ ਚੰਗੇ-ਮਾੜੇ ਕੰਮਾਂ ਦੀ ਚਰਚਾ ਕਰ ਸਕਦੀਆਂ ਹਨ, ਪਰ ਉਨ੍ਹਾਂ ਦੇ ਜਨਮ ਦਿਵਸ ਮੌਕੇ ਕਰਨਾਟਕ ਸਮਾਗਮ ਕਰਵਾ ਕੇ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ?"

ਟੀਪੂ ਨੂੰ ਅਜਿਹਾ ਹੁਕਮਰਾਨ ਮੰਨਿਆਂ ਜਾਂਦਾ ਹੈ ਜਿਸ ਨੇ ਖੇਤੀ ਸੁਧਾਰ ਲਾਗੂ ਕੀਤੇ।

ਇਸ ਬਾਰੇ ਰਾਕੇਸ਼ ਸਿਨਹਾ ਨੇ ਕਿਹਾ, "ਕਿਸੇ ਵੀ ਹੁਕਮਰਾਨ ਦੇ ਸਮਾਜਿਕ ਦਰਸ਼ਨ ਦਾ ਮੁਲਾਂਕਣ ਉਸ ਸਮੇਂ ਹੁੰਦਾ ਹੈ ਜਦੋਂ ਉਸਦੀ ਤਾਕਤ ਸਿਖ਼ਰਾਂ 'ਤੇ ਹੁੰਦੀ ਹੈ। ਟੀਪੂ ਨੇ ਬੇਬਸੀ ਦੀ ਹਾਲਤ ਵਿੱਚ ਆਪਣੇ ਜੋਤਸ਼ੀ ਦੇ ਕਹਿਣ 'ਤੇ ਸ਼੍ਰਿੰਗੋਰੀ ਮੱਠ ਦੀ ਮਦਦ ਕੀਤੀ ਪਰ ਉਸ ਦਾ ਸਮਾਂ ਧਰਮ ਪ੍ਰਿਵਰਤਨ ਨਾਲ ਭਰਿਆ ਪਿਆ ਹੈ।"

"ਕਿਸੇ ਵੀ ਦੌਰ ਦੇ ਹੁਕਮਰਾਨ ਲਈ ਇਹ ਜਰੂਰੀ ਹੈ ਕਿ ਉਹ ਰਾਜ ਧਰਮ ਦਾ ਪਾਲਣ ਕਰੇ। ਜੇ ਤੁਸੀਂ ਹੁਕਮਰਾਨ ਹੋ ਤਾਂ ਸਾਰੀ ਪਰਜਾ ਨੂੰ ਬਰਾਬਰ ਨਿਗ੍ਹਾ ਨਾਲ ਦੇਖਣਾ ਪਵੇਗਾ। ਅਜਿਹਾ ਨਾ ਕਰਨ ਵਾਲਾ ਕੋਈ ਵੀ ਹੁਕਮਰਾਨ ਇਤਹਾਸ ਦੇ ਹਾਸ਼ੀਏ ਵਿੱਚ ਚਲਾ ਜਾਂਦਾ ਹੈ। ਕੀ ਅਸੀਂ ਅਜਿਹੇ ਹੁਕਮਰਾਨਾਂ ਨੂੰ ਨੌਜਵਾਨਾਂ ਦੇ ਪ੍ਰੇਰਣਾ ਸਰੋਤ ਬਣਨ ਦੇ ਸਕਦੇ ਹਾਂ"

ਟੀਪੂ ਇੱਕ ਵੱਡਾ ਚੁਣਾਵੀ ਮਸਲਾ

ਕਰਨਾਟਕ ਵਿੱਚ ਭਾਜਪਾ ਲਈ ਟੀਪੂ ਕਾਫੀ ਲੰਬੇ ਸਮੇਂ ਤੋਂ ਇੱਕ ਵੱਡਾ ਚੁਣਾਵੀ ਮੁੱਦਾ ਬਣਿਆ ਰਿਹਾ ਹੈ।

ਭਾਜਪਾ ਦੀ ਸਿਆਸਤ ਉੱਪਰ ਨਿਗ੍ਹਾ ਰੱਖਣ ਵਾਲੇ ਸੀਨੀਅਰ ਪੱਤਰਕਾਰ ਅਖਿਲੇਸ਼ ਸ਼ਰਮਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਭਾਜਪਾ ਵੱਲੋਂ ਪਹਿਲਾਂ ਕਰਨਾਟਕ ਤੇ ਫਿਰ ਟੀਪੂ ਦੇ ਜਨਮ ਦਿਹਾੜੇ ਦੇ ਵਿਰੋਧ ਵਿੱਚ ਦਿੱਲੀ 'ਚ ਹੋਏ ਵਿਰੋਧ ਪ੍ਰਦਰਸ਼ਨਾਂ ਦੀ ਵਜ੍ਹਾ ਦੱਸੀ।

ਉਨ੍ਹਾਂ ਕਿਹਾ, "ਇਹ ਸਿਰਫ ਕਰਨਾਟਕ ਤੱਕ ਹੀ ਸੀਮਿਤ ਨਹੀਂ ਹੈ। ਦਰਅਸਲ ਭਾਜਪਾ ਦੇ ਲੋਕ ਟੀਪੂ ਦੇ ਮੁੱਦੇ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ। ਇਸ ਲਈ ਉਹ ਦਿੱਲੀ ਵਿੱਚ ਵੀ ਵਿਰੋਧ ਪ੍ਰਦਰਸ਼ਨ ਕਰਦੇ ਹਨ। ਇਸੇ ਸਾਲ ਦੇ ਸ਼ੁਰੂ ਵਿੱਚ ਦਿੱਲੀ ਵਿੱਚ ਭਾਜਪਾ ਦੇ ਵਿਧਾਨ ਸਭਾ ਮੈਂਬਰ ਟੀਪੂ ਦੀ ਤਸਵੀਰ ਦਾ ਵਿਰੋਧ ਕਰਦੇ ਹੋਏ ਟੀਪੂ ਦੀ ਥਾਂ ਸਿੱਖ ਆਗੂਆਂ ਦੀ ਤਸਵੀਰਾਂ ਲਾਉਣ ਦੀ ਗੱਲ ਕਰ ਰਹੇ ਸਨ।"

ਭਾਜਪਾ-ਅਕਾਲੀ ਦਲ ਦੇ ਵਿਧਾਨ ਸਭਾ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਦਿੱਲੀ ਵਿਧਾਨ ਸਭਾ ਵਿੱਚ ਟੀਪੂ ਦੀ ਥਾਂ ਜੱਸਾ ਸਿੰਘ ਆਹਲੂਵਾਲੀਆ ਦੀ ਤਸਵੀਰ ਲਾਈ ਜਾਣੀ ਚਾਹੀਦੀ ਹੈ।

ਭਾਜਪਾ ਕਈ ਸਾਲਾਂ ਤੋਂ ਟੀਪੂ ਦਾ ਜਨਮ ਦਿਹਾੜਾ ਮਨਾਉਣ ਦਾ ਵਿਰੋਧ ਕਰ ਰਹੀ ਹੈ।

ਅਖਿਲੇਸ਼ ਨੇ ਟੀਪੂ ਬਾਰੇ ਸੂਬੇ ਵਿੱਚ ਹੋ ਰਹੀ ਸਿਆਸਤ ਬਾਰੇ ਕਿਹਾ, "ਕਰਨਾਟਕ ਵਿੱਚ ਭਾਜਪਾ ਇਸ ਨੂੰ ਵੱਡਾ ਮਸਲਾ ਬਣਾ ਕੇ ਰਹੇਗੀ। ਇਸਦੀ ਵਜ੍ਹਾ ਇਹ ਹੈ ਕਿ ਭਾਜਪਾ ਕਾਂਗਰਸ ਦੇ ਮੁੱਖ ਮੰਤਰੀ ਨੂੰ ਹਿੰਦੂ ਵਿਰੋਧੀ ਨੇਤਾ ਸਾਬਤ ਕਰਨਾ ਚਾਹੁੰਦੀ ਹੈ। ਅਤੇ ਇਹ ਵੀ ਕਿ ਉਨ੍ਹਾਂ ਦੀਆਂ ਨੀਤੀਆਂ ਹਿੰਦੂ ਵਿਰੋਧੀ ਹਨ।"

"ਹਾਲ ਹੀ ਵਿੱਚ ਜਦੋਂ ਘੱਟ ਗਿਣਤੀਆਂ ਖਿਲਾਫ ਦਰਜ ਕੁਝ ਮਾਮਲਿਆਂ ਨੂੰ ਵਾਪਸ ਲੈਣ ਦੀ ਗੱਲ ਹੋਈ ਸੀ ਤਾਂ ਭਾਜਪਾ ਦਾ ਕਹਿਣਾ ਸੀ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਅਨੰਤ ਹੇਗੜੇ ਉੱਥੇ ਟੀਪੂ ਨੂੰ ਵੱਡਾ ਮੁੱਦਾ ਬਣਾਉਣਾ ਚਾਹੁੰਦੇ ਹਨ। ਭਾਜਪਾ ਨੂੰ ਲਗਦਾ ਹੈ ਕਿ ਜੇ ਟੀਪੂ ਸੁਲਤਾਨ ਦੇ ਜੁਲਮਾਂ ਦੀ ਗੱਲ ਕਰੀਏ, ਉਨ੍ਹਾਂ ਨੂੰ ਇੱਕ ਖਲਨਾਇਕ ਵਾਂਗ ਪੇਸ਼ ਕੀਤਾ ਜਾਵੇ ਤਾਂ ਕਰਨਾਟਕ ਦੇ ਤੱਟੀ ਖੇਤਰਾਂ ਵਿੱਚ ਪਾਰਟੀ ਨੂੰ ਵੋਟ ਮਿਲ ਸਕਦੇ ਹਨ।"

ਹਾਲਾਂਕਿ ਵਿਰੋਧੀ ਪਾਰਟੀਆਂ ਇਸ ਮਸਲੇ 'ਤੇ ਭਾਜਪਾ 'ਤੇ ਦੂਹਰੀ ਸਿਆਸਤ ਕਰਨ ਦਾ ਇਲਜ਼ਾਮ ਲਾਉਂਦੀਆਂ ਹਨ।

ਅਖਿਲੇਸ਼ ਸ਼ਰਮਾ ਨੇ ਦੱਸਿਆ, "ਇਸ ਮੁੱਦੇ ਤੇ ਭਾਜਪਾ ਦੀ ਰਾਇ ਬਦਲਦੀ ਰਹਿੰਦੀ ਹੈ ਕਿਉਂਕਿ ਇੱਕ ਸਮੇਂ ਜਦੋਂ ਕਰਨਾਟਕ ਵਿੱਚ ਭਾਜਪਾ ਦੀ ਸਰਕਾਰ ਸੀ ਉਸਦੇ ਮੁੱਖ ਮੰਤਰੀ ਜਗਦੀਸ਼ ਸ਼ਰਮਾ ਨੇ ਉਨ੍ਹਾਂ ਨੂੰ ਨਾਇਕ ਦੱਸਿਆ ਸੀ।"

"ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ ਕਰਨਾਟਕ ਵਿਧਾਨ ਸਭਾ ਦੀ 60ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਤੀਰੀਫ ਕਰ ਚੁੱਕੇ ਹਨ। ਅਜਿਹੇ ਵਿੱਚ ਪਾਰਟੀ ਕੋਲ ਕੋਈ ਸਥਾਈ ਮੁੱਦਾ ਨਹੀਂ ਹੈ ਅਤੇ ਇਸੇ ਤੇ ਉਨ੍ਹਾਂ ਦੀ ਰਾਇ ਬਦਲਦੀ ਰਹਿੰਦੀ ਹੈ।"

ਇਤਿਹਾਸ ਦਾ ਕੀ ਕਹਿਣਾ ਹੈ

ਮੈਸੂਰ ਦੇ ਸਾਬਕਾ ਹੁਕਮਰਾਨ ਟੀਪੂ ਸੁਲਤਾਨ ਨੂੰ ਇੱਕ ਦੇਸ਼ -ਭਗਤ ਨਹੀਂ ਧਾਰਮਿਕ ਸਹਿਣਸ਼ੀਲਤਾ ਦੇ ਦੂਤ ਵਜੋਂ ਵੀ ਯਾਦ ਕੀਤਾ ਜਾਂਦਾ ਹੈ।

ਇਤਿਹਾਸ ਦੀ ਮੰਨੀਏ ਤਾਂ ਟੀਪੂ ਨੂੰ ਸੰਪ੍ਰਦਾਇਕ ਹੁਕਮਰਾਨ ਸਿੱਧ ਕਰਨ ਦੀ ਕਹਾਣੀ ਘੜੀ ਗਈ ਹੈ।

ਕੁਝ ਸਮੇਂ ਤੋਂ ਭਾਜਪਾਈ ਆਗੂ ਅਤੇ ਦੱਖਣਪੰਥੀ ਇਤਿਹਾਸਕਾਰ ਟੀਪੂ ਨੂੰ 'ਹਿੰਦੂਆਂ ਦੇ ਦੁਸ਼ਮਣ' ਸੁਲਤਾਨ ਵਜੋਂ ਪੇਸ਼ ਕਰਨ ਦੇ ਯਤਨ ਕਰ ਰਹੇ ਹਨ।

ਟੀਪੂ ਨੂੰ ਹਿੰਦੂਆਂ ਦਾ ਸਫਾਇਆ ਕਰਨ ਵਾਲਾ ਹੁਕਮਰਾਨ ਦੱਸਿਆ ਜਾ ਰਿਹਾ ਹੈ।

ਟੀਪੂ ਨਾਲ ਜੁੜੇ ਦਸਤਾਵੇਜ਼ਾਂ ਦੀ ਘੋਖ-ਪੜਤਾਲ ਕਰਨ ਵਾਲੇ ਇਤਿਹਾਸਕਾਰ ਟੀਸੀ ਗੌੜਾ ਨੇ ਸੀਨੀਅਰ ਪੱਤਰਕਾਰ ਇਮਰਾਨ ਕੁਰੈਸ਼ੀ ਨੂੰ ਦੱਸਿਆ, "ਟੀਪੂ ਦੇ ਸੰਪ੍ਰਦਾਇਕ ਹੋਣ ਦੀ ਕਹਾਣੀ ਘੜੀ ਗਈ ਹੈ।"

"ਟੀਪੂ ਅਜਿਹੇ ਭਾਰਤੀ ਹੁਕਮਰਾਨ ਸਨ ਜਿਨ੍ਹਾਂ ਦੀ ਮੌਤ ਅੰਗਰੇਜ਼ਾਂ ਨਾਲ ਲੜਦਿਆਂ ਜੰਗ ਦੇ ਮੈਦਾਨ ਵਿੱਚ ਹੋਈ। ਸਾਲ 2014 ਦੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਟੀਪੂ ਨੂੰ ਸਾਲ ਨੂੰ ਇੱਕ ਅਜਿੱਤ ਯੋਧਾ ਦੱਸਿਆ ਗਿਆ ਸੀ।"

ਗੌੜਾ ਦਸਦੇ ਹਨ, "ਇਸ ਦੇ ਉਲਟ ਟੀਪੂ ਨੇ ਸ਼ਿੰਗੇਰੀ, ਮੇਲਕੋਟੇ, ਨਾਂਜੁਨਗੜ੍ਹ, ਸ੍ਰੀਰੰਗਾਪਟਨਮ, ਕੋਲੂਰ, ਮੋਕਾਂਬਿਕਾ ਦੇ ਮੰਦਿਰਾਂ ਨੂੰ ਗਹਿਣੇ ਦਿੱਤੇ ਅਤੇ ਸੁਰੱਖਿਆ ਪ੍ਰਦਾਨ ਕੀਤੀ ਸੀ।"

ਉਹ ਕਹਿੰਦੇ ਹਨ, "ਇਹ ਸਭ ਸਰਕਾਰੀ ਕਾਗਜ਼ਾਂ ਵਿੱਚ ਮੌਜੂਦ ਹੈ। ਹਾਲਾਂਕਿ ਕੋਡਗੂ ਉੱਪਰ ਬਾਅਦ ਵਿੱਚ ਕਿਸੇ ਦੂਸਰੇ ਰਾਜੇ ਨੇ ਰਾਜ ਕੀਤਾ ਜਿਸ ਦੌਰਾਨ ਔਰਤਾਂ ਦੇ ਬਲਾਤਕਾਰ ਹੋਏ। ਇਹ ਲੋਕ ਇਸ ਬਾਰੇ ਗੱਲ ਕਿਉਂ ਨਹੀਂ ਕਰਦੇ?"

ਉੱਥੇ ਹੀ ਨੈਸ਼ਨਲ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਦੇ ਪ੍ਰੋਫੈਸਰ ਦਾ ਟੀਪੂ ਬਾਰੇ ਇੱਕ ਵੱਖਰਾ ਹੀ ਦ੍ਰਿਸ਼ਟੀਕੋਣ ਹੈ।

ਸੀਨੀਅਰ ਪੱਤਰਕਾਰ ਇਮਰਾਨ ਕੁਰੈਸ਼ੀ ਨਾਲ ਗੱਲਬਾਤ ਵਿੱਚ ਉਨ੍ਹਾਂ ਦੱਸਿਆ, "18ਵੀਂ ਸਦੀ ਵਿੱਚ ਹਰ ਕਿਸੇ ਨੇ ਲੁੱਟਮਾਰ ਕੀਤੀ ਅਤੇ ਬਲਾਤਕਾਰ ਕੀਤੇ। ਸਾਲ 1791 ਵਿੱਚ ਲੜੀ ਗਈ ਬੰਗਲੌਰ ਦੀ ਤੀਜੀ ਲੜਾਈ ਵਿੱਚ ਤਿੰਨ ਹਜ਼ਾਰ ਲੋਕ ਮਾਰੇ ਗਏ ਸਨ। ਬਹੁਤ ਵੱਡੇ ਪੱਧਰ 'ਤੇ ਬਲਾਤਕਾਰ ਅਤੇ ਲੁੱਟਮਾਰ ਹੋਈ। ਜਿਸ ਦਾ ਬਰਤਾਨਵੀਆਂ ਦੇ ਬਿਰਤਾਂਤਾਂ ਵਿੱਚ ਜ਼ਿਕਰ ਹੈ।"

ਪ੍ਰੋਫੈਸਰ ਨਰਿੰਦਰ ਪਾਨੀ ਕਹਿੰਦੇ ਹਨ,"ਸਾਡੀ ਸੋਚ 21 ਸਦੀ ਮੁਤਾਬਕ ਢਲਣੀ ਚਾਹੀਦੀ ਹੈ ਅਤੇ ਸਾਨੂੰ ਸਾਰੇ ਬਲਾਤਕਾਰਾਂ ਦੀ ਨਿੰਦਾ ਕਰਨੀ ਚਾਹੀਦੀ ਹੈ ਭਾਵੇਂ ਉਹ ਮਰਾਠਿਆ, ਅੰਗਰੇਜ਼ਾਂ ਜਾਂ ਫਿਰ ਦੂਸਰਿਆਂ ਦੇ ਹੱਥੋਂ ਹੋਏ ਹੋਣ।"

"ਟੀਪੂ ਦੇ ਸਭ ਤੋਂ ਵੱਡੇ ਦੁਸ਼ਮਣਾਂ ਵਿੱਚੋਂ ਇੱਕ ਨਿਜ਼ਾਮ ਹੈਦਰਾਬਾਦ ਸਨ। ਇਸ ਮਾਮਲੇ ਨੂੰ ਸੰਪ੍ਰਦਾਇਕ ਰੰਗਤ ਦੇਣਾ ਗਲਤ ਹੈ। ਸੱਚ ਤਾਂ ਇਹ ਹੈ ਕਿ ਸ਼ਿੰਗੇਰੀ ਮੱਠ ਵਿੱਚ ਲੁੱਟਮਾਰ ਮਰਾਠਿਆਂ ਨੇ ਕੀਤੀ ਸੀ, ਟੀਪੂ ਨੇ ਤਾਂ ਉਸ ਨੂੰ ਬਚਾਇਆ ਸੀ।"

ਟੀਪੂ ਦਾ ਸਾਮਰਾਜ

ਟੀਪੂ ਮੈਸੂਰ ਤੋਂ ਲਗਭਗ 15 ਕਿਲੋਮੀਟਰ ਦੀ ਵਿੱਥ 'ਤੇ ਸ਼੍ਰੀਰੰਗਾਪਨਮ ਵਿੱਚ ਇੱਕ ਸ਼ਾਨਦਾਰ ਮਕਬਰੇ ਵਿੱਚ ਆਪਣੇ ਪਿਤਾ ਹੈਦਰ ਅਲੀ ਅਤੇ ਮਾਂ ਫ਼ਾਤਿਮਾ ਦੇ ਨਾਲ ਦਫਨ ਹਨ।

ਸ਼੍ਰੀਰੰਗਾਪਟਨਮ ਹੀ ਉਨ੍ਹਾਂ ਦੀ ਰਾਜਧਾਨੀ ਸੀ ਅਤੇ ਥਾਂ-ਥਾਂ ਟੀਪੂ ਦੇ ਸਮੇਂ ਦੇ ਮਹਿਲ ਇਮਾਰਤਾਂ ਅਤੇ ਖੰਡਰ ਹਨ।

ਇਨ੍ਹਾਂ ਇਮਾਰਤਾਂ ਅਤੇ ਮਕਬਰੇ ਨੂੰ ਦੇਖਣ ਹਜ਼ਾਰਾਂ ਲੋਕ, ਸ਼੍ਰੀਰੰਗਾਪਟਨਮ ਪਹੁੰਚਦੇ ਹਨ।

ਟੀਪੂ ਦੇ ਸਾਮਰਾਜ ਵਿੱਚ ਹਿੰਦੂ ਬਹੁਗਿਣਤੀ ਸਨ। ਟੀਪੂ ਧਾਰਮਿਕ ਸਹਿਣਸ਼ੀਲਤਾ ਅਤੇ ਆਜ਼ਾਦ ਖਿਆਲਾਂ ਲਈ ਜਾਣੇ ਜਾਂਦੇ ਹਨ। ਜਿਨ੍ਹਾਂ ਨੇ ਸ਼੍ਰੀਰੰਗਾਪਟਨਮ, ਮੈਸੂਰ ਅਤੇ ਆਪਣੇ ਰਾਜ ਦੇ ਕਈ ਹੋਰ ਥਾਵਾਂ 'ਤੇ ਵੱਡੇ ਮੰਦਿਰ ਬਣਵਾਏ ਅਤੇ ਮੰਦਿਰਾਂ ਨੂੰਜ਼ਮੀਨਾਂ ਦਿੱਤੀਆਂ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, YouTube 'ਤੇ ਜੁੜੋ।)