ਸ਼੍ਰੋਮਣੀ ਕਮੇਟੀ ਨੇ ਡਾ਼ ਕਿਰਪਾਲ ਸਿੰਘ ਨੂੰ ਸਿੱਖ ਇਤਿਹਾਸ ਪ੍ਰਾਜੈਕਟ ਤੋਂ ਹਟਾਇਆ-ਪ੍ਰੈਸ ਰਿਵੀਊ

ਸ਼੍ਰੋਮਣੀ ਕਮੇਟੀ ਨੇ ਡਾ਼ ਕਿਰਪਾਲ ਸਿੰਘ ਨੂੰ ਸਿੱਖ ਇਤਿਹਾਸ ਪ੍ਰਾਜੈਕਟ ਤੋਂ ਹਟਾ ਦਿੱਤਾ ਹੈ।

ਸਿੱਖ ਇਤਿਹਾਸ ਨਾਲ ਛੇੜਛਾੜ ਮਾਮਲੇ ਵਿੱਚ ਪੰਜਾਬ ਸਰਕਾਰ ਖਿਲਾਫ਼ ਦਿੱਤੇ ਗਏ 48 ਘੰਟਿਆਂ ਦੇ ਰੋਸ ਧਰਨੇ ਮਗਰੋਂ ਸ਼ੁੱਕਰਵਾਰ ਨੂੰ ਸ਼੍ਰੋਮਣੀ ਕਮੇਟੀ ਨੇ ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਆਪਣੇ ਸਿੱਖ ਇਤਿਹਾਸ ਸਰੋਤ ਸੰਪਾਦਨਾ ਪ੍ਰਾਜੈਕਟ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਡੀਆ ਨੂੰ ਦੱਸਿਆ ਕਿ ਸਿੱਖ ਇਤਿਹਾਸ ਨਾਲ ਹੋਈ ਛੇੜਛਾੜ ਮਾਮਲੇ ਵਿਚ ਡਾ. ਕਿਰਪਾਲ ਸਿੰਘ ਸਿਲੇਬਸ ਕਮੇਟੀ ਦੇ ਬਤੌਰ ਚੇਅਰਮੈਨ ਲਾਪਰਵਾਹੀ ਵਰਤਣ ਦੇ ਦੋਸ਼ੀ ਹਨ।

ਉਨ੍ਹਾਂ ਨੂੰ ਇਸ ਮਾਮਲੇ ਵਿਚ ਸਿੱਖ ਜਗਤ ਕੋਲੋਂ ਖਿਮਾ ਯਾਚਨਾ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਗਲਤੀਆਂ ਕਰਨ ਵਾਲਿਆਂ ਦਾ ਪੱਖ ਪੂਰ ਕੇ ਬੱਜਰ ਗਲਤੀ ਕੀਤੀ ਹੈ।

ਸਭ ਕੁਝ ਏਜੰਸੀ ਦੀ ਅਖੰਡਤਾ ਲਈ ਕੀਤਾ

ਸੀਬੀਆ ਦੇ ਫਾਰਗ ਕੀਤੇ ਨਿਰਦੇਸ਼ਕ ਆਲੋਕ ਕੁਮਾਰ ਅਸਥਾਨਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਡਿਪਟੀ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਜੋ ਵੀ ਕਾਗਜ਼ਾਤ ਕੇਂਦਰੀ ਵਿਜੀਲੈਂਸ ਨੂੰ ਪਿਛਲੇ ਸਾਲ ਸੌਂਪੇ ਸਨ ਉਹ ਏਜੰਸੀ ਦੀ ਅਣਖ਼ ਨੂੰ ਕਾਇਮ ਰੱਖਣ ਲਈ ਦਿੱਤੇ ਸਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਪਰੋਕਤ ਬਿਆਨ ਉਨ੍ਹਾਂ ਨੇ ਸੈਂਟਰਲ ਵਿਜੀਲੈਂਸ ਕਮਿਸ਼ਨ ਦੇ ਸਾਹਮਣੇ ਆਪਣੀ ਦੂਸਰੇ ਦਿਨ ਦੀ ਪੇਸ਼ੀ ਦੌਰਾਨ ਦਿੱਤੇ ਅਤੇ ਆਪਣੇ ਖਿਲਾਫ ਲਾਏ ਗਏ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ।

ਉਨ੍ਹਾਂ ਜਾਂਚ ਕਮੇਟੀ ਨੂੰ ਦੱਸਿਆ ਕਿ ਪਿਛਲੇ ਸਾਲ ਦੇ ਅਕਤੂਬਰ ਤੋਂ ਬਾਅਦ ਉਨ੍ਹਾਂ ਜੋ ਵੀ ਫੈਸਲੇ ਲਏ ਉਹ ਸਿਰਫ ਤੇ ਸਿਰਫ ਏਜੰਸੀ ਦੇ ਵਕਾਰ ਖ਼ਾਤਰ ਲਏ।

ਸੀਬੀਆ ਦੇ ਦੋਹਾਂ ਅਫ਼ਸਰਾਂ ਨੂੰ ਪਿਛਲੇ ਮਹੀਨੇ ਜਨਤਕ ਰੂਪ ਵਿੱਚ ਇੱਕ ਦੂਸਰੇ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਮਗਰੋਂ ਉਨ੍ਹਾਂ ਦੀਆਂ ਜਿੰਮੇਵਾਰੀਆਂ ਤੋਂ ਫਾਰਗ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਐਚ1-ਬੀ1 ਵੀਜ਼ੇ ਦੀਆਂ ਸ਼ਰਤਾਂ ਹੋਣਗੀਆਂ ਹੋਰ ਮੁਸ਼ਕਿਲ

ਟਰੰਪ ਪ੍ਰਸਾਸ਼ਨ ਤਕੀਨੀਕੀ ਪ੍ਰੋਫੈਸ਼ਨਲਾਂ ਵਿੱਚ ਮਕਬੂਲ ਐਚ1-ਬੀ1 ਵੀਜ਼ੇ ਦੀਆਂ ਸ਼ਰਤਾਂ ਸਖ਼ਤ ਕਰਨਾ ਚਾਹੁੰਦਾ ਹੈ ਤਾਂ ਜੋ ਭਵਿੱਖ ਵਿੱਚ ਇਹ ਵੀਜ਼ਾ ਸਿਰਫ ਬੇਹੱਦ ਲਾਇਕ ਲੋਕਾਂ ਨੂੰ ਹੀ ਮਿਲ ਸਕੇ ਅਤੇ ਮਹਿਜ਼ ਆਮਰੀਕਾ ਦਾਖਲੇ ਦਾ ਸੌਖਾ ਜ਼ਰੀਆ ਨਾ ਰਹੇ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਮਰੀਕੀ ਇਮੀਗ੍ਰੇਸ਼ਨ ਅਧਿਰਕਾਰੀ ਇਸ ਵੀਜ਼ੇ ਨਾਲ ਜੁੜੇ ਕੰਮ ਦੀ ਪਰਿਭਾਸ਼ਾ ਵੀ ਬਦਲਨੀ ਚਾਹੁੰਦਾ ਹੈ। ਇਸ ਤਬਦੀਲੀ ਦਾ ਸਭ ਤੋਂ ਵੱਡਾ ਅਸਰ ਭਾਰਤੀ ਅਤੇ ਚੀਨੀ ਆਈਟੀ ਕੰਪਨੀਆਂ ਉੱਪਰ ਪਵੇਗਾ ਜੋ ਸਭ ਤੋਂ ਵਧ ਇਸ ਵੀਜ਼ੇ ਦੀ ਵਰਤੋਂ ਕਰਦੀਆਂ ਹਨ।

ਹਾਲਾਂ ਕਿ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਜੋ ਵੀ ਫੈਸਲਾ ਹੋਵੇਗਾ ਉਹ ਦੇਸ ਵਿੱਚ ਕੰਮ ਕਰਦੀਆਂ ਕੰਪਨੀਆਂ ਦੀ ਸਲਾਹ ਨਾਲ ਹੀ ਹੋਵੇਗਾ।

ਟੀਨਏਜਰ ਲੜਕੀ ਨਾਲ ਰੇਪ,4 ਗ੍ਰਿਫ਼ਤਾਰ

ਰੋਹਤਕ ਵਿੱਚ ਇੱਕ ਨਾਬਾਲਗ ਲੜਕੀ ਦੇ ਰੇਪ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੋਹਰ ਪਿੰਡ ਦੇ ਦੋ ਨੌਜਵਾਨਾਂ ਨੇ ਪੱਛਮੀ ਬੰਗਾਲ ਮੂਲ ਦੀ ਇਸ ਲੜਕੀ ਨੂੰ ਵੀਰਵਾਰ ਨੂੰ ਅਗਵਾ ਕਰਕੇ ਉਸ ਨਾਲ ਰੇਪ ਕੀਤਾ।

ਖ਼ਬਰ ਮੁਤਾਬਕ ਨੌਜਵਾਨਾਂ ਨੇ ਮੁੰਡਿਆਂ ਨੇ ਲੜਕੀ ਦੇ ਸਾਥੀ ਬਿਹਾਰੀ ਮੁੰਡੇ ਨੂੰ ਕੁੱਟਿਆ ਅਤੇ ਲੜਕੀ ਨੂੰ ਸੁੰਨਸਾਨ ਥਾਂ ਤੇ ਲੈ ਗਏ ਜਿੱਥੇ ਦੋ ਹੋਰ ਲੋਕ ਉਨ੍ਹਾਂ ਕੋਲ ਆ ਗਏ ਅਤੇ ਚਾਰਾਂ ਨੇ ਲੜਕੀ ਦਾ ਰੇਪ ਕੀਤਾ।

ਹਰਮਨਪ੍ਰੀਤ ਦੇ ਸੈਂਕੜੇ ਨੇ ਭਾਰਤ ਨੂੰ ਪਹਿਲਾ ਮੈਚ ਜਿਤਾਇਆ

ਆਸੀਸੀ ਮਹਿਲਾ ਵਿਸ਼ਵ ਕੱਪ ਟੀ20 ਹਰਮਨਪ੍ਰੀਤ ਦੇ ਸੈਂਕੜੇ ਨੇ ਭਾਰਤ ਨੂੰ ਨਿਊਜ਼ੀਲੈਂਡ ਖਿਲ਼ਾਫ ਖੇਡੇ ਪਹਿਲੇ ਮੈਚ ਵਿੱਚ 34 ਦੌੜਾਂ ਨਾਲ ਜਿੱਤ ਦਿਵਾਈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਹਰਮਨਪ੍ਰੀਤ ਇਸ ਕਾਰਨਾਮੇ ਨਾਲ ਟੀ20 ਮੁਕਾਬਲੇ ਵਿੱਚ ਸੈਂਕੜਾ ਬਣਾਉਣ ਵਾਲੀ ਪਹਿਲੀ ਕੁੜੀ ਬਣ ਗਈ ਹੈ।

29 ਸਾਲ ਹਰਮਨਪ੍ਰੀਤ ਨੇ 51 ਗੇਂਦਾਂ ਵਿੱਚ 8 ਛਿੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ।

ਸਬਰੀਮਲਾ ਜਾਣ ਲਈ ਔਰਤਾਂ ਨੇ ਦਿੱਤੀਆਂ ਅਰਜੀਆਂ

ਕੇਰਲ ਪੁਲਿਸ ਔਰਤਾਂ ਨੂੰ ਦਰਸ਼ਨਾਂ ਲਈ ਸੁਰੱਖਿਅਤ ਸਬਰੀਮਲਾ ਮੰਦਰ ਪਹੁੰਚਾਉਣ ਲਈ ਫੌਜੀ ਹੈਲੀਕਾਪਟਰ ਵਰਤਣ ਬਾਰੇ ਵਿਚਾਰ ਕਰ ਰਹੀ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ 10 ਤੋਂ 50 ਸਾਲ ਉਮਰ ਵਰਗ ਦੀਆਂ 560 ਔਰਤਾਂ ਨੇ ਦਰਸ਼ਨ ਅਗਾਊਂ ਰਿਜ਼ਰਵ ਕਰਨ ਲਈ ਆਨਲਾਈਨ ਅਰਜੀਆਂ ਦਿੱਤੀਆਂ ਹਨ। ਮੰਦਰ 17 ਨਵੰਬਰ ਤੋਂ 41 ਦਿਨਾਂ ਲਈ ਖੁੱਲ੍ਹੇਗਾ ਇਹ ਅਰਜੀਆਂ ਇਸੇ ਸਮੇਂ ਲਈ ਦਿੱਤੀਆਂ ਗਈਆਂ ਹਨ।

ਖ਼ਬਰ ਮੁਤਾਬਕ ਆਨਲਾਈਨ ਰਿਜ਼ਰਵੇਸ਼ਨ ਕਰਵਾਉਣ ਵਾਲੀਆਂ ਬਹੁਤੀਆਂ ਔਰਤਾਂ ਪੜ੍ਹੀਆਂ-ਲਿਖੀਆਂ ਹਨ ਅਤੇ ਬਾਲ-ਬੱਚੇਦਾਰ ਵੀ ਹਨ। ਇਸ ਦੇ ਮੁਕਾਬਲੇ 3.20 ਲੱਖ ਪੁਰਸ਼ ਸ਼ਰਧਾਲੂਆਂ ਨੇ ਵੀ ਇਸ ਰਾਖਵੇਂ ਕਰਨ ਲਈ ਅਰਜੀਆਂ ਦਿੱਤੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)