You’re viewing a text-only version of this website that uses less data. View the main version of the website including all images and videos.
ਪ੍ਰਧਾਨ ਮੰਤਰੀ ਮੋਦੀ ਬਾਰੇ ਸ਼ਸ਼ੀ ਥਰੂਰ ਦੇ ਬਿਆਨ 'ਤੇ ਭੜਕੀ ਭਾਜਪਾ
ਭਾਜਪਾ ਨੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਇੱਕ ਟਿੱਪਣੀ ਉੱਪਰ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਉਨ੍ਹਾਂ ਤੋਂ ਮਾਫੀ ਦੀ ਮੰਗ ਕੀਤੀ ਹੈ।
ਆਪਣੇ ਬਿਆਨ ਤੋਂ ਛਿੜੇ ਸਿਆਸੀ ਭੜਥੂ ਮਗਰੋਂ ਸ਼ਸ਼ੀ ਥਰੂਰ ਨੇ ਟਵੀਟ ਕੀਤਾ ਹੈ ਕਿ ਭਾਜਪਾ ਉਨ੍ਹਾਂ ਵੱਲੋਂ ਛੇ ਸਾਲ ਪਹਿਲਾਂ ਕਹੀ ਗਈ ਗੱਲ ਦਾ ਬਖੇੜਾ ਬਣਾ ਰਹੀ ਹੈ।
ਇਸ ਤੋਂ ਪਹਿਲਾਂ ਥਰੂਰ ਨੇ ਸਫ਼ਾਈ ਦਿੰਦਿਆਂ ਟਵੀਟ ਕੀਤਾ ਸੀ ਕਿ ਕਥਿਤ ਗੱਲ ਉਨ੍ਹਾਂ ਨੇ ਨਹੀਂ ਸਗੋਂ ਆਰਐੱਸਐੱਸ ਦੇ ਅਣਜਾਣ ਕਾਰਕੁਨ ਨੇ ਕਹੀ ਸੀ।
ਉਨ੍ਹਾਂ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਕਾਰਵਾਂ ਵਿੱਚ ਛਪੇ ਇੱਕ ਲੇਖ ਦੇ ਫੁੱਟਨੋਟ ਵਿੱਚ ਸਪਸ਼ਟ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਵਿੱਚ ਲੇਖ ਦਾ ਲਿੰਕ ਵੀ ਸਾਂਝਾ ਕੀਤਾ।
ਥਰੂਰ ਨੇ ਬੈਂਗਲੂਰੂ ਲਿਟਰੇਚਰ ਫੇਸਟ ਵਿੱਚ ਸੰਘ ਦੇ ਇੱਕ ਅਣਜਾਣੇ ਸੂਤਰ ਦਾ ਹਵਾਲਾ ਦਿੰਦਿਆਂ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਵਲਿੰਗ ਉੱਪਰ ਬੈਠੇ ਇੱਕ ਅਜਿਹੇ ਬਿੱਛੂ ਵਾਂਗ ਹਨ, ਜਿਸ ਨੂੰ ਨਾ ਤਾਂ ਹੱਥ ਨਾਲ ਹਟਾਇਆ ਜਾ ਸਕਦਾ ਸੀ ਅਤੇ ਨਾ ਹੀ ਚੱਪਲ ਨਾਲ ਮਾਰਿਆ ਜਾ ਸਕਦਾ ਹੈ।''
ਥਰੂਰ ਨੇ ਕਿਹਾ ਕਿ ਇਹ ਸ਼ਬਦ ਉਨ੍ਹਾਂ ਨੂੰ ਆਰਐੱਸਐੱਸ ਦੇ ਇਸ ਅਣਜਾਣੇ ਸੂਤਰ ਨੇ ਉਨ੍ਹਾਂ ਨੂੰ ਇੱਕ ਗੱਲਬਾਤ ਦੌਰਾਨ ਕਹੇ ਸਨ।
ਥਰੂਰ ਇੱਥੇ ਆਪਣੀ ਕਿਤਾਬ 'ਦਿ ਪੈਰਾਡਾਕਸੀਕਲ ਪ੍ਰਾਈਮ ਮਨਿਸਟਰ' ਬਾਰੇ ਚਰਚਾ ਵਿੱਚ ਹਿੱਸਾ ਲੈ ਰਹੇ ਸਨ।
ਸ਼ਸ਼ੀ ਥਰੂਰ ਨੇ ਕਿਹਾ ਕਿ ਕਈ ਮੌਕਿਆਂ ਉੱਪਰ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਪ੍ਰਧਾਨ ਮੰਤਰੀ ਉੱਪਰ ਲਗਾਮ ਲਾਉਣ ਵਿੱਚ ਕਾਫੀ ਦਿੱਕਤ ਹੁੰਦੀ ਹੈ।
ਖ਼ਬਰ ਏਜੰਸੀ ਏਐਨਆਈ ਨੇ ਸ਼ਸ਼ੀ ਥਰੂਰ ਦੇ ਭਾਸ਼ਣ ਵਿੱਚੋਂ ਇਹ ਕਲਿੱਪ ਕੱਟ ਕੇ ਟਵੀਟ ਕੀਤਾ।
ਥਰੂਰ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਆਉਂਦਿਆਂ ਹੀ ਇਸ ਬਾਰੇ ਵਿਵਾਦ ਛਿੜ ਪਿਆ ਅਤੇ ਟਵਿੱਟਰ ਉੱਪਰ #Shivling ਟ੍ਰੈਂਡ ਕਰਨ ਲੱਗਿਆ।
ਭਾਜਪਾ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, "ਇੱਕ ਪਾਸੇ ਰਾਹੁਲ ਗਾਂਧੀ ਆਪਣੇ-ਆਪ ਨੂੰ ਸ਼ਿਵ ਭਗਤ ਹੋਣ ਦਾ ਦਾਅਵਾ ਕਰਦੇ ਹਨ ਅਤੇ ਦੂਸਰੇ ਪਾਸੇ ਉਨ੍ਹਾਂ ਦੇ ਆਗੂ ਭਗਵਾਨ ਸ਼ਿਵ ਦੀ ਪਵਿੱਤਰਤਾ ਉੱਪਰ ਹਮਲਾ ਕਰਦੇ ਹਨ।"
ਥਰੂਰ ਦੇ ਵਿਵਾਦਿਤ ਬਿਆਨ
ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਥਰੂਰ ਦੇ ਕਿਸੇ ਬਿਆਨ ਦੀ ਚਰਚਾ ਹੋ ਰਹੀ ਹੈ।
ਹਾਲੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਚੇਨਈ ਦੇ ਇੱਕ ਪ੍ਰੋਗਰਾਮ ਵਿੱਚ ਟਿੱਪਣੀ ਕੀਤੀ ਸੀ ਕਿ ਕੋਈ ਵੀ ਚੰਗਾ ਹਿੰਦੂ ਕਿਸੇ ਹੋਰ ਦੀ ਪੂਜਾ ਦੀ ਥਾਂ ਢਾਹ ਕੇ ਰਾਮ ਮੰਦਿਰ ਬਣਦੇ ਕਦੇ ਨਹੀਂ ਦੇਖਣਾ ਚਾਹੁੰਦਾ।
ਹਾਲਾਂਕਿ ਕਾਂਗਰਸ ਨੇ ਉਨ੍ਹਾਂ ਦੀ ਇਸ ਟਿੱਪਣੀ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ ਅਤੇ ਕਿਹਾ ਸੀ ਕਿ ਥਰੂਰ ਦੇ ਬਿਆਨ ਉਨ੍ਹਾਂ ਦੇ ਨਿੱਜੀ ਹਨ।
ਇਸ ਮਗਰੋਂ ਥਰੂਰ ਨੇ ਵੀ ਸਫਾਈ ਦਿੱਤੀ ਕਿ ਇਹ ਬਿਆਨ ਪਾਰਟੀ ਦਾ ਨਹੀਂ ਸਗੋਂ ਨਿੱਜੀ ਹੈ।
ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਜੇ ਭਾਜਪਾ 2019 ਵਿੱਚ ਲੋਕ ਸਭਾ ਚੋਣਾਂ ਵਿੱਚ ਜਿੱਤ ਗਈ ਤਾਂ ਭਾਰਤ 'ਹਿੰਦੂ ਪਾਕਿਸਤਾਨ' ਬਣ ਜਾਵੇਗਾ।