ਸੁਖਵਿੰਦਰ ਸਿੰਘ ਨੇ ਕਿਹਾ, ਕਿੱਥੇ ਗਏ ਪੰਜਾਬ ਦੇ ਪਹਿਲਵਾਨ

ਸੁਖਵਿੰਦਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਕਿਉਂ ਘੱਟ ਰਿਹਾ ਖੇਡਾਂ ਵੱਲ ਰੁਝਾਨ- ਸੁਖਵਿੰਦਰ ਸਿੰਘ
    • ਲੇਖਕ, ਤਾਹਿਰਾ ਭਸੀਨ
    • ਰੋਲ, ਬੀਬੀਸੀ ਪੱਤਰਕਾਰ

'ਛੱਈਆਂ ਛੱਈਆਂ' ਗੀਤ ਤੋਂ ਮਸ਼ਹੂਰ ਹੋਣ ਵਾਲੇ ਪੰਜਾਬੀ ਮੂਲ ਦੇ ਗਾਇਕ ਸੁਖਵਿੰਦਰ ਸਿੰਘ ਅੱਜ ਵੀ ਬਾਲੀਵੁੱਡ ਵਿੱਚ ਬਰਕਰਾਰ ਹਨ। ਬੀਬੀਸੀ ਪੰਜਾਬੀ ਨਾਲ ਇੱਕ ਖਾਸ ਮੁਲਾਕਾਤ ਵਿੱਚ ਉਨ੍ਹਾਂ ਪੰਜਾਬ, ਪੰਜਾਬੀਅਤ ਅਤੇ ਖੇਡਾਂ ਵੱਲ ਪੰਜਾਬੀਆਂ ਦੇ ਘੱਟਦੇ ਰੁਝਾਨ ਬਾਰੇ ਗੱਲਾਂ ਕੀਤੀਆਂ।

ਅੰਮ੍ਰਿਤਸਰ ਵਿੱਚ ਜੰਮੇ ਸੁਖਵਿੰਦਰ ਹੁਣ ਭਾਵੇਂ ਮੁੰਬਈ ਵਿੱਚ ਰਹਿੰਦੇ ਹਨ ਪਰ ਪੰਜਾਬ ਨਾਲ ਜੁੜੇ ਹਨ।

ਉਨ੍ਹਾਂ ਦੱਸਿਆ, ''ਮੁੰਬਈ ਰਹਿੰਦੇ ਰਹਿੰਦੇ ਮੇਰੀ ਪੰਜਾਬੀ ਥੋੜੀ ਕਮਜ਼ੋਰ ਹੋ ਗਈ ਹੈ, ਇਸ ਲਈ ਥੋੜਾ ਸਮਾਂ ਲੱਗਦਾ ਹੈ ਠੇਠ ਪੰਜਾਬੀ ਬੋਲਣ ਵਿੱਚ। ਮੇਰੇ ਘਰ ਵਿੱਚ ਅੱਜ ਵੀ ਪਰਾਂਠੇ 'ਤੇ ਖੜੀ ਦਾਲ ਬਣਦੀ ਹੈ। ਹਾਲਾਂਕਿ ਮੁੰਬਈ ਮੇਰੀ ਕਰਮ ਭੂਮੀ ਹੈ ਤੇ ਮੈਨੂੰ ਉਸ ਨਾਲ ਵੀ ਓਨਾ ਹੀ ਪਿਆਰ ਹੈ।''

ਇਹ ਵੀ ਪੜ੍ਹੋ:

ਸੁਖਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਗਲੇ ਵਿੱਚ ਪੰਜਾਬੀਅਤ ਵਸਦੀ ਹੈ ਤਾਂ ਹੀ ਉਨ੍ਹਾਂ 'ਚੱਕ ਦੇ ਇੰਡੀਆ' ਵਰਗੇ ਗੀਤ ਗਾਏ ਹਨ।

ਬਾਲੀਵੁੱਡ ਵਿੱਚ ਆਏ ਬਦਲਾਅ ਬਾਰੇ ਉਨ੍ਹਾਂ ਕਿਹਾ ਕਿ ਹੁਣ ਮਸ਼ੀਨਾਂ ਵੱਧ ਗਈਆਂ ਹਨ ਜੋ ਬੇਸੁਰਿਆਂ ਨੂੰ ਵੀ ਸੁਰ ਵਿੱਚ ਲਿਆ ਦਿੰਦੀਆਂ ਹਨ ਪਰ ਇਸ ਨਾਲ ਪ੍ਰਾਕ੍ਰਿਤਿਕ ਵਿਕਾਸ ਰੁੱਕ ਗਿਆ ਹੈ।

ਪੰਜਾਬੀ ਗਾਇਕੀ ਦਾ ਜ਼ਿਕਰ ਕਰਦਿਆਂ ਸੁਖਵਿੰਦਰ ਨੇ ਕਿਹਾ, ''ਪੰਜਾਬੀ ਸੰਗੀਤ ਜੋਸ਼ੀਲਾ ਹੈ ਪਰ ਗਾਇਕਾਂ ਦੀ ਭੀੜ ਵਿੱਚ ਸਿਰਫ 2 ਤੋਂ 3 ਗਾਇਕ ਹੀ ਚੰਗੇ ਹਨ। ਮੈਂ ਇਸ ਗੱਲ ਦਾ ਬੁਰਾ ਨਹੀਂ ਮੰਨਦਾ ਕਿਉਂਕਿ ਪੰਜਾਬ ਨੇ ਬਹੁਤ ਮਾੜਾ ਸਮਾਂ ਵੇਖਿਆ ਹੈ। ਇਸ ਲਈ ਉਨ੍ਹਾਂ ਨੂੰ ਜਿਸ ਚੀਜ਼ ਵਿੱਚ ਖੁਸ਼ੀ ਮਿਲਦੀ ਹੈ, ਉਹੀ ਕਰਨ ਦਿਓ।''

ਵੀਡੀਓ ਵਿੱਚ ਵੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਮੁੱਦਾ ਜਦ ਸੰਗੀਤ ਤੋਂ ਖੇਡਾਂ 'ਤੇ ਆਇਆ, ਤਾਂ ਸੁਖਵਿੰਦਰ ਜਜ਼ਬਾਤੀ ਹੋ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਪਹਿਲਵਾਨ ਪਤਾ ਨਹੀਂ ਕਿੱਥੇ ਚਲੇ ਗਏ ਹਨ ਜੋ ਕਿਸੇ ਵੀ ਵੱਡੇ ਮੰਚ 'ਤੇ ਨਜ਼ਰ ਨਹੀਂ ਆਉਂਦੇ।

ਉਨ੍ਹਾਂ ਕਿਹਾ, ''ਹਰਿਆਣਾ ਨੇ ਖੇਡਾਂ ਦੇ ਮਾਮਲੇ ਵਿੱਚ ਬਹੁਤ ਤਰੱਕੀ ਕੀਤੀ ਹੈ ਤੇ ਉਹ ਵਧਾਈ ਦੇ ਪਾਤਰ ਹਨ। ਪੰਜਾਬ ਪਹਿਲਵਾਨਾਂ ਲਈ ਜਾਣਿਆ ਜਾਂਦਾ ਸੀ ਪਰ ਹੁਣ ਤਾਂ ਸਾਰੇ ਹੀ ਗਾਉਣ ਲੱਗ ਗਏ ਹਨ। ਗਾਓ, ਪਰ ਖੇਡਾਂ ਵੱਲੋਂ ਰੁਝਾਨ ਹੀ ਮੁੱਕ ਗਿਆ ਹੈ।''

''ਨਸ਼ਿਆਂ ਕਰਕੇ ਹੈ ਜਾਂ ਖੁਰਾਕਾਂ ਨਹੀਂ ਰਹੀਆਂ, ਮੈਂ ਨਹੀਂ ਜਾਣਦਾ, ਪਰ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ।''

ਸੁਖਵਿੰਦਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਖਵਿੰਦਰ ਨੇ ਪਹਿਲੀ ਵਾਰ ਅੱਠ ਸਾਲ ਦੀ ਉਮਰ ਵਿੱਚ ਗਾਇਆ ਸੀ

ਉਨ੍ਹਾਂ ਪਾਕਿਸਤਾਨ ਦੇ ਪੰਜਾਬੀਆਂ ਬਾਰੇ ਵੀ ਇਹੀ ਗੱਲ ਕੀਤੀ, ਨਾਲ ਹੀ ਸਰਕਾਰਾਂ ਨੂੰ ਖੇਡਾਂ ਨੂੰ ਵਧਾਵਾ ਦੇਣ ਦੀ ਗੁਜ਼ਾਰਿਸ਼ ਕੀਤੀ।

ਸੁਖਵਿੰਦਰ ਸਿੰਘ ਨੇ ਕਿਹਾ, ''ਸਰਕਾਰਾਂ ਜਿੱਤਣ ਵਾਲਿਆਂ ਲਈ ਬਹੁਤ ਘੱਟ ਇਨਾਮ ਰੱਖਦੀਆਂ ਹਨ। ਉਨ੍ਹਾਂ ਨੂੰ ਸਿਹਤ ਅਤੇ ਖੇਡਾਂ 'ਤੇ ਦਿਲ ਖੋਲ੍ਹ ਕੇ ਖਰਚ ਕਰਨਾ ਚਾਹੀਦਾ ਹੈ, ਫੇਰ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਵੋਟਾਂ ਪੈਣਗੀਆਂ।''

ਇਹ ਵੀ ਪੜ੍ਹੋ:

ਜੇ ਸੁਖਵਿੰਦਰ ਮੁੱਖ ਮੰਤਰੀ ਹੁੰਦੇ ਤਾਂ ਕੀ ਕਰਦੇ?

ਇਸ ਦੇ ਜਵਾਬ ਵਿੱਚ ਸੁਖਵਿੰਦਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਕਿਸਾਨਾਂ ਲਈ ਕੁਝ ਕਰਦੇ।

ਉਨ੍ਹਾਂ ਕਿਹਾ, ''ਜੇ ਤੁਸੀਂ ਕਿਸਾਨ ਨੂੰ ਖੇਤੀ ਕਰਦਿਆਂ ਵੇਖ ਲਵੋ ਤਾਂ ਤੁਹਾਨੂੰ ਆਪਣੀ ਥਾਲੀ ਵਿੱਚ ਰੋਟੀ ਪਾਉਣੀ ਆ ਜਾਵੇਗੀ। ਕਿਸਾਨਾਂ ਦੀ ਫਸਲ ਦੇ ਬਦਲੇ ਉਨ੍ਹਾਂ ਨੂੰ ਸੋਨਾ ਦਿੰਦਾ। ਪਰ ਮੈਂ ਰਾਜਨੀਤੀ ਵਿੱਚ ਨਹੀਂ ਆ ਸਕਦਾ।''

ਸੁਖਵਿੰਦਰ ਸਿੰਘ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮਾ 'ਪਟਾਖਾ' ਵਿੱਚ ਵੀ ਗਾਣਾ ਗਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)